A A A A A
Bible Book List

2 ਇਤਹਾਸ 33 Punjabi Bible: Easy-to-Read Version (ERV-PA)

ਯਹੂਦਾਹ ਦਾ ਪਾਤਸ਼ਾਹ ਮਨੱਸ਼ਹ

33 ਮਨੱਸ਼ਹ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਤਾਂ ਉਹ 12ਵਰ੍ਹਿਆਂ ਦਾ ਸੀ ਅਤੇ ਉਸ ਨੇ ਯਰੂਸਲਮ ਵਿੱਚ 55 ਵਰ੍ਹੇ ਰਾਜ ਕੀਤਾ। ਮਨੱਸ਼ਹ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਉਸ ਨੇ ਉਨ੍ਹਾਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਮਾੜੇ ਕੰਮ ਕੀਤੇ ਜਿਨ੍ਹਾਂ ਕਾਰਣ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲੀਆਂ ਦੇ ਅਗਿਓ ਕੱਢ ਦਿੱਤਾ ਸੀ। ਮਨੱਸ਼ਹ ਨੇ ਉਨ੍ਹਾਂ ਉਚਿਆਂ ਥਾਵਾਂ ਨੂੰ ਮੁੜ ਤੋਂ ਬਣਵਾਇਆ, ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ। ਮਨੱਸ਼ਹ ਨੇ ਬਆਲਾਂ ਦੇਵਤਿਆਂ ਲਈ ਜਗਵੇਦੀਆਂ ਅਤੇ ਟੁੰਡ ਦੇਵੀਆਂ ਬਣਵਾਈਆਂ। ਉਸ ਨੇ ਸਾਰੇ ਸੁਰਗੀ ਲਸ਼ਕਰਾਂ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਮਨੱਸ਼ਹ ਨੇ ਯਹੋਵਾਹ ਦੇ ਮੰਦਰ ਵਿੱਚ ਝੂਠੇ ਦੇਵਤਿਆਂ ਦੀਆਂ ਜਗਵੇਦੀਆਂ ਬਣਵਾਈਆਂ। ਜਿੱਥੇ ਕਿ ਯਹੋਵਾਹ ਦਾ ਫੁਰਮਾਨ ਸੀ, “ਮੇਰਾ ਨਾਉਂ ਯਰੂਸ਼ਲਮ ਵਿੱਚ ਸਦਾ ਤੀਕ ਰਹੇਗਾ।” ਮਨੱਸ਼ਹ ਨੇ ਯਹੋਵਾਹ ਦੇ ਮੰਦਰ ਦੇ ਦੋ ਵਿਹੜਿਆਂ ਵਿੱਚ ਤਾਰਿਆਂ ਦੇ ਲਸ਼ਕਰਾਂ ਲਈ ਜਗਵੇਦੀਆਂ ਬਣਵਾਈਆਂ। ਉਸ ਨੇ ਬਨ-ਹਿੰਨੋਮ ਦੀ ਵਾਦੀ ਵਿੱਚ ਬਲੀ ਵਜੋਂ ਆਪਣੇ ਪੁੱਤਰਾਂ ਨੂੰ ਅੱਗ ਵਿੱਚ ਸਾੜਿਆ। ਉਹ ਕਾਲਾ ਜਾਦੂ (ਭਵਿੱਖ ਬਾਣੀ) ਕਰਦਾ ਸੀ ਅਤੇ ਉਨ੍ਹਾਂ ਲੋਕਾਂ ਦਾ ਸਾਥ ਰੱਖਦਾ ਸੀ ਜਿਹੜੇ ਭੂਤ-ਮ੍ਰਿਤ, ਜਾਦੂਗਰ ਅਤੇ ਜੋਤਸ਼ੀ ਸਨ। ਮਨੱਸ਼ਹ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਯਹੋਵਾਹ ਮੁਤਾਬਕ ਨਹੀਂ ਕੀਤੇ ਜਾਣੇ ਚਾਹੀਦੇ ਸਨ। ਇਸ ਕਰਕੇ ਯਹੋਵਾਹ ਮਨੱਸ਼ਹ ਤੇ ਬੜਾ ਕ੍ਰੋਧਵਾਨ ਸੀ। ਮਨੱਸ਼ਹ ਨੇ ਇੱਕ ਮੂਰਤ ਘੜਵਾ ਕੇ ਉਸਦਾ ਬੁੱਤ ਯਹੋਵਾਹ ਦੇ ਮੰਦਰ ਵਿੱਚ ਰੱਖਵਾਇਆ। ਅਤੇ ਰੱਖਵਾਇਆ ਵੀ ਉਸ ਮੰਦਰ ਵਿੱਚ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਹੁਕਮ ਦਿੱਤਾ ਸੀ ਕਿ ਮੈਂ ਇਸ ਮੰਦਰ ਵਿੱਚ ਅਤੇ ਯਰੂਸ਼ਲਮ ਵਿੱਚ ਜਿਸ ਨੂੰ ਮੈਂ ਹੁਣ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਵਿੱਚੋਂ ਚੁਣ ਲਿਆ ਹੈ, ਇੱਥੇ ਆਪਣਾ ਨਾਉਂ ਹਮੇਸ਼ਾ ਲਈ ਰੱਖਾਂਗਾ। ਅਤੇ ਮੈਂ ਇਸਰਾਏਲ ਦੇ ਪੈਰ ਉਸ ਜ਼ਮੀਨ ਉੱਤੋਂ ਜਿਸ ਦੇ ਵਿੱਚ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਜਿਆ ਹੈ, ਫ਼ਿਰ ਕਦੇ ਨਹੀਂ ਹਟਾਵਾਂਗਾ ਪਰ ਜੇ ਉਹ ਉਨ੍ਹਾਂ ਸਾਰੀਆਂ ਗੱਲਾਂ ਦੇ ਪੂਰਾ ਕਰਨ ਦੀ, ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ, ਉਸਦੀ ਪਾਲਨਾ ਕਰਨ। ਯਾਣੀ ਕਿ ਜਿਹੜੀਆਂ ਬਿਵਸਥਾ, ਬਿਧੀਆਂ ਅਤੇ ਨਿਆਵਾਂ ਦਾ ਮੂਸਾ ਨੇ ਲੋਕਾਂ ਨੂੰ ਮੰਨਣ ਦਾ ਹੁਕਮ ਦਿੱਤਾ ਸੀ।

ਮਨੱਸ਼ਹ ਨੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਵਿੱਚ ਜੋ ਲੋਕ ਰਹਿ ਰਹੇ ਸਨ, ਉਨ੍ਹਾਂ ਨੂੰ ਗ਼ਲਤ ਕੰਮਾਂ ਲਈ ਪ੍ਰੇਰਿਆ। ਇਨ੍ਹਾਂ ਲੋਕਾਂ ਨੇ ਉਨ੍ਹਾਂ ਕੌਮਾਂ ਨਾਲੋਂ ਵੀ ਵੱਧ ਬੁਰੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੇ ਬਰਬਾਦ ਕਰਵਾਇਆ ਸੀ।

10 ਯਹੋਵਾਹ ਨੇ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਾ ਸੁਣੀ। 11 ਇਸ ਲਈ ਯਹੋਵਾਹ ਨੇ ਅੱਸ਼ੂਰ ਦੀ ਸੈਨਾ ਦੇ ਕਮਾਂਡਰਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਭੇਜਿਆ। ਉਹ ਕਮਾਂਡਰ ਮਨੱਸ਼ਹ ਦੇ ਨੱਕ ਵਿੱਚ ਨੱਥ ਪਾ ਕੇ, ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਕੇ ਉਸ ਨੂੰ ਬਾਬਲ ਨੂੰ ਲੈ ਆਏ।

12 ਜਦੋਂ ਮਨੱਸ਼ਹ ਤੇ ਇਹ ਬਿਪਤਾ ਆ ਪਈ ਤਾਂ ਫ਼ਿਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕਰਨ ਲੱਗਾ ਕਿ ਉਸਦੀ ਮਦਦ ਕਰੇ। ਇਉਂ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਆਪਣੇ ਵੱਡੇਰਿਆਂ ਵਾਂਗ ਨਿਮਰਤਾ ਵਿਖਾਈ। 13 ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਮਿੰਨਤ ਕੀਤੀ ਕਿ ਉਹ ਉਸਤੇ ਰਹਿਮ ਕਰੇ। ਤਾਂ ਯਹੋਵਾਹ ਨੇ ਮਨੱਸ਼ਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਸ ਨੂੰ ਖਿਮਾ ਕਰ ਦਿੱਤਾ। ਯਹੋਵਾਹ ਨੇ ਮੁੜ ਉਸ ਨੂੰ ਯਰੂਸ਼ਲਮ ਆਪਣੇ ਰਾਜ ਉੱਪਰ ਜਾਣ ਦਿੱਤਾ। ਤਦ ਮਨੱਸ਼ਹ ਨੂੰ ਸੋਝੀ ਆਈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।

14 ਇਸ ਘਟਨਾ ਉਪਰੰਤ ਮਨੱਸ਼ਹ ਨੇ ਦਾਊਦ ਦੇ ਸ਼ਹਿਰ ਬਾਹਰ ਵੱਲ ਇੱਕ ਕੰਧ ਬਣਵਾਈ। ਇਹ ਦੀਵਾਰ ਗੀਹੋਨ ਦੇ ਪੱਛਮ ਵੱਲ ਕਿਦਰੋਨ ਵਾਦੀ ਵਿੱਚੋਂ ਮੱਛੀ ਫ਼ਾਟਕ ਦੇ ਪ੍ਰਵੇਸ਼ ਦੁਆਰ ਅਤੇ ਓਫ਼ਲ ਪਹਾੜੀ ਦੇ ਦੁਆਲੇ ਨੂੰ ਘੇਰਦੀ ਸੀ। ਇਹ ਦੀਵਾਰ ਉਸ ਨੇ ਬੜੀ ਉੱਚੀ ਬਣਾਈ। ਫ਼ਿਰ ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਅਫ਼ਸਰ ਚੁਣੇ। 15 ਮਨੱਸ਼ਹ ਨੇ ਉੱਥੋਂ ਓਪਰੇ ਦੇਵਤਿਆਂ ਨੂੰ ਚੁੱਕ ਦਿੱਤਾ। ਉਸ ਨੇ ਯਹੋਵਾਹ ਦੇ ਮੰਦਰ ਵਿੱਚੋਂ ਦੇਵਤਿਆਂ ਦੇ ਬੁੱਤਾਂ ਨੂੰ ਬਾਹਰ ਕੱਢ ਦਿੱਤਾ। ਜਿਹੜੇ ਪਹਾੜੀ ਵਾਲੇ ਮੰਦਰ ਉੱਤੇ ਤੇ ਯਰੂਸ਼ਲਮ ਵਿੱਚ ਉਸ ਨੇ ਜਗਵੇਦੀਆਂ ਬਣਾਈਆਂ ਸਨ ਉਹ ਵੀ ਚੁੱਕ ਦਿੱਤੀਆਂ। ਇਹ ਸਭ ਕੁਝ ਉਸ ਨੇ ਯਰੂਸ਼ਲਮ ਵਿੱਚੋਂ ਬਾਹਰ ਕੱਢ ਸੁੱਟਿਆ। 16 ਫ਼ਿਰ ਉਸ ਨੇ ਉੱਥੇ ਯਹੋਵਾਹ ਦੀ ਜਗਵੇਦੀ ਬਣਾਈ ਅਤੇ ਉਸ ਉੱਪਰ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ। ਮਨੱਸ਼ਹ ਨੇ ਫ਼ਿਰ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੁਕਮ ਦਿੱਤਾ। 17 ਤਦ ਵੀ ਲੋਕ ਅਜੇ ਤੀਕ ਉਚਿਆਂ ਥਾਵਾਂ ਤੇ ਬਲੀ ਚੜ੍ਹਾਉਂਦੇ ਰਹੇ, ਪਰ ਇਹ ਬਲੀ ਕੇਵਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਸੀ।

18 ਮਨੱਸ਼ਹ ਨੇ ਹੋਰ ਜਿਹੜੇ ਕਾਰਜ ਕੀਤੇ ਅਤੇ ਜਿਹੜੀਆਂ ਪ੍ਰਾਰਥਨਾ ਉਸ ਨੇ ਆਪਣੇ ਪਰਮੇਸ਼ੁਰ ਅੱਗੇ ਕੀਤੀਆਂ ਅਤੇ ਉਨ੍ਹਾਂ ਨਬੀਆਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਉਂ ਨਾਲ ਉਸ ਨਾਲ ਕੀਤੀਆਂ ਸਨ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਦਫ਼ਤਰੀ ਲੇਖਿਆਂ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 19 ਮਨੱਸ਼ਹ ਦੀ ਪ੍ਰਾਰਥਨਾਵਾਂ ਅਤੇ ਕਿਵੇਂ ਪਰਮੇਸ਼ੁਰ ਨੇ ਉਸਦੀਆਂ ਪ੍ਰਾਰਥਨਾਵਾਂ ਕਬੂਲ ਕਰਕੇ ਉਸ ਤੇ ਰਹਿਮਤ ਕੀਤੀ ਇਹ ਸਭ ਨਬੀਆਂ ਦੀ ਪੋਥੀ ਵਿੱਚ ਦਰਜ ਹੈ, ਇਸ ਤੋਂ ਪਹਿਲਾਂ ਮਨੱਸ਼ਹ ਦੇ ਸਾਰੇ ਪਾਪ ਜੋ ਉਸ ਨੇ ਆਪਣੇ ਆਪ ਨੂੰ ਨਿਮਰਤਾ ’ਚ ਲਿਆਉਣ ਤੋਂ ਪਹਿਲਾਂ ਕੀਤੇ ਸਨ, ਅਤੇ ਉਹ ਥਾਵਾਂ ਜਿੱਥੇ ਉਸ ਨੇ ਉੱਚੀਆਂ ਥਾਵਾਂ ਬਣਵਾਈਆਂ, ਅਤੇ ਜਿੱਥੇ ਉਸ ਨੇ ਅਸ਼ੇਰਾਹ ਦੇ ਥੰਮ ਅਤੇ ਬੁੱਤ ਸਥਾਪਿਤ ਕੀਤੇ ਸਨ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 20 ਮਨੱਸ਼ਹ ਦੀ ਮੌਤ ਉਪਰੰਤ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ। ਮਨੱਸ਼ਹ ਨੂੰ ਲੋਕਾਂ ਨੇ ਉਸ ਦੇ ਰਾਜ ਮਹਿਲ ਵਿੱਚ ਹੀ ਦਫ਼ਨਾਇਆ ਅਤੇ ਉਸਦੀ ਜਗ੍ਹਾ ਉਸਦਾ ਪੁੱਤਰ ਆਮੋਨ ਨਵਾਂ ਪਾਤਸ਼ਾਹ ਬਣਿਆ।

ਯਹੂਦਾਹ ਦਾ ਪਾਤਸ਼ਾਹ ਆਮੋਨ

21 ਆਮੋਨ 22 ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਦੋ ਸਾਲ ਰਾਜ ਕੀਤਾ। 22 ਆਮੋਨ ਨੇ ਆਪਣੇ ਪਿਤਾ ਮਨੱਸ਼ਹ ਵਾਂਗ ਹੀ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਸ ਨੇ ਉਨ੍ਹਾਂ ਸਾਰੇ ਬੁੱਤਾਂ ਨੂੰ ਬਲੀਆਂ ਚੜ੍ਹਾਈਆਂ ਜੋ ਉਸ ਦੇ ਪਿਤਾ ਮਨੱਸ਼ਹ ਨੇ ਬਣਵਾਏ ਸਨ ਅਤੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕੀਤੀ। 23 ਜਿਵੇਂ ਮਨੱਸ਼ਹ ਨੇ ਯਹੋਵਾਹ ਅੱਗੇ ਪ੍ਰਾਸਚਿਤ ਕਰਕੇ ਆਪਣੀ ਭੁੱਲ ਬਖਸ਼ਵਾ ਲਈ ਸੀ ਆਮੋਨ ਨੇ ਇਉਂ ਨਾ ਕੀਤਾ ਸਗੋਂ ਹੋਰ ਵੱਧ ਪਾਪ ਕੀਤੇ। 24 ਤਾਂ ਆਮੋਨ ਦੇ ਸੇਵਕਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਦੇ ਘਰ ਵਿੱਚ ਹੀ ਉਸ ਨੂੰ ਵੱਢ ਸੁੱਟਿਆ। 25 ਪਰ ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਸਾਰੇ ਸੇਵਕਾਂ ਨੂੰ ਵੱਢ ਸੁੱਟਿਆ, ਜਿਨ੍ਹਾਂ ਨੇ ਆਮੋਨ ਪਾਤਸ਼ਾਹ ਦੇ ਵਿਰੁੱਧ ਇਹ ਸਾਜ਼ਿਸ਼ ਘੜੀ ਸੀ। ਤਦ ਲੋਕਾਂ ਨੇ ਯੋਸੀਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਯੋਸੀਯਾਹ ਆਮੋਨ ਦਾ ਪੁੱਤਰ ਸੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes