A A A A A
Bible Book List

ਯਸਾਯਾਹ 59 Punjabi Bible: Easy-to-Read Version (ERV-PA)

ਮੰਦੇ ਲੋਕਾਂ ਨੂੰ ਆਪਣੇ ਜੀਵਨ ਬਦਲਣੇ ਚਾਹੀਦੇ ਹਨ

59 ਦੇਖੋ, ਯਹੋਵਾਹ ਵਿੱਚ ਤੁਹਾਨੂੰ ਬਚਾਉਣ ਲਈ ਕਾਫ਼ੀ ਤਾਕਤ ਹੈ। ਜਦੋਂ ਤੁਸੀਂ ਉਸਤੋਂ ਸਹਾਇਤਾ ਮੰਗਦੇ ਹੋ ਉਹ ਤੁਹਾਡੀ ਗੱਲ ਸੁਣ ਸੱਕਦਾ ਹੈ। ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ੁਰ ਕੋਲੋਂ ਦੂਰ ਰੱਖਦੇ ਹਨ। ਯਹੋਵਾਹ ਤੁਹਾਡੇ ਪਾਪ ਨੂੰ ਦੇਖਦਾ ਹੈ, ਅਤੇ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ। ਤੁਹਾਡੇ ਹੱਥ ਨਾਪਾਕ ਹਨ: ਉਹ ਖੂਨ ਨਾਲ ਰਂਗੇ ਹੋਏ ਹਨ। ਤੁਹਾਡੀਆਂ ਉਂਗਲਾਂ ਪਾਪ ਨਾਲ ਲਿਬੜੀਆਂ ਹੋਈਆਂ ਹਨ। ਤੁਸੀਂ ਆਪਣੇ ਮੂੰਹ ਨਾਲ ਝੂਠ ਬੋਲਦੇ ਹੋ। ਤੁਹਾਡੀ ਜ਼ਬਾਨ ਮੰਦਾ ਬੋਲਦੀ ਹੈ। ਕੋਈ ਵੀ ਬੰਦਾ ਹੋਰਾਂ ਲੋਕਾਂ ਬਾਰੇ ਸੱਚ ਨਹੀਂ ਬੋਲਦਾ। ਲੋਕ ਅਜਿਹੇ ਲੋਕਾਂ ਉੱਪਰ ਕਚਿਹਰੀ ਵਿੱਚ ਮੁਕੱਦਮਾ ਕਰਦੇ ਹਨ, ਅਤੇ ਉਹ ਆਪਣਾ ਮੁਕੱਦਮਾ ਜਿੱਤਣ ਲਈ ਝੂਠੀਆਂ ਦਲੀਲਾਂ ਦਾ ਸਹਾਰਾ ਲੈਂਦੇ ਹਨ। ਉਹ ਇੱਕ ਦੂਜੇ ਬਾਰੇ ਝੂਠ ਬੋਲਦੇ ਹਨ। ਉਹ ਮੁਸੀਬਤ ਨਾਲ ਭਰੇ ਹੋਏ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ। ਉਹ (ਬਦੀ ਵਾਂਗ) ਜ਼ਹਿਰੀਲੇ ਸੱਪਾਂ ਦੇ ਅੰਡਿਆਂ ਨੂੰ ਸੇਕਦੇ ਹਨ। ਜੇ ਕਿਧਰੇ ਤੁਸੀਂ ਅਜਿਹਾ ਇੱਕ ਵੀ ਅੰਡਾ ਖਾ ਲਵੋ ਤਾਂ ਮਰ ਜਾਓਗੇ। ਅਤੇ ਜੇ ਕਿਤੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਅੰਡੇ ਨੂੰ ਤੋਂੜੋਗੇ ਤਾਂ ਉਸ ਵਿੱਚੋਂ ਜ਼ਹਿਰੀਲਾ ਸੱਪ ਬਾਹਰ ਨਿਕਲ ਆਵੇਗਾ।

ਉਹ ਝੂਠ, ਜਿਹੜੇ ਝੂਠ ਲੋਕ ਬੋਲਦੇ ਹਨ, ਮਕੱੜੀ ਦੇ ਜਾਲਿਆਂ ਵਰਗੇ ਹਨ। ਇਨ੍ਹਾਂ ਮਕੱੜੀ ਜਾਲਾਂ ਦੇ ਕੱਪੜੇ ਨਹੀਂ ਬਣਾਏ ਜਾ ਸੱਕਦੇ। ਤੁਸੀਂ ਇਨ੍ਹਾਂ ਜਾਲਾਂ ਨਾਲ ਆਪਣੇ ਆਪ ਨੂੰ ਕੱਜ ਨਹੀਂ ਸੱਕਦੇ।

ਕੁਝ ਲੋਕ ਮੰਦੇ ਕੰਮ ਕਰਦੇ ਹਨ ਅਤੇ ਆਪਣੇ ਹੱਥਾਂ ਦਾ ਇਸਤੇਮਾਲ ਦੂਜਿਆਂ ਨੂੰ ਦੁੱਖ ਦੇਣ ਲਈ ਕਰਦੇ ਹਨ। ਉਹ ਲੋਕ ਆਪਣੇ ਪੈਰਾਂ ਦਾ ਇਸਤੇਮਾਲ ਬਦੀ ਵੱਲ ਭੱਜਣ ਲਈ ਕਰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਦੌੜਦੇ ਹਨ ਜਿਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੁੰਦਾ। ਉਹ ਮੰਦੀਆਂ ਸੋਚਾਂ ਸੋਚਦੇ ਹਨ। ਦਂਗਾ ਅਤੇ ਚੋਰੀ ਉਨ੍ਹਾਂ ਦਾ ਜੀਵਨ-ਢੰਗ ਹੁੰਦਾ ਹੈ। ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ।

ਇਸਰਾਏਲ ਦਾ ਪਾਪ ਮੁਸੀਬਤ ਲਿਆਉਂਦਾ ਹੈ

ਸਾਰੀ ਨੇਕੀ ਅਤੇ ਨਿਰਪੱਖਤਾ ਖਤਮ ਹੋ ਗਈ ਹੈ।
ਸਾਡੇ ਨਜ਼ਦੀਕ ਸਿਰਫ਼ ਹਨੇਰਾ ਹੈ,
    ਇਸ ਲਈ ਸਾਨੂੰ ਰੌਸ਼ਨੀ ਦਾ ਇੰਤਜ਼ਾਰ ਕਰਨਾ ਪਵੇਗਾ।
ਅਸੀਂ ਤੇਜ਼ ਰੌਸ਼ਨੀ ਦੀ ਆਸ ਰੱਖਦੇ ਹਾਂ
    ਪਰ ਸਾਨੂੰ ਸਿਰਫ਼ ਹਨੇਰਾ ਮਿਲਦਾ ਹੈ।
10 ਅਸੀਂ ਨੇਤਰਹੀਣ ਬੰਦਿਆਂ ਵਰਗੇ ਹਾਂ।
    ਅਸੀਂ ਇਨ੍ਹਾਂ ਕੰਧਾਂ ਨਾਲ ਅੰਨ੍ਹਿਆਂ ਵਾਂਗ ਠੋਕਰਾਂ ਖਾਂਦੇ ਹਾਂ।
ਅਸੀਂ ਡਿੱਗਦੇ-ਢਹਿਂਦੇ ਫ਼ਿਰਦੇ ਹਾਂ ਜਿਵੇਂ ਰਾਤ ਹੋਵੇ।
    ਦਿਨ ਦੇ ਚਾਨਣ ਵਿੱਚ ਵੀ ਅਸੀਂ ਨਹੀਂ ਦੇਖ ਸੱਕਦੇ।
    ਦੁਪਿਹਰ ਵੇਲੇ ਵੀ ਅਸੀਂ ਮੁਰਦਿਆਂ ਵਾਂਗ ਡਿੱਗ ਪੈਂਦੇ ਹਾਂ।
11 ਅਸੀਂ ਸਾਰੇ ਬਹੁਤ ਉਦਾਸ ਹਾਂ,
    ਅਸੀਂ ਘੁੱਗੀ ਅਤੇ ਰਿੱਛਾਂ ਵਾਂਗ ਉਦਾਸ ਅਵਾਜ਼ਾਂ ਕੱਢ ਰਹੇ ਹਾਂ।
ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਰੇ ਲੋਕੀਂ ਨਿਰਪੱਖ ਹੋਣਗੇ।
    ਪਰ ਇੱਥੇ ਹਾਲੇ ਨਿਰਪੱਖਤਾ ਨਹੀਂ।
ਅਸੀਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ
    ਪਰ ਮੁਕਤੀ ਹਾਲੇ ਤੱਕ ਬਹੁਤ ਦੂਰ ਹੈ।
12 ਕਿਉਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਈ ਮੰਦੀਆਂ ਗੱਲਾਂ ਕੀਤੀਆਂ ਹਨ।
    ਸਾਡੇ ਪਾਪ ਦਰਸਾਉਂਦੇ ਨੇ ਕਿ ਅਸੀਂ ਗ਼ਲਤ ਹਾਂ।
ਅਸੀਂ ਜਾਣਦੇ ਹਾਂ ਕਿ
    ਅਸੀਂ ਇਹ ਗੱਲਾਂ ਕਰਨ ਦੇ ਦੋਸ਼ੀ ਹਾਂ।
13 ਅਸੀਂ ਪਾਪ ਕੀਤੇ ਅਤੇ
    ਯਹੋਵਾਹ ਦੇ ਖਿਲਾਫ਼ ਹੋ ਗਏ ਸਾਂ।
ਅਸੀਂ ਉਸ ਕੋਲੋਂ ਮੋੜ ਲਿਆ ਸੀ
    ਅਤੇ ਉਸ ਨੂੰ ਛੱਡ ਦਿੱਤਾ ਸੀ।
ਅਸੀਂ ਬਦੀ ਦੀਆਂ ਯੋਜਨਾਵਾਂ ਬਣਾਈਆਂ।
    ਅਸੀਂ ਉਨ੍ਹਾਂ ਗੱਲਾਂ ਦੀਆਂ ਯੋਜਨਾਵਾਂ ਬਣਾਈਆਂ ਜੋ ਪਰਮੇਸ਼ੁਰ ਦੇ ਵਿਰੁੱਧ ਨੇ।
ਅਸੀਂ ਇਨ੍ਹਾਂ ਗੱਲਾਂ ਬਾਰੇ ਸੋਚਿਆ
    ਅਤੇ ਆਪਣੇ ਦਿਲਾਂ ਅੰਦਰ ਇਨ੍ਹਾਂ ਦੀਆਂ ਯੋਜਨਾਵਾਂ ਬਣਾਈਆਂ।
14 ਇਨਸਾਫ਼ ਸਾਡੇ ਕੋਲੋਂ ਦੂਰ ਹੋ ਗਿਆ ਹੈ।
    ਨਿਰਪੱਖਤਾ ਬਹੁਤ ਦੂਰ ਖੜੀ ਹੈ।
ਸੱਚਾਈ ਗਲੀਆਂ ਅੰਦਰ ਡਿੱਗ ਪਈ ਹੈ।
    ਨੇਕੀ ਨੂੰ ਸ਼ਹਿਰ ਵਿੱਚ ਵੜਨ ਦੀ ਇਜ਼ਾਜ਼ਤ ਨਹੀਂ।
15 ਸੱਚਾਈ ਚਲੀ ਗਈ ਹੈ।
    ਅਤੇ ਉਹ ਲੋਕ ਜਿਹੜੇ ਨੇਕੀ ਕਰਨਾ ਚਾਹੁੰਦੇ ਨੇ, ਲੁੱਟੇ ਜਾਂਦੇ ਨੇ।

ਯਹੋਵਾਹ ਨੇ ਦੇਖਿਆ, ਤੇ ਉਸ ਨੂੰ ਕਿਤੇ ਵੀ ਨੇਕੀ ਨਹੀਂ ਮਿਲੀ।
    ਯਹੋਵਾਹ ਨੂੰ ਇਹ ਚੰਗਾ ਨਹੀਂ ਲੱਗਿਆ।
16 ਯਹੋਵਾਹ ਨੇ ਦੇਖਿਆ ਤੇ ਉਹ ਹੈਰਾਨ ਹੋ ਗਿਆ ਕਿ
    ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਮਿਲ ਸੱਕਿਆ ਜਿਹੜਾ ਖਲੋ ਸੱਕੇ ਅਤੇ ਲੋਕਾਂ ਲਈ ਬੋਲ ਸੱਕੇ।
ਇਸ ਲਈ, ਯਹੋਵਾਹ ਨੇ ਆਪਣੀ ਤਾਕਤ ਤੇ ਆਪਣੀ ਨੇਕੀ ਵਰਤੀ
    ਅਤੇ ਯਹੋਵਾਹ ਨੇ ਲੋਕਾਂ ਨੂੰ ਬਚਾ ਲਿਆ।
17 ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ।
    ਯਹੋਵਾਹ ਨੇ ਨੇਕੀ ਦਾ ਜ਼ਰਾਬਕਤ,
ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ
    ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।
18 ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ।
    ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।
ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ।
    ਇਸ ਲਈ ਯਹੋਵਾਹ ਦੂਰ-ਦੁਰਾਡੇ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਵੇਗਾ।
    ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ।
19 ਪੱਛਮ ਦੇ ਲੋਕ ਭੈਭੀਤ ਹੋਣਗੇ ਅਤੇ ਯਹੋਵਾਹ ਦੇ ਨਾਮ ਦਾ ਆਦਰ ਕਰਨਗੇ।
    ਪੂਰਬ ਦੇ ਲੋਕ ਭੈਭੀਤ ਹੋਣਗੇ ਅਤੇ ਉਸ ਦੇ ਪਰਤਾਪ ਦਾ ਆਦਰ ਕਰਨਗੇ।
ਯਹੋਵਾਹ ਤੇਜ਼ੀ ਨਾਲ ਆਵੇਗਾ ਜਿਵੇਂ, ਯਹੋਵਾਹ ਵੱਲੋਂ ਆਉਂਦੇ ਤੇਜ਼ ਹਵਾ ਦਾ ਵਗਾਇਆ ਹੋਇਆ,
    ਤੇਜ਼ ਵਗਦਾ ਦਰਿਆ ਹੁੰਦਾ ਹੈ।
20 ਮੁਕਤੀਦਾਤਾ ਇੱਕ ਵਾਰ ਫ਼ੇਰ ਸੀਯੋਨ ਵੱਲੋਂ ਆਵੇਗਾ।
    ਉਹ ਯਾਕੂਬ ਦੇ ਲੋਕਾਂ ਕੋਲ ਆਵੇਗਾ ਜਿਨ੍ਹਾਂ ਨੇ ਪਾਪ ਕੀਤਾ ਸੀ ਪਰ ਉਹ ਪਰਮੇਸ਼ੁਰ ਕੋਲ ਆ ਗਏ ਸਨ।

21 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes