A A A A A
Bible Book List

2 ਸਮੂਏਲ 15 Punjabi Bible: Easy-to-Read Version (ERV-PA)

ਅਬਸ਼ਾਲੋਮ ਦੀ ਮਿੱਤਰਤਾ

15 ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ ਅਤੇ ਘੋੜੇ ਅਤੇ ਆਪਣੇ ਅੱਗੇ ਦੌੜਨ ਵਾਲੇ 50 ਆਦਮੀ ਤਿਆਰ ਕੀਤੇ। ਅਬਸ਼ਾਲੋਮ ਸਵੇਰ-ਸਾਰ ਉੱਠਿਆ ਕਰਦਾ ਤੇ ਸ਼ਹਿਰ ਦੇ ਫ਼ਾਟਕ [a] ਦੇ ਕੋਲ ਇਹ ਵੇਖਣ ਲਈ ਜਾਕੇ ਖਲੋ ਜਾਂਦਾ ਕਿ ਜੇਕਰ ਕੋਈ ਪਾਤਸ਼ਾਹ ਦਾਊਦ ਕੋਲ ਕਿਸੇ ਸਮੱਸਿਆ ਦੇ ਨਿਆਉ ਲਈ ਜਾ ਰਿਹਾ ਹੋਵੇ। ਤਾਂ ਉਹ ਉਸ ਵਿਅਕਤੀ ਨੂੰ ਪੁੱਛ ਸੱਕੇ, “ਤੂੰ ਕਿਸ ਸ਼ਹਿਰ ਤੋਂ ਆਇਆ ਹੈਂ?” ਉਹ ਮਨੁੱਖ ਅੱਗੋਂ ਆਖਦਾ, “ਮੈਂ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਹਾਂ।” ਤਦ ਅਬਸ਼ਾਲੋਮ ਉਸ ਮਨੁੱਖ ਨੂੰ ਆਖਦਾ, “ਵੇਖ, ਜੋ ਤੂੰ ਕਹਿਨਾ ਸਹੀ ਹੈ, ਪਰ ਪਾਤਸ਼ਾਹ ਦਾਊਦ ਦੇ ਨਿਯੁਕਤ ਕੀਤੇ ਨਿਆਂਕਾਰ ਤੇਰੇ ਮੁਕੱਦਮੇ ਦੀ ਸੁਣਾਈ ਨਹੀਂ ਕਰਨਗੇ।”

ਅਬਸ਼ਾਲੋਮ ਇਹ ਵੀ ਆਖਦਾ, “ਮੈਂ ਆਸ ਕਰਦਾਂ ਕਿ ਕੋਈ ਇਸ ਦੇਸ ਵਿੱਚ ਮੈਨੂੰ ਨਿਆਂਕਾਰ ਬਣਾਵੇ, ਫ਼ੇਰ ਮੈਂ ਹਰ ਓਸ ਵਿਅਕਤੀ ਦੀ ਮਦਦ ਕਰ ਸੱਕਾਂਗਾ ਜਿਸ ਨੂੰ ਕੋਈ ਸਮੱਸਿਆ ਹੋਵੇ। ਮੈਂ ਉਸ ਨੂੰ ਉਸਦੀ ਸਮੱਸਿਆ ਦਾ ਸਹੀ ਉਪਚਾਰ ਲੱਭਣ ਵਿੱਚ ਮਦਦ ਕਰਾਂਗਾ।”

ਅਤੇ ਜੇਕਰ ਕੋਈ ਮਨੁੱਖ ਅਬਸ਼ਾਲੋਮ ਕੋਲ ਮੱਥਾ ਟੇਕਣ ਲਈ ਆਉਂਦਾ, ਤਾਂ ਅਬਸ਼ਾਲੋਮ ਉਸ ਨੂੰ ਸਗੇ ਮਿੱਤਰਾਂ ਵਾਂਗ ਮਿਲਦਾ, ਉਸ ਨੂੰ ਨੂੰ ਚਾਹ ਕੇ ਮਿਲਦਾ ਅਤੇ ਘੁੱਟਕੇ ਗਲਵਕੜੀ ਪਾਉਂਦਾ ਅਤੇ ਚੁੰਮਦਾ। ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲੀਆਂ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਆਉਂਦੇ ਸਨ, ਇਸੇ ਤਰ੍ਹਾਂ ਹੀ ਕੀਤਾ। ਇਵੇਂ ਅਬਸ਼ਾਲੋਮ ਨੇ ਇਸਰਾਏਲ ਦੇ ਲੋਕਾਂ ਦੇ ਮਨ ਮੋਹ ਲਏ।

ਅਬਸ਼ਾਲੋਮ ਦੀ ਦਾਊਦ ਦਾ ਰਾਜ ਖਿੱਚਣ ਦੀ ਵਿਉਂਤ

ਚਾਰ ਵਰ੍ਹਿਆਂ [b] ਬਾਅਦ ਅਬਸ਼ਾਲੋਮ ਨੇ ਦਾਊਦ ਪਾਤਸ਼ਾਹ ਨੂੰ ਆਖਿਆ, “ਕਿਰਪਾ ਕਰਕੇ, ਮੈਨੂੰ ਪਰਵਾਨਗੀ ਦੇਵੋ ਕਿ ਮੈਂ ਜਾਵਾਂ ਅਤੇ ਆਪਣੀ ਸੁੱਖਣਾ ਜੋ ਮੈਂ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ। ਇਹ ਸੁੱਖਣਾ ਮੈਂ ਉਦੋਂ ਸੁੱਖੀ ਸੀ ਜਿਸ ਵੇਲੇ ਮੈਂ ਅਰਾਮੀ ਗਸ਼ੂਰ ਵਿੱਚ ਸੀ। ਤਦ ਮੈਂ ਇਹ ਸੁੱਖਣਾ ਸੁੱਖੀ ਸੀ ਕਿ ਜੇ ਕਦੇ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।”

ਦਾਊਦ ਪਾਤਸ਼ਾਹ ਨੇ ਆਖਿਆ, “ਸ਼ਾਂਤੀ ਨਾਲ ਜਾ!”

ਅਬਸ਼ਾਲੋਮ ਹਬਰੋਨ ਨੂੰ ਗਿਆ। 10 ਪਰ ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ ਜਾਸੂਸ ਇਹ ਕਹਿ ਕੇ ਭੇਜੇ ਕਿ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ ਤਾਂ ਤੁਸੀਂ ਆਖਣਾ, “ਅਬਸ਼ਾਲੋਮ ਹਬਰੋਨ ਦਾ ਪਾਤਸ਼ਾਹ ਹੈ।”

11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ 200 ਆਦਮੀ ਤੁਰੇ, ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਸਦਾ ਵਿੱਚਾਰ ਕੀ ਹੈ। ਇਸ ਬਾਰੇ ਉਨ੍ਹਾਂ ਨੂੰ ਕੋਈ ਖਬਰ ਨਹੀਂ ਸੀ। 12 ਅਹੀਥੋਫ਼ਲ ਦਾਊਦ ਦੇ ਸਲਾਹਕਾਰਾਂ ਵਿੱਚੋਂ ਇੱਕ ਸੀ ਜੋ ਕਿ ਗਿਲੋਹ ਸ਼ਹਿਰ ਵਿੱਚੋਂ ਸੀ। ਜਦੋਂ ਅਬਸ਼ਾਲੋਮ ਬਲੀਆਂ ਚੜ੍ਹਾ ਰਿਹਾ ਸੀ, ਉਸ ਵਕਤ ਉਸ ਨੇ ਅਹੀਥੋਫ਼ਲ ਨੂੰ ਗਿਲੋਹ ਸ਼ਹਿਰ ਵਿੱਚੋਂ ਬੁਲਾਵਾ ਭੇਜਿਆ। ਅਬਸ਼ਾਲੋਮ ਦੀਆਂ ਯੋਜਨਾਵਾਂ ਬੜੀਆਂ ਸਹੀ ਕਾਰਜ ਕਰਦੀਆਂ ਸਨ ਜਿਸ ਨਾਲ ਵੱਧ ਤੋਂ ਵੱਧ ਲੋਕ ਉਸਦਾ ਸਾਬ ਦੇਣ ਲੱਗ ਪਏ।

ਦਾਊਦ ਨੂੰ ਅਬਸ਼ਾਲੋਮ ਦੀ ਵਿਉਂਤ ਬਾਰੇ ਖਬਰ ਹੋਣਾ

13 ਤਦ ਇੱਕ ਮਨੁੱਖ ਨੇ ਦਾਊਦ ਨੂੰ ਆਕੇ ਦੱਸਿਆ, “ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ।”

14 ਤਦ ਦਾਊਦ ਨੇ ਆਪਣੇ ਸਾਰੇ ਅਫ਼ਸਰਾਂ ਨੂੰ ਆਖਿਆ ਜਿਹੜੇ ਕਿ ਯਰੂਸ਼ਲਮ ਵਿੱਚ ਸਨ, “ਸਾਨੂੰ ਕੁਝ ਬਚਾਅ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ! ਜੇਕਰ ਅਸੀਂ ਏਸਾ ਨਹੀਂ ਕਰਾਂਗੇ, ਤਾਂ ਅਬਸ਼ਾਲੋਮ ਸਾਨੂੰ ਫ਼ੜ ਲਵੇਗਾ ਤੇ ਅਸੀਂ ਬਚ ਨਹੀਂ ਸੱਕਾਂਗੇ। ਸਾਨੂੰ ਛੇਤੀ ਇੱਥੋਂ ਭੱਜਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਅਬਸ਼ਾਲੋਮ ਪਹਿਲਾਂ ਹੀ ਸਾਨੂੰ ਪਕੜ ਲਵੇ। ਉਹ ਸਾਨੂੰ ਸਭਨੂੰ ਤਬਾਹ ਕਰ ਦੇਵੇਗਾ ਅਤੇ ਉਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਵੀ ਵੱਢ ਸੁੱਟੇਗਾ।”

15 ਪਾਤਸ਼ਾਹ ਦੇ ਅਫ਼ਸਰਾਂ ਨੇ ਉਸ ਨੂੰ ਕਿਹਾ, “ਅਸੀਂ ਉਹੀ ਕਰਾਂਗੇ, ਜਿਵੇਂ ਤੁਸੀਂ ਸਾਨੂੰ ਹੁਕਮ ਕਰੋਂਗੇ।”

ਦਾਊਦ ਅਤੇ ਉਸ ਦੇ ਲੋਕਾਂ ਦਾ ਬਚ ਜਾਣਾ

16 ਤਦ ਪਾਤਸ਼ਾਹ ਨਿਕਲਿਆ ਅਤੇ ਉਸਦਾ ਸਾਰਾ ਪਰਿਵਾਰ ਉਸ ਦੇ ਮਗਰ ਹੋ ਤੁਰਿਆ। ਪਾਤਸ਼ਾਹ ਨੇ ਆਪਣੇ ਪਿੱਛੇ ਆਪਣੀਆਂ ਦਸ ਪਤਨੀਆਂ ਨੂੰ ਘਰ ਦੀ ਰੱਖਵਾਲੀ ਲਈ ਛੱਡ ਗਿਆ। 17 ਅਤੇ ਉਹ ਬਾਕੀ ਸਾਰੇ ਲੋਕਾਂ ਨੂੰ ਆਪਣੇ ਮਗਰ ਲੈ ਕੇ ਉੱਥੋਂ ਤੁਰ ਪਿਆ ਅਤੇ ਉਹ ਸਾਰੇ ਆਖਰੀ ਇੱਕ ਘਰ ’ਚ ਜਾ ਠਹਿਰੇ। 18 ਉਸ ਦੇ ਸਾਰੇ ਅਫ਼ਸਰ ਉਸ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫ਼ਲੇਤੀ ਅਤੇ ਸਾਰੇ ਗਿੱਤੀ (600 ਜੁਆਨ ਜੋ ਗਬ ਤੋਂ) ਉਸ ਦੇ ਨਾਲ ਆਏ ਸਨ, ਪਾਤਸ਼ਾਹ ਦੇ ਅੱਗੇ-ਅੱਗੇ ਪਾਰ ਲੰਘ ਗਏ।

19 ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾ ਅਤੇ ਪਾਤਸ਼ਾਹ ਅਬਸ਼ਾਲੋਮ ਨਾਲ ਜਾ ਕੇ ਰਹਿ। ਤੂੰ ਓਪਰਾ ਬੰਦਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ। ਇਸ ਲਈ ਤੂੰ ਆਪਣੀ ਥਾਂ ਮੁੜ ਜਾ। 20 ਅਜੇ ਕੱਲ੍ਹ ਹੀ ਤਾਂ ਤੂੰ ਮੇਰੇ ਕੋਲ ਆਇਆ ਹੈਂ ਅਤੇ ਭਲਾ ਅੱਜ ਹੀ ਮੈਂ ਤੈਨੂੰ ਆਪਣੇ ਨਾਲ ਇੱਧਰ-ਓਧਰ ਘੁਮਾਵਾਂ? ਨਹੀਂ! ਤੂੰ ਆਪਣੇ ਸਾਥੀਆਂ ਨੂੰ ਆਪਣੇ ਨਾਲ ਲੈ ਕੇ ਇੱਥੋਂ ਮੁੜ ਜਾ ਅਤੇ ਦਯਾ ਅਤੇ ਸੱਚਾਈ ਤੇਰੇ ਨਾਲ ਰਹੇ।”

21 ਪਰ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਜਿਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਸੌਂਹ, ਮੈਂ ਤੇਰੇ ਸੰਗ ਰਹਾਂਗਾ। ਮੈਂ ਜ਼ਿੰਦਗੀ ਜਾਂ ਮੌਤ ਵਿੱਚ ਤੇਰੇ ਸੰਗ ਹੋਵਾਂਗਾ!”

22 ਦਾਊਦ ਨੇ ਇਤਈ ਨੂੰ ਆਖਿਆ, “ਚੱਲ ਫ਼ਿਰ ਇੱਥੋਂ ਪਾਰ ਲੰਘ।”

ਤਾਂ ਇੱਤਈ ਗਿੱਤੀ ਅਤੇ ਉਸ ਦੇ ਸਾਰੇ ਲੋਕ ਅਤੇ ਸਭ ਬੱਚੇ ਨੀਗਰ ਜੋ ਉਸ ਨਾਲ ਸਨ, ਪਾਰ ਲੰਘ ਗਏ। 23 ਸਾਰੇ ਲੋਕ ਭੁੱਬਾਂ ਮਾਰ-ਮਾਰ ਰੋਏ। ਪਾਤਸ਼ਾਹ ਦਾਊਦ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਬਾਕੀ ਦੇ ਸਾਰੇ ਲੋਕ ਪਾਰ ਲੰਘਕੇ ਉਜਾੜ ਵੱਲ ਨੂੰ ਮੁੜ ਗਏ। 24 ਸਾਦੋਕ ਅਤੇ ਲੇਵੀ ਦੇ ਸਾਰੇ ਲੋਕ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੀ ਉਸ ਦੇ ਨਾਲ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਹੇਠਾਂ ਰੱਖਿਆ ਅਤੇ ਅਬਯਾਥਾਰ ਨੇ ਤਦ ਤੀਕ ਪ੍ਰਾਰਥਨਾ ਕੀਤੀ ਜਦ ਤੱਕ ਸਾਰੇ ਲੋਕ ਯਰੂਸ਼ਲਮ ਤੋਂ ਨਾ ਗਏ।

25 ਤਦ ਪਾਤਸ਼ਾਹ ਦਾਊਦ ਨੇ ਸਾਦੋਕ ਨੂੰ ਆਖਿਆ, “ਪਰਮੇਸ਼ੁਰ ਦਾ ਪਵਿੱਤਰ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਵੋ। ਜੇਕਰ ਯਹੋਵਾਹ ਵੱਲੋਂ ਮੇਰੇ ਤੇ ਕਿਰਪਾ ਦਰਿਸ਼ਟੀ ਹੋਈ ਤਾਂ ਉਹ ਮੈਨੂੰ ਯਰੂਸ਼ਲਮ ’ਚ ਮੋੜ ਲਿਆਵੇਗਾ ਅਤੇ ਉਸ ਦੇ ਅਤੇ ਮੰਦਰ ਦੇ ਦਰਸ਼ਨ ਮੈਨੂੰ ਮੁੜ ਕਰਾਵੇਗਾ। 26 ਪਰ ਜੇਕਰ ਯਹੋਵਾਹ ਨੇ ਕਿਹਾ ਕਿ ਉਹ ਮੇਰੇ ਤੇ ਪ੍ਰਸੰਨ ਨਹੀਂ ਹੈ ਤਾਂ ਉਹ ਜੋ ਚਾਹੇ ਮੇਰੇ ਨਾਲ ਸਲੂਕ ਕਰ ਸੱਕਦਾ ਹੈ।”

27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫ਼ੇਰ ਆਖਿਆ, “ਤੂੰ ਤਾਂ ਪੈਗੰਬਰ ਹੈਂ। ਤੂੰ ਸ਼ਾਂਤੀ ਨਾਲ ਸ਼ਹਿਰ ਵਾਪਿਸ ਮੁੜ। ਅਤੇ ਦੋਵੇਂ ਪੁੱਤਰ ਅਹੀਮਅਸ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬਯਾਥਾਰ ਦਾ ਪੁੱਤਰ ਹੈ ਉਨ੍ਹਾਂ ਨੂੰ ਵੀ ਲੈ ਜਾ। 28 ਮੈਂ ਉਨ੍ਹਾਂ ਜਗ੍ਹਾਵਾਂ ਦੇ ਕਰੀਬ ਇੰਤਜ਼ਾਰ ਕਰਾਂਗਾ ਜਿੱਥੇ ਲੋਕ ਮਾਰੂਥਲ ਅੰਦਰ ਜਾਣ ਲਈ ਦਰਿਆ ਪਾਰ ਕਰਦੇ ਹਨ ਜਦ ਤੀਕ ਮੈਨੂੰ ਤੁਹਾਡੇ ਵੱਲੋਂ ਕੋਈ ਖਬਰ ਨਾ ਮਿਲ ਜਾਵੇ।”

29 ਸੋ ਸਾਦੋਕ ਅਤੇ ਅਬਯਾਥਾਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

ਅਹੀਥੋਫ਼ਲ ਦੇ ਖਿਲਾਫ਼ ਦਾਊਦ ਦੀ ਪ੍ਰਾਰਥਨਾ

30 ਦਾਊਦ ਜੈਤੂਨ ਦੇ ਪਹਾੜ ਤੇ ਚੜ੍ਹਿਆ। ਉਹ ਰੋ ਰਿਹਾ ਸੀ। ਉਸ ਨੇ ਸਿਰ ਢੱਕਿਆ ਹੋਇਆ ਸੀ ਅਤੇ ਪੈਰੋ ਨੰਗਾ ਸੀ। ਦਾਊਦ ਦੇ ਨਾਲ ਆਏ ਸਾਰੇ ਲੋਕਾਂ ਨੇ ਵੀ ਆਪਣੇ ਸਿਰ ਢੱਕੱ ਲੇ ਅਤੇ ਦਾਊਦ ਦੇ ਨਾਲ ਰੋਦੇ ਹੋਏ ਗਏ।

31 ਇੱਕ ਮਨੁੱਖ ਨੇ ਦਾਊਦ ਨੂੰ ਕਿਹਾ, “ਅਹੀਥੋਫ਼ਲ ਵੀ ਦੁਸ਼ਮਣਾਂ ਵਿੱਚ ਰਲਕੇ ਅਬਸ਼ਾਲੋਮ ਦੇ ਨਾਲ ਹੈ।” ਤਦ ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰੱਖਤਾਈ ਨਾਲ ਉਲਟਾਅ ਦੇ।” 32 ਦਾਊਦ ਪਹਾੜ ਦੀ ਚੋਟੀ ਤੇ ਆਇਆ। ਇਹ ਉਹ ਜਗ੍ਹਾ ਸੀ ਜਿੱਥੇ ਉਹ ਅਕਸਰ ਯਹੋਵਾਹ ਦੀ ਉਪਾਸਨਾ ਕਰਨ ਲਈ ਆਉਂਦਾ ਸੀ। ਉਸ ਵਕਤ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਤੇ ਮਿੱਟੀ ਪਾਈ ਹੋਈ ਉਸ ਨੂੰ ਮਿਲਣ ਲਈ ਆਇਆ।

33 ਦਾਊਦ ਨੇ ਹੂਸ਼ਈ ਨੂੰ ਆਖਿਆ, “ਜੇਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੇਰੇ ਸਿਰ ਤੇ ਇੱਕ ਹੋਰ ਮਨੁੱਖ ਦਾ ਭਾਰ ਪਵੇਗਾ। 34 ਪਰ ਜੇ ਤੂੰ ਯਰੂਸ਼ਲਮ ਨੂੰ ਮੁੜ ਜਾਵੇਂ ਤਾਂ ਤੂੰ ਅਹੀਥੋਫ਼ਲ ਦੀ ਸਲਾਹ ਨੂੰ ਫ਼ਿਜ਼ੂਲ ਸਿੱਧ ਕਰ ਸੱਕਦਾ ਹੈਂ। ਜੇ ਤੂੰ ਜਾਕੇ ਅਬਸ਼ਾਲੋਮ ਨੂੰ ਆਖੇਁ, ‘ਹੇ ਪਾਤਸ਼ਾਹ! ਮੈਂ ਤੇਰਾ ਸੇਵਕ ਹਾਂ। ਪਹਿਲਾਂ ਮੈਂ ਤੇਰੇ, ਪਿਤਾ ਦੀ ਟਹਿਲ ਕੀਤੀ ਹੁਣ ਮੈਂ ਤੇਰੀ ਸੇਵਾ ਕਰਾਂਗਾ।’ 35 ਸਾਦੋਕ ਅਤੇ ਅਬਯਾਥਾਰ ਜਾਜਕ ਤੇਰੇ ਨਾਲ ਹਨ। ਸੋ ਅਜਿਹਾ ਹੋਵੇ ਕਿ ਜੋ ਕੁਝ ਵੀ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇ ਸੋ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਦੱਸ ਦੇਵੀਂ। 36 ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤਰ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਯਾਥਾਰ ਦਾ ਵੀ ਹਨ। ਫ਼ਿਰ ਜੋ ਕੁਝ ਵੀ ਤੁਸੀਂ ਸੁਣੋ ਸੋ ਉਨ੍ਹਾਂ ਦੇ ਰਾਹੀਂ ਮੈਨੂੰ ਅਖਵਾ ਭੇਜਣਾ।”

37 ਇਉਂ ਹੂਸ਼ਈ ਦਾਊਦ ਦਾ ਦੋਸਤ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਯਰੂਸ਼ਲਮ ਵਿੱਚ ਆਇਆ।

Footnotes:

  1. 2 ਸਮੂਏਲ 15:2 ਸ਼ਹਿਰ ਦਾ ਫ਼ਾਟਕ ਇਹ ਉਹ ਫ਼ਾਟਕ ਸੀ ਜਿਸ ਕੋਲ ਸਾਰੇ ਵਿਉਪਾਰੀ ਵਣਜ ਕਰਨ ਲਈ ਆਉਂਦੇ ਅਤੇ ਕਚਿਹਰੀ ਦੇ ਬਹੁਤ ਸਾਰੇ ਅਪੀਲ ਕਾਰਜ ਇੱਥੇ ਆਉਂਦੇ ਸਨ।
  2. 2 ਸਮੂਏਲ 15:7 ਚਾਰ ਵਰ੍ਹਿਆਂ ਕੁਝ ਪ੍ਰਾਚੀਨ ਲਿਖਤਾਂ ਆਖਦੀਆਂ ਹਨ “40 ਸਾਲ।”
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes