Añadir traducción en paralelo Imprimir Opciones de la página

ਜਾਜਕਾਂ ਦਾ ਕਮਰਾ

42 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫਾਟਕ ਰਾਹੀਂ ਬਾਹਰਲੇ ਵਿਹੜੇ ਵਿੱਚ ਲੈ ਗਿਆ। ਉਸ ਨੇ ਪੱਛਮ ਵੱਲ ਦੀ ਉਸ ਇਮਾਰਤ ਵੱਲ ਮੇਰੀ ਅਗਵਾਈ ਕੀਤੀ ਜਿਸਦੇ ਕਈ ਕਮਰੇ ਸਨ ਜਿਹੜੀ ਉੱਤਰ ਵਾਲੇ ਪਾਸੇ ਦੀ ਇਮਾਰਤ ਅਤੇ ਸੀਮਾਬੱਧ ਖੇਤਰ ਦੇ ਪੱਛਮ ਵੱਲ ਸੀ। ਇਹ ਇਮਾਰਤ 100 ਹੱਥ ਲੰਮੀ ਅਤੇ 50 ਹੱਥ ਚੌੜੀ ਸੀ। ਲੋਕੀ ਇਸ ਵਿੱਚ ਉੱਤਰ ਵਾਲੇ ਪਾਸਿਓ ਵਿਹੜੇ ਵਿੱਚੋਂ ਦਾਖਲ ਹੁੰਦੇ ਸਨ। ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿੱਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਹਮਣੇ ਸਨ। ਇਮਾਰਤ ਦੀ ਦੱਖਣੀ ਵੱਖੀ ਦੇ ਨਾਲ-ਨਾਲ ਇੱਕ 10 ਹੱਥ ਚੌੜਾ ਅਤੇ 100 ਹੱਥ ਲੰਮਾ ਰਸਤਾ ਜਾਂਦਾ ਸੀ, ਅਤੇ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ। 5-6 ਕਿਉਂਕਿ ਇਹ ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਬਾਹਰਲੇ ਵਿਹੜੇ ਦੇ ਬਮਲਿਆਂ ਵਰਗੇ ਬਮਲੇ ਨਹੀਂ ਸਨ, ਇਸਦੇ ਉੱਪਰ ਕਮਰੇ ਵਿੱਚਕਾਰਲੀ ਅਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਨਾਲੋਂ ਵੱਧੇਰੇ ਪਿੱਛੇ ਹਟਵੇਂ ਸਨ। ਉਪਰਲੀ ਮੰਜ਼ਿਲ ਵਿੱਚਕਾਰਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ, ਜਿਹੜੀ ਕਿ ਹੇਠਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ। ਕਿਉਂ ਕਿ ਇਸ ਥਾਂ ਦੀ ਵਰਤੋਂ ਛਜਿਆਂ ਰ੍ਰਾਹੀਂ ਕੀਤੀ ਗਈ ਸੀ। ਬਾਹਰਵਾਰ ਇੱਕ ਕੰਧ ਸੀ ਜਿਹੜੀ ਬਾਹਰਲੇ ਵਿਹੜੇ ਦੇ ਨਾਲ-ਨਾਲ ਕਮਰਿਆਂ ਦੇ ਸਮਾਨੰਤਰ ਜਾਂਦੀ ਸੀ। ਇਹ ਕਮਰਿਆਂ ਦੇ ਸਾਹਮਣੇ ਵੱਲ 50 ਹੱਥ ਤੱਕ ਵੱਧੀ ਹੋਈ ਸੀ। ਉਨ੍ਹਾਂ ਕਮਰਿਆਂ ਦੀ ਕਤਾਰ ਜਿਹੜੇ ਬਾਹਰਲੇ ਵਿਹੜੇ ਦੇ ਨਾਲ-ਨਾਲ ਜਾਂਦੀ ਸੀ, 50 ਹੱਥ ਲੰਮੀ ਸੀ, ਭਾਵੇਂ ਮੰਦਰ ਵਾਲੇ ਪਾਸੇ ਵੱਲ ਇਮਾਰਤ ਦੀ ਕੁੱਲ ਲੰਬਾਈ 100 ਹੱਥ ਸੀ। ਇਨ੍ਹਾਂ ਕਮਰਿਆਂ ਦੇ ਹੇਠਾਂ ਇਮਾਰਤ ਦੇ ਪੂਰਬੀ ਸਿਰੇ ਉੱਤੇ ਪ੍ਰਵੇਸ਼ ਦੁਆਰ ਸੀ ਤਾਂ ਜੋ ਲੋਕੀ ਬਾਹਰਲੇ ਵਿਹੜੇ ਵਿੱਚੋਂ ਇਸ ਵਿੱਚ ਦਾਖਲ ਹੋ ਸੱਕਣ। 10 ਪ੍ਰਵੇਸ਼ ਦੁਆਰ ਵਿਹੜੇ ਨਾਲ ਲਗਦੀ ਕੰਧ ਦੇ ਸ਼ੁਰੂ ਵਿੱਚ ਸੀ। ਸੀਮਾ ਬੱਧ ਖੇਤਰ ਅਤੇ ਦੂਸਰੀ ਇਮਾਰਤ ਤੋਂ ਅਗਾਂਹ।

ਓੱਥੇ ਦੱਖਣੀ ਪਾਸੇ ਤੇ ਕਮਰੇ ਸਨ। ਓੱਥੇ ਇੱਕ ਰਸਤਾ ਸੀ। 11 ਇਨ੍ਹਾਂ ਕਮਰਿਆਂ ਦੇ ਸਾਹਮਣੇ। ਇਹ ਉੱਤਰ ਵਾਲੇ ਪਾਸੇ ਦੇ ਕਮਰਿਆਂ ਵਰਗੇ ਸਨ। ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਉਨੀ ਹੀ ਸੀ ਅਤੇ ਓਹੋ ਜਿਹੇ ਹੀ ਦਰਵਾਜ਼ੇ ਸਨ। 12 ਦੱਖਣੀ ਕਮਰਿਆਂ ਦਾ ਦਾਖਲਾ ਇਮਾਰਤ ਦੇ ਪੂਰਬੀ ਸਿਰੇ ਉੱਤੇ ਸੀ ਤਾਂ ਜੋ ਲੋਕ ਕੰਧ ਦੇ ਨਾਲ ਲਗਦੇ ਰਸਤੇ ਦੇ ਖੁਲ੍ਹੇ ਸਿਰੇ ਵੱਲੋਂ ਦਾਖਲ ਹੋ ਸੱਕਣ।

13 ਆਦਮੀ ਨੇ ਮੈਨੂੰ ਆਖਿਆ, “ਸੀਮਾ ਬੱਧ ਖੇਤਰ ਦੇ ਸਾਹਮਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜ੍ਹਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ। 14 ਜਿਹੜੇ ਜਾਜਕ ਉਸ ਪਵਿੱਤਰ ਖੇਤਰ ਵਿੱਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਬਾਹਰਲੇ ਵਿਹੜੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਸੇਵਾ ਵਾਲੇ ਕੱਪੜੇ ਉਸ ਪਵਿੱਤਰ ਸਥਾਨ ਵਿੱਚ ਹੀ ਛੱਡ ਦੇਣੇ ਚਾਹੀਦੇ ਹਨ। ਕਿਉਂ ਕਿ ਇਹ ਕੱਪੜਾ ਪਵਿੱਤਰ ਹੈ। ਜੇ ਕੋਈ ਜਾਜਕ ਮੰਦਰ ਦੇ ਉਸ ਹਿੱਸੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ ਹੋਰ ਲੋਕ ਹਨ, ਤਾਂ ਉਸ ਨੂੰ ਇਨ੍ਹਾਂ ਕਮਰਿਆਂ ਵਿੱਚ ਜਾਕੇ ਹੋਰ ਕੱਪੜੇ ਪਹਿਨਣੇ ਚਾਹੀਦੇ ਹਨ।”

ਬਾਹਰਲਾ ਵਿਹੜਾ

15 ਆਦਮੀ ਨੇ ਮੰਦਰ ਦੇ ਅੰਦਰਲੇ ਖੇਤਰ ਨੂੰ ਨਾਪਣ ਦਾ ਕੰਮ ਮੁਕਾ ਲਿਆ ਸੀ। ਫ਼ੇਰ ਉਹ ਮੈਨੂੰ ਪੂਰਬੀ ਫਾਟਕ ਤੋਂ ਬਾਹਰ ਲੈ ਆਇਆ ਅਤੇ ਉਸ ਖੇਤਰ ਦਾ ਆਲਾ-ਦੁਆਲਾ ਨਾਪਿਆ। 16 ਆਦਮੀ ਨੇ ਪੈਮਾਨੇ ਨਾਲ ਪੂਰਬ ਵਾਲੇ ਪਾਸੇ ਨੂੰ ਨਾਪਿਆ ਇਹ 500 ਹੱਥ ਲੰਮਾ ਸੀ। 17 ਉਸ ਨੇ ਉੱਤਰ ਵਾਲੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 18 ਉਸ ਨੇ ਦੱਖਣ ਵੱਲ ਦੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 19 ਉਹ ਪੱਛਮ ਵਾਲੇ ਪਾਸੇ ਵੱਲ ਗਿਆ ਅਤੇ ਉਸ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ। 20 ਉਸ ਨੇ ਉਨ੍ਹਾਂ ਚਹੁਂਆਂ ਕੰਧਾਂ ਨੂੰ ਨਾਪਿਆ ਜਿਹੜੀਆਂ ਮੰਦਰ ਦੇ ਚਾਰੇ ਪਾਸੇ ਜਾਂਦੀਆਂ ਸਨ। ਕੰਧ 500 ਹੱਥ ਲੰਮੀ ਅਤੇ 500 ਹੱਥ ਚੌੜੀ ਸੀ। ਇਹ ਪਵਿੱਤਰ ਖੇਤਰ ਨੂੰ ਉਸ ਖੇਤਰ ਨਾਲੋਂ ਵੱਖ ਕਰਦੀ ਸੀ ਜਿਹੜਾ ਪਵਿੱਤਰ ਨਹੀਂ ਹੈ।