A A A A A
Bible Book List

ਯਸਾਯਾਹ 42 Punjabi Bible: Easy-to-Read Version (ERV-PA)

ਯਹੋਵਾਹ ਦਾ ਖਾਸ ਸੇਵਕ

42 “ਮੇਰੇ ਸੇਵਕ ਵੱਲ ਵੇਖੋ!
    ਮੈਂ ਉਸ ਨੂੰ ਆਸਰਾ ਦਿੰਦਾ ਹਾਂ।
ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ।
    ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ।
ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ।
    ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।
ਉਹ ਗਲੀਆਂ ਵਿੱਚ ਉੱਚੀ ਨਹੀਂ ਬੋਲੇਗਾ।
    ਉਹ ਚੀਖੇਗਾ ਨਹੀਂ ਤੇ ਨਾ ਹੀ ਚਾਂਗਰਾਂ ਮਾਰੇਗਾ।
ਉਹ ਬਹੁਤ ਕੋਮਲ ਹੋਵੇਗਾ।
    ਉਹ ਕੁਚਲੇ ਹੋਏ ਤੀਲੇ ਨੂੰ ਵੀ ਨਹੀਂ ਤੋਂੜੇਗਾ।
ਉਹ ਕਿਸੇ ਮੱਧਮ ਲੋਅ ਨੂੰ ਵੀ ਨਹੀਂ ਬੁਝਾਵੇਗਾ।
    ਉਹ ਨਿਰਪੱਖ ਹੋਕੇ ਨਿਆਂ ਕਰੇਗਾ ਤੇ ਸੱਚ ਨੂੰ ਲੱਭੇਗਾ।
ਉਹ ਕਮਜ਼ੋਰ ਜਾਂ ਦਬਿਆ ਕੱੁਚੱਲਿਆ ਹੋਇਆ ਨਹੀਂ ਹੋਵੇਗਾ
    ਜਦੋਂ ਤੀਕ ਉਹ ਦੁਨੀਆਂ ਅੰਦਰ ਇਨਸਾਫ਼ ਨਹੀਂ ਲਿਆਉਂਦਾ।
    ਦੂਰ-ਦੁਰਾਡੇ ਦੇ ਲੋਕ ਉਸ ਦੀਆਂ ਸਾਖੀਆਂ ਵਿੱਚ ਭਰੋਸਾ ਕਰਨਗੇ।”

ਯਹੋਵਾਹ ਦੁਨੀਆਂ ਦਾ ਹਾਕਮ ਤੇ ਸਿਰਜਣਹਾਰਾ ਹੈ

ਸੱਚੇ ਪਰਮੇਸ਼ੁਰ, ਯਹੋਵਾਹ ਨੇ ਇਹ ਗੱਲਾਂ ਆਖੀਆਂ। (ਯਹੋਵਾਹ ਨੇ ਅਕਾਸ਼ਾਂ ਨੂੰ ਸਾਜਿਆ। ਯਹੋਵਾਹ ਨੇ ਅਕਾਸ਼ਾਂ ਨੂੰ ਧਰਤੀ ਉੱਤੇ ਫ਼ੈਲਾਇਆ। ਉਸ ਨੇ ਧਰਤੀ ਉਤਲੀ ਹਰ ਚੀਜ਼ ਨੂੰ ਵੀ ਸਾਜਿਆ। ਯਹੋਵਾਹ ਧਰਤੀ ਉੱਤੇ ਸਮੂਹ ਲੋਕਾਂ ਵਿੱਚ ਜੀਵਨ ਫੂਕਦਾ ਹੈ। ਯਹੋਵਾਹ ਧਰਤੀ ਉੱਤੇ ਤੁਰਨ-ਫ਼ਿਰਨ ਵਾਲੇ ਹਰ ਬੰਦੇ ਨੂੰ ਰੂਹ ਪ੍ਰਦਾਨ ਕਰਦਾ ਹੈ।)

“ਮੈਂ, ਯਹੋਵਾਹ ਤੁਹਾਨੂੰ ਸਹੀ ਕੰਮ ਕਰਨ ਲਈ ਆਖਿਆ ਸੀ,
    ਮੈਂ ਤੁਹਾਡਾ ਹੱਥ ਫ਼ੜਾਂਗਾ ਤੇ ਮੈਂ ਤੁਹਾਨੂੰ ਬਚਾਵਾਂਗਾ।
ਤੁਸੀਂ ਉਹ ਸੰਕੇਤ ਹੋਵੋਗੇ ਜਿਹੜਾ ਇਹ ਦਰਸਾਵੇਗਾ ਕਿ ਮੇਰਾ ਲੋਕਾਂ ਨਾਲ ਇੱਕ ਇਕਰਾਰਨਾਮਾ ਹੈ।
    ਤੁਸੀਂ ਸਮੂਹ ਲੋਕਾਂ ਲਈ ਰੌਸ਼ਨੀ ਹੋਵੋਗੇ।
ਤੁਸੀਂ ਅੰਨ੍ਹੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿਓਗੇ ਤੇ ਉਹ ਦੇਖਣ ਦੇ ਯੋਗ ਹੋ ਜਾਣਗੇ।
    ਬਹੁਤ ਲੋਕ ਕੈਦ ਅੰਦਰ ਹਨ, ਤੁਸੀਂ ਉਨ੍ਹਾਂ ਲੋਕਾਂ ਨੂੰ ਮੁਕਤ ਕਰੋਂਗੇ।
    ਬਹੁਤ ਲੋਕ ਹਨੇਰੇ ਅੰਦਰ ਰਹਿੰਦੇ ਨੇ, ਤੁਸੀਂ ਉਨ੍ਹਾਂ ਨੂੰ ਉਸ ਕੈਦ ਵਿੱਚੋਂ ਬਾਹਰ ਕੱਢੋਁਗੇ।

“ਮੈਂ ਯਹੋਵਾਹ ਹਾਂ।
    ਮੇਰਾ ਨਾਮ ਯਾਹਵੇਹ ਹੈ।
ਮੈਂ ਆਪਣਾ ਪਰਤਾਪ ਕਿਸੇ ਹੋਰ ਨੂੰ ਨਹੀਂ ਦੇਵਾਂਗਾ।
    ਮੈਂ ਮੂਰਤੀਆਂ ਨੂੰ ਉਹ ਵਡਿਆਈ ਨਹੀਂ ਲੈਣ ਦੇਵਾਂਗਾ, ਜਿਹੜੀ ਮੇਰੇ ਲਈ ਹੋਣੀ ਚਾਹੀਦੀ ਹੈ।”
ਆਦਿ ਵਿੱਚ, ਮੈਂ ਆਖਿਆ ਸੀ ਕਿ ਕੁਝ ਗੱਲਾਂ ਵਾਪਰਨਗੀਆਂ
    ਤੇ ਉਹ ਗੱਲਾਂ ਵਾਪਰ ਗਈਆਂ!
ਤੇ ਹੁਣ ਇਸਤੋਂ ਪਹਿਲਾਂ ਕਿ ਇਹ ਵਾਪਰਨ,
    ਮੈਂ ਤੁਹਾਨੂੰ ਕੁਝ ਗੱਲਾਂ ਬਾਰੇ ਦੱਸ ਰਿਹਾ ਹਾਂ, ਜੋ ਭਵਿੱਖ ਵਿੱਚ ਵਾਪਰਨਗੀਆਂ।

ਯਹੋਵਾਹ ਦੀ ਉਸਤਤ ਦਾ ਗੀਤ

10 ਯਹੋਵਾਹ ਲਈ, ਇੱਕ ਨਵਾਂ ਗੀਤ ਗਾਵੋ
    ਅਤੇ ਉਸਦੀ ਉਸਤਤ ਕਰੋ, ਤੁਸੀਂ ਦੂਰ-ਦੁਰਾਡੇ ਦੇਸਾਂ ਦੇ ਲੋਕੋ,
ਤੁਸੀਂ ਜੋ ਸਮੁੰਦਰਾਂ ਤੇ ਸਫ਼ਰ ਕਰਦੇ ਹੋ,
    ਤੁਸੀਂ ਮਹਾਂਸਾਗਰ ਵਿੱਚ ਰਹਿਣ ਵਾਲੇ ਜੀਵੋ,
    ਤੁਸੀਂ ਦੂਰ ਦੁਰਾਡੀਆਂ ਥਾਵਾਂ ਦੇ ਲੋਕੋ ਯਹੋਵਾਹ ਦੀ ਉਸਤਤ ਕਰੋ!
11 ਮਾਰੂਬਲੋ ਤੇ ਸ਼ਹਿਰੋ, ਕੇਦਾਰ ਦੇ ਪਿਂਡੋ,
    ਯਹੋਵਾਹ ਦੀ ਉਸਤਤ ਕਰੋ।
ਸਲਾ ਵਿੱਚ ਰਹਿਣ ਵਾਲੇ ਲੋਕੋ, ਖੁਸ਼ੀ ਦੇ ਗੀਤ ਗਾਓ!
    ਆਪਣੇ ਪਰਬਤ ਦੇ ਸ਼ਿਖਰ ਉੱਤੇ ਗਾਵੋ।
12 ਯਹੋਵਾਹ ਨੂੰ ਪਰਤਾਪ ਦੇਵੋ,
    ਤੁਸੀਂ ਦੂਰ-ਦੁਰਾਡੇ ਦੇਸ਼ਾਂ ਦੇ ਸਮੂਹ ਲੋਕੋ ਉਸ ਦੀ ਉਸਤਤ ਕਰੋ।
13 ਯਹੋਵਾਹ ਤਾਕਤਵਰ ਫ਼ੌਜੀ ਵਾਂਗ ਬਾਹਰ ਜਾਵੇਗਾ।
    ਉਹ ਯੁੱਧ ਕਰਨ ਲਈ ਤਿਆਰ ਬਰ ਤਿਆਰ ਹੋਵੇਗਾ।
ਉਹ ਬਹੁਤ ਉੱਤੇਜਿਤ ਹੋ ਜਾਵੇਗਾ।
    ਉਹ ਚਾਂਘਰਾਂ ਮਾਰੇਗਾ ਤੇ ਸ਼ੋਰ ਮਚਾਵੇਗਾ
    ਅਤੇ ਉਹ ਆਪਣੇ ਦੁਸ਼ਮਣ ਤਾਈਂ ਹਰਾ ਦੇਵੇਗਾ।

ਬਹੁਤ ਧੀਰਜਵਾਨ ਹੈ ਪਰਮੇਸ਼ੁਰ

14 “ਬੜੇ ਚਿਰਾਂ ਤੋਂ ਮੈਂ ਕੁਝ ਵੀ ਨਹੀਂ ਆਖਿਆ।
    ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ ਤ੍ਤੇ ਕੁਝ ਵੀ ਨਹੀਂ ਆਖਿਆ।
ਪਰ ਹੁਣ ਮੈਂ ਉੱਚੀ ਚਾਂਘਰਾਂ ਮਾਰਾਂਗਾ, ਜਿਵੇਂ ਕੋਈ ਔਰਤ ਬੱਚਾ ਜਣਨ ਸਮੇਂ ਮਾਰਦੀ ਹੈ।
    ਮੈਂ ਬਹੁਤ ਜ਼ਾਰੋ-ਜ਼ਾਰ ਦੀ ਸਾਹ ਭਰਾਂਗਾ।
15 ਮੈਂ ਪਹਾੜੀਆਂ ਅਤੇ ਪਰਬਤਾਂ ਨੂੰ ਤਬਾਹ ਕਰ ਦੇਵਾਂਗਾ।
    ਮੈਂ ਓੱਥੇ ਉਗਦੇ ਸਾਰਿਆਂ ਪੌਦਿਆਂ ਨੂੰ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਮਾਰੂਬਲ ਅੰਦਰ ਬਦਲ ਦਿਆਂਗਾ।
    ਮੈਂ ਪਾਣੀ ਦੇ ਸਰੋਵਰ ਸੁਕਾ ਦੇਵਾਂਗਾ।
16 ਫ਼ੇਰ ਮੈਂ ਅੰਨ੍ਹਿਆਂ ਲੋਕਾਂ ਦੀ ਅਗਵਾਈ ਉਸ ਰਾਹ ਕਰਾਂਗਾ ਜਿਸ ਨੂੰ ਉਹ ਕਦੇ ਨਹੀਂ ਜਾਣਦੇ ਸਨ।
    ਮੈਂ ਅੰਨ੍ਹੇ ਲੋਕਾਂ ਦੀ ਅਗਵਾਈ ਉਨ੍ਹਾਂ ਥਾਵਾਂ ਵੱਲ ਕਰਾਂਗਾ ਜਿੱਥੇ ਉਹ ਕਦੇ ਨਹੀਂ ਗਏ ਸਨ।
ਮੈਂ ਉਨ੍ਹਾਂ ਲਈ ਅੰਧਕਾਰ ਨੂੰ ਰੌਸ਼ਨੀ ਵਿੱਚ ਬਦਲ ਦਿਆਂਗਾ
    ਤੇ ਮੁਸ਼ਕਿਲ ਰਸਤੇ ਨੂੰ ਪੱਧਰਾ ਬਣਾ ਦਿਆਂਗਾ।
ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
    ਤੇ ਮੈਂ ਆਪਣੇ ਬੰਦਿਆਂ ਨੂੰ ਛੱਡ ਕੇ ਨਹੀਂ ਜਾਵਾਂਗਾ।
17 ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ।
    ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ।
ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, ‘ਤੁਸੀਂ ਸਾਡੇ ਦੇਵਤੇ ਹੋ।’
    ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!

ਇਸਰਾਏਲ ਨੇ ਪਰਮੇਸ਼ੁਰ ਵੱਲ ਧਿਆਨ ਦੇਣਾ ਛੱਡ ਦਿੱਤਾ

18 “ਤੁਹਾਨੂੰ, ਬੋਲੇ ਲੋਕਾਂ ਨੂੰ, ਮੇਰੀ ਗੱਲ ਸੁਣਨੀ ਚਾਹੀਦੀ ਹੈ!
    ਤੁਹਾਨੂੰ, ਅੰਨ੍ਹੇ ਲੋਕਾਂ ਨੂੰ ਮੈਨੂੰ ਦੇਖਣਾ ਚਾਹੀਦਾ ਹੈ!
19 ਸਾਰੀ ਦੁਨੀਆਂ ਵਿੱਚੋਂ, ਮੇਰਾ ਸੇਵਕ ਸਭ ਤੋਂ ਵੱਧ ਅੰਨ੍ਹਾ ਹੈ!
    ਜਿਸ ਸੰਦੇਸ਼ਵਾਹਕ ਨੂੰ ਮੈਂ ਦੁਨੀਆਂ ਲਈ ਭੇਜਦਾ ਹਾਂ ਉਹ ਸਭ ਤੋਂ ਵੱਧ ਬੋਲਾ ਹੈ।
ਮੈਂ ਜਿਸ ਨਾਲ ਇਕਰਾਰਨਾਮਾ ਕੀਤਾ ਸੀ
    ਯਹੋਵਾਹ ਦਾ ਸੇਵਕ-ਉਹ ਸਭ ਤੋਂ ਅੰਨ੍ਹਾ ਹੈ।
20 ਮੇਰਾ ਸੇਵਕ ਦੇਖਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ,
    ਪਰ ਉਹ ਮੇਰੇ ਕਹਿਣੇ ਵਿੱਚ ਨਹੀਂ ਹੈ।
ਉਹ ਆਪਣੇ ਕੰਨਾਂ ਨਾਲ ਸੁਣ ਸੱਕਦਾ ਹੈ,
    ਪਰ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ।”
21 ਯਹੋਵਾਹ ਚਾਹੁੰਦਾ ਹੈ ਕਿ ਉਸਦਾ ਸੇਵਕ ਨੇਕ ਬਣੇ।
    ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਦੀਆਂ ਅਦਭੁਤ ਸਿੱਖਿਆਵਾਂ ਦਾ ਆਦਰ ਕਰੇ।
22 ਪਰ ਜ਼ਰਾ ਲੋਕਾਂ ਵੱਲ ਦੇਖੋ।
    ਹੋਰਨਾਂ ਲੋਕਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਤੇ ਉਨ੍ਹਾਂ ਪਾਸੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਹਨ।
ਸਾਰੇ ਹੀ ਜਵਾਨ ਆਦਮੀ ਭੈਭੀਤ ਨੇ ਉਹ ਕੈਦਾਂ ਅੰਦਰ ਡਕੱ ਹੋਏ ਨੇ ਲੋਕਾਂ ਨੇ ਉਨ੍ਹਾਂ ਤੋਂ ਪੈਸੇ ਖੋਹ ਲੇ ਨੇ।
    ਤੇ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
ਹੋਰਨਾਂ ਲੋਕਾਂ ਉਨ੍ਹਾਂ ਦਾ ਪੈਸਾ ਖੋਹਿਆ
    ਤੇ ਕਿਸੇ ਬੰਦੇ ਨੇ ਵੀ ਨਹੀਂ ਆਖਿਆ, “ਇਸ ਨੂੰ ਵਾਪਸ ਕਰੋ!”

23 ਕੀ ਤੁਹਾਡੇ ਵਿੱਚੋਂ ਕਿਸੇ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਸੁਣਿਆ ਸੀ? ਨਹੀਂ! ਪਰ ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਸ਼ਬਦਾਂ ਨੂੰ ਬਹੁਤ ਧਿਆਨ ਨਾਲ ਸੁਣੋੋ ਤੇ ਇਸ ਬਾਰੇ ਸੋਚੋ ਕਿ ਕੀ ਵਾਪਰਿਆ ਹੈ। 24 ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ। 25 ਇਸ ਲਈ ਯਹੋਵਾਹ ਉਨ੍ਹਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਸਖਤ ਲੜਾਈਆਂ ਕਰਾਈਆਂ। ਇਉਂ ਲਗਦਾ ਸੀ ਜਿਵੇਂ ਇਸਰਾਏਲ ਦੇ ਲੋਕ ਅੱਗ ਵਿੱਚ ਘਿਰੇ ਹੋਣ। ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਵਾਪਰ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਸੜ ਰਹੇ ਹੋਣ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਵਾਪਰ ਰਿਹਾ ਸੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes