A A A A A
Bible Book List

2 ਸਮੂਏਲ 18 Punjabi Bible: Easy-to-Read Version (ERV-PA)

ਦਾਊਦ ਦੀ ਲੜਾਈ ਲਈ ਤਿਆਰੀ

18 ਦਾਊਦ ਨੇ ਆਪਣੇ ਆਦਮੀ ਗਿਣੇ। ਉਸ ਨੇ ਹਜ਼ਾਰਾਂ ਲੋਕਾਂ ਉੱਪਰ ਕਪਤਾਨ ਅਤੇ ਸੌਆਂ ਉੱਪਰ ਕਪਤਾਨ ਥਾਪ ਦਿੱਤੇ। ਦਾਊਦ ਨੇ ਲੋਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਅਤੇ ਫ਼ਿਰ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ। ਇੱਕ ਤਿਹਾਈ ਹਿੱਸੇ ਦਾ ਆਗੂ ਯੋਆਬ ਨੂੰ ਬਣਾਇਆ ਅਤੇ ਦੂਜੇ ਇੱਕ ਤਿਹਾਈ ਦਸਤੇ ਦਾ ਆਗੂ ਯੋਆਬ ਦੇ ਭਰਾ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਬਣਾਇਆ ਅਤੇ ਇੱਕ ਤਿਹਾਈ ਦਸਤੇ ਨੂੰ ਗਿੱਤੀ ਇੱਤਈ ਦੇ ਹੱਥ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਘੱਲ ਦਿੱਤਾ।

ਪਾਤਸ਼ਾਹ ਦਾਊਦ ਨੇ ਲੋਕਾਂ ਨੂੰ ਆਖਿਆ, “ਮੈਂ ਵੀ ਤੁਹਾਡੇ ਨਾਲ ਚੱਲਾਂਗਾ।”

ਪਰ ਲੋਕਾਂ ਨੇ ਕਿਹਾ, “ਨਹੀਂ! ਤੁਹਾਨੂੰ ਸਾਡੇ ਨਾਲ ਨਹੀਂ ਜਾਣਾ ਚਾਹੀਦਾ। ਕਿਉਂ ਕਿ ਜੇਕਰ ਸਾਨੂੰ ਨੱਸਣਾ ਪਵੇ ਤਾਂ ਅਬਸ਼ਾਲੋਮ ਨੂੰ ਸਾਡੀ ਕੋਈ ਪਰਵਾਹ ਨਹੀਂ ਹੋਵੇਗੀ ਅਤੇ ਜੇਕਰ ਅਸੀਂ ਕਦੇ ਅੱਧੇ ਵੀ ਮਾਰੇ ਜਾਈਏ ਤਾਂ ਵੀ ਅਬਸ਼ਾਲੋਮ ਦੇ ਆਦਮੀ ਪਰਵਾਹ ਨਹੀਂ ਕਰਨਗੇ। ਪਰ ਤਸੀਂ ਸਾਡੇ 10,000 ਵਰਗੇ ਹੋ। ਇਸਤੋਂ ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਸ਼ਹਿਰ ਵਿੱਚ ਹੀ ਠਹਿਰੋ। ਤਦ ਜੇਕਰ ਸਾਨੂੰ ਮਦਦ ਦੀ ਲੋੜ ਹੋਵੇ ਤਾਂ ਤੁਸੀਂ ਸਾਡੀ ਮਦਦ ਕਰ ਸੱਕਦੇ ਹੋ।”

ਪਾਤਸ਼ਾਹ ਨੇ ਆਪਣੇ ਲੋਕਾਂ ਨੂੰ ਕਿਹਾ, “ਮੈਂ ਉਹੀ ਕਰਾਂਗਾ ਜਿਸ ਕੰਮ ਨੂੰ ਤੁਸੀਂ ਠੀਕ ਸਮਝੋ।”

ਤਦ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਦਰਵਾਜ਼ੇ ਕੋਲ ਖਲੋਤਾ ਅਤੇ ਸਾਰੀ ਫ਼ੌਜ ਚਲੀ ਗਈ। ਇਹ ਸਾਰੀ ਫ਼ੌਜ 100 ਅਤੇ 1,000 ਦੀਆਂ ਟੁਕੜੀਆਂ ਵਿੱਚ ਗਈ।

“ਜੁਆਨ ਅਬਸ਼ਾਲੋਮ ਨਾਲ ਨਰਮ ਵਤੀਰਾ”

ਪਾਤਸ਼ਾਹ ਨੇ ਯੋਆਬ ਨੂੰ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਅਤੇ ਕਿਹਾ, “ਮੇਰੀ ਖਾਤਿਰ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ।”

ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਕਪਤਾਨਾਂ ਨੂੰ ਅਬਸ਼ਾਲੋਮ ਦੇ ਲਈ ਇਹ ਆਗਿਆ ਦਿੱਤੀ ਤਾਂ ਸਾਰੇ ਲੋਕਾਂ ਨੇ ਸੁਣੀ।

ਦਾਊਦ ਦੀ ਫ਼ੌਜ ਨੇ ਅਬਸ਼ਾਲੋਮ ਦੀ ਫ਼ੌਜ ਨੂੰ ਹਰਾਇਆ

ਦਾਊਦ ਦੀ ਫ਼ੌਜ ਅਬਸ਼ਾਲੋਮ ਦੀ ਇਸਰਾਏਲੀ ਫ਼ੌਜ ਦੇ ਖਿਲਾਫ਼ ਲੜਨ ਲਈ ਰੜੇ ਵਿੱਚ ਉਤਰ ਗਈ ਅਤੇ ਅਫ਼ਰਾਈਮ ਦੇ ਜੰਗਲ ਵਿੱਚ ਲੜਾਈ ਲੜੀ। ਇਸਰਾਏਲ ਦੇ ਲੋਕ ਦਾਊਦ ਦੇ ਆਦਮੀਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ 20,000 ਮਨੁੱਖਾਂ ਦਾ ਕਤਲ ਹੋਇਆ ਕਿਉਂ ਕਿ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਛਿੜ ਗਈ ਪਰ ਉਸ ਦਿਨ ਜਿਹੜੇ ਤਲਵਾਰ ਨਾਲ ਬੰਦੇ ਮਾਰੇ ਗਏ ਉਸ ਤੋਂ ਵੱਧ ਬੰਦਿਆਂ ਦੀ ਮੌਤ ਜੰਗਲ ਦੇ ਵਿੱਚ ਹੋਈ।

ਉਸ ਵੇਲੇ ਅਬਸ਼ਾਲੋਮ ਦਾਊਦ ਦੇ ਬੰਦਿਆਂ ਨੂੰ ਟੱਕਰ ਗਿਆ। ਅਬਸ਼ਾਲੋਮ ਬਚਣ ਲਈ ਆਪਣੇ ਖੋਤੇ ਉੱਤੇ ਚੜ੍ਹ ਗਿਆ, ਪਰ ਉਹ ਖੋਤਾ ਇੱਕ ਵੱਡੇ ਬੋਹੜ ਦੇ ਰੁੱਖ ਦੀਆਂ ਟਹਿਣੀਆਂ ਹੇਠੋਂ ਦੀ ਲੰਘਿਆ। ਟਹਿਣੀਆਂ ਬਹੁਤ ਸੰਘਣੀਆਂ ਸਨ ਅਤੇ ਅਬਸ਼ਾਲੋਮ ਦਾ ਸਿਰ ਉਨ੍ਹਾਂ ਵਿੱਚ ਅੜ ਗਿਆ। ਅਬਸ਼ਾਲੋਮ ਦਾ ਖੋਤਾ ਉਸ ਨੂੰ ਰੁੱਖ ਤੇ ਲਟਕਦਿਆਂ ਛੱਡ ਕੇ ਉਸ ਦੇ ਹੇਠੋਁ ਨਿਕਲ ਗਿਆ।

10 ਇੱਕ ਆਦਮੀ ਨੇ ਇਹ ਵੇਖਿਆ ਅਤੇ ਯੋਆਬ ਨੂੰ ਕਿਹਾ, “ਮੈਂ ਅਬਸ਼ਾਲੋਮ ਨੂੰ ਇੱਕ ਵੱਡੇ ਬੋਹੜ ਦੇ ਰੁੱਖ ਨਾਲ ਲਟਕਦੇ ਵੇਖਿਆ ਹੈ।”

11 ਯੋਆਬ ਨੇ ਉਸ ਆਦਮੀ ਨੂੰ ਕਿਹਾ, “ਤੂੰ ਜੋ ਉਸ ਨੂੰ ਵੇਖਿਆ ਤਾਂ ਮਾਰ ਕੇ ਧਰਤੀ ਉੱਪਰ ਕਿਉਂ ਨਾ ਸੁੱਟ ਦਿੱਤਾ? ਜੇ ਤੂੰ ਇੰਝ ਕਰਦਾ ਤਾਂ ਮੈਂ ਤੈਨੂੰ ਦਸ ਚਾਂਦੀ ਦੇ ਟੁਕੜੇ ਤੇ ਇੱਕ ਪੇਟੀ ਬਖਸ਼ ਦਿੰਦਾ।”

12 ਉਸ ਆਦਮੀ ਨੇ ਯੋਆਬ ਨੂੰ ਕਿਹਾ, “ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਦੇ ਮੈਨੂੰ ਦਿੰਦਾ ਤਦ ਵੀ ਮੈਂ ਪਾਤਸ਼ਾਹ ਦੇ ਪੁੱਤਰ ਨੂੰ ਨਾ ਮਾਰਦਾ ਕਿਉਂ ਕਿ ਪਾਤਸ਼ਾਹ ਨੇ ਸਾਡੇ ਲੋਕਾਂ ਸਾਹਮਣੇ ਤੈਨੂੰ ਅਬੀਸ਼ਈ ਅਤੇ ਇੱਤਈ ਨੂੰ ਤਕੀਦ ਨਾਲ ਆਖਿਆ ਸੀ ਕਿ, ਧਿਆਨ ਰੱਖਣਾ ਕਿ ‘ਜੁਆਨ ਅਬਸ਼ਾਲੋਮ ਨੂੰ ਕੋਈ ਨਾ ਛੂਹੇ।’ 13 ਜੇਕਰ ਮੈਂ ਇਉਂ ਅਬਸ਼ਾਲੋਮ ਨੂੰ ਮਾਰ ਦਿੰਦਾ ਤਾਂ ਰਾਜੇ ਨੂੰ ਪਤਾ ਲੱਗ ਜਾਣਾ ਸੀ ਅਤੇ ਤੂੰ ਖੁਦ ਮੈਨੂੰ ਬਚਾਉਣ ਦੇ ਉਦੇਸ਼ ਨਾਲ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਸੀ।”

14 ਯੋਆਬ ਨੇ ਕਿਹਾ, “ਹੁਣ ਮੈਂ ਇੱਥੇ ਤੇਰੇ ਨਾਲ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।”

ਅਬਸ਼ਾਲੋਮ ਅਜੇ ਵੀ ਜਿਉਂਦਾ ਸੀ ਅਤੇ ਬਲੂਤ ਦੇ ਰੁੱਖ ਨਾਲ ਲਟਕਿਆ ਹੋਇਆ ਸੀ। ਯੋਆਬ ਨੇ ਤਿੰਨ ਤੀਰ ਹੱਥ ਵਿੱਚ ਫ਼ੜੇ ਅਤੇ ਅਬਸ਼ਾਲੋਮ ਉੱਪਰ ਕਸੇ ਜੋ ਕਿ ਉਸ ਦੇ ਦਿਲ ਨੂੰ ਵਿੰਨ੍ਹ ਗਏ। 15 ਯੋਆਬ ਕੋਲ ਲੜਾਈ ਵਿੱਚ ਦਸ ਜਵਾਨ ਸਿਪਾਹੀ ਸਨ, ਜਿਨ੍ਹਾਂ ਨੇ ਲੜਾਈ ਵਿੱਚ ਉਸਦੀ ਮਦਦ ਕੀਤੀ। ਇਹ ਦਸ ਮਨੁੱਖ ਅਬਸ਼ਾਲੋਮ ਦੇ ਦੁਆਲੇ ਇਕੱਠੇ ਹੋਏ ਅਤੇ ਉਸ ਨੂੰ ਮਾਰ ਸੁੱਟਿਆ।

16 ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲੀਆਂ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਕਿ ਯੋਆਬ ਨੇ ਲੋਕਾਂ ਨੂੰ ਰੋਕ ਦਿੱਤਾ ਸੀ। 17 ਤਦ ਯੋਆਬ ਦੇ ਆਦਮੀਆਂ ਨੇ ਅਬਸ਼ਾਲੋਮ ਨੂੰ ਚੁੱਕਿਆ ਅਤੇ ਉਸ ਨੂੰ ਜੰਗਲ ਦੇ ਇੱਕ ਵੱਡੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਸ ਟੋਏ ਨੂੰ ਉੱਪਰੋਂ ਪੱਥਰਾਂ ਨਾਲ ਪੂਰ ਦਿੱਤਾ।

ਉਹ ਸਾਰੇ ਇਸਰਾਏਲੀ ਜੋ ਅਬਸ਼ਾਲੋਮ ਦੇ ਮਗਰ ਉਸ ਨਾਲ ਆਏ ਸਨ ਉਹ ਭੱਜਕੇ ਘਰੋ-ਘਰੀਁ ਚੱਲੇ ਗਏ।

18 ਜਦੋਂ ਅਬਸ਼ਾਲੋਮ ਅਜੇ ਜਿਉਂਦਾ ਸੀ ਤਦ ਉਸ ਨੇ ਧਰਤੀ ਲੈ ਕੇ, ਆਪਣੇ ਲਈ ਪਾਤਸ਼ਾਹੀ, ਖੱਡ ਵਿੱਚ ਇੱਕ ਥੰਮ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ ਕਿ, “ਮੇਰੇ ਕੋਈ ਪੁੱਤਰ ਨਹੀਂ ਹੈ ਜਿਸ ਨਾਲ ਮੇਰੇ ਨਾਂ ਦੀ ਯਾਦ ਰਹੇ।” ਇਸ ਲਈ ਉਸ ਨੇ ਆਪਣਾ ਉਸ ਥੰਮ ਦਾ ਨਾਮ ਆਪਣੇ ਉੱਪਰ ਰੱਖਿਆ ਸੀ। ਅੱਜ ਤੀਕ ਉਹ ਥੰਮ ਵਾਲੀ ਥਾਂ “ਅਬਸ਼ਾਲੋਮ ਦੀ ਮੜ੍ਹੀ” ਅਖਵਾਉਂਦੀ ਹੈ।

ਯੋਆਬ ਨੇ ਦਾਊਦ ਨੂੰ ਖਬਰ ਭੇਜੀ

19 ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਯੋਆਬ ਨੂੰ ਕਿਹਾ, “ਮੈਨੂੰ ਹੁਣ ਨੱਸਣ ਦੇ ਤਾਂ ਜੋ ਮੈਂ ਜਾਕੇ ਪਾਤਸ਼ਾਹ ਨੂੰ ਇਹ ਖਬਰ ਦੱਸਾ ਕਿ ਯਹੋਵਾਹ ਨੇ ਉਸ ਦੇ ਵੈਰੀਆਂ ਤੋਂ ਉਸਦਾ ਬਦਲਾ ਲਿਆ।”

20 ਯੋਆਬ ਨੇ ਅਹੀਮਅਸ ਨੂੰ ਆਖਿਆ, “ਨਹੀਂ! ਤੂੰ ਅੱਜ ਜਾਕੇ ਉਸ ਨੂੰ ਇਹ ਖਬਰ ਨਾ ਦੱਸ। ਫ਼ਿਰ ਕਿਸੇ ਦਿਨ ਤੂੰ ਦਾਊਦ ਨੂੰ ਇਹ ਖਬਰ ਦੱਸ ਦੇਵੀਂ, ਪਰ ਅੱਜ ਨਹੀਂ। ਕਿਉਂ ਕਿ ਅੱਜ ਪਾਤਸ਼ਾਹ ਦਾ ਪੁੱਤਰ ਮਰਿਆ ਹੈ।”

21 ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, “ਤੂੰ ਜਾ, ਅਤੇ ਜੋ ਕੁਝ ਤੂੰ ਅੱਖੀ ਡਿੱਠਾ ਹੈ, ਜਾਕੇ ਪਾਤਸ਼ਾਹ ਨੂੰ ਦੱਸ।”

ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦਾਊਦ ਵੱਲ ਦੌੜ ਪਿਆ।

22 ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।”

ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”

23 ਅਹੀਮਅਸ ਨੇ ਕਿਹਾ, “ਮੈਨੂੰ ਕੋਈ ਪਰਵਾਹ ਨਹੀਂ ਕਿ ਕੀ ਹੋਵੇਗਾ, ਪਰ ਮੈਂ ਦਾਊਦ ਨੂੰ ਨੱਸ ਕੇ ਦੱਸਣਾ ਚਾਹੁੰਦਾ ਹਾਂ।”

ਯੋਆਬ ਨੇ ਅਹੀਮਅਸ ਨੂੰ ਆਖਿਆ, “ਤਾਂ ਠੀਕ ਹੈ! ਫ਼ਿਰ ਤੂੰ ਦਾਊਦ ਵੱਲ ਭੱਜ ਜਾ।”

ਤਦ ਅਹੀਮਅਸ ਯਰਦਨ ਵਾਦੀ ਦੇ ਰਾਹ ਵੱਲੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਪਹੁੰਚ ਗਿਆ।

ਦਾਊਦ ਨੇ ਖਬਰ ਸੁਣੀ

24 ਦਾਊਦ ਸ਼ਹਿਰ ਦੇ ਦੋ ਦਰਵਾਜ਼ਿਆਂ ਵਿੱਚਕਾਰ ਬੈਠਾ ਹੋਇਆ ਸੀ ਅਤੇ ਦਰਬਾਨ ਦਰਵਾਜ਼ਿਆਂ ਦੀ ਛੱਤ ਦੇ ਬੰਨੇ ਉੱਪਰ ਚੜ੍ਹਿਆ ਹੋਇਆ ਸੀ। ਉਸ ਨੇ ਵੇਖਿਆ ਕਿ ਇੱਕ ਆਦਮੀ ਇੱਕਲਾ ਨੱਸਦਾ ਹੋਇਆ ਆ ਰਿਹਾ ਹੈ। 25 ਉਹ ਦਰਬਾਨ ਦਾਊਦ ਪਾਤਸ਼ਾਹ ਨੂੰ ਇਹ ਖਬਰ ਦੇਣ ਲਈ ਉੱਚੀ ਆਵਾਜ਼ ਵਿੱਚ ਚੀਕਿਆ।

ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਉਹ ਆਦਮੀ ਇੱਕਲਾ ਹੈ ਤਾਂ ਇਸਦਾ ਮਤਲਬ ਉਹ ਕੋਈ ਖਬਰ ਲਿਆ ਰਿਹਾ ਹੈ।”

ਉਹ ਆਦਮੀ ਸ਼ਹਿਰ ਦੇ ਹੋਰ ਨਜ਼ਦੀਕ ਪਹੁੰਚਦਾ ਗਿਆ। 26 ਦਰਬਾਨ ਨੇ ਇੱਕ ਹੋਰ ਭੱਜਦੇ ਆਉਂਦੇ ਮਨੁੱਖ ਨੂੰ ਵੇਖਿਆ ਤਾਂ ਦਰਬਾਨ ਨੇ ਦਰਵਾਜ਼ੇ ਦੇ ਚੌਕੀਦਾਰ ਨੂੰ ਕਿਹਾ, “ਵੇਖ! ਇੱਕ ਹੋਰ ਇੱਕਲਾ ਮਨੁੱਖ ਦੌੜਦਾ ਆ ਰਿਹਾ ਹੈ।”

ਤਾਂ ਪਾਤਸ਼ਾਹ ਨੇ ਕਿਹਾ, “ਉਹ ਵੀ ਖਬਰ ਲੈ ਕੇ ਹੀ ਆ ਰਿਹਾ ਹੈ।”

27 ਤਾਂ ਦਰਬਾਨ ਨੇ ਕਿਹਾ, “ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਆਦਮੀ ਨੱਸਦਾ ਆ ਰਿਹਾ ਹੈ ਉਹ ਸਾਦੋਕ ਦੇ ਪੁੱਤਰ ਅਹੀਮਅਸ ਵਰਗਾ ਜਾਪਦਾ ਹੈ।”

ਪਾਤਸ਼ਾਹ ਨੇ ਕਿਹਾ, “ਅਹੀਮਅਸ ਇੱਕ ਚੰਗਾ ਮਨੁੱਖ ਹੈ, ਉਹ ਜ਼ਰੂਰ ਕੋਈ ਚੰਗੀ ਹੀ ਖਬਰ ਲਿਆ ਰਿਹਾ ਹੋਣਾ ਹੈ।”

28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”

29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।”

ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”

30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।

31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”

32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ?

ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”

33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes