A A A A A
Bible Book List

ਗਿਣਤੀ 7 Punjabi Bible: Easy-to-Read Version (ERV-PA)

ਪਵਿੱਤਰ ਤੰਬੂ ਨੂੰ ਸਮਰਪਨ ਕਰਨਾ

ਮੂਸਾ ਨੇ ਪਵਿੱਤਰ ਤੰਬੂ ਨੂੰ ਸਥਾਪਿਤ ਕਰਨ ਦਾ ਕੰਮ ਮੁਕਾ ਲਿਆ। ਉਸ ਦਿਨ ਉਸ ਨੇ ਇਸ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ। ਮੂਸਾ ਨੇ ਤੰਬੂ ਅਤੇ ਉਸ ਦੇ ਨਾਲ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ। ਮੂਸਾ ਨੇ ਜਗਵੇਦੀ ਅਤੇ ਉਸ ਦੇ ਨਾਲ ਵਰਤੀਆ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਮਸਹ ਕੀਤਾ। ਇਹ ਗੱਲ ਦਰਸਾਉਂਦੀ ਸੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਕੀਤੀ ਜਾਵੇਗੀ।

ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ। ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾਂ ਲਿਆਂਦੀਆਂ। ਇਹ ਛੇ ਢੱਕੀਆ ਹੋਈਆਂ ਗੱਡੀਆਂ ਲੈ ਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈ ਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।

ਯਹੋਵਾਹ ਨੇ ਮੂਸਾ ਨੂੰ ਆਖਿਆ, “ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸੱਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”

ਇਸ ਲਈ ਮੂਸਾ ਨੇ ਗੱਡੀਆਂ ਅਤੇ ਗਾਵਾਂ ਪ੍ਰਵਾਨ ਕਰ ਲਈਆਂ। ਉਸ ਨੇ ਇਹ ਚੀਜ਼ਾਂ ਲੇਵੀ ਨੂੰ ਦੇ ਦਿੱਤੀਆਂ। ਉਸ ਨੇ ਦੋ ਗੱਡੀਆਂ ਅਤੇ ਚਾਰ ਗਊਆਂ ਗੇਰਸ਼ੋਨ ਦੇ ਸਮੂਹ ਦੇ ਆਦਮੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਆਪਣੇ ਕੰਮ ਲਈ ਗੱਡੀਆਂ ਅਤੇ ਗਊਆਂ ਦੀ ਲੋੜ ਸੀ। ਫ਼ੇਰ ਮੂਸਾ ਨੇ ਚਾਰ ਗੱਡੀਆਂ ਅਤੇ ਅੱਠ ਗਾਵਾਂ ਮਰਾਰੀ ਦੇ ਪਰਿਵਾਰ ਦੇ ਲੋਕਾਂ ਨੂੰ ਦੇ ਦਿੱਤੀਆਂ। ਕਿਉਂ ਜੋ ਉਨ੍ਹਾ ਨੂੰ ਇਹ ਆਪਣੇ ਕੰਮ ਲਈ ਲੋੜੀਦੀਆਂ ਸਨ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਇਨ੍ਹਾਂ ਸਾਰੇ ਆਦਮੀਆਂ ਦੇ ਕੰਮ ਲਈ ਜ਼ਿੰਮੇਵਾਰ ਸੀ। ਮੂਸਾ ਨੇ ਕਹਾਥ ਸਮੂਹ ਦੇ ਆਦਮੀਆਂ ਨੂੰ ਕੋਈ ਗੱਡੀਆਂ ਜਾਂ ਗਊਆ ਨਹੀਂ ਦਿੱਤੀਆਂ। ਕਿਉਂਕਿ ਉਨ੍ਹਾਂ ਦਾ ਕੰਮ ਪਵਿੱਤਰ ਚੀਜ਼ਾਂ ਨੂੰ ਮੋਢਿਆਂ ਉੱਤੇ ਚੁੱਕੇ ਲਿਜਾਣਾ ਸੀ।

10 ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ। 11 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਰ ਰੋਜ਼ ਇੱਕ ਆਗੂ ਨੂੰ ਜਗਵੇਦੀ ਦੇ ਸਮਰਪਣ ਉੱਤੇ ਚੜ੍ਹਾਉਣ ਲਈ ਆਪਣੀ ਸੁਗਾਤ ਲਿਆਉਣੀ ਚਾਹੀਦੀ ਹੈ, ਹਰ ਦਿਨ ਇੱਕ ਆਗੂ।”

12-83 [a] ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ:

ਹਰੇਕ ਆਗੂ 3 1/4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ 3 1/4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ।

ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈ ਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਣ ਲਈ ਵੀ ਲੈ ਕੇ ਆਇਆ।

ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈ ਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈ ਕੇ ਆਇਆ।

ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈ ਕੇ ਆਇਆ।

ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈ ਕੇ ਆਇਆ।

ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।

ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈ ਕੇ ਆਇਆ।

ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈ ਕੇ ਆਇਆ।

ਅੱਠਵੇਂ ਦਿਨ, ਮਨੱਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।

ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈ ਕੇ ਆਇਆ।

ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈ ਕੇ ਆਇਆ।

ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।

ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈ ਕੇ ਆਇਆ।

84 ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਸਰਾਏਲ ਦੇ ਲੋਕਾਂ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਸਨ। ਉਨ੍ਹਾਂ ਨੇ ਇਹ ਚੀਜ਼ਾਂ ਉਸ ਸਮੇਂ ਲਿਆਂਦੀਆਂ ਜਦੋਂ ਮੂਸਾ ਨੇ ਜਗਵੇਦੀ ਨੂੰ ਮਸਹ ਕਰਕੇ ਸਮਰਪਿਤ ਕੀਤਾ। ਉਨ੍ਹਾਂ ਨੇ 12 ਚਾਂਦੀ ਦੀਆਂ ਪਲੇਟਾਂ, 12 ਚਾਂਦੀ ਦੇ ਕੌਲੇ ਅਤੇ 12 ਸੋਨੇ ਦੀਆਂ ਕੜਾਈਆਂ ਲਿਆਂਦਿਆਂ। 85 ਹਰੇਕ ਪਲੇਟ ਦਾ ਵਜ਼ਨ ਤਕਰੀਬਨ 3 1/2 ਪੌਂਡ ਸੀ। ਅਤੇ ਹਰੇਕ ਕੌਲੇ ਦਾ ਵਜ਼ਨ 1 3/4 ਪੌਂਡ ਸੀ। ਚਾਂਦੀ ਦੀਆਂ ਪਲੇਟਾਂ ਅਤੇ ਚਾਂਦੀ ਦੇ ਕੌਲਿਆਂ ਦਾ ਕੁੱਲ ਵਜ਼ਨ ਸਰਕਾਰੀ ਮਾਪ ਅਨੁਸਾਰ ਤਕਰੀਬਨ 60 ਪੌਂਡ ਸੀ। 86 ਧੂਫ਼ ਨਾਲ ਭਰੀ ਹੋਈ ਹਰ ਕੜਾਈ ਸੋਨੇ ਦੀ ਸੀ ਅਤੇ ਸਰਕਾਰੀ ਮਾਪ ਅਨੁਸਾਰ 4 ਔਂਸ ਦੀ ਸੀ ਕੁੱਲ ਮਿਲਾ ਕੇ ਸੋਨੇ ਦੀਆਂ 12 ਕੜਾਈਆਂ ਦਾ ਵਜ਼ਨ 3 ਪੌਂਡ ਸੀ।

87 ਹੋਮ ਦੀ ਭੇਟ ਦੇ ਜਾਨਵਰਾਂ ਦੀ ਕੁੱਲ ਗਿਣਤੀ 12 ਵਹਿੜਕੇ, 12 ਭੇਡੂ ਅਤੇ 12 ਇੱਕ ਸਾਲ ਦੀ ਉਮਰ ਵਲੇ ਲੇਲੇ ਸਨ। ਉੱਥੇ ਅਨਾਜ ਦੀਆਂ ਭੇਟਾਂ ਵੀ ਸਨ ਜਿਨ੍ਹਾਂ ਨੂੰ ਅਵੱਸ਼ ਦਿੱਤਾ ਜਾਣਾ ਸੀ ਅਤੇ ਉੱਥੇ 12 ਬੱਕਰੇ ਵੀ ਸਨ ਜਿਨ੍ਹਾਂ ਦੀ ਵਰਤੋਂ ਯਹੋਵਾਹ ਲਈ ਪਾਪ ਦੀ ਭੇਟ ਵਜੋਂ ਕੀਤੀ ਗਈ। 88 ਆਗੂਆਂ ਨੇ ਸੁੱਖ-ਸਾਂਦ ਦੀਆਂ ਭੇਟਾ ਲਈ ਜ਼ਿਬਾਹ ਕੀਤੇ ਜਾਣ ਵਾਲੇ ਜਾਨਵਰ ਵੀ ਦਿੱਤੇ ਇਨ੍ਹਾਂ ਜਾਨਵਰਾਂ ਦੀ ਕੁੱਲ ਗਿਣਤੀ ਸੀ 24 ਵਹਿੜਕੇ, 60 ਭੇਡੂ, 60 ਬੱਕਰੇ ਅਤੇ 60 ਇੱਕ ਸਾਲ ਦੇ ਉਮਰ ਵਾਲੇ ਲੇਲੇ। ਇਸ ਤਰ੍ਹਾਂ ਉਨ੍ਹਾਂ ਨੇ ਜਗਵੇਦੀ ਨੂੰ, ਮੂਸਾ ਦੇ ਇਸ ਨੂੰ ਪਵਿੱਤਰ ਬਣਾਏ ਜਾਣ ਤੋਂ ਬਾਦ, ਸਮਰਪਣ ਕੀਤਾ।

89 ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਮੰਡਲੀ ਵਾਲੇ ਤੰਬੂ ਕੋਲ ਗਿਆ। ਉਸ ਸਮੇਂ, ਉਸ ਨੇ ਆਪਣੇ ਨਾਲ ਗੱਲਾਂ ਕਰਦੀ ਯਹੋਵਾਹ ਦੀ ਅਵਾਜ਼ ਸੁਣੀ। ਇਹ ਅਵਾਜ਼ ਇਕਰਾਰਨਾਮੇ ਵਾਲੇ ਸੰਦੂਕ ਦੇ ਖਾਸ ਕੱਜਣ ਦੇ ਉੱਪਰੋਂ, ਕਰੂਬੀ ਫ਼ਰਿਸ਼ਤਿਆ ਵਿੱਚਕਾਰਲੇ ਇਲਾਕੇ ਵਿੱਚੋਂ ਆ ਰਹੀ ਸੀ। ਇਹੀ ਤਰੀਕਾ ਸੀ ਜਿਵੇਂ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।

Footnotes:

  1. ਗਿਣਤੀ 7:12 ਪਦ 12-83 ਹਿਬਰੂ ਟੈਕਸਟ ਵਿੱਚ ਹਰ ਆਗੂ ਦੀ ਸੁਗਾਤ ਅਲਗ ਹੀ ਕਰਦਾ ਹੈ। ਪਰ ਹਰ ਸੁਗਾਤ ਲਈ ਟੈਕਸਟ ਇੱਕੋ ਜਿਹੀ ਹੈ, ਇਸ ਲਈ ਸੁਖਾਲੀ ਪੜ੍ਹਾਈ ਕਾਰਣ ਇਸ ਨੂੰ ਮਿਲਾ ਦਿੱਤਾ ਗਿਆ ਹੈ।
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes