Añadir traducción en paralelo Imprimir Opciones de la página

ਅਸਤਰ ਨੂੰ ਰਾਣੀ ਬਣਾਇਆ ਜਾਣਾ

ਇਸਤੋਂ ਬਆਦ ਪਾਤਸ਼ਾਹ ਅਹਸ਼ਵੇਰੋਸ਼ ਦਾ ਕਰੋਧ ਠੰਡਾ ਪੈ ਗਿਆ। ਫਿਰ ਉਸ ਨੇ ਵਸ਼ਤੀ ਵਿਰੁੱਧ ਆਪਣੇ ਹੁਕਮ ਅਤੇ ਜੋ ਕੁਝ ਵਸ਼ਤੀ ਤੇ ਕੀਤਾ ਸੀ, ਉਸ ਸਭ ਨੂੰ ਚਿਤਵਿਆ। ਤਾਂ ਪਾਤਸ਼ਾਹ ਦੇ ਨਿੱਜੀ ਸੇਵਕਾਂ ਨੇ ਉਸ ਨੂੰ ਸੁਝਾਅ ਦਿੱਤਾ ਅਤੇ ਕਿਹਾ, “ਪਾਤਸ਼ਾਹ ਲਈ ਸੋਹਣੀਆਂ ਅਤੇ ਕੁਆਰੀਆਂ ਕੁੜੀਆਂ ਦੀ ਭਾਲ ਕੀਤੀ ਜਾਵੇ। ਪਾਤਸ਼ਾਹ ਆਪਣੀ ਹਰ ਪ੍ਰਾਂਤ ਵਿੱਚੋਂ ਆਗੂਆਂ ਨੂੰ ਚੁਣੇ ਅਤੇ ਫਿਰ ਇਹ ਆਗੂ ਉਨ੍ਹਾਂ ਖੂਬਸੂਰਤ ਅਤੇ ਅਣਵਿਆਹੀਆਂ ਕੁੜੀਆਂ ਨੂੰ ਸ਼ੂਸ਼ਨ ਜਿਲ੍ਹੇ ਦੇ ਮਹਿਲ ਨੂੰ ਲਿਆਉਣ। ਇਨ੍ਹਾਂ ਕੁੜੀਆਂ ਨੂੰ ਪਾਤਸ਼ਾਹ ਦੇ ਮਹਿਲ ਦੇ ਜਨਾਨਖਾਨੇ ਵਿੱਚ ਰੱਖਿਆ ਜਾਵੇਗਾ। ਅਤੇ ਉਹ ਪਾਤਸ਼ਾਹ ਦੇ ਖੁਸਰੇ ਹੇਗਈ ਦੀ ਦੇਖ-ਰੇਖ ਵਿੱਚ ਰਹਿਣਗੀਆਂ, ਜੋ ਕਿ ਪਾਤਸ਼ਾਹ ਦੇ ਜਨਾਨਖਾਨੇ ਦਾ ਸਰਪ੍ਰਸਤ ਹੈ। ਫ਼ਿਰ ਉਹ ਉਨ੍ਹਾਂ ਨੂੰ ਖੂਬਸੂਰਤੀ ਲਈ ਵਸਤਾਂ ਦੇਵੇਗਾ। ਫਿਰ ਉਹਨਾਂ ਸਭਨਾਂ ਵਿੱਚ ਜਿਹੜੀ ਕਂਜਕ ਕੁਆਰੀ ਪਾਤਸ਼ਾਹ ਦੀ ਮਨ ਨੂੰ ਭਾਵੇ ਉਸ ਨੂੰ ਵਸ਼ਤੀ ਦੀ ਬਾਵੇ ਪਾਤਸ਼ਾਹ ਦੀ ਮਹਾਰਾਣੀ ਬਾਪਿਆਂ ਜਾਵੇ।” ਪਾਤਸ਼ਾਹ ਨੂੰ ਇਹ ਮਸ਼ਵਰਾ ਚੰਗਾ ਲੱਗਿਆ ਤ੍ਤੇ ਉਸ ਨੇ ਮੰਨ ਲਿਆ।

ਹੁਣ ਬਿਨਯਾਮੀਨੀ ਘਰਾਣੇ ਦੇ ਪਰਿਵਾਰ ਸਮੂਹ ਵਿੱਚੋਂ ਮਾਰਦਕਈ ਨਾਮ ਦਾ ਇੱਕ ਯਹੂਦੀ ਸੀ ਜੋ ਕਿ ਯਾਈਰ ਦਾ ਪੁੱਤਰ ਸੀ ਅਤੇ ਕੀਸ਼ ਦਾ ਪੁੱਤਰ ਸੀ। ਮਾਰਦਕਈ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਸੀ। ਮਾਰਦਕਈ ਯਰੂਸ਼ਲਮ ਤੋਂ ਨਬੂਕਦਨੱਸਰ ਦੁਆਰਾ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਬੰਦੀ ਬਣਾਕੇ ਲਿਜਾਇਆ ਗਿਆ ਸੀ। ਪਾਤਸ਼ਾਹ ਨੇ ਮਾਰਦਕਈ ਅਤੇ ਯਹੂਦਾਹ ਦੇ ਰਾਜੇ, ਯੇਹੋਇਆਚਿਨ ਨੂੰ ਕੈਦੀਆਂ ਦੇ ਇੱਕ ਸਮੂਹ ਸਮੇਤ ਬੰਦੀ ਬਣਾ ਲਿਆ ਸੀ। ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।

ਜਦੋਂ ਪਾਤਸ਼ਾਹ ਦੇ ਹੁਕਮ ਦੀ ਸੁਣਵਾਈ ਹੋ ਗਈ, ਤਾਂ ਬਹੁਤ ਸਾਰੀਆਂ ਕੁੜੀਆਂ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਲਿਆਈਆਂ ਗਈਆਂ। ਇਨ੍ਹਾਂ ਕੁੜੀਆਂ ਨੂੰ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਅੱਸਤਰ ਵੀ ਉਨ੍ਹਾਂ ਕੁੜੀਆਂ ਵਿੱਚੋਂ ਇੱਕ ਸੀ। ਉਸ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਲਿਜਾਕੇ ਹੇਗਈ ਦੀ ਦੇਖ ਰੇਖ ਵਿੱਚ ਰੱਖਿਆ ਗਿਆ। ਹੇਗਈ ਪਾਤਸ਼ਾਹ ਦੇ ਜ਼ਨਾਨਖਾਨੇ ਦਾ ਸਰਪ੍ਰਸਤ ਸੀ। ਹੇਗਈ ਨੂੰ ਅਸਤਰ ਪਸੰਦ ਆਈ ਤੇ ਉਸਦੀ ਚਹੇਤੀ ਬਣੀ ਇਸ ਲਈ ਹੇਗਈ ਨੇ ਉਸਦੀ ਸੁੰਦਰਤਾ ਵੱਧਾਉਣ ਲਈ ਖਾਸ ਉਪਚਾਰ ਕੀਤੇ ਅਤੇ ਉਸ ਨੂੰ ਵੱਧੀਆ ਭੋਜਨ ਖਾਣ ਨੂੰ ਦਿੱਤੇ। ਹੇਗਈ ਨੇ ਪਾਤਸ਼ਾਹ ਦੇ ਮਹਿਲ ਵਿੱਚੋਂ ਅਸਤਰ ਲਈ ਸੱਤ ਗੋਲੀਆਂ ਚੁਣੀਆਂ। ਫਿਰ ਹੇਗਈ ਨੇ ਅਸਤਰ ਅਤੇ ਉਸ ਦੀਆਂ ਸੱਤ ਦਾਸੀਆਂ ਨੂੰ ਪਾਤਸ਼ਾਹ ਦੇ ਜਨਾਨਖਾਨੇ ਸਭ ਤੋਂ ਵੱਧੀਆ ਥਾਂ ਉੱਤੇ ਠਹਿਰਾਇਆ। 10 ਅਸਤਰ ਨੇ ਕਿਸੇ ਨੂੰ ਇਹ ਨਾ ਦੱਸਿਆ ਕਿ ਉਹ ਯਹੂਦਣ ਹੈ। ਉਸ ਨੇ ਕਿਸੇ ਨੂੰ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਨਾ ਦੱਸਿਆ, ਕਿਉਂ ਕਿ ਮਰਦਕਈ ਨੇ ਉਸ ਨੂੰ ਦੱਸਣੋ ਮਨ੍ਹਾਂ ਕੀਤਾ ਸੀ। 11 ਅਤੇ ਮਾਰਦਕਈ ਹਰ ਰੋਜ਼ ਜਨਾਨਖਾਨੇ ਦੇ ਵਿਹੜੇ ਵਿੱਚ ਫਿਰਦਾ ਰਹਿੰਦਾ ਤਾਂ ਕਿ ਉਹ ਅਸਤਰ ਦੀ ਸੁੱਖ ਸਾਂਦ ਬਾਰੇ ਜਾਣਦਾ ਰਹੇ।

12 ਹੁਣ ਕਿਸੇ ਵੀ ਕੁੜੀ ਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਕੋਲ ਜਾਣ ਦੀ ਵਾਰੀ ਆਉਣ ਤੋਂ ਪਹਿਲਾਂ, ਉਸ ਲਈ ਇਨ੍ਹਾਂ ਰਾਹੀਂ ਗੁਜ਼ਰਨਾ ਜ਼ਰੂਰੀ ਸੀ: ਪਹਿਲਾਂ ਉਸ ਨੂੰ ਖੂਬਸੂਰਤੀ ਦੇ ਉਪਚਾਰ ਦੇ ਬਾਰ੍ਹਾਂ ਮਹੀਨਿਆਂ ਨੂੰ ਪੂਰਾ ਕਰਨਾ ਪੈਂਦਾ ਸੀ। ਇਸ ਸਮੇਂ ਦੌਰਾਨ, ਛੇ ਮਹੀਨੇ ਮੁਰ ਦੇ ਤੇਲ ਨਾਲ ਅਤੇ ਅਗਲੇ ਛੇ ਮਹੀਨੇ ਉਸ ਦਾ ਵੱਖੋ-ਵੱਖਰੇ ਅਤਰਾਂ ਅਤੇ ਵਟਣਿਆਂ ਆਦਿ ਨਾਲ ਉਪਚਾਰ ਕੀਤਾ ਜਾਂਦਾ ਸੀ। 13 ਇਉਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇੱਕ ਕੁੜੀ ਪਾਤਸ਼ਾਹ ਦੇ ਸਾਹਮਣੇ ਜਾਂਦੀ ਸੀ। ਉਸ ਨੂੰ ਸਭ ਕੁਝ ਉਸ ਜਨਾਨਖਾਨੇ ਚੋ ਮੁਹਈਆ ਕਰਵਾਇਆ ਜਾਂਦਾ। ਜਿਸਦੀ ਉਸ ਨੂੰ ਲੋੜ ਹੁੰਦੀ ਸੀ। 14 ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।

15 ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ। 16 ਇਉਂ ਅਸਤਰ ਨੂੰ ਪਾਤਸ਼ਾਹ ਅਹਸ਼ਵੇਰੋਸ਼ ਕੋਲ ਲਿਜਾਇਆ ਗਿਆ। ਇਹ ਉਸ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਦਸਵੇਂ ਮਹੀਨੇ ਟੇਬੇਬ ਦਾ ਮਹੀਨਾ ਸੀ ਜਦੋਂ ਅਸਤਰ ਉਸ ਦੇ ਮਹਿਲੀਁ ਪਹੁੰਚੀ।

17 ਪਾਤਸ਼ਾਹ ਨੂੰ ਸਾਰੀਆਂ ਕੁੜੀਆਂ ਵਿੱਚੋਂ ਅਸਤਰ ਸਭ ਤੋਂ ਵੱਧ ਪਿਆਰੀ ਲਗੀ ਤੇ ਉਹ ਉਸਦੀ ਮਨਪਸੰਦ ਦੀ ਸੀ। ਇਸ ਲਈ ਪਾਤਸ਼ਾਹ ਨੇ ਉਸ ਦੇ ਸਿਰ ਤੇ ਤਾਜ ਪੁਆ ਕੇ ਵਸ਼ਤੀ ਦੀ ਬਾਵੇਂ ਉਸ ਨੂੰ ਆਪਣੀ ਮਹਾਰਾਣੀ ਬਣਾਇਆ। 18 ਫ਼ੇਰ ਪਾਤਸ਼ਾਹ ਨੇ ਅਸਤਰ ਲਈ ਇੱਕ ਵੱਡੀ ਦਾਅਵਤ ਦਿੱਤੀ, ਜੋ ਕਿ ਉਸ ਦੇ ਖਾਸ ਮਹੱਤਵਪੂਰਣ ਲੋਕਾਂ ਅਤੇ ਆਗੂਆਂ ਲਈ ਸੀ। ਉਸ ਦਿਨ, ਉਸ ਨੇ ਸਾਰੇ ਸੂਬਿਆਂ ਵਿੱਚ ਛੁੱਟੀ ਘੋਸ਼ਿਤ ਕੀਤੀ। ਕਿਉਂ ਕਿ ਉਹ ਦਿਆਲੂ ਪਾਤਸ਼ਾਹ ਸੀ ਇਸ ਲਈ ਉਸ ਨੇ ਸਾਰੇ ਲੋਕਾਂ ਵਿੱਚ ਤੋਂਹਫੇ ਵੰਡੇ।

ਮਾਰਦਕਈ ਨੂੰ ਭੈੜੀ ਵਿਉਂਤ ਦਾ ਪਤਾ ਲੱਗਣਾ

19 ਜਦ ਦੂਜੀ ਵਾਰ ਕੁਆਰੀਆਂ ਕੁੜੀਆਂ ਇਕੱਠੀਆਂ ਕੀਤੀਆਂ ਗਈਆਂ ਤਾਂ ਮਾਰਦਕਈ ਸ਼ਾਹੀ ਫਾਟਕ ਦੇ ਕੋਲ ਹੀ ਬੈਠਾ ਸੀ। 20 ਅਸਤਰ ਨੇ ਆਪਣੇ ਯਹੂਦੀ ਹੋਣ ਦਾ ਭੇਤ ਅਜੇ ਤਾਈਂ ਗੁਪਤ ਰੱਖਿਆ ਹੋਇਆ ਸੀ ਤੇ ਨਾ ਹੀ ਉਸ ਨੇ ਆਪਣੇ ਖਾਨਦਾਨ ਦੇ ਪਿੱਛੋਕੜ ਬਾਰੇ ਕਿਸੇ ਨੂੰ ਦੱਸਿਆ ਸੀ ਜਿਵੇਂ ਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ। ਉਹ ਅਜੇ ਵੀ ਮਾਰਦਕਈ ਨੂੰ ਓਵੇਂ ਹੀ ਮਂਨਦੀ ਸੀ ਜਿਵੇਂ ਕਿ ਪਹਿਲਾਂ ਜਦੋਂ ਉਹ ਉਸਦੀ ਦੇਖ ਭਾਲ ਕਰਦਾ ਹੁੰਦਾ ਸੀ।

21 ਉਸ ਵਕਤ ਜਦੋਂ ਮਾਰਦਕਈ ਪਾਤਾਸ਼ਾਹ ਦੇ ਫਾਟਕ ਕੋਲ ਬੈਠਾ ਹੋਇਆ ਸੀ, ਪਾਤਸ਼ਾਹ ਦੇ ਦੋ ਖੁਸਰਿਆਂ ਬਿਗਬਨਾ ਅਤੇ ਤਰਸ਼ ਨੇ, ਜੋ ਕਿ ਦਰਵਾਜ਼ੇ ਦੀ ਪਹਿਰੇਦਾਰੀ ਕਰਦੇ ਸਨ, ਪਾਤਸ਼ਾਹ ਅਹਸ਼ਵੇਰੋਸ਼ ਨਾਲ ਨਾਰਾਜ਼ ਹੋਕੇ, ਉਸ ਨੂੰ ਮਾਰਨ ਦੀ ਵਿਉਂਤ ਬਣਾਈ। 22 ਪਰ ਮਾਰਦਕਈ ਨੂੰ ਉਨ੍ਹਾਂ ਦੀ ਭੈੜੀ ਨੀਅਤ ਦਾ ਪਤਾ ਚੱਲ ਗਿਆ ਤੇ ਉਸ ਨੇ ਇਹ ਖਬਰ ਅਸਤਰ ਨੂੰ ਜਾਕੇ ਦੇ ਦਿੱਤੀ। ਤਾਂ ਅਸਤਰ ਰਾਣੀ ਨੇ ਇਹ ਗੱਲ ਜਾਕੇ ਪਾਤਸ਼ਾਹ ਨੂੰ ਆਖੀ ਤੇ ਉਸ ਨੇ ਇਹ ਵੀ ਜਾਕੇ ਦੱਸਿਆ ਕਿ ਇਸ ਬੁਰੀ ਖਬਰ ਦੀ ਸੂਹ ਦਾ ਪਤਾ ਮਾਰਦਕਈ ਨੇ ਹੀ ਲਗਾਇਆ ਹੈ। 23 ਫਿਰ ਇਸ ਬਦ ਵਿਉਂਤ ਦੀ ਜਾਂਚ ਪੜਤਾਲ ਹੋਈ ਅਤੇ ਇਹ ਖਬਰ ਸੱਚ ਨਿਕਲੀ। ਇਸ ਲਈ ਇਹ ਪਹਿਰੇਦਾਰ ਇੱਕ ਦ੍ਰੱਖਤ ਤੇ ਫ਼ਾਂਸੀ ਚੜ੍ਹਾਏ ਗਏ। ਇਹ ਸਾਰੀਆਂ ਗੱਲਾਂ ਪਾਤਸ਼ਾਹ ਦੀ ਹਾਜ਼ਰੀ ਵਿੱਚ, ਵਾਪਰੀਆ ਅਤੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਗਈਆਂ।