A A A A A
Bible Book List

ਨਿਆਂਈਆਂ ਦੀ ਪੋਥੀ 1 Punjabi Bible: Easy-to-Read Version (ERV-PA)

ਯਹੂਦਾਹ ਦੀ ਕਨਾਨੀਆਂ ਨਾਲ ਲੜਾਈ

ਯਹੋਸ਼ੁਆ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਪੁੱਛਿਆ, “ਸਾਡੇ ਕਿਹੜੇ ਪਰਿਵਾਰ-ਸਮੂਹ ਪਹਿਲਾਂ ਜਾਣਗੇ ਅਤੇ ਕਨਾਨੀਆਂ ਦੇ ਖਿਲਾਫ਼ ਸਾਡੇ ਲਈ ਲੜਨਗੇ?”

ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੂਦਾਹ ਦਾ ਪਰਿਵਾਰ-ਸਮੂਹ ਜਾਵੇਗਾ। ਮੈਂ ਉਸ ਨੂੰ ਧਰਤੀ ਜਿੱਤਣ ਦੇਵਾਂਗਾ।”

ਯਹੂਦਾਹ ਦੇ ਆਦਮੀਆਂ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਪਣੇ ਭਰਾਵਾਂ ਪਾਸੋਂ ਮਦਦ ਮੰਗੀ। ਯਹੂਦਾਹ ਦੇ ਬੰਦਿਆਂ ਨੇ ਆਖਿਆ, “ਭਰਾਵੋ, ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਕੁਝ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਜੇ ਤੁਸੀਂ ਸਾਡੀ ਧਰਤੀ ਲਈ ਸਾਡੇ ਨਾਲ ਆਕੇ ਲੜਨ ਵਿੱਚ ਮਦਦ ਕਰੋਂਗੇ ਤਾਂ ਅਸੀਂ ਤੁਹਾਡੀ ਧਰਤੀ ਲਈ ਤੁਹਾਡੇ ਨਾਲ ਜਾਕੇ ਲੜਨ ਵਿੱਚ ਮਦਦ ਕਰਾਂਗੇ।” ਤਾਂ ਸ਼ਿਮਓਨ ਦੇ ਬੰਦੇ ਯਹੂਦਾਹ ਦੇ ਆਪਣੇ ਭਰਾਵਾਂ ਦੀ ਲੜਾਈ ਵਿੱਚ ਮਦਦ ਕਰਨ ਲਈ ਮੰਨ ਗਏ।

ਯਹੋਵਾਹ ਨੇ ਯਹੂਦਾਹ ਦੇ ਬੰਦਿਆਂ ਦੀ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਯਹੂਦਾਹ ਦੇ ਬੰਦਿਆਂ ਨੇ 10,000 ਆਦਮੀ ਬਜ਼ਕ ਸ਼ਹਿਰ ਵਿਖੇ ਮਾਰ ਦਿੱਤੇ। ਬਜ਼ਕ ਸ਼ਹਿਰ ਵਿੱਚ ਯਹੂਦਾਹ ਦੇ ਬੰਦਿਆਂ ਨੇ ਬਜ਼ਕ ਦੇ ਹਾਕਮ ਨੂੰ ਲੱਭ ਲਿਆ ਅਤੇ ਉਸ ਨਾਲ ਲੜਾਈ ਕੀਤੀ। ਯਹੂਦਾਹ ਦੇ ਬੰਦਿਆਂ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਹਰਾ ਦਿੱਤਾ।

ਬਜ਼ਕ ਦੇ ਹਾਕਮ [a] ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਯਹੂਦਾਹ ਦੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੇ ਹੱਥਾਂ ਦੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ। ਤਾਂ ਬਜ਼ਕ ਦੇ ਹਾਕਮ ਨੇ ਆਖਿਆ, “ਮੈਂ 70 ਰਾਜਿਆਂ ਦੇ ਹੱਥਾਂ ਦੇ ਅੰਗੂਠੇ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ ਸਨ। ਅਤੇ ਉਨ੍ਹਾਂ ਰਾਜਿਆਂ ਨੂੰ ਮੇਰੇ ਖਾਣੇ ਦੀ ਮੇਜ਼ ਤੋਂ ਡਿੱਗੇ ਹੋਏ ਭੋਜਨ ਦੇ ਟੁਕੜੇ ਖਾਣੇ ਪੈਂਦੇ ਸਨ। ਹੁਣ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਰਾਜਿਆਂ ਨਾਲ ਕੀਤੇ ਸਲੂਕ ਦੀ ਸਜ਼ਾ ਦਿੱਤੀ ਹੈ।” ਉਹ ਬਜ਼ਕ ਦੇ ਹਾਕਮ ਨੂੰ ਯਰੂਸ਼ਲਮ ਲੈ ਗਏ ਅਤੇ ਉਹ ਉੱਥੇ ਮਰ ਗਿਆ।

ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਵਿਰੁੱਧ ਲੜਾਈ ਕੀਤੀ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਯਰੂਸ਼ਲਮ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ। ਫ਼ੇਰ ਯਹੂਦਾਹ ਦੇ ਲੋਕ ਕਨਾਨੀਆਂ ਦੇ ਖਿਲਾਫ਼ ਲੜਨ ਲਈ ਹੇਠਾਂ ਵੱਲ ਨੂੰ ਗਏ ਜਿਹੜੇ ਨੇਜੇਵ ਵਿੱਚ, ਪਹਾੜੀ ਪ੍ਰਦੇਸ਼ ਵਿੱਚ ਅਤੇ ਸਮੁੰਦਰੀ ਤੱਟ ਦੇ ਇਲਾਕੇ ਵਿੱਚ ਰਹਿੰਦੇ ਸਨ।

10 ਯਹੂਦਾਹ ਦੇ ਬੰਦੇ ਉਨ੍ਹਾਂ ਕਨਾਨੀ ਲੋਕਾਂ ਨਾਲ ਲੜਨ ਲਈ ਗਏ ਜਿਹੜੇ ਹਬਰੋਨ ਸ਼ਹਿਰ ਵਿੱਚ ਰਹਿੰਦੇ ਸਨ। (ਹਬਰੋਨ ਦਾ ਨਾਮ ਕਿਰਯਥ ਅਰਬਾ ਸੀ।) ਯਹੂਦਾਹ ਦੇ ਬੰਦਿਆਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨਾਮ ਦੇ ਬੰਦਿਆਂ ਨੂੰ ਹਰਾਇਆ।

ਕਾਲੇਬ ਅਤੇ ਉਸਦੀ ਧੀ

11 ਯਹੂਦਾਹ ਦੇ ਲੋਕ ਉੱਥੋਂ ਤੁਰ ਕੇ ਦਬੀਰ ਦੇ ਸ਼ਹਿਰ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਨ ਲਈ ਚੱਲੇ ਗਏ। ਪਿੱਛਲੇ ਸਮੇਂ ਵਿੱਚ ਦਬੀਰ ਕਿਰਯਥ ਸੇਫ਼ਰ ਕਹਾਉਂਦਾ ਸੀ। 12 ਇਸਤੋਂ ਪਹਿਲਾਂ ਕਿ ਯਹੂਦਾਹ ਦੇ ਬੰਦੇ ਲੜਾਈ ਸ਼ੁਰੂ ਕਰਦੇ, ਕਾਲੇਬ ਨੇ ਆਦਮੀਆਂ ਨਾਲ ਇੱਕ ਇਕਰਾਰ ਕੀਤਾ। ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਸਾਕ ਉਸ ਆਦਮੀ ਨੂੰ ਦੇ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਵੇਗਾ। ਮੈਂ ਉਸ ਆਦਮੀ ਨਾਲ ਆਪਣੀ ਧੀ ਨੂੰ ਵਿਆਹ ਦਿਆਂਗਾ।”

13 ਕਾਲੇਬ ਦਾ ਇੱਕ ਛੋਟਾ ਭਰਾ ਕਨਜ਼ ਸੀ। ਕਨਜ਼ ਦਾ ਇੱਕ ਲੜਕਾ ਸੀ ਅਥਨੀਏਲ। ਅਥਨੀਏਲ ਨੇ ਕਿਰਯਥ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸ ਲਈ ਕਾਲੇਬ ਨੇ ਅਥਨੀਏਲ ਨਾਲ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿੱਤਾ।

14 ਅਕਸਾਹ ਅਥਨੀਏਲ ਦੇ ਨਾਲ ਰਹਿਣ ਲਈ ਚਲੀ ਗਈ। ਅਥਨੀਏਲ ਨੇ ਅਕਸਾਹ ਨੂੰ ਆਪਣੇ ਪਿਤਾ ਪਾਸੋਂ ਕੁਝ ਜ਼ਮੀਨ ਮੰਗਣ ਲਈ ਕਿਹਾ। ਅਕਸਾਹ ਆਪਣੇ ਪਿਤਾ ਨੂੰ ਮਿਲਣ ਗਈ ਜਦੋਂ ਉਹ ਆਪਣੇ ਖੋਤੇ ਤੋਂ ਉੱਤਰੀ, ਤਾਂ ਕਾਲੇਬ ਨੇ ਪੁੱਛਿਆ, “ਕੀ ਹੋਇਆ?”

