A A A A A
Bible Book List

ਕਹਾਉਤਾਂ 3 Punjabi Bible: Easy-to-Read Version (ERV-PA)

ਧਰਮੀ ਜੀਵਨ ਤੁਹਾਡੀ ਜ਼ਿੰਦਗੀ ਵਿੱਚ ਵਾਧਾ ਕਰੇਗਾ

ਮੇਰੇ ਬੇਟੇ, ਮੇਰੀ ਸਿੱਖਿਆ ਨੂੰ ਭੁੱਲੀਂ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਂ। ਜਿਨ੍ਹਾਂ ਗੱਲਾਂ ਦੀ ਮੈਂ ਤੈਨੂੰ ਸਿੱਖਿਆ ਦਿੰਦਾ ਹਾਂ ਉਹ ਤੇਰੇ ਜੀਵਨ ਨੂੰ ਲੰਮਾ ਕਰਨਗੀਆਂ ਅਤੇ ਤੈਨੂੰ ਸ਼ਾਂਤੀ ਦੇਣਗੀਆਂ।

ਨਮਕਹਲਾਲੀ ਅਤੇ ਸੱਚ ਤੈਨੂੰ ਕਦੇ ਨਾ ਛੱਡਣ। ਇਨ੍ਹਾਂ ਨੂੰ ਤੂੰ ਆਪਣੀ ਗਰਦਨ ਦੁਆਲੇ ਬੰਨ੍ਹ ਲੈ। ਅਤੇ ਉਨ੍ਹਾਂ ਨੂੰ ਆਪਣੇ ਦਿਲ ਉੱਤੇ ਲਿਖ ਲੈ। ਫ਼ੇਰ ਤੂੰ ਮਿਹਰ ਅਤੇ ਚੰਗੀ ਪਰਤਿਸ਼ਠਾ, ਪਰਮੇਸ਼ੁਰ ਅਤੇ ਲੋਕਾਂ ਦੋਵਾਂ ਦੇ ਸਾ੍ਹਮਣੇ ਕਮਾਵੇਂਗਾ।

ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ। ਹਮੇਸ਼ਾ ਪਰਮੇਸ਼ੁਰ ਦੇ ਹੁਕਮ ਦਾ ਪਾਲਣ ਕਰੋ ਜਿੱਥੇ ਵੀ ਤੁਸੀਂ ਜਾਵੋਂ। ਉਹ ਤੁਹਾਡੇ ਰਾਹਾਂ ਨੂੰ ਸਿੱਧਿਆਂ ਕਰੇਗਾ। ਆਪਣੇ ਆਪ ਨੂੰ ਚਲਾਕ ਨਾ ਸਮਝੋ, ਪਰ ਯਹੋਵਾਹ ਪਾਸੋਂ ਡਰੋ ਅਤੇ ਬਦੀ ਤੋਂ ਦੂਰ ਰਹੋ। ਜੇ ਤੁਸੀਂ ਇਸ ਤਰ੍ਹਾਂ ਕਰੋਂਗੇ, ਤਾਂ ਇਹ ਤੁਹਾਡੇ ਸਰੀਰ ਲਈ ਦੁਆਈ ਵਰਗੀ ਹੋਵੇਗੀ, ਅਤੇ ਤੁਹਾਡੀਆਂ ਹੱਡੀਆਂ ਲਈ ਪੋਸਣ ਹੋਵੇਗੀ।

ਆਪਣੀ ਦੌਲਤ ਤੋਂ ਅਤੇ ਆਪਣੀਆਂ ਫ਼ਸਲਾਂ ਦੇ ਪਹਿਲੇ ਫ਼ਲਾਂ ਤੋਂ ਯਹੋਵਾਹ ਦਾ ਸਤਿਕਾਰ ਕਰੋ। 10 ਫ਼ੇਰ ਤੁਹਾਡੇ ਗੋਦਾਮ ਅੰਨ ਨਾਲ ਭਰ ਜਾਣਗੇ ਅਤੇ ਤੁਹਾਡੇ ਘੜੇ ਮੈਅ ਨਾਲ ਭਰ ਜਾਣਗੇ।

11 ਮੇਰੇ ਬੇਟੇ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾਮੰਜ਼ੂਰ ਨਾ ਕਰੋ ਅਤੇ ਉਸ ਦੇ ਸੁਧਾਰ ਦਾ ਬੁਰਾ ਨਾ ਮਨਾਓ। 12 ਕਿਉਂਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਜਿਵੇਂ ਇੱਕ ਪਿਤਾ ਇੱਕ ਪੁੱਤਰ ਨੂੰ ਸੁਧਾਰਦਾ ਜਿਸ ਵਿੱਚ ਉਹ ਪ੍ਰਸੰਨਤਾ ਮਹਿਸੂਸ ਕਰਦਾ।

13 ਧੰਨ ਹੈ ਉਹ ਬੰਦਾ ਜਿਹੜਾ ਸਿਆਣਪ ਨੂੰ ਭਾਲਦਾ ਅਤੇ ਸਮਝਦਾਰੀ ਨੂੰ ਮਿਲਦਾ ਹੈ। 14 ਸਿਆਣਪ ਚਾਂਦੀ ਨਾਲੋਂ ਵੱਧੇਰੇ ਫ਼ਾਇਦੇਮੰਦ ਹੈ ਅਤੇ ਸੋਨੇ ਨਾਲੋਂ ਵੱਧੇਰੇ ਆਮਦਨੀ ਲਿਆਉਂਦੀ ਹੈ। 15 ਸਿਆਣਪ ਕੀਮਤੀ ਪੱਥਰਾਂ ਨਾਲੋਂ ਵੱਧੇਰੇ ਕੀਮਤੀ ਹੈ ਅਤੇ ਤੁਹਾਡੇ ਸਾਰੇ ਗਹਿਣਿਆਂ ਦਾ ਉਸ ਨਾਲ ਮੁਕਾਬਲਾ ਨਹੀਂ ਕੀਤਾ ਜਾ ਸੱਕਦਾ।

16 ਸਿਆਣਪ ਨੇ ਸੱਜੇ ਹੱਥ ਵਿੱਚ ਲੰਮੀ ਉਮਰ, ਅਤੇ ਉਸ ਨੇ ਅਪਣੇ ਖੱਬੇ ਹੱਥ ਵਿੱਚ ਦੌਲਤ ਅਤੇ ਇੱਜ਼ਤ ਫ਼ੜੀ ਹੋਈ ਹੈ। 17 ਉਸਦਾ ਰਾਹ ਬੜਾ ਪ੍ਰਸੰਸਾਮਈ ਹੈ ਅਤੇ ਉਸ ਦੇ ਸਾਰੇ ਰਾਹ ਸ਼ਾਂਤੀ ਵੱਲ ਅਗਵਾਈ ਕਰਦੇ ਹਨ। 18 ਸਿਆਣਪ ਉਨ੍ਹਾਂ ਲੋਕਾਂ ਲਈ ਜੀਵਨ ਦੇ ਰੁੱਖ ਵਾਂਗ ਹੈ, ਜੋ ਉਸ ਨੂੰ ਕਬੂਲ ਦੇ ਹਨ। ਜਿਹੜੇ ਲੋਕ ਇਸ ਵਿੱਚ ਲਿਪਟੇ ਰਹਿੰਦੇ ਹਨ ਧੰਨ ਸਮਝੇ ਜਾਣਗੇ।

19 ਯਾਹੋਵਾਹ ਨੇ ਧਰਤੀ ਦੀਆਂ ਨੀਹਾਂ ਰੱਖੀਆਂ ਸਿਆਣਪ ਦੁਆਰਾ ਅਤੇ ਸਮਝਦਾਰੀ ਦੁਆਰਾ ਅਕਾਸ਼ ਨੂੰ ਸਥਾਪਿਤ ਕੀਤਾ। 20 ਉਸ ਦੇ ਗਿਆਨ ਦੁਆਰਾ ਧਰਤੀ ਦੇ ਥੱਲਿਓਂ ਝਰਨੇ ਫੁੱਟ ਪਏ ਅਤੇ ਬੱਦਲਾਂ ਚੋ ਤਰੇਲ ਚੋਈ।

21 ਮੇਰੇ ਬੇਟੇ, ਉਨ੍ਹਾਂ ਨੂੰ ਆਪਣੀਆਂ ਅੱਖੋਂ ਉਹਲੇ ਨਾ ਹੋਣ ਦੇਵੋ। ਸਹੀ ਨਿਆਂ ਅਤੇ ਸਮਝਦਾਰੀ ਦੀ ਰਾਖੀ ਕਰੋ। 22 ਉਹ ਤੁਹਾਨੂੰ ਜੀਵਨ ਅਤੇ ਤੁਹਾਡੀ ਗਰਦਨ ਨੂੰ ਸੁੰਦਰਤਾ ਦੇਵੇਗਾ। 23 ਫ਼ੇਰ ਤੁਸੀਂ ਸੁਰੱਖਿਅਤ ਹੋਕੇ ਆਪਣੇ ਰਾਹਾਂ ਤੇ ਬਿਨਾ ਲੜਖੜ੍ਹਾਏ ਚੱਲੋਂਗੇ। 24 ਜਦੋਂ ਤੁਸੀਂ ਲੰਮੇ ਪਵੋਂਗੇ ਤਾਂ ਤੁਹਾਨੂੰ ਡਰ ਨਹੀਂ ਲੱਗੇਗਾ ਅਤੇ ਤੁਹਾਨੂੰ ਬਹੁਤ ਹੀ ਵੱਧੀਆ ਅਤੇ ਚੈਨ ਭਰੀ ਨੀਂਦ ਆਵੇਗੀ। 25 ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰੋ ਜਾਂ ਇਸ ਤੋਂ ਕਿ ਤੁਸੀਂ ਸੰਕਟ ਵਿੱਚ ਫ਼ਸ ਜਾਵੋਗੇ ਜੋ ਕਿ ਦੁਸ਼ਟਾਂ ਉੱਤੇ ਆਉਂਦਾ ਹੈ। 26 ਕਿਉਂ ਕਿ ਯਾਹੋਵਾਹ ਤੇਰੇ ਨਾਲ ਹੈ ਅਤੇ ਉਹ ਤੇਰੇ ਪੈਰਾਂ ਦਾ ਫ਼ਸਾਏ ਜਾਣ ਤੋਂ ਬਚਾਓ ਕਰੇਗਾ।

27 ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸੱਕਦੇ ਹੋਵੋਂ। 28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂ” ਜਦੋਂ ਕਿ ਇਹ ਤੁਹਾਡੇ ਕੋਲ ਹੋਵੇ।

29 ਆਪਣੇ ਗੁਆਂਢੀ ਦੇ ਖਿਲਾਫ਼, ਉਸ ਨੂੰ ਕਿਵੇਂ ਵੀ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਨਾ ਬਣਾਓ ਕਿਉਂ ਕਿ ਉਹ ਤੁਹਾਡੇ ਤੇ ਭਰੋਸਾ ਕਰਦਾ ਹੈ।

30 ਬਿਨਾ ਕਿਸੇ ਕਾਰਣ ਦੂਸਰੇ ਆਦਮੀ ਨਾਲ ਦਲੀਲਬਾਜ਼ੀ ਨਾ ਕਰੋ, ਜਦ ਕਿ ਉਸ ਨੇ ਤੁਹਾਡੇ ਨਾਲ ਕੁਝ ਬੁਰਾ ਨਹੀਂ ਕੀਤਾ।

31 ਹਿੰਸੱਕ ਆਦਮੀ ਨਾਲ ਈਰਖਾ ਨਾ ਕਰੋ, ਉਸ ਦੇ ਕਿਸੇ ਵੀ ਤਰੀਕੇ ਦੀ ਨਕਲ ਨਾ ਕਰੋ। 32 ਕਿਉਂਕਿ ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ, ਪਰ ਆਪਣੀ ਦੋਸਤੀ ਉਹਨਾਂ ਲੋਕਾਂ ਵੱਲ ਵੱਧਾਉਂਦਾ ਹੈ ਜੋ ਇਮਾਨਦਾਰ ਹਨ।

33 ਯਹੋਵਾਹ ਦੁਸ਼ਟ ਲੋਕਾਂ ਨੂੰ ਸਰਾਪਦਾ, ਪਰ ਧਰਮੀ ਦੇ ਘਰ ਨੂੰ ਅਸੀਸ ਦਿੰਦਾ ਹੈ।

34 ਯਹੋਵਾਹ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ ਜੋ ਹੋਰਨਾਂ ਦਾ ਮਜ਼ਾਕ ਉਡਾਉਂਦੇ ਹਨ, ਪਰ ਨਿਮਾਣੇ ਲੋਕਾਂ ਉੱਪਰ ਮਿਹਰਬਾਨੀ ਦਰਸਾਉਂਦਾ ਹੈ।

35 ਸਿਆਣੇ ਲੋਕਾਂ ਨੂੰ ਇੱਜ਼ਤ ਮਿਲੇਗੀ, ਪਰ ਪਰਮੇਸ਼ੁਰ ਮੂਰੱਖਾਂ ਦੀ ਬੇਇੱਜ਼ਤੀ ਕਰੇਗਾ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes