A A A A A
Bible Book List

ਕੂਚ 34 Punjabi Bible: Easy-to-Read Version (ERV-PA)

ਪੱਥਰ ਦੀਆਂ ਨਵੀਆਂ ਤਖਤੀਆਂ

34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ। ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉੱਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁੱਖ ਖੜ੍ਹਾ ਹੋ ਜਾਵੀਂ। ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।”

ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ੍ਹ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ। ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓੱਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ। ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ। ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।”

ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮੱਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ, “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।”

10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ। 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚੱਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ। 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿੱਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ। 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ। 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ-ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ-ਈਰਖਾਲੂ ਪਰਮੇਸ਼ੁਰ।

15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ। 16 ਹੋ ਸੱਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸੱਕਦੀਆਂ ਹਨ।

17 “ਕੋਈ ਬੁੱਤ ਨਾ ਬਣਾਉ।

18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ।

19 “ਕਿਸੇ ਵੀ ਔਰਤ ਦਾ ਪਹਿਲੋਠਾ ਨਰ ਬੱਚਾ ਮੇਰਾ ਹੈ। ਉਹ ਪਹਿਲੋਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਹਿਲੋਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲੇਲਾ ਦੇਕੇ ਖਰੀਦ ਸੱਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਹਿਲੋਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ।

21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ।

22 “ਅੱਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ।

23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ।

24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ-ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ।

25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜ੍ਹਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜ੍ਹਾਓ।

“ਪਸਾਹ ਦੇ ਭੋਜਨ ਦਾ ਬੱਚਿਆਂ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰੱਖਣਾ।

26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈ ਕੇ ਆਉ।

“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸ ਦੇ ਮਾਂ ਦੇ ਦੁੱਧ ਵਿੱਚ ਨਾ ਪਕਾਉ।”

27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।”

28 ਮੂਸਾ ਉੱਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।

ਮੂਸਾ ਦਾ ਚਮਕਦਾ ਹੋਇਆ ਚਿਹਰਾ

29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸ ਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸ ਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸ ਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ।

33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸ ਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਹਮਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੂਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢੱਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢੱਕੀ ਰੱਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes