Añadir traducción en paralelo Imprimir Opciones de la página

ਲੂਤ ਫ਼ੜਿਆ ਜਾਂਦਾ ਹੈ

14 ਅਮਰਾਫਲ ਸਿਨਾਰ ਦਾ ਰਾਜਾ ਸੀ। ਅਰਯੋਕ ਅੱਲਾਸਾਰ ਦਾ ਰਾਜਾ ਸੀ। ਕਦਾਰਲਾਓਮਰ ਏਲਾਮ ਦਾ ਰਾਜਾ ਸੀ। ਅਤੇ ਤਿਦਾਲ ਗੋਈਮ ਦਾ ਰਾਜਾ ਸੀ। ਇਨ੍ਹਾਂ ਸਾਰੇ ਰਾਜਿਆਂ ਨੇ ਸਦੂਮ ਦੇ ਰਾਜੇ ਬਰਾ, ਅਮੂਰਾਹ ਦੇ ਰਾਜੇ ਬਿਰਸਾ, ਅਦਮਾਹ ਦੇ ਰਾਜੇ ਸਿਨਾਬ, ਸਬੋਈਮ ਦੇ ਰਾਜੇ ਸਮੇਬਰ ਅਤੇ ਬਲਾ ਦੇ ਰਾਜੇ ਨਾਲ ਜੰਗ ਲੜੀ। (ਬਲਾ ਨੂੰ ਸੋਅਰ ਵੀ ਆਖਿਆ ਜਾਂਦਾ ਹੈ।)

ਇਨ੍ਹਾਂ ਸਾਰੇ ਰਾਜਿਆਂ ਨੇ ਸਿੱਦੀਮ ਦੀ ਵਾਦੀ ਵਿੱਚ ਆਪਣੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। (ਸਿੱਦੀਮ ਦੀ ਵਾਦੀ ਅੱਜ ਕੱਲ੍ਹ ਖਾਰਾ ਸਮੁੰਦਰ ਹੈ।) ਇਨ੍ਹਾਂ ਰਾਜਿਆਂ ਨੇ ਕਦਾਰਲਾਓਮਰ ਦੀ ਬਾਰ੍ਹਾਂ ਵਰ੍ਹੇ ਤੱਕ ਸੇਵਾ ਕੀਤੀ ਸੀ। ਪਰ ਤੇਰ੍ਹਵੇਂ ਵਰ੍ਹੇ ਵਿੱਚ ਇਨ੍ਹਾਂ ਸਾਰਿਆਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਸ ਲਈ ਚੌਦਵੇਂ ਵਰ੍ਹੇ ਵਿੱਚ ਰਾਜਾ ਕਦਾਰਲਾਓਮਰ ਅਤੇ ਉਸ ਦੇ ਨਾਲ ਦੇ ਰਾਜੇ ਉਨ੍ਹਾਂ ਨਾਲ ਲੜਨ ਲਈ ਆ ਗਏ। ਕਦਾਰਲਾਓਮਰ ਅਤੇ ਉਸ ਦੇ ਸਾਥੀ ਰਾਜਿਆਂ ਨੇ ਰਫ਼ਾਈਆਂ ਲੋਕਾਂ ਨੂੰ ਅਸਤਰੋਥ ਕਰਨਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਜ਼ੂਜ਼ੀਆ ਲੋਕਾਂ ਨੂੰ ਵੀ ਹਾਮ ਵਿੱਚ ਹਰਾ ਦਿੱਤਾ। ਉਨ੍ਹਾਂ ਨੇ ਏਮੀਆਂ ਲੋਕਾਂ ਨੂੰ ਸਾਵੇਹ ਕਿਰਯਾਤਇਮ ਵਿਖੇ ਹਰਾ ਦਿੱਤਾ। ਉਨ੍ਹਾਂ ਨੇ ਹੋਰੀ ਲੋਕਾਂ ਨੂੰ ਹਰਾ ਦਿੱਤਾ ਜਿਹੜੇ ਪਹਾੜੀ ਪ੍ਰਦੇਸ਼ ਸੇਈਰ ਤੋਂ ਲੈ ਕੇ ਏਲ-ਪਾਰਾਨ ਦੇ ਇਲਾਕੇ ਤਾਈ ਰਹਿੰਦੇ ਸਨ। (ਏਲ ਪਾਰਾਨ ਮਾਰੂਥਲ ਦੇ ਨੇੜੇ ਹੈ।) ਫ਼ੇਰ ਰਾਜਾ ਕਦਾਰਲਾਓਮਰ ਵਾਪਸ ਮੁੜ ਪਿਆ ਅਤੇ ਏਲ ਮਿਸਪਾਟ (ਜਿਹੜਾ ਕਿ ਕਾਦੇਸ ਹੈ) ਵੱਲ ਚੱਲਾ ਗਿਆ ਅਤੇ ਅਮਾਲੇਕੀਆਂ ਦੇ ਇਲਾਕੇ ਨੂੰ ਜਿੱਤ ਲਿਆ। ਉਸ ਨੇ ਹਸਿਸੋਨ ਤਾਮਰ ਵਿੱਚ ਰਹਿੰਦੇ ਅਮੋਰੀ ਲੋਕਾਂ ਨੂੰ ਵੀ ਹਰਾ ਦਿੱਤਾ।

ਉਸ ਸਮੇਂ ਸਦੂਮ ਦਾ ਰਾਜਾ, ਅਮੂਰਾਹ ਦਾ ਰਾਜਾ, ਅਦਮਾਹ ਦਾ ਰਾਜਾ, ਸਬੋਈਮ ਦਾ ਰਾਜਾ ਅਤੇ ਬਲਾ (ਸੋਅਰ) ਦਾ ਰਾਜਾ ਸਾਰੇ ਇੱਕ ਦੂਜੇ ਨਾਲ ਰਲ ਗਏ ਅਤੇ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਗਏ। ਉਹ ਜੰਗ ਕਰਨ ਲਈ ਸਿੱਦੀਮ ਦੀ ਵਾਦੀ ਵਿੱਚ ਗਏ। ਉਨ੍ਹਾਂ ਨੇ ਏਲਾਮ ਦੇ ਰਾਜੇ ਕਦਾਰਲਾਓਮਰ, ਗੋਈਮ ਦੇ ਰਾਜੇ ਤਿਦਾਲ, ਸਿਨਾਰ ਦੇ ਰਾਜੇ ਅਮਰਾਫਲ ਅਤੇ ਅੱਲਾਸਾਰ ਦੇ ਰਾਜੇ ਅਰਯੋਕ ਦੇ ਖ਼ਿਲਾਫ਼ ਜੰਗ ਕੀਤੀ। ਇਸ ਤਰ੍ਹਾਂ ਪੰਜਾਂ ਨਾਲ ਜੰਗ ਕਰਨ ਵਾਲੇ ਚਾਰ ਰਾਜੇ ਸਨ।

10 ਸਿੱਦੀਮ ਦੀ ਵਾਦੀ ਵਿੱਚ ਲੁੱਕ ਨਾਲ ਭਰੀਆਂ ਹੋਈਆਂ ਅਨੇਕਾਂ ਖੱਡਾਂ ਸਨ। ਸਦੂਮ ਅਤੇ ਅਮੂਰਾਹ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਭੱਜ ਗਈਆਂ। ਬਹੁਤ ਸਾਰੇ ਸਿਪਾਹੀ ਇਨ੍ਹਾਂ ਖੱਡਾਂ ਵਿੱਚ ਡਿੱਗ ਪਏ। ਪਰ ਦੂਸਰੇ ਪਹਾੜਾਂ ਵੱਲ ਨੱਸ ਗਏ।

11 ਇਸ ਤਰ੍ਹਾਂ, ਉਨ੍ਹਾਂ ਦੇ ਦੁਸ਼ਮਣਾਂ ਨੇ ਸਦੂਮ ਅਤੇ ਅਮੂਰਾਹ ਦੇ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਖੋਹ ਲਈਆਂ। ਉਨ੍ਹਾਂ ਨੇ ਉਨ੍ਹਾਂ ਦਾ ਸਾਰਾ ਭੋਜਨ ਖੋਹ ਲਿਆ ਅਤੇ ਚੱਲੇ ਗਏ। 12 ਅਬਰਾਮ ਦਾ ਭਤੀਜਾ ਲੂਤ, ਸਦੂਮ ਵਿੱਚ ਰਹਿ ਰਿਹਾ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬੰਦੀ ਬਣਾ ਲਿਆ। ਦੁਸ਼ਮਣ ਨੇ ਉਸ ਦੀਆਂ ਸਾਰੀਆਂ ਚੀਜ਼ਾਂ ਲੈ ਲਈਆਂ। 13 ਉਨ੍ਹਾਂ ਵਿੱਚੋਂ ਇੱਕ ਆਦਮੀ ਜਿਹੜਾ ਫ਼ੜਿਆ ਨਹੀਂ ਗਿਆ ਸੀ, ਅਬਰਾਮ ਇਬਰਾਨੀ ਵੱਲ ਗਿਆ ਅਤੇ ਉਸ ਨੂੰ ਜਾਕੇ ਸਾਰਾ ਹਾਲ ਦੱਸਿਆ। ਅਬਰਾਮ ਦਾ ਡੇਰਾ ਉਨ੍ਹਾਂ ਰੁੱਖਾਂ ਦੇ ਲਾਗੇ ਸੀ ਜੋ ਮਮਰੇ ਅਮੋਰੀ ਦੇ ਸਨ। ਮਮਰੇ, ਅਸ਼ਕੋਲ ਅਤੇ ਆਨੇਰ ਨੇ ਅਬਰਾਮ ਨਾਲ ਇੱਕ ਦੂਸਰੇ ਦੀ ਸਹਾਇਤਾ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਸੀ।

ਅਬਰਾਮ ਦਾ ਲੂਤ ਨੂੰ ਛੁਡਾਉਣਾ

14 ਅਬਰਾਮ ਨੂੰ ਪਤਾ ਚੱਲਿਆ ਕਿ ਲੂਤ ਫ਼ੜਿਆ ਗਿਆ ਸੀ। ਇਸ ਲਈ ਅਬਰਾਮ ਨੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰ ਲਿਆ। ਉਸ ਵਿੱਚ 318 ਸਿਖਿਅਤ ਫ਼ੌਜੀ ਸਨ। ਅਬਰਾਮ ਨੇ ਇਨ੍ਹਾਂ ਆਦਮੀਆਂਂ ਦੀ ਅਗਵਾਈ ਕੀਤੀ ਅਤੇ ਦੁਸ਼ਮਣ ਨੂੰ ਦਾਨ ਸ਼ਹਿਰ ਤੱਕ ਭਜਾ ਦਿੱਤਾ। 15 ਉਸ ਰਾਤ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸਨੂ ਹੋਬਾਹ, ਦਮਿਸੱਕ ਦੇ ਉੱਤਰ ਵੱਲ ਭਜਾ ਦਿੱਤਾ। 16 ਫ਼ੇਰ ਅਬਰਾਮ ਨੇ ਉਹ ਸਾਰੀਆਂ ਚੀਜ਼ਾਂ ਵਾਪਸ ਲਿਆਂਦੀਆਂ ਜਿਹੜੀਆਂ ਦੁਸ਼ਮਣ ਨੇ ਲੁੱਟ ਲਈਆਂ ਸਨ। ਅਬਰਾਮ ਔਰਤਾਂ, ਨੌਕਰਾਂ, ਲੂਤ ਅਤੇ ਲੂਤ ਦੀ ਹਰ ਸ਼ੈਅ ਨੂੰ ਵਾਪਸ ਲੈ ਆਇਆ।

17 ਫ਼ੇਰ ਅਬਰਾਮ ਕਦਾਰਲਾਓਮਰ ਅਤੇ ਉਸ ਦੇ ਨਾਲ ਜੁੜੇ ਰਾਜਿਆਂ ਨੂੰ ਹਰਾਉਣ ਤੋਂ ਬਾਦ ਘਰ ਪਰਤ ਆਇਆ। ਜਦੋਂ ਉਹ ਘਰ ਵਾਪਸ ਚੱਲਾ ਗਿਆ, ਸਦੂਮ ਦਾ ਰਾਜਾ ਉਸ ਨੂੰ ਸ਼ਾਵੇਹ ਦੀ ਵਾਦੀ (ਇਸ ਨੂੰ ਹੁਣ ਰਾਜੇ ਦੀ ਵਾਦੀ ਆਖਿਆ ਜਾਂਦਾ ਹੈ।) ਵਿੱਚ ਮਿਲਣ ਆਇਆ।

ਮਲਕਿ-ਸਿਦਕ

18 ਸਾਲੇਮ ਦਾ ਰਾਜਾ, ਮਲਕਿ-ਸਿਦਕ ਵੀ ਅਬਰਾਮ ਨੂੰ ਮਿਲਣ ਲਈ ਗਿਆ। ਮਲਕਿ-ਸਿਦਕ ਸਰਬ ਉੱਚ ਪਰਮੇਸ਼ੁਰ ਦਾ ਜਾਜਕ ਸੀ। ਮਲਕਿ-ਸਿਦਕ ਰੋਟੀ ਤੇ ਮੈਅ ਲੈ ਕੇ ਆਇਆ। 19 ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ,

“ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ।
    ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
20 ਅਤੇ ਅਸੀਂ ਸਰਬ ਉੱਚ ਪਰਮੇਸ਼ੁਰ ਦੀ ਉਸਤਤ ਕਰਦੇ ਹਾਂ।
    ਪਰਮੇਸ਼ੁਰ ਨੇ ਤੇਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੇਰੀ ਸਹਾਇਤਾ ਕੀਤੀ।”

ਫ਼ੇਰ ਅਬਰਾਮ ਨੇ ਮਲਕਿ-ਸਿਦਕ ਨੂੰ ਜੰਗ ਵਿੱਚ ਜਿੱਤੀ ਹੋਈ ਹਰ ਚੀਜ਼ ਦਾ ਦਸਵੰਧ ਕੱਢ ਕੇ ਦਿੱਤਾ। 21 ਸਦੂਮ ਦੇ ਰਾਜੇ ਨੇ ਅਬਰਾਮ ਨੂੰ ਆਖਿਆ, “ਤੂੰ ਇਹ ਸਾਰੀਂ ਚੀਜ਼ਾਂ ਆਪਣੇ ਲਈ ਰੱਖ ਸੱਕਦਾ ਹੈਂ। ਮੈਨੂੰ ਸਿਰਫ਼ ਮੇਰੇ ਉਹ ਲੋਕ ਵਾਪਸ ਕਰ ਦੇ ਜਿਨ੍ਹਾਂ ਨੂੰ ਦੁਸ਼ਮਣ ਫ਼ੜ ਕੇ ਲੈ ਗਏ ਸੀ।”

22 ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ 23 ਮੈਂ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਵੀ ਉਹ ਚੀਜ਼ ਨਹੀਂ ਰੱਖਾਂਗਾ ਜਿਹੜੀ ਤੇਰੀ ਹੈ-ਕੋਈ ਧਾਗਾ ਜਾਂ ਤਸਮਾ ਵੀ ਨਹੀਂ। ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਆਖੇਂ, ‘ਮੈਂ ਅਬਰਾਮ ਨੂੰ ਅਮੀਰ ਬਣਾਇਆ।’ 24 ਸਿਰਫ਼ ਇੱਕੋ ਚੀਜ਼ ਜਿਹੜੀ ਮੈਂ ਪ੍ਰਵਾਨ ਕਰਾਂਗਾ ਉਹ ਭੋਜਨ ਹੈ ਜਿਹੜਾ ਮੇਰੇ ਜਵਾਨਾਂ ਨੇ ਖਾਧਾ ਹੈ। ਪਰ ਤੈਨੂੰ ਚਾਹੀਦਾ ਹੈ ਕਿ ਹੋਰਨਾਂ ਆਦਮੀਆਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੇ। ਉਹ ਚੀਜ਼ਾਂ ਲੈ ਲਵੋ ਜਿਹੜੀਆਂ ਅਸੀਂ ਜੰਗ ਵਿੱਚ ਜਿੱਤੀਆਂ ਹਨ ਅਤੇ ਕੁਝ ਆਨੇਰ, ਅਸ਼ਕੋਲ ਅਤੇ ਮਮਰੇ ਨੂੰ ਦੇ ਦੇਵੋ। ਇਨ੍ਹਾਂ ਆਦਮੀਆਂ ਨੇ ਮੇਰੀ ਜੰਗ ਵਿੱਚ ਸਹਾਇਤਾ ਕੀਤੀ ਸੀ।”