A A A A A
Bible Book List

ਮਰਕੁਸ 13 Punjabi Bible: Easy-to-Read Version (ERV-PA)

ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਵਿਨਾਸ਼

13 ਜਦੋਂ ਯਿਸੂ ਮੰਦਰ ਵਾਲੀ ਥਾਂ ਛੱਡ ਕੇ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ ਵੇਖੋ! ਇਸ ਮੰਦਰ ਦੀਆਂ ਇਮਾਰਤਾਂ ਕਿੰਨੀਆਂ ਖੂਬਸੂਰਤ ਹਨ ਤੇ ਕਿੰਨੇ ਵੱਡੇ-ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ!”

ਉਸ ਨੇ ਕਿਹਾ, “ਇਹ ਵੱਡੀਆਂ ਇਮਾਰਤਾਂ, ਜੋ ਤੂੰ ਵੇਖ ਰਿਹਾ ਹੈ, ਸਾਰੀਆਂ ਨਸ਼ਟ ਹੋ ਜਾਣਗੀਆਂ। ਇੱਕ-ਇੱਕ ਪੱਥਰ ਜ਼ਮੀਨ ਤੇ ਡਿੱਗ ਪਵੇਗਾ। ਇੱਕ ਵੀ ਪੱਥਰ ਦੂਜੇ ਉੱਤੇ ਖੜ੍ਹਾ ਨਹੀਂ ਰਹੇਗਾ।”

ਬਾਦ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨਾਲ ਇੱਕਲਾ ਬੈਠਾ ਸੀ। ਉਥੋ ਉਹ ਮੰਦਰ ਵੇਖ ਸੱਕਦੇ ਸਨ। ਤਾਂ ਉਨ੍ਹਾਂ ਚੇਲਿਆਂ ਨੇ ਉਸ ਨੂੰ ਪੁੱਛਿਆ। “ਸਾਨੂੰ ਇਹ ਦੱਸ ਕਿ ਇਹ ਸਭ ਕਦੋਂ ਵਾਪਰੇਗਾ? ਅਤੇ ਇਸਦਾ ਕੀ ਸਬੂਤ ਹੈ ਕਿ ਇਹ ਸਭ ਵਾਪਰਣ ਵਾਲਾ ਹੈ?”

ਯਿਸੂ ਚੇਲਿਆਂ ਨੂੰ ਆਖਣ ਲੱਗਾ, “ਹੋਸ਼ਿਆਰ ਰਹੋ! ਕਿਸੇ ਨੂੰ ਵੀ ਆਪਣੇ-ਆਪ ਨੂੰ ਗੁਮਰਾਹ ਨਾ ਕਰਨ ਦਿਓ। ਬਹੁਤ ਸਾਰੇ ਲੋਕ ਮੇਰੇ ਨਾਂ ਵਿੱਚ ਆਖਣਗੇ, ‘ਮੈਂ ਓਹੋ ਹਾਂ’ ਇਉ ਉਹ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਨਾਉਣਗੇ। ਤੁਸੀਂ ਬਹੁਤ ਸਾਰੀਆਂ ਜੰਗਾਂ, ਜਿਹੜੀਆਂ ਕਿ ਹੋਣਗੀਆਂ, ਉਨ੍ਹਾਂ ਦੀਆਂ ਕਹਾਣੀਆਂ ਬਾਰੇ ਸੁਣੋਂਗੇ। ਪਰ ਤੁਸੀਂ ਘਬਰਾਉਣਾ ਨਾ। ਅੰਤ ਆਉਣ ਤੋਂ ਪਹਿਲਾਂ ਇਹ ਸਭ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ ਪਰ ਅੰਤ ਹਾਲੇ ਆਉਣ ਵਾਲਾ ਹੈ। ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰੁੱਧ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੋਵੇਗਾ। ਧਰਤੀ ਦੇ ਵੱਖ-ਵੱਖ ਭਾਗਾਂ ਵਿੱਚ ਭੂਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।

“ਪਰ ਤੁਸੀਂ ਚੌਕਸ ਰਹਿਣਾ ਕਿਉਂਕਿ ਲੋਕ ਤੁਹਾਨੂੰ ਕਚਿਹਰੀਆਂ ਦੇ ਹਵਾਲੇ ਕਰਣਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਲਿਜਾਕੇ ਕੁੱਟਣਗੇ। ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਅੱਗੇ ਮੇਰੇ ਕਾਰਣ ਖੜ੍ਹੇ ਕਰਨਗੇ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦੇਵੋਂਗੇ। ਇਹ ਸਭ ਉਹ ਇਸ ਲਈ ਕਰਨਗੇ ਕਿਉਂਕਿ ਤੁਸੀਂ ਮੇਰਾ ਅਨੁਸਰਣ ਕਰਦੇ ਹੋ। 10 ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੰਜੀਲ ਦਾ ਪ੍ਰਚਾਰ ਸਾਰੀਆਂ ਕੌਮਾਂ ਨੂੰ ਕੀਤਾ ਜਾਵੇ। 11 ਜਦੋਂ ਉਹ ਤੁਹਾਨੂੰ ਗਿਰਫ਼ਤਾਰ ਕਰਨ ਅਤੇ ਕਚਿਹਰੀਆਂ ਦੇ ਹਵਾਲੇ ਕਰਨ ਤਾਂ ਤੁਸੀਂ ਅੱਗੋ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਕਹੀਏ। ਤੁਸੀਂ ਉਹੀ ਆਖਣਾ ਜੋ ਉਸ ਵਕਤ ਤੁਹਾਨੂੰ ਪਰਮੇਸ਼ੁਰ ਦੁਆਰਾ ਦੱਸਿਆ ਜਾਵੇਗਾ। ਇਹ ਤੁਸੀਂ ਨਹੀਂ ਬੋਲ ਰਹੇ ਹੋਵੋਂਗੇ, ਇਹ ਤੁਹਾਡੇ ਵਿੱਚੋਂ ਪਵਿੱਤਰ ਆਤਮਾ ਖੁਦ ਬੋਲੇਗਾ।

12 “ਭਰਾ-ਭਰਾ ਦੇ ਵਿਰੁੱਧ ਹੋਵੇਗਾ ਅਤੇ ਉਹ ਇੱਕ ਦੂਜੇ ਨੂੰ ਮਾਰਨ ਲਈ ਫ਼ੜਵਾਉਨਗੇ। ਪਿਓ ਆਪਣੇ ਬੱਚਿਆਂ ਦੇ ਖਿਲਾਫ਼ ਹੋਵੇਗਾ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਏਗਾ। ਇੰਝ ਹੀ, ਬੱਚੇ ਆਪਣੇ ਮਾਂ-ਬਾਪ ਦੇ ਵਿਰੁੱਧ ਹੋਣਗੇ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਉਣਗੇ। 13 ਮੇਰੇ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਪਰ ਜਿਹੜਾ ਅੰਤ ਤੱਕ ਸਬਰ ਨਾਲ ਇਹ ਸਭ ਸਹੇਗਾ ਉਹੀ ਬਚਾਇਆ ਜਾਵੇਗਾ।

14 “ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ [a] ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ। 15 ਲੋਕਾਂ ਨੂੰ ਬਿਨਾ ਕਿਸੇ ਦੇਰੀ ਦੇ ਭੱਜ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਘਰ ਦੀ ਛੱਤ ਤੇ ਹੈ ਉਸ ਨੂੰ ਥੱਲਿਉਂ ਆਪਣੇ ਘਰੋਂ ਕੁਝ ਲੈਣ ਲਈ ਨਹੀਂ ਜਾਣਾ ਚਾਹੀਦਾ। 16 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ, ਉਸ ਨੂੰ ਆਪਣਾ ਕੁੜਤਾ ਲੈਣ ਵਾਪਸ ਨਹੀਂ ਆਉਣਾ ਚਾਹੀਦਾ।

17 “ਉਹ ਵਕਤ ਗਰਭਵਤੀ ਔਰਤਾਂ ਲਈ ਅਤੇ ਉਨ੍ਹਾਂ ਲਈ ਬਹੁਤ ਮਾੜਾ ਹੋਵੇਗਾ ਜਿਹੜੀਆਂ ਦੁੱਧ ਪੀਂਦੇ ਨਿਆਣਿਆਂ ਦੀਆਂ ਮਾਵਾਂ ਹਨ। 18 ਪ੍ਰਾਰਥਨਾ ਕਰਨਾ ਕਿ ਇਹ ਸਭ ਸਰਦੀਆਂ ਵਿੱਚ ਨਾ ਵਾਪਰੇ। 19 ਭਲਾ ਕਿਉਂ? ਓਨ੍ਹੀ ਦਿਨੀ, ਜਿਹੜੀਆਂ ਮੁਸੀਬਤਾਂ ਆਉਣਗੀਆਂ ਉਹ ਸ਼ੁਰੂ ਤੋਂ ਲੈ ਕੇ ਉਦੋਂ ਤੱਕ ਦੀਆਂ ਸਭ ਤੋਂ ਭਿਆਨਕ ਮੁਸੀਬਤਾਂ ਹੋਣਗੀਆਂ ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਸਾਜੀ ਸੀ, ਇੱਥੇ ਭਵਿੱਖ ਵਿੱਚ ਆਉਣ ਵਾਲੀਆਂ ਤਕਲੀਫ਼ਾਂ ਨਾਲੋਂ ਵੀ ਵੱਧ ਮੁਸ਼ਕਿਲਾਂ ਹੋਣਗੀਆਂ। 20 ਅਤੇ ਜੇਕਰ ਪਰਮੇਸ਼ੁਰ ਉਨ੍ਹਾਂ ਦਿਨਾਂ ਨੂੰ ਘੱਟ ਨਾ ਕਰਦਾ ਤਾਂ ਕੋਈ ਮਨੁੱਖ ਜਿਉਂਦਾ ਨਾ ਬਚਦਾ। ਪ੍ਰਭੂ ਨੇ ਉਨ੍ਹਾਂ ਦਿਨਾਂ ਨੂੰ ਉਨ੍ਹਾਂ ਲਈ ਘਟਾਇਆ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ।

21 “ਉਸ ਵਕਤ ਕੁਝ ਲੋਕ ਤੁਹਾਨੂੰ ਇਹ ਵੀ ਆਖਣਗੇ, ‘ਵੇਖੋ! ਮਸੀਹ ਇੱਥੇ ਹੈ’ ਕੁਝ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉੱਥੇ ਹੈ!’ ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ। 22 ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰਭੇ ਵਿਖਾਉਣਗੇ ਅਤੇ ਹਰ ਸੰਭਵ ਤਰ੍ਹਾਂ ਨਾਲ ਉਸ ਦੇ ਚੁਣੇ ਹੋਏ ਲੋਕਾਂ ਨੂੰ ਵੀ ਗੁਮਰਾਹ ਕਰਣਗੇ। 23 ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਚੌਕਸ ਕਰ ਦਿੱਤਾ ਹੈ।

24 “ਪਰ ਉਨ੍ਹਾਂ ਦਿਨਾਂ ਦੇ ਕਸ਼ਟਾਂ ਤੋਂ ਬਾਦ,

‘ਸੂਰਜ ਹਨੇਰਾ ਹੋ ਜਾਵੇਗਾ
    ਅਤੇ ਚੰਨ ਆਪਣੀ ਚਾਨਣੀ ਗੁਆ ਲਵੇਗਾ।
25 ਤਾਰੇ ਅਕਾਸ਼ ਤੋਂ ਡਿੱਗ ਪੈਣਗੇ
    ਅਤੇ ਅਕਾਸ਼ ਵਿੱਚਲੀਆਂ ਸ਼ਕਤੀਆਂ ਹਿੱਲ ਜਾਣਗੀਆਂ।’ [b]

26 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਮਹਾਨ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਵੇਖਣਗੇ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਧਰਤੀ ਦੇ ਚਾਰੀ ਪਾਸੀਂ ਭੇਜੇਗਾ। ਦੂਤ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੀ ਹਰ ਕੌਮ ਵਿੱਚੋਂ ਇਕੱਠਾ ਕਰਨਗੇ।

28 “ਅੰਜੀਰ ਦਾ ਰੁੱਖ ਸਾਨੂੰ ਇੱਕ ਸਬਕ ਸਿੱਖਾਉਂਦਾ ਹੈ। ਜਦੋਂ ਅੰਜੀਰ ਦੇ ਰੁੱਖ ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹੁੰਦੀਆਂ ਹਨ, ਅਤੇ ਨਵੇਂ ਪੱਤੇ ਉੱਗਣੇ ਸ਼ੁਰੂ ਹੁੰਦੇ ਹਨ, ਫ਼ਿਰ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ। 29 ਇਸੇ ਤਰ੍ਹਾਂ ਤੁਸੀਂ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਹ ਸਭ ਗੱਲਾਂ ਇਸ ਪੀੜ੍ਹੀ ਦੇ ਜਿਉਂਦੇ ਜੀ ਵਾਪਰਨਗੀਆਂ। 31 ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।

32 “ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ। 33 ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।

34 “ਇਹ ਜਮਾਂ ਮਨੁੱਖ ਦੀ ਯਾਤਰਾ ਵਾਂਗ ਹੈ। ਉਸ ਨੇ ਆਪਣਾ ਘਰ ਛੱਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯੁਕਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯੁਕਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ। 35 ਇਸ ਲਈ ਤੁਸੀਂ ਹਮੇਸ਼ਾ ਤੱਤਪਰ ਰਹਿਣਾ। ਤੁਸੀਂ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮੁੜ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅੱਧੀ ਰਾਤ ਵੇਲੇ ਜਾਂ ਬਹੁਤ ਹੀ ਤੜਕੇ ਜਾਂ ਸੂਰਜ ਚੜ੍ਹ੍ਹਨ ਤੋਂ ਬਾਦ ਆਵੇਗਾ। 36 ਉਹ ਝੱਟ ਹੀ ਵਾਪਸ ਆ ਸੱਕਦਾ ਹੈ। ਜੇਕਰ ਤੁਸੀਂ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤੁਸੀਂ ਸੁੱਤੇ ਨਾ ਹੋਵੋ। 37 ਮੈਂ ਇਹ ਤੁਹਾਨੂੰ ਵੀ ਅਤੇ ਹਰ ਮਨੁੱਖ ਨੂੰ ਵੀ ਕਹਿੰਦਾ ਹਾਂ ਕਿ ‘ਜਾਗਦੇ ਰਹੋ।’”

Footnotes:

  1. ਮਰਕੁਸ 13:14 ‘ਭਿਆਨਕ ਚੀਜ਼ … ਲਿਆਉਂਦੀ ਹੈ’ ਦਾਨੀਏਲ 9:27; 11:31; 12:11
  2. ਮਰਕੁਸ 13:25 ਯਸਾ. 13:10; 34:4
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes