A A A A A
Bible Book List

ਯਹੋਸ਼ੁਆ 8 Punjabi Bible: Easy-to-Read Version (ERV-PA)

ਅਈ ਤਬਾਹ ਹੋ ਗਿਆ

ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਭੈਭੀਤ ਨਾ ਹੋ। ਹੌਂਸਲਾ ਨਾ ਛੱਡ। ਆਪਣੇ ਸਾਰੇ ਲੜਾਕੂਆਂ ਨੂੰ ਅਈ ਵਿਖੇ ਲੈ ਜਾ। ਮੈਂ ਅਈ ਦੇ ਰਾਜੇ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਨੂੰ ਉਸ ਦੇ ਲੋਕ, ਉਸਦਾ ਸ਼ਹਿਰ ਅਤੇ ਉਸਦੀ ਧਰਤੀ ਦੇ ਰਿਹਾ ਹਾਂ। ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਹੀ ਸਲੂਕ ਕਰੋਂਗੇ ਜਿਹੜਾ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ। ਸਿਰਫ਼ ਇਸ ਵਾਰੀ ਤੁਸੀਂ ਸਾਰੀ ਦੌਲਤ ਨੂੰ ਅਤੇ ਸਾਰੇ ਪਸ਼ੂਆਂ ਨੂੰ ਆਪਣੇ ਲਈ ਰੱਖ ਸੱਕਦੇ ਹੋ। ਤੁਸੀਂ ਦੌਲਤ ਨੂੰ ਆਪਣੇ ਲੋਕਾਂ ਵਿੱਚ ਵੰਡ ਦਿਉਂਗੇ। ਹੁਣ, ਆਪਣੇ ਕੁਝ ਸਿਪਾਹੀਆਂ ਨੂੰ ਸ਼ਹਿਰ ਦੇ ਪਿੱਛੇ ਛੁਪ ਜਾਣ ਲਈ ਆਖੋ।”

ਇਸ ਲਈ ਯਹੋਸ਼ੁਆ ਆਪਣੀ ਸਾਰੀ ਫ਼ੌਜ ਅਈ ਵੱਲ ਲੈ ਗਿਆ। ਫ਼ੇਰ ਯਹੋਸ਼ੁਆ ਨੇ ਆਪਣੇ ਬਿਹਤਰੀਨ ਲੜਾਕੂਆਂ ਵਿੱਚੋਂ 3,000 ਦੀ ਚੋਣ ਕੀਤੀ। ਉਸ ਨੇ ਇਨ੍ਹਾਂ ਆਦਮੀਆਂ ਨੂੰ ਰਾਤ ਵੇਲੇ ਬਾਹਰ ਭੇਜ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਧਿਆਨ ਨਾਲ ਸੁਣੋ ਮੈਂ ਆਖਦਾ ਹਾਂ। ਤੁਹਾਨੂੰ ਸ਼ਹਿਰ ਦੇ ਪਿੱਛਲੇ ਪਾਸੇ ਵੱਲ ਛੁਪ ਜਾਣਾ ਚਾਹੀਦਾ ਹੈ। ਹਮਲੇ ਦੇ ਵਕਤ ਦਾ ਇੰਤਜ਼ਾਰ ਕਰੋ। ਸ਼ਹਿਰ ਤੋਂ ਬਹੁਤਾ ਦੂਰ ਨਾ ਜਾਣਾ। ਨਿਗਰਾਨੀ ਜਾਰੀ ਰੱਖਣਾ ਅਤੇ ਤਿਆਰ ਰਹਿਣਾ। ਮੈਂ ਆਪਣੇ ਨਾਲ ਆਦਮੀ ਲੈ ਕੇ ਸ਼ਹਿਰ ਵੱਲ ਮਾਰਚ ਕਰਾਂਗਾ। ਸ਼ਹਿਰ ਦੇ ਲੋਕ ਸਾਡੇ ਨਾਲ ਲੜਨ ਲਈ ਬਾਹਰ ਆਉਣਗੇ। ਅਸੀਂ ਮੁੜ ਪਵਾਂਗੇ ਅਤੇ ਉਨ੍ਹਾਂ ਕੋਲੋਂ ਭੱਜ ਪਵਾਂਗੇ, ਜਿਵੇਂ ਅਸੀਂ ਪਹਿਲਾਂ ਕੀਤਾ ਸੀ। ਉਹ ਆਦਮੀ ਸ਼ਹਿਰ ਤੋਂ ਦੂਰ ਤੱਕ ਸਾਡਾ ਪਿੱਛਾ ਕਰਨਗੇ। ਉਹ ਸੋਚਣਗੇ ਕਿ ਅਸੀਂ ਪਹਿਲਾਂ ਵਾਂਗ ਹੀ ਉਨ੍ਹਾਂ ਕੋਲੋਂ ਭੱਜ ਰਹੇ ਹਾਂ। ਇਸ ਲਈ ਅਸੀਂ ਦੂਰ ਭੱਜ ਜਾਵਾਂਗੇ। ਫ਼ੇਰ ਤੁਹਾਨੂੰ ਆਪਣੀ ਛੁਪਣਗਾਹ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਜਿੱਤਣ ਦੀ ਸ਼ਕਤੀ ਦੇਵੇਗਾ।

“ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਆਖਦਾ ਹੈ। ਮੇਰੇ ਵੱਲ ਦੇਖਣਾ ਅਤੇ ਮੈਂ ਤੁਹਾਨੂੰ ਸ਼ਹਿਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇਵਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਅਤੇ ਫ਼ੇਰ ਇਸ ਨੂੰ ਸਾੜ ਦੇਣਾ।”

ਫ਼ੇਰ ਯਹੋਸ਼ੁਆ ਨੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੀ ਛੁਪਣਗਾਹ ਵੱਲ ਭੇਜ ਦਿੱਤਾ ਅਤੇ ਇੰਤਜ਼ਾਰ ਕਰਨ ਲੱਗਾ। ਉਹ ਬੈਤਏਲ ਅਤੇ ਅਈ ਦੇ ਵਿੱਚਕਾਰ ਦੀ ਥਾਂ ਉੱਤੇ ਚੱਲੇ ਗਏ। ਇਹ ਅਈ ਦੇ ਪੱਛਮ ਵੱਲ ਸੀ। ਅਤੇ ਯਹੋਸ਼ੁਆ ਆਪਣੇ ਲੋਕਾਂ ਨਾਲ ਰਾਤ ਭਰ ਠਹਿਰਿਆ।

10 ਅਗਲੀ ਸਵੇਰ ਸੁਵਖਤੇ ਹੀ ਯਹੋਸ਼ੁਆ ਨੇ ਆਦਮੀਆਂ ਨੂੰ ਇਕੱਠਿਆ ਕੀਤਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਆਗੂ ਆਦਮੀਆਂ ਨੂੰ ਅਈ ਵੱਲ ਲੈ ਗਏ। 11 ਉਨ੍ਹਾਂ ਸਾਰੇ ਸਿਪਾਹੀਆਂ ਨੇ, ਜਿਹੜੇ ਯਹੋਸ਼ੁਆ ਦੇ ਨਾਲ ਸਨ, ਅਈ ਵੱਲ ਮਾਰਚ ਕਰ ਦਿੱਤਾ। ਉਹ ਸ਼ਹਿਰ ਦੇ ਸਾਹਮਣੇ ਜਾਕੇ ਰੁਕ ਗਏ। ਫ਼ੌਜ ਨੇ ਸ਼ਹਿਰ ਦੇ ਉੱਤਰ ਵੱਲ ਆਪਣਾ ਡੇਰਾ ਲਾ ਲਿਆ। ਫ਼ੌਜ ਅਤੇ ਅਈ ਦੇ ਵਿੱਚਕਾਰ ਇੱਕ ਵਾਦੀ ਸੀ।

12 ਫ਼ੇਰ ਯਹੋਸ਼ੁਆ ਨੇ ਤਕਰੀਬਨ 5,000 ਆਦਮੀ ਚੁਣੇ। ਯਹੋਸ਼ੁਆ ਨੇ ਇਨ੍ਹਾਂ ਆਦਮੀਆਂ ਨੂੰ ਸ਼ਹਿਰ ਦੇ ਪੱਛਮ ਵਾਲੇ ਪਾਸੇ ਬੈਤਏਲ ਅਤੇ ਅਈ ਦੇ ਵਿੱਚਕਾਰ ਜਾਕੇ ਛੁਪ ਜਾਣ ਲਈ ਭੇਜ ਦਿੱਤਾ। 13 ਇਸ ਲਈ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੜਾਈ ਲਈ ਤਿਆਰ ਕੀਤਾ। ਮੁਖ ਡੇਰਾ ਸ਼ਹਿਰ ਦੇ ਉੱਤਰ ਵੱਲ ਸੀ। ਦੂਸਰੇ ਆਦਮੀ ਪੱਛਮ ਵੱਲ ਛੁੱਪੇ ਹੋਏ ਸਨ। ਉਸ ਰਾਤ ਯਹੋਸ਼ੁਆ ਵਾਦੀ ਵਿੱਚ ਹੇਠਾਂ ਗਿਆ।

14 ਬਾਦ ਵਿੱਚ, ਅਈ ਦੇ ਰਾਜੇ ਨੇ ਇਸਰਾਏਲ ਦੀ ਫ਼ੌਜ ਨੂੰ ਦੇਖਿਆ। ਰਾਜਾ ਅਤੇ ਉਸ ਦੇ ਬੰਦੇ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਕਾਹਲੀ ਨਾਲ ਬਾਹਰ ਆਏ। ਅਈ ਦਾ ਰਾਜਾ ਸ਼ਹਿਰ ਦੇ ਪੂਰਬ ਵਾਲੇ ਪਾਸੇ ਯਰਦਨ ਵਾਦੀ ਵੱਲ ਗਿਆ, ਇਸ ਲਈ ਉਸ ਨੇ ਸ਼ਹਿਰ ਦੇ ਪਿੱਛੇ ਛੁੱਪੇ ਹੋਏ ਸਿਪਾਹੀਆਂ ਨੂੰ ਨਹੀਂ ਦੇਖਿਆ।

15 ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਆਦਮੀਆਂ ਨੇ ਅਈ ਦੀ ਫ਼ੌਜ ਨੂੰ ਉਨ੍ਹਾਂ ਨੂੰ ਪਿੱਛਾਂਹ ਵੱਲ ਧੱਕਣ ਦਿੱਤਾ। ਯਹੋਸ਼ੁਆ ਅਤੇ ਉਸ ਦੇ ਆਦਮੀ ਪੂਰਬ ਵਾਲੇ ਪਾਸੇ ਮਾਰੂਥਲ ਵੱਲ ਭੱਜਣ ਲੱਗੇ। 16 ਸ਼ਹਿਰ ਦੇ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਯਹੋਸ਼ੁਆ ਅਤੇ ਉਸ ਦੇ ਬੰਦਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਲੋਕਾਂ ਨੇ ਸ਼ਹਿਰ ਛੱਡ ਦਿੱਤਾ। 17 ਅਈ ਅਤੇ ਬੈਤਏਲ ਦੇ ਸਾਰੇ ਲੋਕਾਂ ਨੇ ਇਸਰਾਏਲ ਦੀ ਫ਼ੌਜ ਦਾ ਪਿੱਛਾ ਕੀਤਾ। ਸ਼ਹਿਰ ਖੁਲ੍ਹਾ ਰਹਿ ਗਿਆ-ਕੋਈ ਵੀ ਸ਼ਹਿਰ ਦੀ ਰਾਖੀ ਲਈ ਨਹੀਂ ਠਹਿਰਿਆ।

18 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਆਪਣੇ ਬਰਛੇ ਨੂੰ ਅਈ ਦੇ ਸ਼ਹਿਰ ਵੱਲ ਸੇਧ ਲੈ। ਮੈਂ ਤੈਨੂੰ ਇਹ ਸ਼ਹਿਰ ਦੇ ਦੇਵਾਂਗਾ।” ਇਸ ਲਈ ਯਹੋਸ਼ੁਆ ਨੇ ਆਪਣਾ ਬਰਛਾ ਅਈ ਸ਼ਹਿਰ ਵੱਲ ਸੇਧਿਆ। 19 ਜਿਹੜੇ ਇਸਰਾਏਲ ਦੇ ਆਦਮੀ ਛੁੱਪੇ ਹੋਏ ਸਨ ਉਨ੍ਹਾਂ ਨੇ ਇਸ ਨੂੰ ਦੇਖ ਲਿਆ। ਉਹ ਕਾਹਲੀ ਨਾਲ ਆਪਣੀ ਛੁਪਣਗਾਹ ਵਿੱਚੋਂ ਬਾਹਰ ਨਿਕਲ ਆਏ ਅਤੇ ਸ਼ਹਿਰ ਵੱਲ ਭੱਜੇ। ਉਹ ਸ਼ਹਿਰ ਵਿੱਚ ਦਾਖਲ ਹੋ ਗਏ ਅਤੇ ਇਸ ਉੱਤੇ ਕਾਬੂ ਪਾ ਲਿਆ। ਫ਼ੇਰ ਸਿਪਾਹੀਆਂ ਨੇ ਸ਼ਹਿਰ ਨੂੰ ਅੱਗ ਲਾਕੇ ਸਾੜਨਾ ਸ਼ੁਰੂ ਕਰ ਦਿੱਤਾ।

20 ਅਈ ਦੇ ਆਦਮੀਆਂ ਨੇ ਪਿੱਛੇ ਮੁੜਕੇ ਦੇਖਿਆ ਅਤੇ ਸ਼ਹਿਰ ਨੂੰ ਸੜਦਿਆਂ ਦੇਖਿਆ। ਉਨ੍ਹਾਂ ਨੇ ਆਕਾਸ਼ ਤੱਕ ਧੂੰਆ ਉੱਠਦਿਆਂ ਦੇਖਿਆ। ਇਸ ਲਈ ਉਨ੍ਹਾਂ ਦੀ ਸ਼ਕਤੀ ਅਤੇ ਹੌਂਸਲਾ ਟੁੱਟ ਗਿਆ। ਉਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ। ਇਸਰਾਏਲ ਦੇ ਆਦਮੀ ਭੱਜਣ ਤੋਂ ਰੁਕ ਗਏ। ਉਹ ਮੁੜ ਪਏ ਅਤੇ ਅਈ ਦੇ ਆਦਮੀਆਂ ਨਾਲ ਲੜਨ ਲਈ ਗਏ। ਅਈ ਦੇ ਆਦਮੀਆਂ ਲਈ ਭੱਜਣ ਦੀ ਕੋਈ ਸੁਰੱਖਿਅਤ ਥਾਂ ਨਹੀਂ ਸੀ। 21 ਯਹੋਸ਼ੁਆ ਅਤੇ ਉਸ ਦੇ ਆਦਮੀਆਂ ਨੇ ਦੇਖਿਆ ਕਿ ਉਸਦੀ ਫ਼ੌਜ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਸ਼ਹਿਰ ਵਿੱਚੋਂ ਧੂੰਆਂ ਉੱਠਦਿਆਂ ਦੇਖਿਆ। ਇਹ ਉਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਭੱਜਣਾ ਛੱਡ ਦਿੱਤਾ ਸੀ, ਅਤੇ ਮੁੜ ਪਏ ਸਨ ਅਤੇ ਅਈ ਦੇ ਬੰਦਿਆਂ ਨਾਲ ਲੜਨ ਲਈ ਦੌੜ ਪਏ ਸਨ। 22 ਫ਼ੇਰ ਜਿਹੜੇ ਆਦਮੀ ਛੁਪ ਗਏ ਸਨ ਸ਼ਹਿਰ ਤੋਂ ਬਾਹਰ ਲੜਾਈ ਵਿੱਚ ਸਹਾਇਤਾ ਕਰਨ ਲਈ ਆ ਗਏ। ਇਸਰਾਏਲ ਦੀ ਫ਼ੌਜ ਅਈ ਦੇ ਬੰਦਿਆਂ ਦੇ ਦੋਹੀ ਪਾਸੀਂ ਸੀ-ਅਈ ਦੇ ਬੰਦੇ ਫ਼ਸ ਗਏ। ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ। ਉਹ ਉਦੋਂ ਤੀਕ ਲੜਦੇ ਰਹੇ ਜਦੋਂ ਤੀਕ ਕਿ ਅਈ ਦਾ ਕੋਈ ਵੀ ਬੰਦਾ ਬੱਚਿਆਂ ਨਹੀਂ ਰਿਹਾ-ਦੁਸ਼ਮਣ ਦਾ ਕੋਈ ਵੀ ਬੰਦਾ ਬੱਚਿਆਂ ਨਹੀਂ ਰਿਹਾ-ਦੁਸ਼ਮਣ ਦਾ ਕੋਈ ਵੀ ਬੰਦਾ ਬਚ ਨਹੀਂ ਸੱਕਿਆ। 23 ਪਰ ਅਈ ਦਾ ਰਾਜਾ ਜਿਉਂਦਾ ਰਹਿ ਗਿਆ। ਯਹੋਸ਼ੁਆ ਦੇ ਆਦਮੀ ਉਸ ਨੂੰ ਯਹੋਸ਼ੁਆ ਕੋਲ ਲੈ ਗਏ।

ਲੜਾਈ ਦਾ ਵੇਰਵਾ

24 ਲੜਾਈ ਸਮੇਂ, ਇਸਰਾਏਲ ਦੀ ਫ਼ੌਜ ਨੇ ਅਈ ਦੇ ਆਦਮੀਆਂ ਦਾ ਖੇਤਾਂ ਅਤੇ ਮਾਰੂਥਲ ਵਿੱਚ ਪਿੱਛਾ ਕੀਤਾ। ਇਸ ਲਈ ਇਸਰਾਏਲ ਦੀ ਫ਼ੌਜ ਨੇ ਅਈ ਦੇ ਸਾਰੇ ਆਦਮੀਆਂ ਨੂੰ ਖੇਤਾਂ ਅਤੇ ਮਾਰੂਥਲ ਅੰਦਰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਆਦਮੀ ਅਈ ਵਾਪਸ ਪਰਤ ਆਏ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਹਾਲੇ ਵੀ ਸ਼ਹਿਰ ਵਿੱਚ ਜਿਉਂਦੇ ਰਹਿ ਗਏ ਸਨ। 25 ਅਈ ਦੇ ਸਾਰੇ ਲੋਕ ਉਸ ਦਿਨ ਮਾਰੇ ਗਏ। ਉੱਥੇ 12,000 ਆਦਮੀ ਅਤੇ ਔਰਤਾਂ ਸਨ। 26 ਯਹੋਸ਼ੁਆ ਨੇ ਆਪਣਾ ਬਰਛਾ ਅਈ ਵੱਲ ਸੇਧਿਆ। ਇਹ ਉਸ ਦੇ ਲੋਕਾਂ ਨੂੰ ਸ਼ਹਿਰ ਤਬਾਹ ਕਰ ਦੇਣ ਦਾ ਸੰਕੇਤ ਸੀ। ਅਤੇ ਯਹੋਸ਼ੁਆ ਉਦੋਂ ਤੀਕ ਰੁਕਿਆ ਜਦੋਂ ਤੱਕ ਕਿ ਅਈ ਦੇ ਸਾਰੇ ਲੋਕ ਤਬਾਹ ਨਹੀਂ ਹੋ ਗਏ। 27 ਇਸਰਾਏਲ ਦੇ ਲੋਕਾਂ ਨੇ ਸ਼ਹਿਰ ਦੇ ਪਸ਼ੂਆਂ ਅਤੇ ਹਰੇਕ ਚੀਜ਼ ਨੂੰ ਆਪਣੇ ਲਈ ਰੱਖ ਲਿਆ। ਉਹੀ ਗੱਲ ਸੀ ਜਿਹੜੀ ਯਹੋਵਾਹ ਨੇ ਆਖੀ ਸੀ ਕਿ ਉਹ ਕਰ ਸੱਕਦੇ ਹਨ। ਜਦੋਂ ਉਸ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤੇ ਸਨ।

28 ਫ਼ਿਰ ਯਹੋਸ਼ੁਆ ਨੇ ਅਈ ਦੇ ਸ਼ਹਿਰ ਨੂੰ ਸਾੜ ਦਿੱਤਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਗਿਆ ਇਹ ਅੱਜ ਵੀ ਉਸੇ ਤਰ੍ਹਾਂ ਹੈ। 29 ਯਹੋਸ਼ੁਆ ਨੇ ਅਈ ਦੇ ਰਾਜੇ ਨੂੰ ਇੱਕ ਰੁੱਖ ਉੱਤੇ ਫ਼ਾਂਸੀ ਦੇ ਦਿੱਤੀ। ਉਸ ਨੇ ਉਸ ਨੂੰ ਸ਼ਾਮ ਤੱਕ ਰੁੱਖ ਉੱਤੇ ਲਟਕੇ ਰਹਿਣ ਦਿੱਤਾ। ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਰਾਜੇ ਦੀ ਲੋਥ ਨੂੰ ਰੁੱਖ ਤੋਂ ਉਤਾਰਨ ਲਈ ਆਖਿਆ। ਉਨ੍ਹਾਂ ਨੇ ਉਸਦੀ ਲੋਥ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦਿੱਤੀ। ਫ਼ਿਰ ਉਨ੍ਹਾਂ ਨੇ ਲੋਥ ਨੂੰ ਬਹੁਤ ਸਾਰੇ ਪੱਥਰਾਂ ਨਾਲ ਢੱਕ ਦਿੱਤਾ। ਉਹ ਪਥਰਾਂ ਦਾ ਢੇਰ ਅੱਜ ਵੀ ਉੱਥੇ ਹੀ ਹੈ।

ਅਸੀਸਾਂ ਅਤੇ ਸਰਾਪਾ ਨੂੰ ਪੜ੍ਹਨਾ

30 ਫ਼ਿਰ ਯਹੋਸ਼ੁਆ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਇੱਕ ਜਗਵੇਦੀ ਉਸਾਰੀ। ਉਸ ਨੇ ਉਹ ਜਗਵੇਦੀ ਏਬਾਲ ਪਹਾੜੀ ਉੱਤੇ ਉਸਾਰੀ। 31 ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜ੍ਹਾਉਂਦੇ ਸਨ। ਉਹ ਸੁੱਖ-ਸਾਂਦ ਦੀਆਂ ਭੇਟਾਂ ਵੀ ਚੜ੍ਹਾਉਂਦੇ ਸਨ।

32 ਉਸੇ ਥਾਂ, ਯਹੋਸ਼ੁਆ ਨੇ ਮੂਸਾ ਦੀ ਬਿਵਸਥਾ ਪੱਥਰਾਂ ਉੱਤੇ ਲਿਖੀ। ਉਸ ਨੇ ਅਜਿਹਾ ਉਦੋਂ ਕੀਤਾ ਜਦ ਸਾਰੇ ਇਸਰਾਏਲੀ ਵੇਖ ਰਹੇ ਸਨ। 33 ਬਜ਼ੁਰਗ, ਅਧਿਕਾਰੀ, ਜੱਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜ੍ਹੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਹਮਣੇ ਖੜ੍ਹੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕ ਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉੱਥੇ ਖੜੋਤੇ ਸਨ। ਅੱਧੇ ਲੋਕ ਏਬਾਲ ਪਹਾੜ ਦੇ ਸਾਹਮਣੇ ਖੜੋਤੇ ਸਨ ਅਤੇ ਦੂਸਰੇ ਅੱਧੇ ਲੋਕ ਗਰਿਜ਼ੀਮ ਪਹਾੜ ਦੇ ਸਾਹਮਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ।

34 ਫ਼ੇਰ ਯਹੋਸ਼ੁਆ ਨੇ ਨੇਮ ਦੇ ਸਾਰੇ ਸ਼ਬਦ ਪੜ੍ਹੇ। ਯਹੋਸ਼ੁਆ ਨੇ ਅਸੀਸਾ ਅਤੇ ਸਰਾਪਾ ਬਾਰੇ ਪੜ੍ਹਿਆ। ਉਸ ਨੇ ਹਰ ਗੱਲ ਉਸੇ ਤਰ੍ਹਾਂ ਪੜ੍ਹੀ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੀ ਹੋਈ ਸੀ। 35 ਇਸਰਾਏਲ ਦੇ ਸਾਰੇ ਲੋਕ ਉੱਥੇ ਇਕੱਠੇ ਹੋਏ ਸਨ। ਇਸਰਾਏਲ ਦੇ ਲੋਕਾਂ ਨਾਲ ਰਹਿਣ ਵਾਲੇ ਸਾਰੇ ਵਿਦੇਸ਼ੀ, ਔਰਤਾਂ ਅਤੇ ਬੱਚੇ ਉੱਥੇ ਸਨ। ਅਤੇ ਯਹੋਸ਼ੁਆ ਨੇ ਉਹ ਹਰ ਆਦੇਸ਼ ਪੜ੍ਹਿਆ ਜਿਹੜਾ ਮੂਸਾ ਨੇ ਦਿੱਤਾ ਸੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes