A A A A A
Bible Book List

2 ਸਮੂਏਲ 23 Punjabi Bible: Easy-to-Read Version (ERV-PA)

ਦਾਊਦ ਦੇ ਅੰਤਿਮ ਬਚਨ

23 ਦਾਊਦ ਦੇ ਅੰਤਿਮ ਸ਼ਬਦ:

“ਇਹ ਗੀਤ ਯੱਸੀ ਦੇ ਪੁੱਤਰ ਦਾਊਦ ਦਾ ਸੀ।
    ਇਹ ਗੀਤ ਉਸ ਮਨੁੱਖ ਦਾ ਹੈ
ਜੋ ਉੱਚਾ ਚੁੱਕਿਆ ਗਿਆ ਸੀ ਅਤੇ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਸੀ।
    ਉਹ ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ। [a]
ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ
    ਅਤੇ ਉਸਦਾ ਬਚਨ ਮੇਰੀ ਜ਼ਬਾਨ ਉੱਤੇ ਸੀ।
ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ,
    ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਿਹੜਾ ਮਨੁੱਖਾਂ ਉੱਪਰ ਧਰਮ ਨਾਲ ਰਾਜ ਕਰਦਾ ਹੈ
    ਜੋ ਪਰਮੇਸ਼ੁਰ ਦੀ ਭੌ ਨਾਲ ਰਾਜ ਕਰਦਾ ਹੈ।
ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ,
    ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ
ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ,
    ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’

“ਪਰਮੇਸ਼ੁਰ ਨੇ ਮੇਰਾ ਪਰਿਵਾਰ ਬਲਵਾਨ ਤੇ ਸੁਰੱਖਿਅਤ ਕੀਤਾ
    ਉਸ ਨੇ ਸਦਾ ਲਈ ਮੇਰੇ ਨਾਲ ਇਕਰਾਰਨਾਮਾ ਕੀਤਾ
ਜੋ ਸਾਰੀਆਂ ਗੱਲਾਂ ਵਿੱਚ ਠੀਕ ਅਤੇ ਪੱਕਾ ਹੈ ਜ਼ਰੂਰ ਹੀ
    ਉਹ ਮੈਨੂੰ ਹਮੇਸ਼ਾ ਜੇਤੂ ਰੱਖੇਗਾ ਅਤੇ ਮੇਰੀਆਂ ਇੱਛਾਵਾਂ ਪੂਰੀਆਂ ਕਰੇਗਾ!

“ਪਰ ਬੇਧਰਮੀ ਸਾਰੇ ਕੰਡਿਆਂ ਵਾਂਗ ਲਾਂਭੇ ਸੁੱਟੇ ਜਾਣਗੇ
    ਕਿਉਂ ਜੋ ਉਹ ਹੱਥਾਂ ਨਾਲ ਫ਼ੜੇ ਨਹੀਂ ਜਾਂਦੇ।
ਜੇਕਰ ਕੋਈ ਮਨੁੱਖ ਉਨ੍ਹਾਂ ਨੂੰ ਛੂਹ ਲਵੇ ਤਾਂ
    ਉਹ ਛਿਲਤਰ ਜਾਂ ਸੂਈ ਵਾਂਗ ਕਿੱਲ ਵਾਂਗ ਚੁੱਭਦੇ ਹਨ।
ਹਾਂ ਉਹ ਲੋਕ ਕੰਡਿਆਂ ਵਰਗੇ ਹਨ
    ਉਹ ਅੱਗ ਵਿੱਚ ਝੋਂਕੇ ਜਾਣਗੇ
    ਅਤੇ ਪੂਰੀ ਤਰ੍ਹਾਂ ਸਾੜੇ ਜਾਣਗੇ।”

ਤਿੰਨ ਨਾਇੱਕ

ਦਾਊਦ ਦੇ ਸੂਰਮੇ ਇਹ ਹਨ:

ਤਾਹਕਮੋਨੀ ਯੋਸ਼ੇਬ-ਬੱਸ਼ਬਥ ਉਹ ਤਿੰਨਾਂ ਨਾਇੱਕਾਂ ਉੱਤੇ ਕਪਤਾਨ ਸੀ। ਉਸ ਨੇ ਇਕੋ ਵਾਰ ਵਿੱਚ ਆਪਣੇ ਬਰਛੇ ਨਾਲ 800 ਆਦਮੀਆਂ ਨੂੰ ਮਾਰ ਦਿੱਤਾ ਸੀ।

ਇਸਤੋਂ ਬਾਅਦ ਦੂਜਾ ਦੋਦੀ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਅਲਆਜ਼ਾਰ ਉਨ੍ਹਾਂ ਤਿੰਨ ਨਾਇੱਕਾਂ ਵਿੱਚੋਂ ਸੀ ਜਿਹੜੇ ਕਿ ਦਾਊਦ ਨਾਲ ਫ਼ਲਿਸਤੀਆਂ ਉੱਤੇ ਵੰਗਾਰ ਵੇਲੇ ਨਾਲ ਚੜ੍ਹੇ ਸਨ ਜਦੋਂ ਉਹ ਫ਼ਲਿਸਤੀਆਂ ਉੱਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ, ਪਰ ਉਸ ਵਕਤ ਇਸਰਾਏਲੀ ਸੈਨਿਕ ਭੱਜ ਖੜੋਤੇ ਸਨ। 10 ਅਲਆਜ਼ਾਰ ਫ਼ਲਿਸਤੀਆਂ ਨਾਲ ਉਸ ਵਕਤ ਤੱਕ ਲੜਦਾ ਰਿਹਾ ਜਦ ਤੀਕ ਉਹ ਥਕ ਨਾ ਗਿਆ। ਪਰ ਉਹ ਤਦ ਵੀ ਤਲਵਾਰ ਨੂੰ ਕੱਸ ਕੇ ਫ਼ੜੀ ਲਗਾਤਾਰ ਲੜਦਾ ਰਿਹਾ। ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਭਾਰੀ ਜਿੱਤ ਲੈ ਦਿੱਤੀ। ਜਦੋਂ ਅਲਆਜ਼ਾਰ ਜਿੱਤ ਗਿਆ ਤਾਂ ਲੋਕ ਘਰਾਂ ਵਿੱਚ ਵਾਪਸ ਆ ਗਏ ਪਰ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟ ਮਾਰ ਕਰਨ ਲਈ ਮੁੜ ਆਏ।

11 ਉਸ ਤੋਂ ਪਿੱਛੋਂ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਲੜਨ ਲਈ ਇਕੱਠੇ ਹੋਕੇ ਇੱਕ ਮਸਰਾਂ ਦੇ ਖੇਤ ਵਿੱਚ ਆਏ ਤਾਂ ਸਭ ਲੋਕ ਉਨ੍ਹਾਂ ਅੱਗੇ ਭੱਜ ਗਏ। 12 ਪਰ ਸ਼ੰਮਾਹ ਉਸ ਪੈਲੀ ਦੇ ਵਿੱਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਦਿਨ ਵੀ ਯਹੋਵਾਹ ਨੇ ਇਸਰਾਏਲੀ ਨੂੰ ਵੱਡੀ ਜਿੱਤ ਦਿੱਤੀ।

13 ਇੱਕ ਵਾਰ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿਕਲ ਗਏ ਅਤੇ ਅਦੁਲਾਮ ਦੀ ਗੁਫ਼ਾ ਨੂੰ ਵਾਢੀਆਂ ਦੇ ਵਕਤ ਦਾਊਦ ਕੋਲ ਆਏ, ਅਤੇ ਫ਼ਲਿਸਤੀਆਂ ਦੇ ਦਲ ਨੇ ਰਫ਼ਾਈਮ ਦੀ ਵਾਦੀ ਵਿੱਚ ਤੰਬੂ ਲਾਏ ਹੋਏ ਸਨ।

14 ਇੰਝ ਹੀ ਇੱਕ ਵਾਰ, ਦਾਊਦ ਇੱਕ ਗੜ੍ਹੀ ਵਿੱਚ ਸੀ ਅਤੇ ਕੁਝ ਫ਼ਲਿਸਤੀ ਸਿਪਾਹੀ ਬੈਤਲਹਮ ਵਿੱਚ ਸਨ। 15 ਦਾਊਦ ਆਪਣੇ ਨਗਰ ਦਾ ਪਾਣੀ ਪੀਣ ਲਈ ਬਹੁਤ ਉਤਸੁਕ ਸੀ ਇਸ ਲਈ ਉਸ ਨੇ ਆਖਿਆ, “ਮੈਂ ਇੱਛਾ ਕਰਦਾ ਕਿ ਕਾਸ਼ ਕੋਈ ਮੈਨੂੰ ਬੈਤਲਹਮ ਦੇ ਪ੍ਰਵੇਸ਼ ਵਾਲੇ ਖੂਹ ਤੋਂ ਪਾਣੀ ਲਿਆਕੇ ਦੇਵੇ।” 16 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ, ਜਿਹੜਾ ਕਿ ਉਸੇ ਫ਼ਾਟਕ ਉੱਪਰ ਸੀ ਅਤੇ ਪਾਣੀ ਭਰਕੇ ਦਾਊਦ ਨੂੰ ਲਿਆਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਨਾ ਪੀਤਾ ਸਗੋਂ ਉਸ ਨੂੰ ਭੇਟ ਵਜੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ। 17 ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਇਹ ਪਾਣੀ ਨਹੀਂ ਪੀ ਸੱਕਦਾ, ਇਹ ਪਾਣੀ ਪੀਣਾ ਉਨ੍ਹਾਂ ਵੀਰ ਸੂਰਮਿਆਂ ਦਾ ਖੂਨ ਪੀਣ ਦੇ ਬਰਾਬਰ ਹੋਵੇਗਾ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੇਰੇ ਲਈ ਇਹ ਪਾਣੀ ਲਿਆਂਦਾ ਹੈ।” ਇਸੇ ਕਾਰਣ ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕੀਤਾ। ਇੰਝ ਇਨ੍ਹਾਂ ਤਿੰਨਾਂ ਨਾਇੱਕਾਂ ਨੇ ਅਜਿਹੇ ਬੜੇ ਸੂਰਮਗਤੀ ਦੇ ਕਾਰਜ ਕੀਤੇ।

ਹੋਰ ਬਹਾਦੁਰ ਸਿਪਾਹੀ

18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆਂ ਸੀ। ਅਬੀਸ਼ਈ ਨੇ ਇੱਕੋ ਵੇਲੇ 300 ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਹ ਵੀ ਤਿੰਨਾਂ ਵਾਂਗ ਬੜਾ ਨਾਮੀ ਬਣਿਆ। 19 ਅਬੀਸ਼ਈ ਦੀ ਪ੍ਰਸਿੱਧੀ ਵੀ ਉਨ੍ਹਾਂ ਤਿੰਨਾਂ ਨਾਇੱਕਾਂ ਵਾਂਗ ਹੋਈ ਅਤੇ ਉਹ ਉਨ੍ਹਾਂ ਦਾ ਆਗੂ ਬਣਿਆ ਭਾਵੇਂ ਉਹ ਉਨ੍ਹਾਂ ਵਿੱਚੋਂ ਇੱਕ ਨਹੀਂ ਸੀ ਤੇ ਨਾ ਹੀ ਉਨ੍ਹਾਂ ਵਰਗਾ ਸੀ ਫ਼ਿਰ ਵੀ ਉਨ੍ਹਾਂ ਦਾ ਸਰਦਾਰ ਬਣਿਆ।

20 ਫ਼ੇਰ ਯਹੋਯਾਦਾ ਦਾ ਪੁੱਤਰ ਬਨਾਯਾਹ, ਕਬਸਏਲ ਤੋਂ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ, ਜਿਸ ਨੇ ਕਈ ਵੱਡੇ ਕੰਮ ਕੀਤੇ ਸਨ। ਉਸ ਨੇ ਮੋਆਬ ਦੇ ਦੋ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਮਾਰ ਸੁੱਟਿਆ। ਬਨਾਯਾਹ ਨੇ ਬੜੀ ਬਹਾਦੁਰੀ ਦੇ ਕੰਮ ਕੀਤੇ। 21 ਇਉਂ ਹੀ ਇੱਕ ਵਾਰ ਉਸ ਨੇ ਇੱਕ ਮਿਸਰੀ ਸਿਪਾਹੀ ਨੂੰ ਵੱਢ ਸੁੱਟਿਆ। ਉਸ ਮਿਸਰ ਦੇ ਸਿਪਾਹੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਸੋਟੀ ਲੈ ਕੇ ਉਸ ਉੱਪਰ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਉਸ ਨੇ ਬਰਛੀ ਖੋਹ ਲਈ ਅਤੇ ਉਸਦੀ ਹੀ ਬਰਛੀ ਨਾਲ ਉਸ ਨੂੰ ਮਾਰ ਸੁੱਟਿਆ। 22 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇੰਝ ਦੇ ਹੋਰ ਵੀ ਬਹਾਦੁਰੀ ਦੇ ਕਈ ਕੰਮ ਕੀਤੇ। ਬਨਾਯਾਹ ਵੀ ਤਿੰਨਾਂ ਨਾਇੱਕਾਂ ਵਾਂਗ ਬੜਾ ਮਸ਼ਹੂਰ ਹੋਇਆ। 23 ਬਨਾਯਾਹ ਸਗੋਂ 30 ਸੂਰਮਿਆਂ ਤੋਂ ਵੀ ਵੱਧ ਪ੍ਰਸਿੱਧ ਹੋਇਆ। ਪਰ ਉਹ ਤਿੰਨ ਨਾਇੱਕਾਂ ਦੇ ਸੰਗ ਦਾ ਸਦੱਸ ਨਾ ਬਣਿਆ ਸਗੋਂ ਦਾਊਦ ਨੇ ਉਸ ਨੂੰ ਆਪਣੇ ਅੰਗ ਰੱਖਿਅਕਾਂ ਦਾ ਆਗੂ ਠਹਿਰਾਇਆ।

ਤੀਹ ਨਾਇੱਕ

24 ਅਸਾਹੇਲ ਜੋ ਯੋਆਬ ਦਾ ਭਰਾ ਸੀ, ਉਨ੍ਹਾਂ 30 ਵਿੱਚੋਂ ਸੀ। 30 ਸੂਰਮਿਆਂ ਦੇ ਸੰਗ ਵਿੱਚ ਹੋਰ ਬਾਕੀ ਦੇ ਸੂਰਮੇ ਸਨ।

ਜਿਨ੍ਹਾਂ ਵਿੱਚ ਇੱਕ ਅਲਹਾਨਾਨ ਸੀ ਜੋ ਕਿ

ਬੈਤਲਹਮ ਤੋਂ ਦੋਦੋ ਦਾ ਪੁੱਤਰ ਸੀ।

25 ਸ਼ੰਮਾਹ ਹਰੋਦੀ ਅਤੇ

ਅਲੀਕਾ ਹਰੋਦੀ ਸੀ।

26 ਹਲਸ ਪਲਟੀ ਅਤੇ

ਇੱਕ ਇੱਕੇਸ਼ ਤਕੋਈ ਦਾ ਪੁੱਤਰ ਈਰਾ ਸੀ।

27 ਅਬੀਅਜ਼ਰ ਅੰਨਥੋਥੀ

ਮਬੁੰਨਈ ਹੁਸ਼ਾਥੀ।

28 ਸਲਮੋਨ ਅਹੋਹੀ ਅਤੇ

ਮਹਰਈ ਨਟੋਫ਼ਾਥੀ।

29 ਬਆਨਾਹ ਦਾ ਪੁੱਤਰ ਹੇਲਬ, ਇੱਕ ਨਟੋਫ਼ਾਥੀ ਅਤੇ

ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।

30 ਬਨਾਯਾਹ ਪਿਰਾਥੋਨੀ ਅਤੇ

ਗਆਸ਼ ਦੇ ਦਰਿਆਵਾਂ ਤੋਂ ਹਿੱਦਈ।

31 ਅਬੀ-ਅਲਬੋਨ ਅਰਬਾਥੀ,

ਅਜ਼ਮਾਵਥ ਬਰਹੁਮੀ।

32 ਅਲਯਹਬਾ ਸ਼ਅਲਬੋਨੀ ਅਤੇ

ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ।

33 ਸ਼ੰਮਾਹ ਹਰਾਰੀ ਅਤੇ

ਸ਼ਾਗਰ ਅਰਾਰੀ ਦਾ ਪੁੱਤਰ ਅਹੀਆਮ।

34 ਉਸ ਮਆਕਾਥੀ ਤਾਂ ਅਹਸਬਈ ਮਆਕਾਥੀ ਦਾ ਪੁੱਤਰ ਅਲੀਫ਼ਲਟ ਅਤੇ

ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ।

35 ਹਸਰਈ ਕਰਮਲੀ ਅਤੇ

ਪਅਰਈ ਅਰਬੀ।

36 ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਅਤੇ

ਬਾਨੀ ਗਾਦੀ।

37 ਸਲਕ ਅੰਮੋਨੀ ਅਤੇ

ਨਹਰਈ ਬਏਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।

38 ਈਰਾ ਯਿਬਰੀ ਅਤੇ

ਗਾਰੇਬ ਯਿਬਥ।

39 ਊਰਿੱਯਾਹ ਹਿੱਤੀ

ਇਹ ਸਾਰੇ ਕੁੱਲ ਮਿਲਾ ਕੇ 37 ਸਨ।

Footnotes:

  1. 2 ਸਮੂਏਲ 23:1 ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ ਜਾਂ ਪਰੰਪਰਾ, “ਇਸਰਾਏਲ ਦਾ ਮਿੱਠਾ ਗਾਇਕ।”
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes