2 ਥੱਸਲੁਨੀਕੀਆਂ ਨੂੰ 2:13-3:18
Punjabi Bible: Easy-to-Read Version
ਤੁਹਾਨੂੰ ਮੁਕਤੀ ਲਈ ਚੁਣਿਆ ਗਿਆ ਹੈ
13 ਭਰਾਵੋ ਅਤੇ ਭੈਣੋ, ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ। ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਬਚਾਉਣ ਲਈ ਚੁਣ ਲਿਆ ਸੀ, ਇਸ ਲਈ ਸਾਨੂੰ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜਿਹੜਾ ਆਤਮਾ ਤੁਹਾਨੂੰ ਪਵਿੱਤਰ ਬਣਾਉਂਦਾ ਹੈ ਉਸ ਕਰਕੇ ਅਤੇ ਤੁਹਾਡੇ ਸੱਚ ਤੇ ਵਿਸ਼ਵਾਸ ਕਰਨ ਕਰਕੇ, ਤੁਹਾਨੂੰ ਬਚਾ ਲਿਆ ਗਿਆ ਹੈ। 14 ਪਰਮੇਸ਼ੁਰ ਨੇ ਤੁਹਾਨੂੰ ਇਹ ਮੁਕਤੀ ਹਾਸਿਲ ਕਰਨ ਲਈ ਸੱਦਿਆ ਸੀ। ਉਸ ਨੇ ਤੁਹਾਨੂੰ ਉਸ ਖੁਸ਼ਖਬਰੀ ਦੀ ਵਰਤੋਂ ਰਾਹੀਂ ਸੱਦਿਆ ਸੀ, ਜਿਸਦਾ ਅਸੀਂ ਪ੍ਰਚਾਰ ਕੀਤਾ। ਪਰਮੇਸ਼ੁਰ ਨੇ ਤੁਹਾਨੂੰ ਇਸ ਲਈ ਸੱਦਿਆ ਸੀ ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਵਿੱਚ ਹਿੱਸੇਦਾਰ ਹੋ ਸੱਕੋਂ 15 ਇਸ ਲਈ ਭਰਾਵੋ ਅਤੇ ਭੈਣੋ ਮਜ਼ਬੂਤੀ ਨਾਲ ਖਲੋਵੋ ਅਤੇ ਉਨ੍ਹਾਂ ਉਪਦੇਸ਼ਾਂ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੇ ਅਸੀਂ ਤੁਹਾਨੂੰ ਦਿੱਤੇ ਹਨ ਅਸੀਂ ਤੁਹਾਨੂੰ ਉਹ ਉਪਦੇਸ਼ ਆਪਣੇ ਭਾਸ਼ਣ ਵਿੱਚ ਅਤੇ ਤੁਹਾਨੂੰ ਲਿਖੇ ਆਪਣੇ ਪੱਤਰਾਂ ਵਿੱਚ ਦਿੱਤੇ ਸਨ।
16-17 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਖੁਦ ਅਤੇ ਪਰਮੇਸ਼ੁਰ ਸਾਡਾ ਪਿਤਾ ਤੁਹਾਡੇ ਦਿਲਾਂ ਨੂੰ ਸੁੱਖ ਦੇਵੇਗਾ ਅਤੇ ਤੁਹਾਨੂੰ ਹਰ ਚੰਗੀ ਗੱਲ ਵਿੱਚ ਜੋ, ਤੁਸੀਂ ਕਰਦੇ ਅਤੇ ਆਖਦੇ ਹੋ, ਬਲ ਬਖਸ਼ੇ ਸਨ। ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ। ਆਪਣੀ ਕਿਰਪਾ ਰਾਹੀਂ ਉਸ ਨੇ ਸਾਨੂੰ ਚੰਗੀ ਆਸ ਅਤੇ ਆਰਾਮ ਦਿੱਤਾ ਹੈ ਜਿਹੜਾ ਅਮਰ ਹੈ।
ਸਾਡੇ ਲਈ ਪ੍ਰਾਰਥਨਾ ਕਰੋ
3 ਅੰਤਕਾਰ, ਭਰਾਵੋ ਅਤੇ ਭੈਣੋ, ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਪ੍ਰਭੂ ਦੇ ਉਪਦੇਸ਼ ਛੇਤੀ ਫ਼ੈਲਣੇ ਜਾਰੀ ਰਹਿਣ। ਪ੍ਰਾਰਥਨਾ ਕਰੋ ਕਿ ਲੋਕ ਉਨ੍ਹਾਂ ਉਪਦੇਸ਼ਾਂ ਨੂੰ ਉਸੇ ਤਰ੍ਹਾਂ ਮਾਣ ਦੇਣ ਜਿਵੇਂ ਕਿ ਇਹ ਤੁਹਾਡੇ ਨਾਲ ਵਾਪਰਿਆ। 2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦ ਵਾਲੇ ਲੋਕਾਂ ਤੋਂ ਸੁਰੱਖਿਅਤ ਰਹੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ।
3 ਪਰ ਪ੍ਰਭੂ ਵਫ਼ਾਦਾਰ ਹੈ। ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ (ਸ਼ੈਤਾਨ) ਤੋਂ ਬਚਾਵੇਗਾ। 4 ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਕਹੀਆਂ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਂਗੇ। 5 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡੇ ਹਿਰਦਿਆਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ।
ਕੰਮ ਦਾ ਫ਼ਰਜ਼
6 ਭਰਾਵੋ ਅਤੇ ਭੈਣੋ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਅਧਿਕਾਰ ਰਾਹੀਂ ਤੁਹਾਨੂੰ ਇਹ ਆਦੇਸ਼ ਦਿੰਦੇ ਹਾਂ ਕਿ ਉਸ ਸ਼ਰਧਾਲੂ ਤੋਂ ਦੂਰ ਰਹੋ ਜਿਹੜਾ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਉਹ ਲੋਕ ਜਿਹੜੇ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਉਪਦੇਸ਼ਾਂ ਤੇ ਅਮਲ ਨਹੀਂ ਕਰ ਰਹੇ, ਜਿਹੜੇ ਅਸੀਂ ਉਨ੍ਹਾਂ ਨੂੰ ਦਿੱਤੇ ਸਨ। 7 ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਅਸੀਂ ਰਹਿੰਦੇ ਹਾਂ, ਜਦੋਂ ਅਸੀਂ ਤੁਹਾਡੇ ਨਾਲ ਸਾਂ, ਅਸੀਂ ਆਲਸੀ ਨਹੀਂ ਸਾਂ। 8 ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾ ਉਸਦੀ ਕੀਮਤ ਦਿੱਤੀ, ਅਸੀਂ ਸਖਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਣ ਨਾ ਬਣੀਏ। ਅਸੀਂ ਲਗਭਗ ਦਿਨ ਰਾਤ ਕੰਮ ਕਰਦੇ ਰਹੇ। 9 ਸਾਡੇ ਕੋਲ ਤੁਹਾਨੂੰ ਸਾਡੀ ਸਹਾਇਤਾ ਕਰਨ ਲਈ ਆਖਣ ਦਾ ਅਧਿਕਾਰ ਸੀ। ਪਰ ਅਸੀਂ ਆਪਣਾ ਧਿਆਨ ਰੱਖਣ ਲਈ ਕੰਮ ਕੀਤਾ ਤਾਂ ਕਿ ਅਸੀਂ ਤੁਹਾਡੇ ਲਈ ਅਨੁਸਰਣ ਕਰਨ ਦਾ ਇੱਕ ਉਦਾਹਰਣ ਬਣ ਸੱਕੀਏ। 10 ਜਦੋਂ ਅਸੀਂ ਤੁਹਾਡੇ ਕੋਲ ਸਾਂ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਦੋਂ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਹੀਂ ਕਰੇਗਾ।”
11 ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁਝ ਲੋਕ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਉਹ ਕੁਝ ਨਹੀਂ ਕਰਦੇ ਅਤੇ ਉਹ ਲੋਕ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ। 12 ਅਸੀਂ ਉਨ੍ਹਾਂ ਲੋਕਾਂ ਨੂੰ ਹੁਕਮ ਦਿੰਦੇ ਹਾਂ ਕਿ ਉਹ ਹੋਰਨਾਂ ਨੂੰ ਕਸ਼ਟ ਦੇਣਾ ਬੰਦ ਕਰ ਦੇਣ ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਉਨ੍ਹਾਂ ਨੂੰ ਕੰਮ ਕਰਕੇ ਆਪਣਾ ਭੋਜਨ ਕਮਾਉਣ ਦੀ ਬੇਨਤੀ ਕਰਦੇ ਹਾਂ। 13 ਭਰਾਵੋ ਅਤੇ ਭੈਣੋ, ਚੰਗਿਆਈ ਕਰਦਿਆਂ ਨਾ ਥੱਕੋ।
14 ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ। ਉਸ ਵਿਅਕਤੀ ਨਾਲ ਸੰਗਤ ਨਾ ਕਰੋ। ਤਾਂ ਜੋ ਉਹ ਸ਼ਰਮਿੰਦਾ ਹੋਵੇਗਾ। 15 ਪਰ ਉਸ ਨੂੰ ਇੰਝ ਕਰਾਰ ਨਾ ਦਿਉ ਜਿਵੇਂ ਕਿ ਉਹ ਤੁਹਾਡਾ ਦੁਸ਼ਮਣ ਹੋਵੇ। ਸਗੋਂ ਉਸ ਨੂੰ ਇੱਕ ਭਰਾ ਵਾਂਗ ਚਿਤਾਵਨੀ ਦਿਉ।
ਅੰਤਿਮ ਨਿਰਦੇਸ਼
16 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾ ਸ਼ਾਂਤੀ ਦੇਵੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਤੁਹਾਨੂੰ ਹਰ ਸਮੇਂ ਅਤੇ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹੇ।
17 ਮੈਂ ਪੌਲੁਸ ਹਾਂ, ਅਤੇ ਮੈਂ ਇਹ ਸ਼ੁਭਕਾਮਨਾਵਾਂ ਆਪਣੇ ਖੁਦ ਦੇ ਹੱਥੀ ਲਿਖ ਰਿਹਾ ਹਾਂ। ਮੇਰੇ ਸਾਰੇ ਪੱਤਰਾਂ ਉੱਤੇ ਇਹ ਖਾਸ ਨਿਸ਼ਾਨ ਹੈ ਅਤੇ ਇਹ ਦਰਸ਼ਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ। ਮੈਂ ਇਵੇਂ ਹੀ ਲਿਖਦਾ ਹਾਂ।
18 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
2010 by Bible League International