15 ਅਕਸਾਹ ਨੇ ਕਾਲੇਬ ਨੂੰ ਜਵਾਬ ਦਿੱਤਾ, “ਮੈਨੂੰ ਅਸੀਸ ਦੇਹ। ਤੂੰ ਮੈਨੂੰ ਨੇਜ਼ੇਵ ਵਿੱਚ ਮਾਰੂ ਜ਼ਮੀਨ ਦਿੱਤੀ ਹੈ। ਕਿਰਪਾ ਕਰਕੇ ਮੈਨੂੰ ਕੁਝ ਜ਼ਮੀਨ ਦੇਹ ਜਿਸ ਵਿੱਚ ਪਾਣੀ ਹੋਵੇ।” ਇਸ ਲਈ ਕਾਲੇਬ ਨੇ ਉਸ ਨੂੰ ਜ਼ਮੀਨ ਵਿੱਚ ਪਾਣੀ ਦੇ ਉੱਪਰ ਅਤੇ ਹੇਠਲੇ ਤਲਾਅ ਦੇ ਦਿੱਤਾ।

16 ਕੇਨੀ ਲੋਕਾਂ ਨੇ ਖਜ਼ੂਰਾਂ ਦਾ ਸ਼ਹਿਰ (ਯਰੀਹੋ) ਛੱਡ ਦਿੱਤਾ ਅਤੇ ਯਹੂਦਾਹ ਦੇ ਲੋਕਾਂ ਨਾਲ ਚੱਲੇ ਗਏ। ਉਹ ਲੋਕ ਯਹੂਦਾਹ ਦੇ ਮਾਰੂਥਲ ਅੰਦਰ ਉੱਥੋਂ ਦੇ ਲੋਕਾਂ ਨਾਲ ਰਹਿਣ ਲਈ ਚੱਲੇ ਗਏ। ਇਹ ਨੇਜ਼ੇਵ ਅੰਦਰ ਅਰਾਦ ਸ਼ਹਿਰ ਦੇ ਨੇੜੇ ਸੀ। (ਕੇਨੀ ਲੋਕ ਮੂਸਾ ਦੇ ਸੌਹਰੇ ਪਰਿਵਾਰ ਵਿੱਚੋਂ ਸਨ।)

17 ਕੁਝ ਕਨਾਨੀ ਲੋਕ ਸਫ਼ਾਥ ਸ਼ਹਿਰ ਦੇ ਵਿੱਚ ਰਹਿੰਦੇ ਸਨ। ਇਸ ਲਈ ਯਹੂਦਾਹ ਦੇ ਆਦਮੀਆਂ ਅਤੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਇਨ੍ਹਾਂ ਕਨਾਨੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਸ਼ਹਿਰ ਦਾ ਨਾਮ ਹਾਰਮਾਹ ਰੱਖ ਦਿੱਤਾ।

18 ਯਹੂਦਾਹ ਦੇ ਆਦਮੀਆਂ ਨੇ ਅੱਜ਼ਾਹ ਦਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਅਸਕਲੋਨ ਅਤੇ ਅਕਰੋਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ।

19 ਜਦੋਂ ਯਹੂਦਾਹ ਦੇ ਆਦਮੀ ਲੜੇ ਸਨ ਤਾਂ ਯਹੋਵਾਹ ਉਨ੍ਹਾਂ ਵੱਲ ਸੀ। ਉਨ੍ਹਾਂ ਨੇ ਪਹਾੜੀ ਪ੍ਰਦੇਸ਼ ਦੀ ਧਰਤੀ ਹਾਸਿਲ ਕਰ ਲਈ। ਪਰ ਯਹੂਦਾਹ ਦੇ ਆਦਮੀ ਵਾਦੀਆਂ ਵਿੱਚਲੀ ਧਰਤੀ ਹਾਸਿਲ ਕਰਨ ਵਿੱਚ ਅਸਫ਼ਲ ਰਹੇ, ਕਿਉਂਕਿ ਉੱਥੋਂ ਦੇ ਰਹਿਣ ਵਾਲੇ ਲੋਕਾਂ ਕੋਲ ਲੋਹੇ ਦੇ ਰਥ ਸਨ।

20 ਮੂਸਾ ਨੇ ਹਬਰੋਨ ਦੇ ਨੇੜੇ ਦੀ ਧਰਤੀ ਕਾਲੇਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਉਹ ਧਰਤੀ ਕਾਲੇਬ ਦੇ ਪਰਿਵਾਰ ਨੂੰ ਦਿੱਤੀ ਗਈ। ਕਾਲੇਬ ਦੇ ਬੰਦਿਆਂ ਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦਿੱਤਾ।

21 ਬਿਨਯਾਮੀਨ ਦਾ ਪਰਿਵਾਰ-ਸਮੂਹ ਯਬੂਸੀ ਲੋਕਾਂ ਨੂੰ ਯਰੂਸ਼ਲਮ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕਿਆ। ਇਸ ਲਈ ਅੱਜ ਵੀ ਯਬੂਸੀ ਲੋਕ ਯਰੂਸ਼ਲਮ ਵਿੱਚ ਬਿਨਯਾਮੀਨ ਦੇ ਲੋਕਾਂ ਨਾਲ ਰਹਿੰਦੇ ਹਨ।

ਯੂਸੁਫ਼ ਦੇ ਬੰਦੇ ਬੈਤੇਲ ਉੱਤੇ ਕਬਜ਼ਾ ਕਰਦੇ ਹਨ

22-23 ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦੇ ਬੈਤੇਲ ਦੇ ਸ਼ਹਿਰ ਦੇ ਖਿਲਾਫ਼ ਲੜਨ ਲਈ ਗਏ। ਪਿੱਛਲੇ ਸਮੇਂ ਵਿੱਚ ਬੈਤੇਲ ਦਾ ਨਾਮ ਲੂਜ਼ ਸੀ। ਯਹੋਵਾਹ ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਵੱਲ ਸੀ। ਯੂਸੁਫ਼ ਦੇ ਪਰਿਵਾਰ-ਸਮੂਹ ਦੇ ਬੰਦਿਆਂ ਨੇ ਬੈਤੇਲ ਦੇ ਸ਼ਹਿਰ ਅੰਦਰ ਕੁਝ ਜਾਸੂਸਾਂ ਨੂੰ ਭੇਜਿਆ। ਇਹ ਲੋਕ ਬੈਤੇਲ ਸ਼ਹਿਰ ਨੂੰ ਹਰਾਉਣ ਦੇ ਢੰਗ ਲੱਭਣ ਲੱਗੇ। 24 ਜਦੋਂ ਜਾਸੂਸ ਬੈਤੇਲ ਦੇ ਸ਼ਹਿਰ ਨੂੰ ਦੇਖ ਰਹੇ ਸਨ, ਉਨ੍ਹਾਂ ਨੇ ਸ਼ਹਿਰ ਵਿੱਚੋਂ ਬਾਹਰ ਆਉਂਦੇ ਇੱਕ ਆਦਮੀ ਨੂੰ ਦੇਖਿਆ। ਜਾਸੂਸਾਂ ਨੇ ਉਸ ਆਦਮੀ ਨੂੰ ਆਖਿਆ, “ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਗੁਪਤ ਰਸਤਾ ਦਿਖਾਓ। ਅਸੀਂ ਸ਼ਹਿਰ ਉੱਤੇ ਹਮਲਾ ਕਰਾਂਗੇ। ਪਰ ਜੇ ਤੂੰ ਸਾਡੀ ਸਹਾਇਤਾ ਕਰੇਂਗਾ ਤਾਂ ਅਸੀਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ।”

25 ਉਸ ਆਦਮੀ ਨੇ ਜਾਸੂਸਾਂ ਨੂੰ ਸ਼ਹਿਰ ਵਿੱਚ ਜਾਣ ਵਾਲਾ ਗੁਪਤ ਰਸਤਾ ਦਿਖਾ ਦਿੱਤਾ। ਯੂਸੁਫ਼ ਦੇ ਆਦਮੀਆਂ ਨੇ ਬੈਤੇਲ ਦੇ ਲੋਕਾਂ ਨੂੰ ਮਾਰਨ ਲਈ ਆਪਣੀਆਂ ਤਲਵਾਰਾਂ ਦੀ ਵਰਤੋਂ ਕੀਤੀ। ਪਰ ਉਨ੍ਹਾਂ ਨੇ ਉਸ ਬੰਦੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਿਸਨੇ ਉਨ੍ਹਾਂ ਦੀ ਮਦਦ ਕੀਤੀ ਸੀ। ਅਤੇ ਉਨ੍ਹਾਂ ਨੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਸ ਆਦਮੀ ਅਤੇ ਉਸ ਦੇ ਪਰਿਵਾਰ ਨੂੰ ਆਜ਼ਾਦੀ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ। 26 ਉਹ ਆਦਮੀ ਉਸ ਧਰਤੀ ਉੱਤੇ ਚੱਲਿਆ ਗਿਆ ਜਿੱਥੇ ਹਿੱਤੀ ਲੋਕ ਰਹਿੰਦੇ ਸਨ ਅਤੇ ਉਸ ਨੇ ਇੱਕ ਸ਼ਹਿਰ ਉਸਾਰਿਆ। ਉਸ ਨੇ ਸ਼ਹਿਰ ਦਾ ਨਾਮ ਲੂਜ਼ ਰੱਖਿਆ। ਅਤੇ ਉਸ ਸ਼ਹਿਰ ਦਾ ਨਾਮ ਅੱਜ ਵੀ ਲੂਜ਼ ਹੀ ਹੈ।

ਦੂਸਰੇ ਪਰਿਵਾਰ-ਸਮੂਹ ਕਨਾਨੀਆਂ ਨਾਲ ਲੜਦੇ ਹਨ

27 ਬੈਤਸ਼ਾਨ, ਤਾਨਾਕ, ਦੋਰ, ਯਿਬਲਾਮ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ ਕਨਾਨੀ ਲੋਕ ਰਹਿੰਦੇ ਸਨ। ਮਨੱਸ਼ਹ ਪਰਿਵਾਰ-ਸਮੂਹ ਦੇ ਲੋਕ ਉਨ੍ਹਾਂ ਲੋਕਾਂ ਨੂੰ ਉਹ ਕਸਬੇ ਛੱਡਣ ਲਈ ਮਜ਼ਬੂਰ ਨਹੀਂ ਕਰ ਸੱਕੇ। ਇਸ ਲਈ ਕਨਾਨੀ ਲੋਕ ਉੱਥੇ ਹੀ ਰਹੇ। ਉਨ੍ਹਾਂ ਨੇ ਆਪਣੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ। 28 ਬਾਦ ਵਿੱਚ ਇਸਰਾਏਲੀ ਵੱਧੇਰੇ ਤਾਕਤਵਰ ਬਣ ਗਏ ਅਤੇ ਉਨ੍ਹਾਂ ਨੇ ਕਨਾਨੀਆਂ ਨੂੰ ਆਪਣੇ ਲਈ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ। ਪਰ ਉਹ ਉਨ੍ਹਾਂ ਨੂੰ ਉਹ ਧਰਤੀ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ ਸੱਕੇ।

29 ਇਫ਼ਰਾਈਂਮ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਇਹੋ ਗੱਲ ਵਾਪਰੀ। ਗਜ਼ਰ ਵਿੱਚ ਕਨਾਨੀ ਲੋਕ ਰਹਿੰਦੇ ਸਨ। ਅਤੇ ਇਫ਼ਰਾਈਮ ਦੇ ਲੋਕਾਂ ਨੇ ਉਨ੍ਹਾਂ ਸਾਰੇ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡ ਕੇ ਚੱਲੇ ਜਾਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਲੋਕ ਗਜ਼ਰ ਅੰਦਰ ਇਫ਼ਰਾਈਮ ਦੇ ਲੋਕਾਂ ਨਾਲ ਰਹਿੰਦੇ ਰਹੇ।

30 ਇਹੀ ਗੱਲ ਜ਼ਬੂਲੁਨ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਕੁਝ ਕਨਾਨੀ ਕਟਰੋਨ ਅਤੇ ਨਹਲੋਲ ਸ਼ਹਿਰਾਂ ਅੰਦਰ ਰਹਿੰਦੇ ਸਨ। ਜ਼ਬੂਲੁਨ ਦੇ ਲੋਕਾਂ ਨੇ ਇਨ੍ਹਾਂ ਕਨਾਨੀਆਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਕਨਾਨੀ ਉੱਥੇ ਜ਼ਬੂਲੁਨ ਦੇ ਲੋਕਾਂ ਨਾਲ ਰਹਿੰਦੇ ਰਹੇ। ਪਰ ਜ਼ਬੂਲੁਨ ਦੇ ਲੋਕਾਂ ਨੇ ਉਨ੍ਹਾਂ ਤੋਂ ਜ਼ਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਵਾਇਆ।

31 ਇਹੀ ਗੱਲ ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕਾਂ ਨਾਲ ਵੀ ਵਾਪਰੀ। ਆਸ਼ੇਰ ਦੇ ਲੋਕਾਂ ਨੇ ਹੋਰਨਾਂ ਲੋਕਾਂ ਨੂੰ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਸ਼ਹਿਰਾਂ ਨੂੰ ਛੱਡਣ ਲਈ ਮਜ਼ਬੂਰ ਨਹੀਂ ਕੀਤਾ। 32 ਆਸ਼ੇਰ ਦੇ ਲੋਕਾਂ ਨੇ ਉਨ੍ਹਾਂ ਕਨਾਨੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਨਹੀਂ ਕੀਤਾ ਇਸ ਲਈ ਕਨਾਨੀ ਲੋਕ ਆਸ਼ੇਰ ਦੇ ਲੋਕਾਂ ਨਾਲ ਹੀ ਰਹਿੰਦੇ ਰਹੇ।

33 ਇਹੀ ਗੱਲ ਨਫ਼ਤਾਲੀ ਦੇ ਪਰਿਵਾਰ-ਸਮੂਹ ਨਾਲ ਵੀ ਵਾਪਰੀ। ਨਫ਼ਤਾਲੀ ਦੇ ਲੋਕਾਂ ਨੇ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਨੂੰ ਆਪਣੇ ਸ਼ਹਿਰ ਛੱਡਣ ਲਈ ਮਜ਼ਬੂਰ ਨਹੀਂ ਕੀਤਾ। ਇਸ ਲਈ ਨਫ਼ਤਾਲੀ ਦਾ ਪਰਿਵਾਰ-ਸਮੂਹ ਉਨ੍ਹਾਂ ਸ਼ਹਿਰਾਂ ਦੇ ਲੋਕਾਂ ਨਾਲ ਰਹਿੰਦਾ ਰਿਹਾ। ਅਤੇ ਕਨਾਨੀ ਉਨ੍ਹਾਂ ਲਈ ਜਬਰਦਸਤੀ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ।

34 ਅਮੋਰੀ ਲੋਕਾਂ ਨੇ ਦਾਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੂੰ ਪਹਾੜਾ ਵਿੱਚ ਰਹਿਣਾ ਪਿਆ ਕਿਉਂਕਿ ਅਮੋਰੀ ਲੋਕ ਉਨ੍ਹਾਂ ਨੂੰ ਹੇਠਾ ਆਕੇ ਵਾਦੀਆਂ ਵਿੱਚ ਨਹੀਂ ਰਹਿਣ ਦਿੰਦੇ ਸਨ। 35 ਅਮੋਰੀਆਂ ਨੇ ਹਰਸ ਪਹਾੜ, ਅਯਾਲੋਨ ਅਤੇ ਸ਼ਾਲਬੀਮ ਪਰਬਤ ਉੱਤੇ ਰਹਿਣ ਦਾ ਨਿਆਂ ਕੀਤਾ। ਬਾਦ ਵਿੱਚ ਯੂਸੁਫ਼ ਦਾ ਪਰਿਵਾਰ-ਸਮੂਹ ਵੱਧੇਰੇ ਤਾਕਤਵਰ ਹੋ ਗਿਆ ਅਤੇ ਅਮੋਰੀਆਂ ਨੂੰ ਆਪਣਾ ਜ਼ਬਰਦਸਤੀ ਮਜ਼ਦੂਰ ਬਣਾ ਲਿਆ। 36 ਅਮੋਰੀਆਂ ਦੀ ਸਰਹੱਦ ਬਿੱਛੂ ਪਾਸ ਤੋਂ ਲੈ ਕੇ ਸੇਲਾ ਤੱਕ ਅਤੇ ਸੇਲਾ ਤੋਂ ਅਗਾਂਹ ਪਹਾੜੀ ਪ੍ਰਦੇਸ਼ ਤੀਕ ਸੀ।

Footnotes:

  1. ਨਿਆਂਈਆਂ ਦੀ ਪੋਥੀ 1:6 ਬਜ਼ਕ ਦਾ ਹਾਕਮ ਜਾਂ, “ਅਦੋਨੀ ਬਜ਼ਕ।”
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes