A A A A A
Bible Book List

ਯਸਾਯਾਹ 44 Punjabi Bible: Easy-to-Read Version (ERV-PA)

ਯਹੋਵਾਹ ਹੀ ਕੇਵਲ ਇੱਕੋ-ਇੱਕ ਪਰਮੇਸ਼ੁਰ ਹੈ

44 “ਯਾਕੂਬ, ਤੂੰ ਮੇਰਾ ਸੇਵਕ ਹੈਂ। ਸੁਣ ਮੇਰੀ ਗੱਲ! ਇਸਰਾਏਲ, ਮੈਂ ਤੈਨੂੰ ਚੁਣਿਆ ਸੀ। ਸੁਣ ਉਹ ਗੱਲਾਂ ਜਿਹੜੀਆਂ ਮੈਂ ਆਖਦਾ ਹਾਂ! ਮੈਂ ਯਹੋਵਾਹ ਹਾਂ, ਅਤੇ ਮੈਂ ਤੈਨੂੰ ਸਾਜਿਆ ਸੀ। ਮੈਂ ਹੀ ਉਹ ਹਾਂ ਜਿਸਨੇ ਤੈਨੂੰ ਉਵੇਂ ਬਣਾਇਆ ਸੀ ਜਿਵੇਂ ਕਿ ਤੂੰ ਹੈਂ। ਮੈਂ ਉਦੋਂ ਤੋਂ ਤੇਰੀ ਸਹਾਇਤਾ ਕੀਤੀ ਜਦੋਂ ਤੋਂ ਤੂੰ ਆਪਣੀ ਮਾਤਾ ਦੇ ਗਰਭ ਵਿੱਚ ਸੀ। ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋਵੋ। ਯਿਸ਼ੁਰੂਨ, ਮੈਂ ਤੈਨੂੰ ਚੁਣਿਆ ਸੀ।

“ਮੈਂ ਪਿਆਸੇ ਬੰਦਿਆਂ ਲਈ ਪਾਣੀ ਵਰ੍ਹਾਵਾਂਗਾ। ਮੈਂ ਸੁੱਕੀ ਧਰਤੀ ਉੱਤੇ ਨਦੀਆਂ ਵਗਾਵਾਂਗਾ। ਮੈਂ ਤੁਹਾਡੇ ਬੱਚਿਆਂ ਉੱਤੇ ਆਪਣੀ ਆਤਮਾ ਦੀ ਬੁਛਾੜ ਕਰਾਂਗਾ। ਇਹ ਤੁਹਾਡੇ ਪਰਿਵਾਰ ਵੱਲ ਵਗਦੀ ਪਾਣੀ ਦੀ ਨਦੀ ਵਾਂਗ ਹੋਵੇਗੀ। ਉਹ ਦੁਨੀਆਂ ਦੇ ਲੋਕਾਂ ਵਿੱਚਕਾਰ ਵੱਧਣ ਫ਼ੁੱਲਣਗੇ। ਉਹ ਪਾਣੀ ਦੀਆਂ ਨਹਿਰਾਂ ਕੰਢੇ ਉੱਗੇ ਹੋਏ ਰੁੱਖਾਂ ਵਰਗੇ ਹੋਣਗੇ।

“ਇੱਕ ਬੰਦਾ ਆਖੇਗਾ, ‘ਮੈਂ ਯਹੋਵਾਹ ਦਾ ਬੰਦਾ ਹਾਂ।’ ਦੂਸਰਾ ਬੰਦਾ ‘ਯਾਕੂਬ ਦਾ’ ਨਾਮ ਇਸਤੇਮਾਲ ਕਰੇਗਾ। ਕੋਈ ਹੋਰ ਬੰਦਾ ਆਪਣਾ ਦਸਤਖਰ ਕਰੇਗਾ ‘ਮੈਂ ਯਹੋਵਾਹ ਦਾ ਬੰਦਾ ਹਾਂ।’ ਅਤੇ ਕੋਈ ਦੂਸਰਾ ਬੰਦਾ ‘ਇਸਰਾਏਲ’ ਨਾਮ ਦਾ ਇਸਤੇਮਾਲ ਕਰੇਗਾ।”

ਯਹੋਵਾਹ ਇਸਰਾਏਲ ਦਾ ਰਾਜਾ ਹੈ। ਯਹੋਵਾਹ ਸਰਬ ਸ਼ਕਤੀਮਾਨ ਇਸਰਾਏਲ ਦੀ ਰੱਖਿਆ ਕਰਦਾ ਹੈ। ਯਹੋਵਾਹ ਆਖਦਾ ਹੈ, “ਮੈਂ ਹੀ ਇੱਕ ਪਰਮੇਸ਼ੁਰ ਹਾਂ। ਹੋਰ ਕੋਈ ਦੇਵਤੇ ਨਹੀਂ ਹਨ। ਮੈਂ ਹੀ ਆਦਿ ਅਤੇ ਅੰਤ ਹਾਂ। ਇੱਥੇ ਮੇਰੇ ਵਰਗਾ ਕੋਈ ਹੋਰ ਪਰਮੇਸ਼ੁਰ ਨਹੀਂ ਹੈ। ਜੇ ਇੱਥੇ ਹੈ, ਤਾਂ ਉਸ ਦੇਵਤੇ ਨੂੰ ਹੁਣ ਬੋਲਣਾ ਚਾਹੀਦਾ ਹੈ। ਉਸ ਦੇਵਤੇ ਨੂੰ ਆਉਣਾ ਚਾਹੀਦਾ ਹੈ ਅਤੇ ਇਹ ਸਬੂਤ ਦੇਣਾ ਚਾਹੀਦਾ ਹੈ ਕਿ ਉਹ ਮੇਰੇ ਵਰਗਾ ਹੈ। ਉਸ ਦੇਵਤੇ ਨੂੰ ਮੈਨੂੰ ਦੱਸਣਾ ਚਾਹੀਦਾ ਹੈ ਕਿ ਉਸ ਸਮੇਂ ਤੋਂ ਲੈ ਕੇ ਕੀ ਵਾਪਰਿਆ ਹੈ ਜਦੋਂ ਤੋਂ ਮੈਂ ਆਪਣੇ ਪ੍ਰਾਚੀਨ ਲੋਕਾਂ ਨੂੰ ਸਾਜਿਆ ਸੀ। ਉਸ ਦੇਵਤੇ ਨੂੰ ਇਹ ਦਰਸਾਉਣ ਲਈ ਸੰਕੇਤ ਦੇਣੇ ਚਾਹੀਦੇ ਹਨ ਕਿ ਉਹ ਭਵਿੱਖ ਵਿੱਚ ਵਾਪਰਨ ਬਾਰੇ ਜਾਣਦਾ ਹੈ।

“ਭੈਭੀਤ ਨਾ ਹੋਵੋ! ਫ਼ਿਕਰ ਨਾ ਕਰੋ। ਮੈਂ ਹਮੇਸ਼ਾ ਤੁਹਾਨੂੰ ਦੱਸਿਆ ਹੈ ਕਿ ਕੀ ਵਾਪਰੇਗਾ। ਤਸੀਁ ਮੇਰੇ ਗਵਾਹ ਹੋ। ਇੱਥੇ ਕੋਈ ਦੂਸਰਾ ਪਰਮੇਸ਼ੁਰ ਨਹੀਂ ਹੈ ਸਿਰਫ਼ ਮੈਂ ਹੀ ਹਾਂ ਇੱਕ। ਇੱਥੇ ਕੋਈ ਹੋਰ ‘ਆਸਰਾ’ ਨਹੀਂ ਹੈ ਮੈਂ ਜਾਣਦਾ ਹਾਂ ਕਿ ਸਿਰਫ਼ ਮੈਂ ਹੀ ਹਾਂ ਉਹ।”

ਝੂਠੇ ਦੇਵਤੇ ਫ਼ਜ਼ੂਲ ਹਨ

ਜਿਹੜੇ ਲੋਕ ਮੂਰਤੀਆਂ ਬਣਾਉਂਦੇ ਹਨ, ਬੇਕਾਰ ਹਨ। ਉਹ ਉਨ੍ਹਾਂ ਮੂਰਤੀਆਂ ਨੂੰ ਪਿਆਰ ਕਰਦੇ ਹਨ ਪਰ ਉਹ ਮੂਰਤੀਆਂ ਬੇਕਾਰ ਹਨ। ਉਹ ਮੂਰਤੀਆਂ ਖੁਦ ਸਾਬਤ ਕਰਦੀਆਂ ਹਨ ਕਿ ਉਹ ਵਿਅਰਬ ਹਨ। ਕਿਉਂ ਕਿ ਉਹ ਵੇਖ ਨਹੀਂ ਸੱਕਦੀਆਂ ਅਤੇ ਉਹ ਕੁਝ ਨਹੀਂ ਸਮਝਦੀਆਂ। ਇਸ ਲਈ ਜਿਨ੍ਹਾਂ ਨੇ ਉਨ੍ਹਾਂ ਨੂੰ ਬਣਾਇਆ ਸ਼ਰਮਸਾਰ ਹੋਣਗੇ।

10 ਇਨ੍ਹਾਂ ਝੂਠੇ ਦੇਵਤਿਆਂ ਨੂੰ ਕਿਸਨੇ ਬਣਾਇਆ? ਕਿਸਨੇ ਇਨ੍ਹਾਂ ਬੇਕਾਰ ਮੂਰਤੀਆਂ ਨੂੰ ਬਣਾਇਆ? 11 ਉਨ੍ਹਾਂ ਦੇਵਤਿਆਂ ਨੂੰ ਮਜ਼ਦੂਰਾਂ ਨੇ ਬਣਾਇਆ! ਅਤੇ ਉਹ ਸਾਰੇ ਮਜ਼ਦੂਰ ਬੰਦੇ ਹਨ-ਦੇਵਤੇ ਨਹੀਂ। ਜੇ ਉਹ ਸਾਰੇ ਬੰਦੇ ਇਕੱਠੇ ਹੋ ਜਾਣ ਅਤੇ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਨ, ਤਾਂ ਉਹ ਸਾਰੇ ਹੀ ਸ਼ਰਮਸਾਰ ਅਤੇ ਭੈਭੀਤ ਹੋਣਗੇ।

12 ਇੱਕ ਮਜ਼ਬੂਰ ਲੋਹੇ ਨੂੰ ਕੋਲਿਆਂ ਉੱਤੇ ਗਰਮ ਕਰਨ ਲਈ ਆਪਣੇ ਸੰਦਾਂ ਦੀ ਵਰਤੋਂ ਕਰਦਾ ਹੈ। ਇਹ ਬੰਦਾ ਧਾਤ ਨੂੰ ਕੁਟ੍ਟਣ ਲਈ ਹਬੌੜੇ ਦੀ ਵਰਤੋਂ ਕਰਦਾ ਹੈ ਅਤੇ ਧਾਤ ਮੂਰਤੀ ਬਣ ਜਾਂਦੀ ਹੈ। ਇਹ ਬੰਦਾ ਆਪਣੇ ਹੀ ਮਜ਼ਬੂਤ ਬਾਜ਼ੂਆਂ ਦੀ ਵਰਤੋਂ ਕਰਦਾ ਹੈ। ਪਰ ਜਦੋਂ ਉਹ ਬੰਦਾ ਭੁੱਖਾ ਹੁੰਦਾ ਹੈ ਤਾਂ ਉਸਦੀ ਤਾਕਤ ਘਟ ਜਾਂਦੀ ਹੈ। ਜੇ ਉਹ ਬੰਦਾ ਪਾਣੀ ਨਹੀਂ ਪੀਂਦਾ ਤਾਂ ਉਹ ਕਮਜ਼ੋਰ ਹੋ ਜਾਂਦਾ ਹੈ।

13 ਇੱਕ ਹੋਰ ਬੰਦਾ ਲੱਕੜ ਉੱਤੇ ਲਕੀਰਾਂ ਵਾਹੁਣ ਲਈ ਸੂਤਰ ਅਤੇ ਕਂਮਪਾਸ ਦੀ ਵਰਤੋਂ ਕਰਦਾ ਹੈ। ਇਸਤੋਂ ਇਹ ਪਤਾ ਚਲਦਾ ਹੈ ਕਿ ਉਸ ਨੂੰ ਕਿੱਥੋਂ ਕਟਾਈ ਕਰਨੀ ਚਾਹੀਦੀ ਹੈ। ਫ਼ੇਰ ਉਹ ਬੰਦਾ ਆਪਣੀਆਂ ਛੈਣੀਆਂ ਦੀ ਵਰਤੋਂ ਕਰਦਾ ਹੈ ਅਤੇ ਲਕੜੀ ਵਿੱਚੋਂ ਮੂਰਤੀ ਤਰਾਸ਼ ਲੈਂਦਾ ਹੈ। ਉਹ ਆਪਣੀ ਪ੍ਰਕਾਰ ਦੀ ਵਰਤੋਂ ਕਰਕੇ ਮੂਰਤੀ ਦੀ ਮਿਣਤੀ ਕਰਦਾ ਹੈ। ਇਸ ਢੰਗ ਨਾਲ ਉਹ ਮਜ਼ਦੂਰ ਲਕੜੀ ਨੂੰ ਬਿਲਕੁਲ ਆਦਮੀ ਦੀ ਸ਼ਕਲ ਦੇ ਦਿੰਦਾ ਹੈ। ਅਤੇ ਮਨੁੱਖ ਦੀ ਇਹ ਮੂਰਤੀ ਹੋਰ ਕੁਝ ਨਹੀਂ ਕਰਦੀ ਸਗੋਂ ਘਰ ਵਿੱਚ ਰੱਖੀ ਰਹਿੰਦੀ ਹੈ।

14 ਇੱਕ ਬੰਦਾ ਦਿਆਰ, ਸਰੂ ਜਾਂ ਸ਼ਾਇਦ ਓਕ ਦੇ ਰੁੱਖ ਨੂੰ ਕੱਟਦਾ ਹੈ। ਉਸ ਬੰਦੇ ਨੇ ਰੁੱਖਾਂ ਨੂੰ ਨਹੀਂ ਉਗਾਇਆ-ਇਹ ਰੁੱਖ ਆਪਣੀ ਸ਼ਕਤੀ ਨਾਲ ਹੀ ਜੰਗਲ ਵਿੱਚ ਉੱਗੇ ਸਨ। ਜੇ ਕੋਈ ਬੰਦਾ ਚੀਲ੍ਹ ਦੇ ਰੁੱਖ ਬੀਜਦਾ ਹੈ ਤਾਂ ਬਾਰਿਸ਼ ਉਸ ਨੂੰ ਉਗਾਉਂਦੀ ਹੈ।

15 ਫ਼ੇਰ ਉਹ ਬੰਦਾ ਉਸ ਰੁੱਖ ਦਾ ਇਸਤੇਮਾਲ ਆਪਣੀ ਅੱਗ ਬਾਲਣ ਲਈ ਕਰਦਾ ਹੈ। ਉਹ ਬੰਦਾ ਰੁੱਖਾਂ ਨੂੰ ਛੋਟੇ-ਛੋਟੇ ਲਕੜੀ ਦੇ ਟੋਟਿਆਂ ਵਿੱਚ ਵੰਡ ਦਿੰਦਾ ਹੈ। ਅਤੇ ਉਹ ਉਸ ਲੱਕੜ ਨੂੰ ਭੋਜਨ ਪਕਾਉਣ ਲਈ ਅਤੇ ਆਪਣੇ-ਆਪ ਨੂੰ ਨਿੱਘਾ ਰੱਖਣ ਲਈ ਵਰਤਦਾ ਹੈ। ਬੰਦਾ ਬੋੜੀ ਜਿਹੀ ਲੱਕੜ ਨਾਲ ਅੱਗ ਜਲਾਉਂਦਾ ਹੈ ਅਤੇ ਆਪਣੀ ਰੋਟੀ ਸੇਕਦਾ ਹੈ। ਪਰ ਉਹ ਬੰਦਾ ਉਸ ਲੱਕੜ ਦੇ ਇੱਕ ਹਿੱਸੇ ਨੂੰ ਦੇਵਤਾ ਬਨਾਉਣ ਲਈ ਵੀ ਵਰਤਦਾ ਹੈ-ਅਤੇ ਬੰਦਾ ਉਸ ਦੇਵਤੇ ਦੀ ਉਪਾਸਨਾ ਵੀ ਕਰਦਾ ਹੈ! ਉਹ ਦੇਵਤਾ ਇੱਕ ਮੂਰਤੀ ਹੈ ਜਿਸ ਨੂੰ ਬੰਦੇ ਨੇ ਬਣਾਇਆ ਸੀ-ਪਰ ਬੰਦਾ ਮੂਰਤੀ ਅੱਗੇ ਸਿਜਦਾ ਕਰਦਾ ਹੈ! 16 ਬੰਦਾ ਅੱਧੀ ਲਕੜੀ ਨੂੰ ਅੱਗ ਵਿੱਚ ਬਾਲਦਾ ਹੈ। ਬੰਦਾ ਅੱਗ ਦੀ ਵਰਤੋਂ ਆਪਣੇ ਲਈ ਮਾਸ ਪਕਾਉਣ ਲਈ ਕਰਦਾ ਹੈ ਅਤੇ ਉਹ ਉਸ ਮਾਸ ਨੂੰ ਰੱਜ ਕੇ ਖਾਂਦਾ ਹੈ। ਬੰਦਾ ਲੱਕੜ ਬਾਲ ਕੇ ਆਪਣੇ-ਆਪ ਨੂੰ ਨਿੱਘਾ ਰੱਖਦਾ ਹੈ। ਬੰਦਾ ਆਖਦਾ ਹੈ, “ਠੀਕ ਹੈ! ਹੁਣ ਮੈਂ ਨਿੱਘਾ ਹੋ ਗਿਆ ਹਾਂ। ਮੈਂ ਦੇਖ ਸੱਕਦਾ ਹਾਂ ਕਿਉਂਕਿ ਅੱਗ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ!” 17 ਪਰ ਬੋੜੀ ਜਿਹੀ ਲੱਕੜ ਬਚੀ ਰਹਿ ਗਈ ਹੈ ਇਸ ਲਈ ਉਹ ਬੰਦਾ ਉਸ ਲੱਕੜ ਵਿੱਚੋਂ ਮੂਰਤੀ ਬਣਾਉਂਦਾ ਹੈ ਅਤੇ ਉਸ ਨੂੰ ਆਪਣਾ ਦੇਵਤਾ ਬੁਲਾਉਂਦਾ ਹੈ। ਉਹ ਇਸ ਦੇਵਤੇ ਅੱਗੇ ਸਿਜਦਾ ਕਰਦਾ ਹੈ ਅਤੇ ਆਖਦਾ ਹੈ, “ਤੂੰ ਮੇਰਾ ਦੇਵਤਾ ਹੈਂ, ਮੇਰੀ ਰੱਖਿਆ ਕਰ!”

18 ਉਹ ਬੰਦੇ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਉਹ ਸਮਝਦੇ ਹੀ ਨਹੀਂ! ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀਆਂ ਅੱਖਾਂ ਢੱਕੀਆਂ ਹੋਈਆਂ ਹੋਣ ਅਤੇ ਇਸ ਲਈ ਉਹ ਦੇਖ ਨਹੀਂ ਸੱਕਦੇ। ਉਨ੍ਹਾਂ ਦੇ ਦਿਲ (ਮਨ) ਸਮਝਣ ਦੀ ਚੇਸ਼ਟਾ ਨਹੀਂ ਕਰਦੇ। 19 ਉਨ੍ਹਾਂ ਲੋਕਾਂ ਨੇ ਕਦੇ ਇਨ੍ਹਾਂ ਗੱਲਾਂ ਬਾਰੇ ਨਹੀਂ ਸੋਚਿਆ। ਲੋਕ ਸਮਝਦੇ ਹੀ ਨਹੀਂ, ਇਸ ਲਈ ਉਨ੍ਹਾਂ ਨੇ ਕਦੇ ਇਹ ਦਿਲ ਵਿੱਚ ਨਹੀਂ ਸੋਚਿਆ, “ਮੈਂ ਅੱਧੀ ਲਕੜੀ ਅੱਗ ਵਿੱਚ ਬਾਲ ਦਿੱਤੀ। ਮੈਂ ਆਪਣੇ ਕੋਲਿਆਂ ਦੀ ਵਰਤੋਂ ਕਰਕੇ ਆਪਣੀ ਰੋਟੀ ਪਕਾਈ ਅਤੇ ਮਾਸ ਰਿੰਨ੍ਹਿਆ। ਫ਼ੇਰ ਮੈਂ ਮਾਸ ਖਾਧਾ। ਅਤੇ ਮੈਂ ਬਚੀ ਹੋਈ ਲਕੜੀ ਦੀ ਵਰਤੋਂ ਇਸ ਭਿਆਨਕ ਚੀਜ਼ ਨੂੰ ਬਨਾਉਣ ਲਈ ਕੀਤੀ। ਮੈਂ ਤਾਂ ਲਕੜੀ ਦੇ ਇੱਕ ਟੁਕੜੇ ਦੀ ਉਪਾਸਨਾ ਕਰ ਰਿਹਾ ਹਾਂ!”

20 ਉਹ ਬੰਦਾ ਇਹ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ। ਉਹ ਉਲਝਣ ਵਿੱਚ ਹੈ, ਇਸ ਲਈ ਉਸਦਾ ਦਿਲ ਉਸ ਨੂੰ ਕੁਰਾਹੇ ਪਾਉਂਦਾ ਹੈ। ਉਹ ਬੰਦਾ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ। ਅਤੇ ਉਹ ਇਹ ਨਹੀਂ ਦੇਖ ਸੱਕਦਾ ਕਿ ਉਹ ਗ਼ਲਤ ਕੰਮ ਕਰ ਰਿਹਾ ਹੈ। ਉਹ ਬੰਦਾ ਇਹ ਨਹੀਂ ਆਖੇਗਾ, “ਇਹ ਮੂਰਤੀ ਜਿਸ ਨੂੰ ਮੈਂ ਫ਼ੜਿਆ ਹੋਇਆ ਹੈ, ਇੱਕ ਝੂਠਾ ਦੇਵਤਾ ਹੈ।”

ਯਹੋਵਾਹ, ਸੱਚਾ ਪਰਮੇਸ਼ੁਰ, ਇਸਰਾਏਲ ਦੀ ਮਦਦ ਕਰਦਾ ਹੈ

21 “ਯਾਕੂਬ, ਇਹ ਗੱਲਾਂ ਚੇਤੇ ਰੱਖ: ਇਸਰਾਏਲ ਯਾਦ ਰੱਖ, ਤੂੰ ਮੇਰਾ ਸੇਵਕ ਹੈਂ।
    ਮੈਂ ਤੈਨੂੰ ਸਾਜਿਆ ਸੀ।
ਤੂੰ ਮੇਰਾ ਸੇਵਕ ਹੈਂ।
    ਮੈਨੂੰ ਕਦੇ ਨਾ ਭੁੱਲੀਁ।
22 ਤੁਹਾਡੇ ਪਾਪ ਵੱਡੇ ਬੱਦਲ ਵਰਗੇ ਸਨ।
    ਪਰ ਮੈਂ ਉਹ ਪਾਪ ਮਿਟਾ ਦਿੱਤੇ।
ਤੁਹਾਡੇ ਪਾਪ ਧੁੰਦ ਵਾਗ ਗਾਇਬ ਹੋ ਗਏ ਨੇ।
ਮੈਂ ਬਚਾਇਆ ਅਤੇ ਮੈਂ ਤੇਰੀ ਰਾਖੀ ਕੀਤੀ,
    ਇਸ ਲਈ ਮੇਰੇ ਕੋਲ ਵਾਪਸ ਆ ਜਾ!”

23 ਅਕਾਸ਼ ਖੁਸ਼ ਨੇ ਕਿਉਂ ਕਿ ਯਹੋਵਾਹ ਨੇ ਮਹਾਨ ਗੱਲਾਂ ਕੀਤੀਆਂ ਨੇ।
    ਧਰਤੀ ਖੁਸ਼ ਹੈ, ਧਰਤੀ ਹੇਠਲੀ ਧੁਰ ਅੰਦਰਲੀ ਡੂੰਘ ਵੀ।
ਪਰਬਤ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਉਂਦੇ ਨੇ।
    ਜੰਗਲ ਦੇ ਸਾਰੇ ਹੀ ਰੁੱਖ ਖੁਸ਼ ਨੇ!
ਕਿਉਂ ਕਿ ਯਹੋਵਾਹ ਨੇ ਯਾਕੂਬ ਨੂੰ ਬਚਾਇਆ।
    ਪਰਮੇਸ਼ੁਰ ਨੇ ਇਸਰਾਏਲ ਲਈ ਮਹਾਨ ਗੱਲਾਂ ਕੀਤੀਆਂ।
24 ਯਹੋਵਾਹ ਨੇ ਤੁਹਾਨੂੰ ਸਾਜਿਆ, ਜਿਵੇਂ ਤੁਸੀਂ ਹੋ।
    ਯਹੋਵਾਹ ਨੇ ਇਹ ਕਾਰਜ ਉਦੋਂ ਕੀਤਾ ਜਦੋਂ ਹਾਲੇ ਤੁਸੀਂ ਆਪਣੀ ਮਾਂ ਦੇ ਗਰਭ ਅੰਦਰ ਸੀ।
ਯਹੋਵਾਹ ਆਖਦਾ ਹੈ, “ਮੈਂ, ਯਹੋਵਾਹ ਨੇ, ਹਰ ਸ਼ੈਅ ਸਾਜੀ!
    ਮੈਂ ਖੁਦ ਓੱਥੇ ਅਕਾਸ਼ ਰੱਖੇ ਸਨ!
    ਮੈਂ ਆਪਣੇ ਸਾਹਮਣੇ ਧਰਤੀ ਵਿਛਾਈ।”

25 ਨਕਲੀ ਨਬੀ ਝੂਠ ਬੋਲਦੇ ਹਨ, ਪਰ ਯਹੋਵਾਹ ਉਨ੍ਹਾਂ ਦੇ ਝੂਠ ਨੂੰ ਗ਼ਲਤ ਸਿੱਧ ਕਰ ਦਿੰਦਾ ਹੈ। ਯਹੋਵਾਹ ਜਾਦੂ ਟੂਣੇ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾ ਦਿੰਦਾ ਹੈ। ਯਹੋਵਾਹ ਸਿਆਣਿਆਂ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਉਹ ਸੋਚਦੇ ਹਨ ਕਿ ਉਹ ਬਹੁਤ ਕੁਝ ਜਾਣਦੇ ਹਨ ਪਰ ਯਹੋਵਾਹ ਉਨ੍ਹਾਂ ਨੂੰ ਮੂਰੱਖਾਂ ਵਰਗੇ ਬਣਾ ਦਿੰਦਾ ਹੈ। 26 ਯਹੋਵਾਹ ਲੋਕਾਂ ਨੂੰ ਸੰਦੇਸ਼ ਦੇਣ ਲਈ ਆਪਣੇ ਸੇਵਕਾਂ ਨੂੰ ਭੇਜਦਾ ਹੈ। ਅਤੇ ਯਹੋਵਾਹ ਉਨ੍ਹਾਂ ਸੰਦੇਸ਼ਾਂ ਨੂੰ ਸਚਿਆਉਂਦਾ ਹੈ। ਯਹੋਵਾਹ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ ਤਾਂ ਜੋ ਉਹ ਲੋਕਾਂ ਨੂੰ ਇਹ ਦੱਸ ਸੱਕਣ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਅਤੇ ਯਹੋਵਾਹ ਇਹ ਦਰਸਾ ਦਿੰਦਾ ਹੈ ਕਿ ਉਨ੍ਹਾਂ ਦੀ ਸਲਾਹ ਨੇਕ ਹੈ।

ਪਰਮੇਸ਼ੁਰ ਯਹੂਦਾਹ ਦੇ ਪੁਨਰ ਨਿਰਮਾਨ ਲਈ ਖੋਰੁਸ ਨੂੰ ਚੁਣਦਾ ਹੈ

ਯਹੋਵਾਹ ਯਰੂਸ਼ਲਮ ਨੂੰ ਆਖਦਾ ਹੈ, “ਲੋਕ ਇੱਕ ਵਾਰ ਫ਼ੇਰ ਤੇਰੇ ਅੰਦਰ ਰਹਿਣਗੇ!”
    ਯਹੋਵਾਹ ਯਹੂਦਾਹ ਦੇ ਸ਼ਹਿਰਾਂ ਨੂੰ ਆਖਦਾ ਹੈ, “ਤੂੰ ਇੱਕ ਵਾਰ ਫ਼ੇਰ ਉਸਾਰਿਆ ਜਾਵੇਂਗਾ।”
    ਯਹੋਵਾਹ ਉਨ੍ਹਾਂ ਸ਼ਹਿਰਾਂ ਨੂੰ ਆਖਦਾ ਹੈ ਜਿਹੜੇ ਤਬਾਹ ਹੋ ਗਏ ਸਨ, “ਮੈਂ ਤੁਹਾਨੂੰ ਫ਼ੇਰ ਸ਼ਹਿਰ ਬਣਾਵਾਂਗਾ।”
27 ਯਹੋਵਾਹ ਡੂੰਘੇ ਪਾਣੀਆਂ ਨੂੰ ਆਖਦਾ ਹੈ, “ਸੁੱਕ ਜਾਵੋ!
    ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦੇਵਾਂਗਾ!”
28 ਯਹੋਵਾਹ ਖੋਰੁਸ ਨੂੰ ਆਖਦਾ ਹੈ, “ਤੂੰ ਮੇਰਾ ਆਜੜੀ ਹੈਂ, ਤੂੰ ਓਹੀ ਗੱਲਾਂ ਕਰੇਂਗਾ ਜੋ ਮੈਂ ਚਾਹੁੰਦਾ ਹਾਂ।
    ਤੂੰ ਯਰੂਸ਼ਲਮ ਨੂੰ ਆਖੇਂਗਾ, ‘ਤੂੰ ਫ਼ੇਰ ਉਸਾਰਿਆ ਜਾਵੇਂਗਾ!’
    ਤੂੰ ਮੰਦਰ ਨੂੰ ਆਖੇਂਗਾ, ‘ਇੱਕ ਵਾਰੀ ਫ਼ੇਰ ਤੇਰੀਆਂ ਬੁਨਿਆਦਾਂ ਉਸਾਰੀਆਂ ਜਾਣਗੀਆਂ!’”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes