ਹੋਸ਼ੇਆ 4-11
Punjabi Bible: Easy-to-Read Version
ਯਹੋਵਾਹ ਇਸਰਾਏਲ ਦੇ ਖਿਲਾਫ਼ ਨਾਰਾਜ਼ ਹੈ
4 ਹੇ ਇਸਰਾਏਲ ਦੇ ਲੋਕੋ! ਯਹੋਵਾਹ ਦਾ ਸੰਦੇਸ਼ ਸੁਣੋ! ਯਹੋਵਾਹ ਉਨ੍ਹਾਂ ਦੇ ਵਿਰੁੱਧ ਜਿਹੜੇ ਇਸ ਦੇਸ ਵਿੱਚ ਰਹਿੰਦੇ ਹਨ ਆਪਣੀ ਦਲੀਲ ਦੱਸੇਗਾ। “ਇਸ ਦੇਸ ਦੇ ਲੋਕ ਅਸਲੋਁ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਸ ਪ੍ਰਤੀ ਸੱਚੇ ਅਤੇ ਵਫ਼ਾਦਾਰ ਹਨ। 2 ਉਹ ਦੂਸਰਿਆਂ ਨੂੰ ਸਰਾਪਦੇ ਹਨ, ਖੂਨ ਕਰਦੇ ਹਨ, ਝੂਠ ਬੋਲਦੇ ਹਨ ਅਤੇ ਚੋਰੀ ਕਰਦੇ ਹਨ। ਉਹ ਬਦਕਾਰੀ ਕਰਦੇ ਹਨ ਅਤੇ ਨਾਜਾਇਜ਼ ਬੱਚੇ ਪੈਦਾ ਕਰਦੇ ਹਨ। ਉਹ ਬਾਰ-ਬਾਰ ਖੂਨ ਕਰਦੇ ਹਨ। 3 ਇਸੇ ਕਾਰਣ ਇਹ ਦੇਸ਼ ਮੁਰਦੇ ਲਈ ਰੋ ਰਹੇ ਆਦਮੀ ਵਰਗਾ ਹੈ ਅਤੇ ਇਸ ਦੇ ਸਾਰੇ ਵਾਸੀ ਕਮਜ਼ੋਰ ਹਨ। ਖੇਤਾਂ ਦੇ ਜਾਨਵਰ, ਅਕਾਸ਼ ਵਿੱਚਲੇ ਪੰਛੀ ਅਤੇ ਸਮੁੰਦਰ ਵਿੱਚਲੀਆਂ ਮੱਛੀਆਂ ਵੀ ਮਰ ਰਹੀਆਂ ਹਨ। 4 ਪਰ ਕਿਸੇ ਮਨੁੱਖ ਨੂੰ ਦਲੀਲਬਾਜੀ ਨਹੀਂ ਕਰਨੀ ਚਾਹੀਦੀ ਜਾਂ ਦੂਜੇ ਤੇ ਇਲਜ਼ਾਮ ਨਹੀਂ ਧਰਨਾ ਚਾਹੀਦਾ। ਜਾਜਕ, ਮੇਰੀ ਦਲੀਲ ਤੇਰੇ ਨਾਲ ਹੈ। 5 ਤੁਸੀਂ (ਜਾਜਕ) ਦਿਨ ਵੇਲੇ ਠੋਕਰ ਖਾਵੋਂਗੇ। ਅਤੇ ਰਾਤ ਨੂੰ, ਨਬੀ ਵੀ ਤੁਹਾਡੇ ਨਾਲ ਠੋਕਰ ਖਾਕੇ ਡਿੱਗਣਗੇ ਅਤੇ ਮੈਂ ਤੁਹਾਡੀ ਮਾਂ ਦਾ ਨਾਸ ਕਰ ਦਿਆਂਗਾ।
6 “ਮੇਰੀ ਪਰਜਾ ਗਿਆਨ ਵਿਹੁਣੀ ਹੋਣ ਕਾਰਣ ਨਾਸ ਹੁੰਦੀ ਹੈ। ਤੁਸੀਂ ਸਿੱਖਣੋਂ ਇਨਕਾਰੀ ਹੋਏ ਇਸ ਲਈ ਮੈਂ ਤੁਹਾਨੂੰ ਆਪਣੇ ਲਈ ਜਾਜਕ ਠਹਿਰਾਉਣ ਤੋਂ ਇਨਕਾਰੀ ਹੋਵਾਂਗਾ। ਤੁਸੀਂ ਆਪਣੇ ਯਹੋਵਾਹ ਦੀ ਬਿਵਸਬਾ ਨੂੰ ਭੁੱਲ ਗਏ ਇਸ ਲਈ ਮੈਂ ਤੁਹਾਡੀ ਸੰਤਾਨ ਨੂੰ ਵਿਸਾਰਾਂਗਾ। 7 ਉਹ ਹਂਕਾਰੀ ਹੋਏ ਤੇ ਉਨ੍ਹਾਂ ਮੇਰੇ ਵਿਰੁੱਧ ਹੋਰ ਘਨੇ ਪਾਪ ਕੀਤੇ ਇਸ ਲਈ ਮੈਂ ਉਨ੍ਹਾਂ ਦੇ ਮਨਾਂ ਨੂੰ ਸ਼ਰਮਿੰਦਗੀ ਵਿੱਚ ਬਦਲਾਂਗਾ।
8 “ਜਾਜਕ ਮੇਰੇ ਲੋਕਾਂ ਦੇ ਪਾਪਾਂ ਨਾਲ ਪੇਟ ਨੂੰ ਭਰਦੇ ਹਨ ਅਤੇ ਉਨ੍ਹਾਂ ਦੇ ਪਾਪਾਂ ਦੀ ਵੱਧ ਤੋਂ ਵੱਧ ਚਾਹਨਾ ਕਰਦੇ ਹਨ। 9 ਇਸ ਲਈ ਜਾਜਕ ਕਿਸੇ ਤਰ੍ਹਾਂ ਵੀ ਲੋਕਾਂ ਨਾਲੋਂ ਘੱਟ ਨਹੀਂ ਹਨ। ਮੈਂ ਉਨ੍ਹਾਂ ਦੀਆਂ ਕਰਨੀਆਂ ਕਾਰਣ ਉਨ੍ਹਾਂ ਨੂੰ ਦੰਡ ਦੇਵਾਂਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਗ਼ਲਤ ਕਰਨੀਆਂ ਲਈ ਮੋੜਾ ਦੇਵਾਂਗਾ। 10 ਉਹ ਖਾਣਗੇ, ਪਰ ਉਨ੍ਹਾਂ ਨੂੰ ਰੱਜ ਨਹੀਂ ਆਵੇਗਾ। ਉਹ ਜਿਨਸੀ ਪਾਪ ਕਰਨਗੇ, ਪਰ ਉਨ੍ਹਾਂ ਦੇ ਔਲਾਦ ਨਹੀਂ ਹੋਵੇਗੀ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਰਗੇ ਬਣ ਗਏ।
11 “ਜਿਨਸੀ ਪਾਪ, ਸ਼ਰਾਬ ਅਤੇ ਨਵੀਂ ਮੈਅ ਇਨਸਾਨ ਦੀ ਸਿੱਧੀ ਸੋਚਣ ਦੀ ਯੋਗਤਾ ਨੂੰ ਨਸ਼ਟ ਕਰ ਦਿੰਦੇ ਹਨ। 12 ਮੇਰੇ ਲੋਕ ਲੱਕੜੀ ਦੀਆਂ ਸੋਟੀਆਂ ਤੋਂ ਸਲਾਹਾਂ ਪੁੱਛਦੇ ਹਨ। ਉਹ ਸੋਚਦੇ ਹਨ ਕਿ ਇਹ ਸੋਟੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉੱਤਰ ਦੇ ਸੱਕਦੀਆਂ ਹਨ। ਕਿਉਂ ਕਿ ਉਹ ਵੇਸਵਾਵਾਂ ਵਾਂਗ ਝੂਠੇ ਦੇਵਤਿਆਂ ਮਗਰ ਭੱਜਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਾਂਗ ਵਿਖਾਵਾ ਕੀਤਾ। 13 ਉਹ ਪਹਾੜਾਂ ਦੀਆਂ ਚੋਟੀਆਂ ਉੱਪਰ ਜਾਕੇ ਬਲੀਆਂ ਚੜ੍ਹਾਉਂਦੇ ਹਨ ਅਤੇ ਬਲੂਤ, ਪਿੱਪਲ ਅਤੇ ਚੀਲ ਦੇ ਦ੍ਰੱਖਤਾਂ ਹੇਠਾਂ ਧੂਫ਼ਾਂ ਧੁਖਾਉਂਦੇ ਹਨ। ਉਨ੍ਹਾਂ ਰੁੱਖਾਂ ਹੇਠਾਂ ਛਾਵਾਂ ਸੋਹਣੀਆਂ ਲਗਦੀਆਂ ਹਨ ਜਿਸ ਕਾਰਣ ਤੁਹਾਡੀਆਂ ਧੀਆਂ ਉਨ੍ਹਾਂ ਰੁੱਖਾਂ ਹੇਠ ਵੇਸਵਾਵਾਂ ਵਾਂਗ ਪੈ ਜਾਂਦੀਆਂ ਅਤੇ ਤੁਹਾਡੀਆਂ ਨੂੰਹਾਂ ਜਿਨਸੀ ਪਾਪ ਕਰਦੀਆਂ ਹਨ।
14 “ਜਦੋਂ ਤੁਹਾਡੀਆਂ ਧੀਆਂ ਅਤੇ ਨੂੰਹਾਂ ਜਿਨਸੀ ਪਾਪ ਕਰਨ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਨਾ ਦਿਆਂਗਾ ਕਿਉਂ ਕਿ ਮਰਦ ਉਨ੍ਹਾਂ ਕੋਲ ਜਾਂਦੇ ਅਤੇ ਸੌਁਦੇ ਹਨ ਅਤੇ ਦੇਵ ਦਾਸੀਆਂ ਨਾਲ ਜਾਕੇ ਬਲੀਆਂ ਚੜ੍ਹਾਉਂਦੇ ਹਨ। ਇਉਂ ਇਹ ਮੂਰਖ ਲੋਕ ਆਪਣੇ-ਆਪ ਨੂੰ ਬਰਬਾਦ ਕਰ ਰਹੇ ਹਨ।
ਇਸਰਾਏਲ ਦੇ ਸ਼ਰਮਨਾਕ ਪਾਪ
15 “ਹੇ ਇਸਰਾਏਲ! ਭਾਵੇਂ ਤੂੰ ਵੇਸਵਾਵਾਂ ਵਰਗਾ ਸਲੂਕ ਕਰ ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਵੇਂ ਅਤੇ ਤੂੰ ਬੇਤ-ਆਵਾਨ ਨੂੰ ਨਾ ਚੜ੍ਹੇਂ। ਸੌਹ ਖਾਣ ਲਈ ਯਹੋਵਾਹ ਦੇ ਨਾਂ ਨੂੰ ਨਾ ਵਰਤੋਂ। ਜਿਉਂਦੇ ਯਹੋਵਾਹ ਦੀ ਸੌਂਹ ਨਾ ਖਾਓ। 16 ਇਸਰਾਏਲ, ਇੱਕ ਛੋਟੀ ਜਿੱਦੀ ਗਾਂ ਵਾਂਗ ਜਿੱਦੀ ਹੈ। ਕੀ ਹੁਣ ਯਹੋਵਾਹ ਨੂੰ ਉਨ੍ਹਾਂ ਨੂੰ ਲੇਲਿਆਂ ਵਾਂਗ ਖੁਲ੍ਹੀ ਚਰਾਂਦ ਵਿੱਚ ਚਾਰਾ ਦੇਣਾ ਚਾਹੀਦਾ ਹੈ? ਨਹੀਂ!
17 “ਅਫ਼ਰਾਈਮ ਆਪਣੇ ਬੁੱਤਾਂ ਨਾਲ ਜੁੜ ਗਿਆ ਹੈ, ਇਸ ਲਈ ਉਸ ਨੂੰ ਇੱਕਲਾ ਛੱਡ ਦਿਓ। 18 ਜਦੋਂ ਉਨ੍ਹਾਂ ਦੀ ਸ਼ਰਾਬ ਮੁੱਕ ਗਈ, ਉਨ੍ਹਾਂ ਨੇ ਆਪਣੇ ਆਪ ਨੂੰ ਜਿਨਸੀ ਪਾਪ ਨੂੰ ਦੇ ਦਿੰਦੇ ਹਨ ਅਤੇ ਉਨ੍ਹਾਂ ਦੇ ਸ਼ਾਸਕ ਸੱਚਮੁੱਚ ਸ਼ਰਮਨਾਕ ਰਾਹਾਂ ਨੂੰ ਡੂੰਘਿਆਂ ਪਿਆਰ ਕਰਦੇ ਹਨ। 19 ਉਹ ਇੱਕ ਵਾ-ਵਰੋਲੇ ਵਾਂਗ ਉਡਾਏ ਜਾ ਚੁੱਕੇ ਹਨ। ਉਨ੍ਹਾਂ ਦੀਆਂ ਬਲੀਆਂ ਉਨ੍ਹਾਂ ਲਈ ਸ਼ਰਮ ਲਿਆਉਂਦੀਆਂ ਹਨ। ਹਨ।
ਆਗੂ ਇਸਰਾਏਲ ਅਤੇ ਯਹੂਦਾਹ ਤੋਂ ਪਾਪ ਕਰਵਾਉਂਦੇ ਹਨ
5 “ਹੇ ਜਾਜਕੋ, ਇਸਰਾਏਲ ਦੇ ਲੋਕੋ ਅਤੇ ਪਾਤਸ਼ਾਹ ਦੇ ਘਰਾਣੇ ਦੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਤੁਸੀਂ ਦੋਸ਼ੀ ਠਹਿਰਾਏ ਗਏ ਹੋ।
“ਤੁਸੀਂ ਮਿਸਪਾਹ ਵਿਖੇ ਇੱਕ ਫ਼ਂਦੇ ਵਾਂਗ ਸੀ ਅਤੇ ਤਾਬੋਰ ਵਿਖੇ ਧਰਤੀ ਤੇ ਵਿਛੇ ਹੋਏ ਜਾਲ ਵਾਂਗ ਸੀ। 2 ਤੁਸੀਂ ਕਈ ਘੋਰ ਗੁਨਾਹ ਕੀਤੇ ਹਨ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸਜ਼ਾ ਦੇਵਾਂਗਾ। 3 ਮੈਂ ਅਫ਼ਰਾਈਮ ਨੂੰ ਅਤੇ ਜੋ ਗੱਲਾਂ ਇਸਰਾਏਲ ਨੇ ਕੀਤੀਆਂ ਜਾਣਦਾ ਹਾਂ-ਓ ਅਫ਼ਰਾਈਮ, ਤੇਰੇ ਵੇਸ਼ਵਾਈ ਰਵੱਈੇਏ ਕਾਰਣ, ਇਸਰਾਏਲ ਪਾਪ ਨਾਲ ਦੂਸ਼ਤ ਹੋ ਗਿਆ ਹੈ। 4 ਇਸਰਾਏਲੀਆਂ ਨੇ ਬਹੁਤ ਕੁਕਰਮ ਕੀਤੇ ਹਨ। ਜਿਹੜੇ ਹੁਣ ਉਨ੍ਹਾਂ ਨੂੰ ਪਰਮੇਸ਼ੁਰ ਵੱਲ ਪਰਤਨ ਤੋਂ ਰੋਕਦੇ ਹਨ। ਉਹ ਹੋਰਨਾਂ ਦੇਵਤਿਆਂ ਨੂੰ ਮੰਨਣ ਦੇ ਰਾਹਾਂ ਬਾਰੇ ਵੀ ਸੋਚਦੇ ਰਹਿੰਦੇ ਹਨ, ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ। 5 ਇਸਰਾਏਲ ਦਾ ਹਂਕਾਰ ਉਸ ਦੇ ਖਿਲਾਫ਼ ਇੱਕ ਗਵਾਹ ਹੈ। ਇਸਰਾਏਲ ਅਤੇ ਅਫ਼ਰਾਈਮ ਆਪਣੇ ਪਾਪਾਂ ਵਿੱਚ ਔਕੜਨਗੇ ਅਤੇ ਯਹੂਦਾਹ ਵੀ ਉਨ੍ਹਾਂ ਦੇ ਨਾਲ ਔਕੜ ਜਾਵੇਗਾ।
6 “ਲੋਕਾਂ ਦੇ ਆਗੂ ਆਪਣੇ ਇੱਜੜਾਂ ਅਤੇ ਵੱਗਾਂ ਦੇ ਨਾਲ ਯਹੋਵਾਹ ਨੂੰ ਲੱਭਣ ਲਈ ਨਿਕਲਣਗੇ, ਪਰ ਉਹ ਉਸ ਨੂੰ ਲੱਭ ਨਹੀਂ ਸੱਕਣਗੇ ਕਿਉਂ ਕਿ ਉਹ ਉਨ੍ਹਾਂ ਤੋਂ ਦੂਰ ਹੋ ਗਿਆ ਹੈ। 7 ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਹੇ। ਉਨ੍ਹਾਂ ਦੇ ਬੱਚੇ ਕਿਸੇ ਅਜਨਬੀ ਤੋਂ ਹਨ ਅਤੇ ਹੁਣ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧਰਤੀ ਨੂੰ ਮੁੜ ਤੋਂ ਨਾਸ ਕਰ ਦੇਵੇਗਾ।”
ਇਸਰਾਏਲ ਦੀ ਤਬਾਹੀ ਦੀ ਭਵਿੱਖਬਾਣੀ
8 “ਗਿਬਆਹ ਵਿੱਚ ਸਿੰਗ ਵਜਾਓ!
ਰਾਮਾਹ ਵਿੱਚ ਤੁਰ੍ਹੀ ਵਜਾਓ!
ਬੈਤ-ਆਵਾਨ ਵਿਖੇ ਚਿਤਾਵਨੀ ਦਿਓ।
ਹੇ ਬਿਨਯਾਮੀਨ, ਦੁਸ਼ਮਣ ਤੇਰੇ ਪਿੱਛੇ ਹੈ!
9 ਦੰਡ ਦੇ ਦਿਨ, ਅਫ਼ਰਾਈਮ ਖਾਲੀ
ਅਤੇ ਵੀਰਾਨ ਹੋ ਜਾਵੇਗਾ।
ਮੈਂ (ਪਰਮੇਸ਼ੁਰ) ਇਸਰਾਏਲ ਦੇ ਪਰਿਵਾਰਾਂ ਨੂੰ ਚੇਤਾਵਨੀ ਦਿੰਦਾ ਹਾਂ
ਕਿ ਉਹ ਗੱਲਾਂ ਸੱਚਮੁੱਚ ਵਾਪਰਨਗੀਆਂ।
10 ਯਹੂਦਾਹ ਦੇ ਆਗੂ ਚੋਰਾਂ ਵਾਂਗ ਦੂਜਿਆਂ ਦਾ ਮਾਲ ਚੁਰਾਉਂਦੇ ਹਨ
ਇਸ ਲਈ ਮੈਂ ਆਪਣਾ ਕਰੋਧ ਨਹਿਰ ਦੇ ਪਾਣੀਆਂ ਵਾਂਗ ਵਰ੍ਹਾਵਾਂਗਾ।
11 ਅਫ਼ਰਾਈਮ ਨੂੰ ਦੰਡ ਦਿੱਤਾ ਜਾਵੇਗਾ
ਉਹ ਅੰਗੂਰਾਂ ਵਾਂਗ ਮਿਧਿਆ ਅਤੇ ਕੁਚੱਲਿਆ ਜਾਵੇਗਾ,
ਕਿਉਂ ਕਿ ਉਸ ਨੇ (ਬਆਲ ਦੇ ਪੁਜਾਰੀਆਂ ਦੀਆਂ) ਬਿਧੀਆਂ ਤੇ ਚੱਲਣ ਦੀ ਠਾਨ ਲਈ ਹੈ।
12 ਮੈਂ ਅਫ਼ਰਾਈਮ ਨੂੰ ਨਾਸ ਕਰ ਦੇਵਾਂਗਾ ਜਿਵੇਂ ਕੀੜਾ ਕੱਪੜੇ ਨੂੰ ਖਾ ਜਾਂਦਾ ਹੈ
ਮੈਂ ਯਹੂਦਾਹ ਨੂੰ ਨਸ਼ਟ ਕਰ ਦੇਵਾਂਗਾ ਉਵੇਂ ਜਿਵੇਂ ਘੁਣ ਲੱਕੜ ਨੂੰ ਖਾ ਜਾਂਦਾ ਹੈ।
13 ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ ਅਤੇ ਯਹੂਦਾਹ ਨੇ, ਆਪਣਾ ਜ਼ਖਮ,
ਉਹ ਮਦਦ ਲਈ ਅੱਸ਼ੂਰ ਨੂੰ ਭੱਜੇ।
ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਮਹਾਨ ਪਾਤਸ਼ਾਹ ਨੂੰ ਦੱਸੀਆਂ
ਪਰ ਉਹ ਰਾਜਾ ਤੁਹਾਨੂੰ ਰਾਜੀ ਨਹੀਂ ਕਰ ਸੱਕਦਾ, ਉਹ ਤੁਹਾਡੇ ਜ਼ਖਮਾਂ ਨੂੰ ਨਹੀਂ ਭਰ ਸੱਕੇਗਾ।
14 ਕਿਉਂ ਕਿ ਮੈਂ ਅਫ਼ਰਾਈਮ ਲਈ ਇੱਕ ਸ਼ੇਰ ਵਾਂਗ ਹੋਵਾਂਗਾ।
ਮੈਂ ਯਹੂਦਾਹ ਦੀ ਕੌਮ ਲਈ ਇੱਕ ਜਵਾਨ ਸ਼ੇਰ ਵਾਂਗ ਹੋਵਾਂਗਾ।
ਹਾਂ, ਮੈਂ (ਯਹੋਵਾਹ) ਉਨ੍ਹਾਂ ਨੂੰ ਪਾੜ ਸੁੱਟਾਂਗਾ।
ਮੈਂ ਉਨ੍ਹਾਂ ਨੂੰ ਚੁੱਕ ਲੈ ਜਾਵਾਂਗਾ ਤੇ ਉਨ੍ਹਾਂ ਨੂੰ ਕੋਈ ਨਹੀਂ ਬਚਾ ਸੱਕੇਗਾ।
15 ਮੈਂ ਮੁੜ ਆਪਣੇ ਸਥਾਨ ਨੂੰ ਚੱਲਾ ਜਾਵਾਂਗਾ।
ਜਦ ਤੀਕ ਲੋਕ ਆਪਣੇ ਦੋਸ਼ ਮੰਨ ਕੇ ਮੈਨੂੰ ਨਾ ਭਾਲਣ।
ਹਾਂ, ਉਹ ਆਪਣੀ ਮੁਸੀਬਤ ਵਿੱਚ ਮੈਨੂੰ ਲੱਭਣ ਦਾ ਬੜਾ ਕਠਿਨ ਯਤਨ ਕ
ਯਹੋਵਾਹ ਵੱਲ ਪਰਤਣ ਦੇ ਇਨਾਮ
6 “ਆਓ, ਆਪਾਂ ਯਹੋਵਾਹ ਵੱਲ ਮੁੜੀਏ।
ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ।
ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
2 ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ,
ਤੀਜੇ ਦਿਨ, ਉਹ ਸਾਨੂੰ ਉਭਾਰੇਗਾ।
ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸੱਕਾਂਗੇ।
3 ਆਓ, ਆਪਾਂ ਯਹੋਵਾਹ ਨੂੰ ਜਾਣੀਏ।
ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ।
ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕੱਤਾ ਨਾਲ
ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ।
ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ,
ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।”
ਬੇਵਫ਼ਾ ਲੋਕ
4 “ਓ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ?
ਓ ਯਹੂਦਾਹ! ਮੈਂ ਤੇਰੇ ਨਾਲ ਕੀ ਕਰਾਂ?
ਤੇਰੀ ਵਫ਼ਾਦਾਰੀ ਸਵੇਰ ਦੀ ਧੁੰਦ ਵਾਂਗ ਹੈ
ਤੇਰੀ ਵਫਾਦਾਰੀ ਉਸ ਤਰੇਲ ਵਾਂਗ ਹੈ ਜਿਹੜੀ ਸਵੇਰ ਸਾਰ ਹੀ ਅਲੋਪ ਹੋ ਜਾਂਦੀ ਹੈ।
5 ਮੈਂ ਲੋਕਾਂ ਨੂੰ ਟੁਕੜਿਆਂ ਵਿੱਚ ਕੱਟਣ ਲਈ
ਨਬੀਆਂ ਨੂੰ ਵਰਤਿਆ।
ਉਹ ਮੇਰੇ ਆਦੇਸ਼ਾਂ ਤੇ ਮਾਰੇ ਗਏ ਸਨ।
ਮੇਰਾ ਨਿਆਂ ਰੌਸ਼ਨੀ ਵਾਂਗ ਆਉਂਦਾ ਹੈ।
6 ਕਿਉਂ ਕਿ ਮੈਂ ਵਫ਼ਾਦਾਰ ਪ੍ਰੇਮ ਚਾਹੁੰਦਾ ਹਾਂ
ਬਲੀਦਾਨ ਨਹੀਂ।
ਮੈਂ ਚਾਹੁਂਨਾ ਲੋਕ ਪਰਮੇਸ਼ੁਰ ਨੂੰ ਜਾਨਣ,
ਨਾ ਕਿ ਹੋਮ ਚੜ੍ਹਾਵੇ ਲਿਆਉਣ।
7 ਪਰ ਲੋਕਾਂ ਨੇ ਆਦਮ [a] ਵਿਖੇ ਇਕਰਾਰਨਾਮਾ ਤੋੜ ਦਿੱਤਾ।
ਉਹ ਓੱਥੇ ਮੇਰੇ ਨਾਲ ਬੇਵਫ਼ਾ ਸਨ।
8 ਗਿਲਆਦ ਉਨ੍ਹਾਂ ਲੋਕਾਂ ਦਾ ਸ਼ਹਿਰ ਹੈ ਜੋ ਬਦੀ ਕਰਦੇ ਹਨ।
ਉਹ ਗੁਮਰਾਹ ਕਰਕੇ ਦੂਸਰਿਆਂ ਨੂੰ ਮਾਰ ਦਿੰਦੇ ਹਨ।
9 ਡਾਕੂ ਛੁਪ ਕੇ ਹਮਲਾ ਕਰਨ ਦੀ ਉਡੀਕ ਕਰਦੇ ਹਨ ਉਸ ਦੇ ਤਰ੍ਹਾਂ ਪੁਜਾਰੀ ਇਕੱਠੇ ਹੋਕੇ,
ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਉਹ ਬਦਕਾਰੀ ਕਰਦੇ ਹਨ।
10 ਇਸਰਾਏਲੀ ਕੌਮ ਵਿੱਚ, ਮੈਂ ਇੱਕ ਭਿਆਨਕ ਚੀਜ਼ ਵੇਖੀ।
ਅਫ਼ਰਾਈਮ ਪਰਮੇਸ਼ੁਰ ਨੂੰ ਵਫ਼ਾਦਾਰ ਨਹੀਂ ਸੀ
ਅਤੇ ਇਸਰਾਏਲ ਪਾਪ ਨਾਲ ਦੂਸ਼ਿਤ ਹੋ ਗਿਆ।
11 ਯਹੂਦਾਹ, ਤੇਰੇ ਲਈ ਵੀ ਇੱਕ ਵਾਢੀ ਦਾ ਸਮਾਂ ਹੈ।
ਇਹ ਉਦੋਂ ਵਾਪਰੇਗਾ ਜਦੋਂ ਮੈਂ ਆਪਣੇ ਲੋਕਾਂ ਨੂੰ ਕੈਦਖਾਨੇ ਤੋਂ ਮੋੜ ਲਿਆਵਾਂਗਾ।”
7 “ਮੈਂ ਇਸਰਾਏਲ ਨੂੰ ਤੰਦਰੁਸਤ ਕਰਾਂਗਾ,
ਫ਼ੇਰ ਅਫ਼ਰਾਈਮ ਦੇ ਪਾਪ ਪਰਗਟ ਕੀਤੇ ਜਾਣਗੇ।
ਲੋਕ ਸਾਮਰਿਯਾ ਦੇ ਪਾਪਾਂ ਬਾਰੇ ਵੀ ਜਾਣ ਲੈਣਗੇ।
ਉਹ ਸਾਮਰਿਯਾ ਦੇ ਕਪਟ ਅਤੇ ਸਾਮਰਿਯਾ ਵਿੱਚ ਆਉਂਦੇ ਅਤੇ ਬਾਹਰ ਜਾਂਦੇ ਚੋਰਾਂ ਬਾਰੇ ਜਾਣ ਲੈਣਗੇ।
2 ਉਨ੍ਹਾਂ ਨੂੰ ਇਹ ਯਕੀਨ ਨਹੀਂ ਕਿ ਮੈਂ ਉਨ੍ਹਾਂ ਦੇ ਪਾਪ ਯਾਦ ਰੱਖਦਾ
ਜੋ ਪਾਪ ਉਨ੍ਹਾਂ ਨੇ ਕੀਤੇ ਸਾਰੀਁ ਪਾਸੀਂ ਫ਼ੈਲ ਗਏ ਹਨ।
ਮੈਂ ਉਨ੍ਹਾਂ ਦੇ ਪਾਪ ਸਾਫ਼-ਸਾਫ਼ ਵੇਖ ਸੱਕਦਾ ਹਾਂ।
3 ਉਹ ਆਪਣੀਆਂ ਬਦੀਆਂ ਨਾਲ ਪਾਤਸ਼ਾਹ ਨੂੰ ਖੁਸ਼ ਕਰਦੇ ਹਨ
ਆਪਣੇ ਝੂਠਾਂ ਨਾਲ ਆਗੂਆਂ ਨੂੰ ਖੁਸ਼ ਕਰਦੇ ਹਨ।
4 ਉਹ ਸਾਰੇ ਬਦਕਾਰ ਹਨ।
ਉਹ ਨਾਨਬਾਈ ਦੁਆਰਾ ਗਰਮ ਕੀਤੇ ਹੋਏ ਇੱਕ ਤੰਦੂਰ ਵਾਂਗ ਹਨ।
ਉਹ ਆਟੇ ਨੂੰ ਗੁਂਨਣ ਤੋਂ ਲੈ ਕੇ ਇਸ ਦੇ ਉਫ਼ਾਨ ਦੇ ਸਮੇਂ ਤੀਕ ਅੱਗ ਨੂੰ ਨਹੀਂ
ਹਿਲਾਉਂਦਾ ਪਰ ਤੰਦੂਰ ਗਰਮ ਰਹਿੰਦਾ ਹੈ।
5 ਸਾਡੇ ਪਾਤਸ਼ਾਹ ਦੇ ਦਿਨ, ਉਹ ਅੱਗ ਨੂੰ ਹੋਰ ਵੀ ਤਪਾਉਂਦੇ ਹਨ।
ਉਹ ਪੀਣ ਦੀਆਂ ਦਾਅਵਤਾਂ ਦਿੰਦੇ ਹਨ।
ਆਗੂ ਮੈਅ ਦੀ ਗਰਮੀ ਨਾਲ ਬੀਮਾਰ ਹੋ ਜਾਂਦੇ ਹਨ
ਅਤੇ ਰਾਜੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹਨ ਜੋ ਪਰਮੇਸ਼ੁਰ ਦਾ ਮਜ਼ਾਕ ਉਡਾਉਂਦੇ ਹਨ।
6 ਲੋਕ ਗੁਪਤ ਵਿਉਂਤਾ ਬਣਾਉਂਦੇ ਹਨ।
ਉਨ੍ਹਾਂ ਦੇ ਦਿਲ ਉੱਤੇਜਨਾ ਦੀ ਅੱਗ ਨਾਲ ਬਲਦੇ ਹਨ।
ਤੇ ਸਾਰੀ ਰਾਤ ਉਨ੍ਹਾਂ ਦੀ ਉੱਤੇਜਨਾ ਬਲਦੀ ਹੈ
ਤੇ ਦਿਨ ਚਢ਼ਨ ਤੀਕ ਇਹ ਮੱਚਦੀ ਅੱਗ ਦੇ ਗੋਲੇ ਵਾਂਗ ਹੁੰਦੀ ਹੈ।
7 ਉਹ ਸਭ ਭਖੇ ਤੰਦੂਰ ਵਾਂਗਰਾਂ
ਉਨ੍ਹਾਂ ਆਪਣੇ ਸ਼ਾਸਕ ਨਸ਼ਟ ਕੀਤੇ
ਉਨ੍ਹਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ
ਪਰ ਕਿਸੇ ਇੱਕ ਨੇ ਵੀ ਮੈਨੂੰ ਨਾ ਪੁਕਾਰਿਆ।”
ਇਸਰਾਏਲ ਨਹੀਂ ਜਾਣਦੀ ਕਿ ਇਹ ਤਬਾਹ ਹੋ ਜਾਵੇਗੀ
8 “ਅਫ਼ਰਾਈਮ ਹੋਰਨਾਂ ਕੌਮਾਂ ਨਾਲ ਰਲ ਜਾਂਦਾ
ਉਹ ਇੱਕ ਪੂਰੀ ਤਰ੍ਹਾਂ ਨਾ ਪੱਕੇ ਹੋਏ ਕੇਕ ਵਰਗਾ ਹੈ।
9 ਅਜਨਬੀ ਉਸਦੀ ਸ਼ਕਤੀ ਲੁਟ ਲਿਜਾਂਦੇ ਹਨ
ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ।
ਉਸ ਦੇ ਧੌਲੇ ਆਉਣ ਲੱਗ ਪਏ ਹਨ,
ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦਾ।
10 ਅਫ਼ਰਾਈਮ ਦਾ ਹਂਕਾਰ ਉਸ ਦੇ ਹੀ ਵਿਰੁੱਧ ਬੋਲਦਾ ਹੈ।
ਲੋਕਾਂ ਨੂੰ ਇੰਨੀਆਂ ਦੁੱਖ ਅਤੇ ਤਕਲੀਫ਼ਾਂ ਹਨ
ਪਰ ਫ਼ਿਰ ਵੀ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ
ਪਰਤ ਕੇ ਮਦਦ ਲਈ ਨਹੀਂ ਪੁਕਾਰਦੇ।
11 ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ!
ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ
ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ।
12 ਇਹ ਇਨ੍ਹਾਂ ਦੇਸਾਂ ਕੋਲ ਸਹਾਇਤਾ ਲਈ ਜਾਂਦੇ ਹਨ
ਪਰ ਮੈਂ ਆਪਣਾ ਜਾਲ ਉਨ੍ਹਾਂ ਉੱਪਰ ਵਿਛਾਵਾਂਗਾ
ਅਤੇ ਅਕਾਸ਼ ਦੇ ਪੰਛੀਆਂ ਵਾਂਗ ਉਨ੍ਹਾਂ ਨੂੰ ਹੇਠਾਂ ਲੈ ਆਵਾਂਗਾ।
ਮੈਂ ਉਨ੍ਹਾਂ ਦੇ ਨੇਮਾਂ ਕਾਰਣ ਉਨ੍ਹਾਂ ਨੂੰ ਸਜ਼ਾ ਦੇਵਾਂਗਾ।
13 ਉਹ ਮੈਨੂੰ ਛੱਡ ਗਏ ਇਹ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ
ਉਹ ਮੈਨੂੰ ਮੰਨਣ ਤੋਂ ਇਨਕਾਰੀ ਹੋਏ ਇਸ ਲਈ ਉਹ ਨਸ਼ਟ ਕੀਤੇ ਜਾਣਗੇ।
ਮੈਂ ਉਨ੍ਹਾਂ ਨੂੰ ਬਚਾਇਆ
ਰ ਉਹ ਮੇਰੇ ਵਿਰੁੱਧ ਝੂਠ ਬੋਲਦੇ ਹਨ।
14 ਉਹ ਕਦੇ ਮੈਨੂੰ ਆਪਣੇ ਦਿਲੋਂ ਨਹੀਂ ਪੁਕਾਰਦੇ।
ਹਾਂ, ਉਹ ਆਪਣੇ ਬਿਸਤਰਿਆਂ ਤੇ ਰੋਦੇ ਹਨ,
ਅਤੇ ਆਪਣੇ-ਆਪ ਨੂੰ ਕਟਦੇ ਹਨ ਜਦੋਂ ਉਹ ਭੋਜਨ ਅਤੇ ਨਵੀਂ ਮੈ ਮੰਗਦੇ ਹਨ,
ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਮੈਥੋਂ ਪਰ੍ਹਾਂ ਮੁੜ ਗਏ ਹਨ।
15 ਮੈਂ ਉਨ੍ਹਾਂ ਨੂੰ ਸਿੱਖਾਇਆ ਅਤੇ ਉਨ੍ਹਾਂ ਦੀਆਂ ਬਾਹਵਾਂ ਮਜਬੂਤ ਕੀਤੀਆਂ
ਪਰ ਉਹ ਮੇਰੇ ਹੀ ਵਿਰੁੱਧ ਦੁਸ਼ਟ ਯੋਜਨਾਵਾਂ ਘੜਦੇ ਹਨ।
16 ਉਹ ਇੱਕ ਮੁੜੀ ਹੋਈ ਸੋਟੀ [b] ਵਰਗੇ ਹਨ।
ਉਨ੍ਹਾਂ ਨੇ ਦਿਸ਼ਾਵਾਂ ਬਦਲੀਆਂ, ਪਰ ਮੇਰੇ ਕੋਲ ਵਾਪਸ ਨਾ ਆਏ,
ਉਨ੍ਹਾਂ ਦੇ ਪ੍ਰਧਾਨ ਆਗੂ ਆਪਣੀ ਹੰਕਾਰੀ ਜੀਭ ਕਾਰਣ ਆਪਣੀ ਤਲਵਾਰ ਨਾਲ ਹੇਠਾਂ ਡਿੱਗ ਪੈਣਗੇ
ਅਤੇ ਮਿਸਰ ਵਿੱਚਲੇ ਲੋਕ ਉਨ੍ਹਾਂ ਤੇ ਹੱਸਣਗੇ।
ਬੁੱਤ ਉਪਾਸਨਾ ਕਾਰਣ ਹੁੰਦਾ ਨਾਸ
8 “ਆਪਣੇ ਬੁੱਲ੍ਹਾਂ ਨਾਲ ਤੁਰ੍ਹੀ ਵਜਾ ਅਤੇ ਚੇਤਾਵਨੀ ਦੇ। ਯਹੋਵਾਹ ਦੇ ਘਰ ਉੱਪਰ ਬਾਜ ਵਾਂਗ ਰਹਿ। ਇਸਰਾਏਲੀਆਂ ਨੇ ਮੇਰੇ ਇੱਕਰਾਨਾਮੇ ਨੂੰ ਤੋੜਿਆ। ਉਨ੍ਹਾਂ ਨੇ ਮੇਰੀ ਬਿਵਸਬਾ ਦਾ ਪਾਲਨ ਨਹੀਂ ਕੀਤਾ। 2 ਉਨ੍ਹਾਂ ਮੇਰੇ ਅੱਗੇ ਲੇਰਾਂ ਮਾਰੀਆਂ, ‘ਹੇ ਸਾਡੇ ਪਰਮੇਸ਼ੁਰ! ਅਸੀਂ ਇਸਰਾਏਲ ਵਿੱਚਲੇ ਤੈਨੂੰ ਜਾਣਦੇ ਹਾਂ!’ 3 ਪਰ ਇਸਰਾਏਲ ਨੇ ਚੰਗੀਆਂ ਵਸਤਾਂ ਨੂੰ ਇਨਕਾਰ ਕੀਤਾ ਇਸ ਲਈ ਵੈਰੀਆਂ ਉਸਦਾ ਪਿੱਛਾ ਕੀਤਾ। 4 ਇਸਰਾਏਲੀਆਂ ਨੇ ਆਪਣੇ ਪਾਤਸ਼ਾਹ ਬਣਾਏ, ਪਰ ਉਹ ਮੇਰੇ ਕੋਲ ਸਲਾਹ ਲਈ ਨਾ ਆਏ। ਉਨ੍ਹਾਂ ਆਪਣੇ ਆਗੂ ਚੁਣੇ ਪਰ ਜਿਨ੍ਹਾਂ ਮਨੁੱਖਾਂ ਨੂੰ ਮੈਂ ਜਾਣਦਾ ਸੀ, ਉਨ੍ਹਾਂ ਨੇ ਉਹ ਨਾ ਚੁਣੇ। ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੀ ਵਰਤੋਂ ਆਪਣੇ ਬੁੱਤਾਂ ਨੂੰ ਬਨਾਉਣ ਲਈ ਕੀਤੀ। ਇਸ ਲਈ ਉਹ ਤਬਾਹ ਹੋ ਜਾਣਗੇ। 5-6 ਹੇ ਸਾਮਰਿਯਾ! ਯਹੋਵਾਹ ਨੇ ਤੇਰੇ ਵੱਛੇ ਤੋਂ ਇਨਕਾਰ ਕਰ ਦਿੱਤਾ ਹੈ। ਪਰਮੇਸ਼ੁਰ ਆਖਦਾ, ‘ਮੈਂ ਇਸਰਾਏਲੀਆਂ ਨਾਲ ਬਹੁਤ ਗੁੱਸੇ ਹਾਂ।’ ਉਨ੍ਹਾਂ ਨੂੰ ਆਪਣੇ ਪਾਪਾਂ ਕਾਰਣ ਸਜ਼ਾ ਮਿਲੇਗੀ। ਇੱਕ ਕਾਰੀਗਰ ਨੇ ਉਨ੍ਹਾਂ ਮੂਰਤੀਆਂ ਨੂੰ ਬਣਾਇਆ ਹੈ ਅਤੇ ਇਹ ਪਰਮੇਸ਼ੁਰ ਨਹੀਂ ਹਨ। ਸਾਮਰਿਯਾ ਦਾ ਵੱਛਾ ਟੁਕੜੇ-ਟੁਕੜੇ ਕਰ ਦਿੱਤਾ ਜਾਵੇਗਾ। 7 ਇਸਰਾਏਲੀਆਂ ਨੇ ਇੱਕ ਮੂਰੱਖਤਾਈ ਕੀਤੀ ਸੀ। ਉਨ੍ਹਾਂ ਨੇ ਹਵਾ ਬੀਜੀ ਅਤੇ ਉਹ ਝੱਖੜ ਦੀ ਵਾਢੀ ਕਰਨਗੇ। ਉੱਥੇ ਕੋਈ ਫਸਲ ਨਹੀਂ ਹੋਵੇਗੀ। ਜੇਕਰ ਬੀਜ ਪੁਂਗਰੇ ਵੀ, ਇਹ ਕੋਈ ਅਨਾਜ ਪੈਦਾ ਨਹੀਂ ਕਰਨਗੇ। ਜੇਕਰ ਕੁਝ ਉੱਗ ਵੀ ਪਿਆ, ਵਿਦੇਸ਼ੀ ਉਸ ਨੂੰ ਖਾ ਜਾਣਗੇ।
8 “ਇਸਰਾਏਲ ਨਸ਼ਟ ਕੀਤਾ ਗਿਆ ਸੀ।
ਇਸਦੇ ਲੋਕ ਬੇਕਾਰ ਭਾਂਡਿਆਂ ਵਰਗੇ ਹਨ ਜੋ ਸੁੱਟ ਦਿੱਤੇ ਗਏ ਸਨ।
ਉਹ ਕੌਮਾਂ ਦਰਮਿਆਨ ਖਿਲਰੇ ਹੋਏ ਹਨ।
9 ਅਫ਼ਰਾਈਮ ਆਪਣੇ ‘ਪ੍ਰੇਮੀਆਂ’ ਵੱਲ ਪਰਤਿਆ
ਜੰਗਲੀ ਖੋਤੇ ਵਾਂਗ ਉਹ ਅੱਸ਼ੂਰ ਨੂੰ ਭਟਕ ਗਿਆ।
10 ਭਾਵੇਂ ਇਸਰਾਏਲ ਕੌਮਾਂ ਦਰਮਿਆਨ ਆਪਣੇ ‘ਪ੍ਰੇਮੀਆਂ’ ਕੋਲ ਗਈ,
ਮੈਂ ਇਸਰਾਏਲੀਆਂ ਨੂੰ ਇਕੱਠਿਆਂ ਕਰਾਂਗਾ
ਪਰ ਉਨ੍ਹਾਂ ਨੂੰ ਹੁਣ ਤੋਂ ਕੁਝ ਹੀ ਸਮੇਂ ਬਾਅਦ ਤਾਕਤਵਰ
ਰਾਜੇ ਦੇ ਬੋਝ ਝੱਲਣੇ ਸੁਰੂ ਕਰਨੇ ਪੈਣਗੇ।
ਇਸਰਾਏਲ ਦਾ ਪਰਮੇਸ਼ੁਰ ਨੂੰ ਭੁੱਲਕੇ ਦੇਵਤਿਆਂ ਨੂੰ ਧਿਆਉਣਾ
11 “ਅਫ਼ਰਾਈਮ ਨੇ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ,
ਅਤੇ ਇਹ ਇੱਕ ਪਾਪ ਸੀ।
ਉਹ ਉਸ ਲਈ ਪਾਪ ਦੀਆਂ ਜਗਵੇਦੀਆਂ ਬਣ ਗਈਆਂ।
12 ਜੇਕਰ ਮੈਂ ਅਫ਼ਰਾਈਮ ਲਈ 10,000 ਅਸੂਲ ਵੀ ਲਿਖ ਦੇਵਾਂ,
ਉਹ ਉਨ੍ਹਾਂ ਨਾਲ ਇੱਕ ਅਜਨਬੀਆਂ ਲਈ ਬਣਾਏ ਗਏ ਅਸੂਲਾਂ ਵਾਂਗ ਹੀ ਵਿਹਾਰ ਕਰੇਗਾ।
13 ਇਸਰਾਏਲੀ ਬਲੀਆਂ ਪਸੰਦ ਕਰਦੇ ਹਨ।
ਉਹ ਮਾਸ ਚੜ੍ਹਾਕੇ ਇਸ ਨੂੰ ਖਾ ਜਾਂਦੇ ਹਨ
ਯਹੋਵਾਹ ਉਨ੍ਹਾਂ ਦੀਆਂ ਬਲੀਆਂ ਸਵੀਕਾਰ
ਹੀਂ ਕਰਦਾ ਉਸ ਨੂੰ ਉਨ੍ਹਾਂ ਦੇ ਪਾਪ ਚੇਤੇ ਹਨ
ਤੇ ਉਹ ਉਨ੍ਹਾਂ ਨੂੰ ਦੰਡ ਦੇਵੇਗਾ।
ਉਹ ਕੈਦੀਆਂ ਵਾਂਗ ਮਿਸਰ ਨੂੰ ਲਿਜਾਏ ਜਾਣਗੇ।
14 ਇਸਰਾਏਲ ਨੇ ਰਾਜਿਆਂ ਲਈ ਮਹਿਲ ਉਸਾਰੇ
ਪਰ ਇਸ ਦੇ ਸਿਰਜਣਹਾਰੇ ਨੂੰ ਭੁੱਲ ਗਿਆ ਅਤੇ ਯਹੂਦਾਹ ਨੇ ਕਿਲੇ ਉਸਾਰੇ,
ਪਰ ਮੈਂ ਹੁਣ ਯਹੂਦਾਹ ਦੇ ਸ਼ਹਿਰਾਂ
ਵਿੱਚ ਇਸਦੇ ਕਿਲਿਆਂ ਨੂੰ ਸਾੜਨ ਲਈ ਅੱਗ ਭੇਜਾ।”
ਦੇਸ਼ ਨਿਕਾਲੇ ਦੀ ਉਦਾਸੀ
9 ਹੇ ਇਸਰਾਏਲ! ਬਾਕੀ ਕੌਮਾਂ ਦੇ ਕਰਨ ਵਾਂਗ ਖੁਸ਼ੀ ਨਾ ਮਨਾ। ਖੁਸ਼ ਨਾ ਹੋ! ਤੂੰ ਵੇਸਵਾਵਾਂ ਵਾਂਗ ਦਾ ਵਤੀਰਾ ਕਰਕੇ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ। ਤੁਸੀਂ ਹਰ ਪਿੜ ਵਿੱਚ ਜਿਨਸੀ ਪਾਪ ਕੀਤਾ। 2 ਪਰ ਪਿੜਾਂ ਵਿੱਚਲਾ ਅਨਾਜ ਇਸਰਾਏਲ ਲਈ ਪੂਰਾ ਨਾ ਪਵੇਗਾ ਅਤੇ ਉਨ੍ਹਾਂ ਕੋਲ ਕਾਫ਼ੀ ਮੈਅ ਨਹੀਂ ਹੋਵੇਗੀ।
3 ਇਸਰਾਏਲੀ ਯਹੋਵਾਹ ਦੀ ਜ਼ਮੀਨ ਵਿੱਚ ਨਹੀਂ ਰਹਿਣਗੇ। ਅਫ਼ਰਾਈਮ ਮਿਸਰ ਨੂੰ ਮੁੜੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ। 4 ਉਹ ਯਹੋਵਾਹ ਲਈ ਮੈਅ ਦੇ ਚੜ੍ਹਾਵੇ ਦੀਆਂ ਭੇਟਾਂ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ। ਉਨ੍ਹਾਂ ਦੀਆਂ ਬਲੀਆਂ ਜਨਾਜ਼ੇ ਦੇ ਸਮੇਂ ਖਾਧੇ ਅੰਨ ਵਰਗੀਆਂ ਹੋਣਗੀਆਂ ਅਤੇ ਜੋ ਕੋਈ ਵੀ ਉਹ ਭੋਜਨ ਖਾਵੇਗਾ ਅਸ਼ੁੱਧ ਹੋ ਜਾਵੇਗਾ। ਉਨ੍ਹਾਂ ਦੀ ਰੋਟੀ ਯਹੋਵਾਹ ਦੇ ਮੰਦਰ ਵਿੱਚ ਨਾ ਆਵੇਗੀ, ਸਗੋਂ ਉਹ ਰੋਟੀ ਉਨ੍ਹਾਂ ਨੂੰ ਖੁਦ ਹੀ ਖਾਣੀ ਪਵੇਗੀ। 5 ਉਹ ਯਹੋਵਾਹ ਦੇ ਪਰਬ ਅਤੇ ਛੁੱਟੀਆਂ ਮਨਾਉਣ ਤੋਂ ਅਸਮਰੱਬ ਹੋਣਗੇ।
6 ਇਸਰਾਏਲ ਦੇ ਲੋਕ ਦੁਸ਼ਮਣਾਂ ਦੁਆਰਾ ਉਨ੍ਹਾਂ ਦਾ ਸਭ ਕੁਝ ਚੁਰਾ ਲੇ ਜਾਣ ਤੋਂ ਬਾਅਦ ਵੀ ਬਚ ਗਏ, ਪਰ ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ, ਅਤੇ ਮੋਅਫ਼ ਉਨ੍ਹਾਂ ਨੂੰ ਦਫ਼ਨਾਵੇਗਾ। ਉਨ੍ਹਾਂ ਦੀ ਚਾਂਦੀ ਦੀਆਂ ਕੀਮਤੀ ਵਸਤਾਂ ਉੱਤੇ ਝਾੜ-ਫ਼ੂਸ ਉੱਗਣਗੇ ਅਤੇ ਉਨ੍ਹਾਂ ਦੇ ਤੰਬੂਆਂ ਵਿੱਚ ਕੰਡੇ ਉੱਗ ਆਉਣਗੇ।
ਇਸਰਾਏਲ ਦਾ ਸੱਚੇ ਨਬੀਆਂ ਨੂੰ ਨਾਮਂਜ਼ੂਰ ਕਰਨਾ
7 ਨਬੀਆਂ ਦਾ ਕਹਿਣਾ, “ਹੇ ਇਸਰਾਏਲ! ਇਹ ਚੇਤੇ ਰੱਖ: ਸਜ਼ਾ ਦਾ ਵਕਤ ਆ ਗਿਆ ਹੈ। ਤੇਰੇ ਲਈ ਆਪਣੀ ਕੀਤੀ ਦੀ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ!” ਪਰ ਇਸਰਾਏਲ ਦੇ ਲੋਕ ਕਹਿੰਦੇ ਹਨ: “ਨਬੀ ਮੂਰਖ ਹੈ। ਪਰਮੇਸ਼ੁਰ ਦੇ ਆਤਮੇ ਵਾਲਾ ਮਨੁੱਖ ਸਨਕੀ ਹੈ।” ਨਬੀ ਆਖਦਾ: “ਤੁਸੀਂ ਆਪਣੇ ਮਹਾਨ ਪਾਪ ਅਤੇ ਨਫ਼ਰਤ ਕਾਰਣ ਸਜ਼ਾ ਪਾਵੋਂਗੇ।” 8 ਯਹੋਵਾਹ ਅਤੇ ਨਬੀ ਅਫ਼ਰਾਈਮ ਉੱਪਰ ਪਹਿਰੇਦਾਰ ਵਾਂਗਰ ਹਨ ਪਰ ਸਾਰੇ ਰਾਹ ਵਿੱਚ ਅਨੇਕਾਂ ਜਾਲ ਹਨ ਅਤੇ ਲੋਕ ਨਬੀ ਨੂੰ ਨਫ਼ਰਤ ਕਰਦੇ ਹਨ ਇੱਥੋਂ ਤੀਕ ਕਿ ਉਸ ਦੇ ਆਪਣੇ ਪਰਮੇਸ਼ੁਰ ਦੇ ਘਰ ਅੰਦਰ ਵੀ।
9 ਇਸਰਾਏਲ ਦੇ ਲੋਕ ਗਿਬੀਹ ਦੇ ਦਿਨਾਂ ਵਾਂਗ ਭ੍ਰਸ਼ਟਤਾ ਵਿੱਚ ਡੂੰਘੇ ਚੱਲੇ ਗਏ ਹਨ। ਯਹੋਵਾਹ ਉਨ੍ਹਾਂ ਦੇ ਪਾਪਾਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।
ਇਸਰਾਏਲ ਦਾ ਬੁੱਤ ਉਪਾਸਨਾ ਕਾਰਣ ਨਾਸ ਹੋਣਾ
10 “ਜਦੋਂ ਮੈਂ ਇਸਰਾਏਲ ਨੂੰ ਲੱਭਿਆ, ਉਸ ਵਕਤ, ਉਹ ਉਜਾੜ ਵਿੱਚ ਤਾਜੇ ਅੰਗੂਰਾਂ ਵਰਗੇ ਸਨ। ਉਹ ਬਹਾਰ ਦੇ ਅੰਜੀਰ ਦੇ ਰੁੱਖਾਂ ਦੇ ਪਹਿਲੇ ਫ਼ਲਾਂ ਵਰਗੇ ਸਨ, ਪਰ ਫੇਰ ਉਹ ਬਆਲ-ਪਉਰ ਵੱਲ ਜਾਕੇ ਬਦਲ ਗਏ ਇਸ ਲਈ ਮੈਨੂੰ ਉਨ੍ਹਾਂ ਨੂੰ ਸੜੇ ਫ਼ਲਾਂ ਵਾਂਗ ਆਪਣੇ ਦ੍ਰੱਖਤ ਤੋਂ ਵੱਢ ਦੇਣਾ ਪਿਆ। ਉਹ ਉਨ੍ਹਾਂ ਭਿਆਨਕ ਚੀਜ਼ਾਂ (ਝੂਠੇ ਦੇਵਤਿਆਂ) ਵਰਗੇ ਬਣ ਗਏ ਜਿਨ੍ਹਾਂ ਨੂੰ ਉਨ੍ਹਾਂ ਨੇ ਪਿਆਰ ਕੀਤਾ ਸੀ।
ਇਸਰਾਏਲੀਆਂ ਦੇ ਉਲਾਦ ਨਹੀਂ ਹੋਵੇਗੀ
11 “ਅਫ਼ਰਾਈਮ ਦਾ ਪ੍ਰਤਾਪ ਪੰਛੀ ਵਾਂਗ ਉੱਡ-ਪੁੱਡ ਜਾਵੇਗਾ। ਹੁਣ ਉੱਥੋਂ ਦੀਆਂ ਔਰਤਾਂ ਨੂੰ ਨਾ ਗਰਭ ਠਹਿਰੇਗਾ ਨਾ ਕੋਈ ਬੱਚਾ ਜਨਮ ਲਵੇਗਾ। 12 ਭਾਵੇਂ ਉਹ ਬੱਚੇ ਪੈਦਾ ਕਰਨ, ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਕਿਉਂ ਕਿ ਮੈਂ ਉਨ੍ਹਾਂ ਕੋਲੋ ਉਹ ਬੱਚੇ ਖੋਹ ਲਵਾਂਗਾ। ਮੈਂ ਉਨ੍ਹਾਂ ਨੂੰ ਛੱਡ ਦੇਵਾਂਗਾ ਅਤੇ ਉਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ।”
13 ਮੈਂ ਵੇਖ ਰਿਹਾਂ ਕਿ ਅਫ਼ਰਾਈਮ ਆਪਣੇ ਬੱਚਿਆਂ ਦੀ ਫ਼ਂਦੇ ਵੱਲ ਅਗਵਾਈ ਕਰ ਰਿਹਾ ਹੈ। [c] ਉਹ ਆਪਣੇ ਬੱਚਿਆਂ ਨੂੰ ਹਤਿਆਰਿਆਂ ਕੋਲ ਲੈ ਜਾ ਰਿਹਾ ਹੈ। 14 ਹੇ ਯਹੋਵਾਹ, ਉਨ੍ਹਾਂ ਨੂੰ ਦੇ ਜੋ ਤੈਨੂੰ ਪਸੰਦ ਹੈ। ਉਨ੍ਹਾਂ ਨੂੰ ਕੁੱਖ ਦੇ ਜੋ ਜੁਆਕਾਂ ਨੂੰ ਗੁਆਵੇ ਅਤੇ ਸੁੱਕੀਆਂ ਛਾਤੀਆਂ ਦੇ।
15 ਉਨ੍ਹਾਂ ਦੀ ਸਾਰੀ ਬਦੀ ਗਿਲਗਾਲ ਵਿੱਚ ਹੈ।
ਉੱਥੇ ਮੈਂ ਉਨ੍ਹਾਂ ਦੀਆਂ ਕਰਤੂਤਾਂ ਕਾਰਣਉਨ੍ਹਾਂ ਨੂੰ ਨਫਰਤ ਕਰਨੀ ਸ਼ੁਰੂ ਕਰ ਦਿੱਤੀ।
ਮੈਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਬਦ ਕਰਨੀਆਂ ਕਾਰਣ ਆਪਣੇ ਘਰੋ ਬਾਹਰ ਕੱਢ ਦੇਵਾਂਗਾ।
ਮੈਂ ਉਨ੍ਹਾਂ ਨੂੰ ਹੋਰ ਪਿਆਰ ਨਹੀਂ ਕਰਾਂਗਾ ਉਨ੍ਹਾਂ ਦੇ ਸਾਰੇ ਆਗੂ ਵਿਦ੍ਰੋਹੀ ਹਨ।
16 ਅਫ਼ਰਾਈਮ ਨੂੰ ਸਜ਼ਾ ਮਿਲੇਗੀ
ਉਨ੍ਹਾਂ ਦੀ ਜੜ ਸੁਕਦੀ ਜਾ ਰਹੀ ਹੈ।
ਉਹ ਹੋਰ ਬੱਚੇ ਪੈਦਾ ਨਾ ਕਰ ਸੱਕਣਗੇ ਪਰ ਜਿਹੜੇ ਬੱਚੇ ਉਹ ਜਣ ਵੀ ਲੈਣ
ਮੈਂ ਉਨ੍ਹਾਂ ਕੀਮਤੀ ਜਾਨਾਂ ਨੂੰ ਵੱਢ ਸੁੱਟਾਂਗਾ।
17 ਉਹ ਲੋਕ ਮੇਰੇ ਪਰਮੇਸ਼ੁਰ ਦੀ ਨਹੀਂ ਸੁਣਦੇ,
ਇਸ ਲਈ ਉਹ ਵੀ ਉਨ੍ਹਾਂ ਦੀ ਨਹੀਂ ਸੁਣੇਗਾ।
ਅਤੇ ਉਹ ਕੌਮਾਂ ਦਰਮਿਆਨ ਬੇ-ਘਰ ਹੋਕੇ ਭਟਕਣਗੇ।
ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ
10 ਇਸਰਾਏਲ ਇੱਕ ਅੰਗੂਰੀ ਵੇਲ ਹੈ,
ਜਿਹੜੀ ਬਹੁਤ ਫ਼ਲ ਦਿੰਦੀ ਹੈ।
ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ,
ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ
ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ,
ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।
2 ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ,
ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ।
ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ
ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ।
ਇਸਰਾਏਲੀਆਂ ਦੀ ਬਦਨੀਤੀ
3 ਹੁਣ ਇਸਰਾਏਲੀ ਆਖਦੇ ਹਨ, “ਸਾਡਾ ਕੋਈ ਰਾਜਾ ਨਹੀਂ। ਅਸੀਂ ਯਹੋਵਾਹ ਦਾ ਆਦਰ ਨਹੀਂ ਕਰਦੇ! ਕਿਵੇਂ ਵੀ, ਰਾਜਾ ਸਾਡੇ ਵਾਸਤੇ ਕੁਝ ਵੀ ਕਰਨ ਦੇ ਯੋਗ ਨਹੀਂ ਸੀ।”
4 ਉਹ ਬੇਕਾਰ ਇਕਰਾਰ ਕਰਦੇ ਹਨ। ਨਿਆਂਕਾਰ ਵਾਹੇ ਹੋਏ ਖੇਤਾਂ ਵਿੱਚ ਉੱਗੇ ਜ਼ਹਿਰੀਲੇ ਪੌਦਿਆਂ ਵਰਗੇ ਹਨ।
5 ਸਾਮਰਿਯਾ ਦੇ ਲੋਕ ਬੈਤ-ਆਵਨ ਦੇ ਵੱਛਿਆਂ ਦੀ ਉਪਾਸਨਾ ਕਰਦੇ ਹਨ। ਉਹ ਲੋਕ ਰੋਣਗੇ ਅਤੇ ਸੋਗ ਕਰਨਗੇ। ਜਿਨ੍ਹਾਂ ਜਾਜਕਾਂ ਨੇ ਉਸ ਬੁੱਤ ਦੀ ਖੂਬਸੂਰਤੀ ਤੇ ਆਨੰਦ ਮਾਣਿਆ, ਉਹ ਵੀ ਸੋਗ ਮਨਾਉਣਗੇ, ਕਿਉਂ ਕਿ ਇਹ ਉਨ੍ਹਾਂ ਤੋਂ ਲੈ ਲਿਆ ਗਿਆ ਹੈ। 6 ਇਸ ਨੂੰ ਤੋਹਫ਼ੇ ਵਜੋਂ ਅੱਸ਼ੂਰ ਦੇ ਮਹਾਨ ਰਾਜੇ ਨੂੰ ਦੇ ਦਿੱਤਾ ਜਾਵੇਗਾ। ਅਤੇ ਉਹ ਅਫ਼ਰਾਈਮ ਦੇ ਸ਼ਰਮਨਾਕ ਬੁੱਤ ਨੂੰ ਰੱਖੇਗਾ। ਇਸਰਾਏਲ ਆਪਣੇ ਬੁੱਤਾਂ ਵਜੋਂ ਸ਼ਰਮਸਾਰ ਹੋਵੇਗਾ। 7 ਸਾਮਰਿਯਾ ਦੇ ਰਾਜੇ ਨੂੰ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਉਹ ਪਾਣੀ ਉੱਤੇ ਤੈਰਦੇ ਲਕੜੀ ਦੇ ਸੱਕੱ ਵਾਂਗ ਹੋਵੇਗਾ।
8 ਇਸਰਾਏਲ ਨੇ ਪਾਪ ਕੀਤਾ ਅਤੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਉਸਾਰੀਆਂ। ਬੈਤ ਆਵਨ ਦੇ ਉੱਚੇ ਅਸਥਾਨਾਂ ਨੂੰ ਫ਼ਨਾਹ ਕਰ ਦਿੱਤਾ ਜਾਵੇਗਾ ਅਤੇ ਇਸ ਦੀਆਂ ਜਗਵੇਦੀ ਉੱਤੇ ਕੰਡਿਆਲੀਆਂ ਝਾੜੀਆਂ ਉੱਗ ਆਉਣਗੀਆਂ। ਫਿਰ ਉਹ ਪਰਬਤਾਂ ਨੂੰ ਆਖਣਗੇ, “ਸਾਨੂੰ ਢੱਕ ਲਓ।” ਅਤੇ ਚਟਾਨਾਂ ਨੂੰ ਕਹਿਣਗੇ, “ਸਾਡੇ ਉੱਤੇ ਡਿੱਗ ਪਓ।”
ਇਸਰਾਏਲ ਨੂੰ ਪਾਪਾਂ ਦਾ ਭੁਗਤਾਨ ਕਰਨਾ ਪਵੇਗਾ
9 “ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ (ਅਤੇ ਉਹ ਲੋਕ ਉੱਥੇ ਲਗਾਤਾਰ ਪਾਪ ਕਰਦੇ ਰਹੇ ਹਨ।) ਯੁੱਧ ਯਕੀਨਨ ਗਿਬਆਹ ਦੇ ਉਨ੍ਹਾਂ ਲੋਕਾਂ ਤੇ ਹਾਵੀ ਹੋ ਜਾਵੇਗਾ। 10 ਫ਼ਿਰ ਮੈਂ ਉਨ੍ਹਾਂ ਨੂੰ ਸਜ਼ਾ ਦੇਣ ਲਈ ਆਵਾਂਗਾ। ਫ਼ੌਜਾਂ ਵੀ ਇੱਕਤ੍ਰ ਹੋ ਕੇ ਉਨ੍ਹਾਂ ਤੇ ਹਮਲਾ ਕਰਨਗੀਆਂ। ਉਹ ਇਸਰਾਏਲ ਨੂੰ ਉਸ ਦੇ ਦੋਨਾਂ ਪਾਪਾਂ ਲਈ ਸਜ਼ਾ ਦੇਣਗੀਆਂ।
11 “ਅਫ਼ਰਾਈਮ ਇੱਕ ਸਿੱਖਾਏ ਹੋਏ ਵੱਛੇ ਵਾਂਗ ਹੈ ਜੋ ਪਿੜ ਵਿੱਚਲੇ ਅਨਾਜ ਤੇ ਤੁਰਨਾ ਪਸੰਦ ਕਰਦਾ ਹੈ। ਮੈਂ ਉਸ ਦੀ ਧੌਣ ਤੇ ਇੱਕ ਜੂਲਾ ਪਾਵਾਂਗਾ। ਮੈਂ ਅਫ਼ਰਾਈਮ ਦੀ ਧੌਣ ਦੇ ਦੁਆਲੇ ਰਸੀਆਂ ਪਾਵਾਂਗਾ। ਫ਼ੇਰ ਯਹੂਦਾਹ ਵਾਹੇਗਾ ਅਤੇ ਯਾਕੂਬ ਖੁਦ ਧਰਤੀ ਨੂੰ ਤੋਂੜੇਗਾ।”
12 ਜੇਕਰ ਤੁਸੀਂ ਚੰਗਿਆਈ ਬੀਜੋਗੇ, ਤੁਸੀਂ ਸੱਚੇ ਪਿਆਰ ਦੀ ਵਾਢੀ ਕਰੋਂਗੇ। ਆਪਣੀ ਅਣ ਟੁੱਟੀ ਅਣਵਾਹੀ ਜ਼ਮੀਨ ਨੂੰ ਵਾਹੋ। ਇਹ ਯਹੋਵਾਹ ਨੂੰ ਉਡੀਕਣ ਦਾ ਸਮਾਂ ਹੈ। ਉਹ ਆਵੇਗਾ, ਅਤੇ ਤੁਹਾਡੇ ਉੱਤੇ ਚੰਗਿਆਈ ਦਾ ਮੀਂਹ ਵਰਸਾਵੇਗਾ।
13 ਪਰ ਤੁਸੀਂ ਬੁਰਿਆਈ ਬੀਜੀ ਅਤੇ ਦੁੱਖ ਵੱਢੇ। ਤੁਸੀਂ ਆਪਣੇ ਝੂਠ ਦਾ ਫ਼ਲ ਖਾਧਾ, ਕਿਉਂ ਕਿ ਤੁਸੀਂ ਆਪਣੀ ਸ਼ਕਤੀ ਅਤੇ ਆਪਣੇ ਸਿਪਾਹੀਆਂ ਦੇ ਬਲ ਤੇ ਭਰੋਸਾ ਕੀਤਾ। 14 ਇਸੇ ਲਈ, ਤੁਹਾਡੀਆਂ ਫ਼ੌਜਾਂ ਜੰਗ ਦਾ ਰੌਲਾ ਸੁਣਨਗੀਆਂ ਅਤੇ ਤੁਹਾਡੇ ਸਾਰੇ ਕਿਲੇ ਉਵੇਂ ਹੀ ਨਸ਼ਟ ਹੋ ਜਾਣਗੇ ਜਿਵੇਂ ਸ਼ਲਮਨ ਨੇ ਬੈਤ-ਅਰਬੇਲ ਨੂੰ ਤਬਾਹ ਕੀਤਾ ਸੀ ਯੁੱਧ ਦੇ ਦਿਨਾਂ ਦੌਰਾਨ, ਮਾਵਾਂ ਆਪਣੇ ਬੱਚਿਆਂ ਸਮੇਤ ਮਾਰੀਆਂ ਗਈਆਂ ਸਨ। 15 ਇਵੇਂ ਹੀ ਤੁਹਾਡੇ ਨਾਲ ਬੈਤਅਲ ਵਿੱਚ ਵਾਪਰੇਗਾ ਕਿਉਂ ਕਿ ਤੁਸੀਂ ਇੰਨੀਆਂ ਬਦ ਕਰਨੀਆਂ ਕੀਤੀਆਂ। ਜਦੋਂ ਉਹ ਦਿਨ ਆਵੇਗਾ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।
ਇਸਰਾਏਲ ਨੇ ਯਹੋਵਾਹ ਨੂੰ ਭੁਲਾ ਦਿੱਤਾ
11 ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਨੂੰ ਉਦੋਂ ਤੋਂ ਪਿਆਰ ਕੀਤਾ ਜਦੋਂ ਉਹ ਅਜੇ ਬੱਚਾ ਹੀ ਸੀ
ਅਤੇ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬਾਹਰ ਸੱਦਿਆ।
2 ਪਰ ਮੈਂ ਜਿੰਨਾ ਵੱਧ ਇਸਰਾਏਲੀਆਂ ਨੂੰ ਸੱਦਿਆ,
ਉਨ੍ਨਾ ਹੀ ਉਹ ਮੈਥੋਂ ਅਗਾਂਹ ਜਾਂਦੇ ਰਹੇ।
ਉਨ੍ਹਾਂ ਬਆਲਾਂ ਨੂੰ ਬਲੀਆਂ ਚੜ੍ਹਾਈਆਂ
ਅਤੇ ਬੁੱਤਾਂ ਅੱਗੇ ਧੂਫ਼ਾਂ ਧੁਖਾਈਆਂ।
3 “ਪਰ ਇਹ ਮੈਂ ਹੀ ਸੀ ਜਿਸਨੇ ਅਫ਼ਰਾਈਮ ਨੂੰ ਤੁਰਨਾ ਸਿੱਖਾਇਆ,
ਮੈਂ ਇਸਰਾਏਲੀਆਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ,
ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਮਹਿਸੂਸ ਨਾ ਕੀਤਾ।
4 ਮੈਂ ਉਨ੍ਹਾਂ ਨੂੰ ਪਿਆਰ ਦੀਆਂ
ਰਸੀਆਂ ਨਾਲ ਚਲਾਇਆ।
ਮੈਂ ਉਸ ਵਿਅਕਤੀ ਵਾਂਗ ਸੀ ਜਿਸਨੇ ਉਨ੍ਹਾਂ ਨੂੰ ਆਜ਼ਾਦ ਕੀਤਾ। [d]
ਮੈਂ ਝੁਕ ਕੇ ਉਨ੍ਹਾਂ ਨੂੰ ਖੁਆਇਆ।
5 “ਇਸਰਾਏਲੀ ਪਰਮੇਸ਼ੁਰ ਵੱਲ ਮੁੜਨ ਤੋਂ ਇਨਕਾਰ ਕਰਦੇ ਹਨ। ਤਾਂ ਇਸ ਲਈ, ਉਹ ਵਾਪਸ ਮਿਸਰ ਨੂੰ ਜਾਣਗੇ। ਅੱਸ਼ੂਰ ਦਾ ਰਾਜਾ ਉਨ੍ਹਾਂ ਦਾ ਰਾਜਾ ਬਣ ਜਾਵੇਗਾ। 6 ਉਨ੍ਹਾਂ ਦੇ ਸ਼ਹਿਰਾਂ ਉੱਪਰ ਤਲਵਾਰ ਲਟਕੇਗੀ, ਅਤੇ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਮਾਰ ਦੇਵੇਗੀ ਅਤੇ ਉਨ੍ਹਾਂ ਦੇ ਆਗੂਆਂ ਨੂੰ ਨਸ਼ਟ ਕਰ ਦੇਵੇਗੀ।
7 “ਮੇਰੇ ਲੋਕ ਇੰਤਜ਼ਾਰ ਕਰ ਰਹੇ ਹਨ, ਉਮੀਦ ਕਰਦਿਆਂ ਹੋਇਆਂ ਕਿ ਮੈਂ ਵਾਪਸ ਆਵਾਂਗਾ। ਉਹ ਪਰਮੇਸ਼ੁਰ ਨੂੰ ਉੱਪਰ ਪੁਕਾਰ ਰਹੇ ਹਨ, ਪਰ ਉਹ ਉਨ੍ਹਾਂ ਦੀ ਮਦਦ ਨਹੀਂ ਕਰੇਗਾ।”
ਯਹੋਵਾਹ ਇਸਰਾਏਲ ਨੂੰ ਨਸ਼ਟ ਨਹੀਂ ਕਰਨਾ ਚਾਹੁੰਦਾ
8 “ਹੇ ਅਫ਼ਰਾਈਮ! ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ?
ਹੇ ਇਸਰਾਏਲ, ਮੈਂ ਤੇਰੀ ਰੱਖਿਆ ਕਰਨੀ ਚਾਹੁੰਨਾ।
ਮੈਂ ਤੇਰਾ ਹਾਲ ਅਦਮਾਹ ਵਰਗਾ ਨਹੀਂ ਕਰਨਾ ਚਾਹੁੰਦਾ ਨਾ ਹੀ
ਤੈਨੂੰ ਸਬੋਈਮ ਵਾਂਗ ਬਨਾਉਣਾ ਚਾਹੁੰਨਾ।
ਮੈਂ ਆਪਣਾ ਮਨ ਬਦਲ ਰਿਹਾ ਹਾਂ
ਕਿਉਂ ਕਿ ਮੇਰਾ ਤੇਰੇ ਪ੍ਰਤੀ ਪਿਆਰ ਅਤੇ ਦਇਆ ਬਹੁਤ ਗੂਢ਼ੀ ਹੈ।
9 ਮੈਂ ਆਪਣੇ ਭਿਆਨਕ ਕਰੋਧ ਨੂੰ ਨਹੀਂ ਦਰਸਾਵਾਂਗਾ।
ਮੈਂ ਅਫ਼ਰਾਈਮ ਨੂੰ ਮੁੜ ਬਰਬਾਦ ਨਾ ਕਰਾਂਗਾ
ਮੈਂ ਕੋਈ ਆਦਮੀ ਨਹੀਂ ਹਾਂ,
ਮੈਂ ਪਰਮੇਸ਼ੁਰ ਹਾਂ।
ਮੈਂ ਤੇਰੇ ਵਿੱਚਕਾਰ ਪਵਿੱਤਰ ਪੁਰੱਖ ਹਾਂ,
ਮੈਂ ਆਪਣਾ ਕਰੋਧ ਨਹੀਂ ਦਰਸਾਵਾਂਗਾ।
10 ਮੈਂ ਸ਼ੇਰ ਵਾਂਗ ਦਹਾੜਾਂਗਾ ਜਦੋਂ ਮੈਂ ਗਰਜਾਂਗਾ ਤਾਂ ਮੇਰੇ ਬੱਚੇ ਆਉਣਗੇ
ਅਤੇ ਮੇਰੇ ਪਿੱਛੇ ਚੱਲ ਪੈਣਗੇ ਮੇਰੀ ਉੱਮਤ ਪੱਛਮ ਵੱਲੋਂ ਭੈਅ ਵਿੱਚ ਕੰਬਦੀ ਹੋਈ ਆਵੇਗੀ।
11 ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ
ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ
ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।”
ਯਹੋਵਾਹ ਦਾ ਇਹ ਵਾਕ ਹੈ।
12 “ਅਫ਼ਰਾਈਮ ਨੇ ਮੈਨੂੰ ਝੂਠੇ ਦੇਵਤਿਆਂ ਨਾਲ ਘੇਰਿਆ ਹੋਇਆ ਹੈ
ਇਸਰਾਏਲ ਦੇ ਲੋਕ ਮੇਰੇ ਵਿਰੁੱਧ ਹੋ ਗਏ,
ਪਰ ਯਹੂਦਾਹ ਹਾਲੇ ਵੀ ਏਲ [e] ਨਾਲ ਚਲਦਾ ਹੈ
ਅਤੇ ਪਵਿੱਤਰ ਪੁਰੱਖ ਨਾਲ ਵਫ਼ਾਦਾਰ ਰਿਹਾ।”
Footnotes
- ਹੋਸ਼ੇਆ 6:7 ਆਦਮ ਸੰਭਾਵਨ ਹੈ ਕਿ ਇਹ ਯਰਦਨ ਦਰਿਆ ਦੇ ਕਂਢੇ ਤੇ ਆਦਮ ਦੇ ਸ਼ਹਿਰ ਨਾਲ ਸੰਬੰਧਿਤ ਹੈ।
- ਹੋਸ਼ੇਆ 7:16 ਮੁੜੀ ਹੋਈ ਸੋਟੀ ਪਂਛੀਆਂ ਦਾ ਸਿਕਾਰ ਕਰਨ ਲਈ ਮੁੜੀ ਹੋਈ ਇੱਕ ਸੋਟੀ। ਜਦੋਂ ਸਹੀ ਤਰ੍ਹਾਂ ਸੁਟ੍ਟੀ ਜਾਂਦੀ ਹੈ। ਇਹ ਜ਼ਮੀਨ ਤੇ ਨੀਵੀਁ ਉਡਦੀ ਹੈ ਅਤੇ ਫ਼ੇਰ ਉੱਪਰ ਨੂੰ ਘੁਂਮ ਕੇ, ਜਿਆਦਾਤਰ ਸੁਟ੍ਟਣ ਵਾਲੇ ਕੋਲ ਹੀ ਮੁੜਦੀ ਹੈ। ਮੂਲ ਅਰਬ, “ਸੁੱਟਿਆ ਜ੍ਜਾਣ ਵਾਲਾ ਧਨੁਖ੍ਖ” ਜਾਂ “ਇੱਕ ਛਲਪੂਰਣ ਧਨੁੱਖ ।”
- ਹੋਸ਼ੇਆ 9:13 ਮੈਁ ਡਡਡ ਕਰ ਰਿਹਾ ਹੈ ਮੂਲਅਰਬ: “ਪਹਿਲਾਂ, ਅਫ਼ਰਾਈਮ ਸੂਰ ਵਾਂਗ ਚਰਾਂਦ ਵਿੱਚ ਬੀਜਿਆ ਗਿਆ ਸੀ।” ਇਸ ਦਾ ਭਾਵ ਹੈ ਕਿ ਅਫ਼ਰਾਈਮ ਸੂਰ ਵਾਂਗ ਧਨਵਾਨ ਅਤੇ ਸੁਰੱਖਿਅਤ ਸੀ।
- ਹੋਸ਼ੇਆ 11:4 ਉਨ੍ਹਾਂ ਨੂੰ ਆਜ਼ਾਦ ਕੀਤਾ ਮੂਲਅਰਬ, “ਉਨ੍ਹਾਂ ਦੇ ਜਬਾਢ਼ਿਆਂ ਤੋਁ ਜੂਲਾ ਚੁੱਕਿਆ।”
- ਹੋਸ਼ੇਆ 11:12 ਏਲ ਹੋ ਸੱਕਦਾ ਕਿ ਇਹ ਪਰਮੇਸ਼ੁਰ ਦੇ ਨਾਮਾਂ ਵਿੱਚੋਂ ਇੱਕ ਹੋਵੇ ਜਾਂ ਏਲ ਹੋਵੇ, ਕਨਾਨੀਆਂ ਦਾ ਅਤ੍ਤ ਮਹੱਤਵਪੂਰਣ ਦੇਵਤਾ। ਇਹ ਸਚ੍ਚਮੁਚ੍ਚ ਸਪੱਸ਼ਟ ਨਹੀਂ ਹੈ ਕਿ ਯਹੂਦਾਹ ਪਰਮੇਸ਼ੁਰ ਨੂੰ ਵਫ਼ਾਦਾਰ ਸੀ, ਜਾਂ ਇਹ ਝੂਠੇ ਦੇਵਤਿਆਂ ਦੀ ਪੂਜਾ ਲਈ ਸੀ।
2010 by Bible League International