A A A A A
Bible Book List

2 ਰਾਜਿਆਂ 5 Punjabi Bible: Easy-to-Read Version (ERV-PA)

ਨਅਮਾਨ ਦਾ ਕਸ਼ਟ

ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।

ਅਰਾਮੀ ਸੈਨਾ ਨੇ ਇਸਰਾਏਲ ਵਿੱਚ ਲੜਨ ਲਈ ਬਹੁਤ ਸਾਰੇ ਟੋਲੇ ਭੇਜੇ। ਤੇ ਉਹ ਸਿਪਾਹੀ ਲੋਕਾਂ ਨੂੰ ਚੁੱਕ ਕੇ ਆਪਣੇ ਗੁਲਾਮ ਬਣਾ ਲੈਂਦੇ। ਇੱਕ ਵਾਰੀ ਉਹ ਇਸਰਾਏਲ ਤੋਂ ਇੱਕ ਨਿੱਕੀ ਜਿਹੀ ਕੁੜੀ ਚੁੱਕ ਲਿਆਏ ਜੋ ਕਿ ਨਅਮਾਨ ਦੀ ਵਹੁਟੀ ਦੀ ਗੋਲੀ ਬਣ ਗਈ। ਇਸ ਕੁੜੀ ਨੇ ਨਅਮਾਨ ਦੀ ਪਤਨੀ ਨੂੰ ਆਕੇ ਕਿਹਾ, “ਕਾਸ਼ ਮੇਰਾ ਸੁਆਮੀ (ਨਅਮਾਨ) ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ (ਆਲੀਸ਼ਾ) ਹੈ। ਉਹ ਨਬੀ ਉਸ ਦੇ ਕੋੜ੍ਹ ਤੋਂ ਉਸ ਨੂੰ ਮੁਕਤ ਕਰ ਸੱਕਦਾ ਹੈ।”

ਨਅਮਾਨ ਆਪਣੇ ਮਾਲਕ (ਅਰਾਮ ਦੇ ਰਾਜੇ) ਕੋਲ ਗਿਆ ਅਤੇ ਉਸ ਨੂੰ ਉਹ ਦੱਸਿਆ ਜੋ ਉਸ ਇਸਰਾਏਲੀ ਕੁੜੀ ਨੇ ਆਖਿਆ ਸੀ।

ਤਦ ਅਰਾਮ ਦੇ ਰਾਜੇ ਨੇ ਆਖਿਆ, “ਹੁਣੇ ਜਾ ਅਤੇ ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਭੇਜਦਾ ਹਾਂ।”

ਤਦ ਨਅਮਾਨ ਇਸਰਾਏਲ ਨੂੰ ਗਿਆ, ਅਤੇ ਆਪਣੇ ਨਾਲ ਕੁਝ ਸੁਗਾਤਾਂ ਵੀ ਲੈ ਗਿਆ। ਉਸ ਨੇ 340 ਕਿੱਲੋ ਚਾਂਦੀ, 6,000 ਸੋਨੇ ਦੇ ਸਿੱਕੇ ਅਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ। ਉਹ ਇਸਰਾਏਲ ਦੇ ਪਾਤਸ਼ਾਹ ਕੋਲ ਉਹ ਚਿੱਠੀ ਲਿਆਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਹੁਣ ਜਦੋਂ ਇਹ ਚਿੱਠੀ ਤੇਰੇ ਤੀਕ ਪਹੁੰਚੇ ਤਾਂ ਵੇਖ ਮੈਂ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਭੇਜਿਆ ਹੈ ਤਾਂ ਜੋ ਤੂੰ ਉਸ ਦੇ ਕੋੜ੍ਹ ਨੂੰ ਚੰਗਿਆਂ ਕਰ ਦੇਵੇਂ।

ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਕੱਪੜੇ ਫ਼ਾੜ ਕੇ ਇਹ ਦਰਸਾਇਆ ਕਿ ਉਹ ਉਦਾਸ ਹੈ ਅਤੇ ਪਰੇਸ਼ਾਨ ਹੈ। ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਕੀ ਮੈਂ ਪਰਮੇਸ਼ੁਰ ਹਾਂ? ਨਹੀਂ! ਮੇਰਾ ਜੀਵਨ ਅਤੇ ਮੌਤ ਉੱਪਰ ਕੋਈ ਅਧਿਕਾਰ ਨਹੀਂ ਤਾਂ ਫ਼ਿਰ ਭਲਾ ਮੈਂ ਇਸ ਕੋਹੜੀ ਮਨੁੱਖ ਨੂੰ ਇਸਦੇ ਕੋੜ੍ਹ ਤੋਂ ਕਿਵੇਂ ਮੁਕਤ ਕਰ ਸੱਕਦਾ ਹਾਂ। ਤਾਂ ਫ਼ਿਰ ਉਸ ਨੇ ਭਲਾ ਇਸ ਨੂੰ ਮੇਰੇ ਕੋਲ ਕਿਉਂ ਭੇਜਿਆ ਹੈ? ਜ਼ਰਾ ਧਿਆਨ ਨਾਲ ਸੋਚੋ ਤਾਂ ਪਤਾ ਚੱਲੇਗਾ ਕਿ ਇਹ ਉਸਦੀ ਚਾਲ ਹੈ। ਇਸਦਾ ਮਤਲਬ ਅਰਾਮ ਦਾ ਰਾਜਾ ਮੇਰੇ ਨਾਲ ਲੜਾਈ ਲੜਨ ਦੀ ਵਿਉਂਤ ਕਰ ਰਿਹਾ ਹੈ।”

ਜਦੋਂ ਅਲੀਸ਼ਾ ਨੂੰ ਇਹ ਖਬਰ ਮਿਲੀ ਕਿ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਕੱਪੜੇ ਫ਼ਾੜੇ ਹਨ ਅਤੇ ਉਹ ਉਦਾਸ ਅਤੇ ਪਰੇਸ਼ਾਨ ਹੈ ਤਾਂ ਅਲੀਸ਼ਾ ਨੇ ਪਾਤਸ਼ਾਹ ਨੂੰ ਇਹ ਸੁਨੇਹਾ ਭੇਜਿਆ, “ਤੂੰ ਆਪਣੇ ਵਸਤਰ ਕਿਉਂ ਫ਼ਾੜਦਾ ਹੈਂ? ਤੂੰ ਉਸ ਨਅਮਾਨ ਨੂੰ ਮੇਰੇ ਕੋਲ ਭੇਜਦੇ ਤਾਂ ਜੋ ਉਸ ਨੂੰ ਪਤਾ ਚੱਲੇ ਕਿ ਇਸਰਾਏਲ ਵਿੱਚ ਇੱਕ ਨਬੀ ਹੈ।”

ਤਾਂ ਨਅਮਾਨ ਆਪਣੇ ਘੋੜਿਆਂ ਅਤੇ ਰੱਥਾਂ ਸਮੇਤ ਆਇਆ ਅਤੇ ਅਲੀਸ਼ਾ ਦੇ ਘਰ ਦੇ ਦਰਵਾਜ਼ੇ ਕੋਲ ਖੜੋ ਗਿਆ। 10 ਅਲੀਸ਼ਾ ਨੇ ਇੱਕ ਸੰਦੇਸ਼ਵਾਹਕ ਨੂੰ ਇਹ ਕਹਿ ਕੇ ਉਸ ਕੋਲ ਭੇਜਿਆ ਕਿ ਜਾਹ ਅਤੇ ਜਾਕੇ ਯਰਦਨ ਨਦੀ ਵਿੱਚ ਸੱਤ ਚੁੱਬੀਆਂ ਮਾਰ ਤਾਂ ਤੇਰਾ ਕੋੜ੍ਹ ਠੀਕ ਹੋ ਜਾਵੇਗਾ ਅਤੇ ਤੂੰ ਬਿਲਕੁਲ ਪਾਕ ਪਵਿੱਤਰ ਹੋ ਜਾਵੇਂਗਾ।

11 ਨਅਮਾਨ ਬੜੇ ਕਰੋਧ ਵਿੱਚ ਉੱਥੋਂ ਮੁੜ ਆਇਆ ਅਤੇ ਉਸ ਨੇ ਕਿਹਾ, “ਵੇਖੋ! ਮੈਂ ਤਾਂ ਸੋਚਦਾ ਸੀ ਕਿ ਉਹ ਬਾਹਰ ਆਕੇ ਖੜ੍ਹਾ ਹੋਵੇਗਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਉਂ ਲੈ ਕੇ ਮੇਰੇ ਕੋਹੜ ਵਾਲੀ ਥਾਂ ਤੇ ਆਪਣਾ ਹੱਥ ਫ਼ੇਰੇਗਾ ਤੇ ਮੈਨੂੰ ਕੋਹੜ ਤੋਂ ਮੁਕਤ ਕਰੇਗਾ। 12 ਅਬਨਾਹ ਅਤੇ ਫ਼ਰਪਰ ਜੋ ਕਿ ਦੰਮਿਸਕ ਦੀਆਂ ਨਦੀਆਂ ਹਨ ਇਸਰਾਏਲ ਦੇ ਸਾਰੇ ਪਾਣੀਆਂ ਨਾਲੋਂ ਚੰਗੀਆਂ ਹਨ। ਕੀ ਮੈਂ ਉਨ੍ਹਾਂ ਵਿੱਚ ਨਹਾਕੇ ਸਾਫ਼ ਨਹੀਂ ਹੋ ਸੱਕਦਾ?” ਅਤੇ ਉਹ ਜਾਣ ਲਈ ਮੁੜਿਆ।

13 ਪਰ ਤਦ ਨਅਮਾਨ ਦੇ ਸੇਵਕ ਉਸ ਕੋਲ ਆਏ ਤੇ ਉਸ ਨੂੰ ਆਖਣ ਲੱਗੇ, “ਹੇ ਮੇਰੇ ਪਿਤਾ! ਕੀ ਜੇ ਨਬੀ ਤੈਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਤੂੰ ਨਾ ਕਰਦਾ? ਤੇ ਫ਼ਿਰ ਜੇਕਰ ਉਸ ਨੇ ਤੈਨੂੰ ਇਹ ਆਖਿਆ ਹੈ ਕਿ ਯਰਦਨ ਨਦੀ ਵਿੱਚ ਨਹਾ ਲੈ ਤੇ ਸ਼ੁੱਧ ਹੋ ਜਾ, ਤਾਂ ਤੈਨੂੰ ਉਸਦੀ ਆਗਿਆ ਮੰਨ ਲੈਣੀ ਚਾਹੀਦੀ ਹੈ।”

14 ਤਦ ਨਅਮਾਨ ਨੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਦੇ ਕਹੇ ਅਨੁਸਾਰ ਉਵੇਂ ਹੀ ਕੀਤਾ। ਉਸ ਨੇ ਯਰਦਨ ਨਦੀ ਵਿੱਚ ਸੱਤ ਵਾਰੀ ਚੁੱਬੀ ਮਾਰੀ ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ ਤੇ ਉਹ ਸ਼ੁੱਧ ਹੋ ਗਿਆ। ਉਸਦੀ ਚਮੜੀ ਬੱਚਿਆਂ ਦੀ ਚਮੜੀ ਵਰਗੀ ਨਰਮ ਤੇ ਨਰੋਈ ਹੋ ਗਈ।

15 ਫ਼ਿਰ ਨਅਮਾਨ ਤੇ ਉਸਦੀ ਸਾਰੀ ਟੋਲੀ ਪਰਮੇਸ਼ੁਰ ਦੇ ਮਨੁੱਖ ਕੋਲ ਫ਼ਿਰ ਮੁੜ ਆਏ ਤੇ ਉਸ ਨੇ ਅਲੀਸ਼ਾ ਦੇ ਅੱਗੇ ਖਲੋ ਕੇ ਕਿਹਾ, “ਵੇਖ! ਮੈਂ ਜਾਣਦਾ ਹਾਂ ਕਿ ਇਸਰਾਏਲ ਦੀ ਧਰਤੀ ਤੋਂ ਸਿਵਾਏ ਹੋਰ ਸਾਰੀ ਧਰਤੀ ਤੇ ਕਿਤੇ ਵੀ ਪਰਮੇਸ਼ੁਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਮੇਰੀ ਇਹ ਭੇਂਟ ਸਵੀਕਾਰ ਕਰ।”

16 ਪਰ ਅਲੀਸ਼ਾ ਨੇ ਕਿਹਾ, “ਮੈਂ ਯਹੋਵਾਹ ਦਾ ਸੇਵਕ ਹਾਂ ਤੇ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਜਿਸਦੇ ਮੈਂ ਅੱਗੇ ਖਲੋਤਾ ਹਾਂ ਕਿ ਮੈਂ ਕੁਝ ਵੀ ਕਬੂਲ ਨਹੀਂ ਕਰਾਂਗਾ।”

ਨਅਮਾਨ ਨੇ ਅਲੀਸ਼ਾ ਨੂੰ ਉਹ ਸੁਗਾਤ ਕਬੂਲ ਕਰਨ ਲਈ ਬਹੁਤ ਜ਼ਿਦ ਕੀਤੀ ਪਰ ਅਲੀਸ਼ਾ ਨੇ ਇਨਕਾਰ ਕੀਤਾ। 17 ਤਦ ਨਅਮਾਨ ਨੇ ਆਖਿਆ, “ਜੇਕਰ ਤੂੰ। ਇਹ ਭੇਂਟ ਕਬੂਲ ਨਹੀਂ ਕਰਦਾ ਤਾਂ ਫ਼ਿਰ ਮੈਨੂੰ ਦੋ ਖੱਚਰਾਂ ਲੱਦ ਕੇ ਆਪਣੇ ਇਸਰਾਏਲ ਦੀ ਮਿੱਟੀ ਇੱਥੋਂ ਲੈ ਜਾਣ ਦੀ ਆਗਿਆ ਦੇਹ। ਉਹ ਇਸ ਲਈ ਕਿਉਂ ਕਿ ਅੱਜ ਤੋਂ ਬਾਅਦ ਮੈਂ ਹੁਣ ਕਦੇ ਵੀ ਯਹੋਵਾਹ ਤੋਂ ਬਿਨਾ ਹੋਰ ਕਿਸੇ ਦੇਵਤੇ ਦੇ ਅੱਗੇ ਜਾਂ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ। 18 ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਮੈਨੂੰ ਇਸ ਲਈ ਖਿਮਾ ਕਰੇ ਕਿ ਭਵਿੱਖ ਵਿੱਚ, ਮੇਰਾ ਮਾਲਕ ਅਰਾਮ ਦਾ ਰਾਜਾ ਜਦੋਂ ਉਪਾਸਨਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ, ਉਹ ਸਹਾਰੇ ਲਈ ਮੇਰੇ ਉੱਤੇ ਢਾਸਣਾ ਲਾਉਣਾ ਚਾਹਵੇਗਾ ਅਤੇ ਮੈਨੂੰ ਰਿੰਮੋਨ ਦੇ ਮੰਦਰ ਵਿੱਚ ਆਪਣਾ ਸਿਰ ਝੁਕਾਉਣਾ ਪਵੇਗਾ। ਤਾਂ ਜਦੋਂ ਇੰਝ ਵਾਪਰੇ ਤਾਂ ਇਸ ਗੱਲ ਲਈ ਯਹੋਵਾਹ ਮੈਨੂੰ ਖਿਮਾ ਕਰੇ।”

19 ਤਦ ਅਲੀਸ਼ਾ ਨੇ ਨਅਮਾਨ ਨੂੰ ਆਖਿਆ, “ਜਾਹ ਅਤੇ ਸੁਖੀ ਰਹੁ।”

ਤਦ ਨਅਮਾਨ ਉਸ ਤੋਂ ਬੋੜੀ ਦੂਰ ਚੱਲਾ ਗਿਆ। 20 ਪਰ ਪਰਮੇਸ਼ੁਰ ਦੇ ਮਨੁੱਖ, ਅਲੀਸ਼ਾ ਦੇ ਸੇਵਕ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਉਸ ਨੂੰ ਇਨਕਾਰ ਕਰਕੇ ਉਸ ਨੂੰ ਵਰਜ ਦਿੱਤਾ ਤੇ ਉਸ ਦੇ ਹੱਥੋਂ ਤੋਹਫ਼ੇ ਸਵੀਕਾਰ ਨਹੀਂ ਕੀਤੇ। ਜਿਉਂਦੇ ਯਹੋਵਾਹ ਦੀ ਸੌਂਹ ਮੈਂ ਸੱਚਮੁੱਚ ਉਸ ਦੇ ਪਿੱਛੇ ਨੱਸਾਂਗਾ ਅਤੇ ਉਸ ਕੋਲੋਂ ਕੁਝ ਲੈ ਆਵਾਂਗਾ।” 21 ਤਾਂ ਗੇਹਾਜੀ ਨਅਮਾਨ ਦੇ ਪਿੱਛੇ ਨੱਸਿਆ।

ਨਅਮਾਨ ਨੇ ਵੇਖਿਆ ਕਿ ਉਸ ਦੇ ਪਿੱਛੇ ਕੋਈ ਭੱਜਿਆ ਆ ਰਿਹਾ ਹੈ ਤਾਂ ਉਸ ਨੇ ਆਪਣਾ ਰੱਥ ਰੋਕ ਕੇ ਉਸਤੋਂ ਥੱਲੇ ਉਤਰ ਕੇ ਗੇਹਾਜੀ ਨੂੰ ਮਿਲਿਆ ਅਤੇ ਨਅਮਾਨ ਨੇ ਪੁੱਛਿਆ, “ਕੀ ਸਭ ਠੀਕ-ਠਾਕ ਤਾਂ ਹੈ?”

22 ਗੇਹਾਜੀ ਨੇ ਆਖਿਆ, “ਹਾਂ, ਸਭ ਠੀਕ-ਠਾਕ ਹੈ। ਮੇਰੇ ਸੁਆਮੀ ਅਲੀਸ਼ਾ ਨੇ ਮੈਨੂੰ ਇਹ ਆਖਣ ਲਈ ਭੇਜਿਆ ਕਿ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜੁਆਨ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੇਰੇ ਕੋਲ ਆ ਰਹੇ ਹਨ। ਉਨ੍ਹਾਂ ਨੂੰ 34 ਕਿੱਲੋ ਚਾਂਦੀ ਅਤੇ ਦੋ ਜੋੜੇ ਬਸਤਰ ਦੇਹ।”

23 ਨਅਮਾਨ ਨੇ ਆਖਿਆ, “ਖੁਸ਼ੀ ਨਾਲ 68 ਕਿੱਲੋ ਲੈ।” ਅਤੇ ਉਹ ਉਸ ਦੇ ਪਿੱਛੇ ਪੈ ਗਿਆ ਜ਼ਿਦ ਨਾਲ ਦੋ ਥੈਲੀਆਂ ਵਿੱਚ 68 ਕਿੱਲੋ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਦੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਸੇਵਕਾਂ ਉੱਪਰ ਲੱਦ ਦਿੱਤਾ ਅਤੇ ਉਹ ਸੇਵਕ ਉਹ ਤੋਹਫ਼ੇ ਚੁੱਕ ਕੇ ਉਸ ਦੇ ਅੱਗੇ-ਅੱਗੇ ਹੋਕੇ ਤੁਰ ਪਏ। 24 ਜਦ ਗੇਹਾਜੀ ਪਹਾੜੀ ਕੋਲ ਪਹੁੰਚਿਆ ਤਾਂ ਉਸ ਨੇ ਇਹ ਵਸਤਾਂ ਨੌਕਰਾਂ ਕੋਲੋਂ ਆਪਣੇ ਹੱਥਾਂ ਵਿੱਚ ਫ਼ੜਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਵਾਪਸ ਮੁੜ ਗਏ। ਉਸ ਉਪਰੰਤ ਗੇਹਾਜੀ ਨੇ ਉਹ ਵਸਤਾਂ ਆਪਣੇ ਘਰ ਵਿੱਚ ਛੁਪਾ ਲਈਆਂ।

25 ਜਦੋਂ ਗੇਹਾਜੀ ਅੰਦਰ ਆਕੇ ਆਪਣੇ ਸੁਆਮੀ ਅਲੀਸ਼ਾ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਗੇਹਾਜੀ! ਤੂੰ ਇੰਨੀ ਦੇਰ ਤੋਂ ਕਿੱਥੇ ਸੀ?”

ਗੇਹਾਜੀ ਨੇ ਆਖਿਆ, “ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ ਇੱਥੇ ਹੀ ਸੀ!”

26 ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ। 27 ਹੁਣ ਇਸੇ ਕਾਰਣ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਹਮੇਸ਼ਾ ਤੀਕ ਲੱਗਾ ਰਹੇਗਾ।”

ਜਦੋਂ ਗੇਹਾਜੀ ਅਲੀਸ਼ਾ ਕੋਲੋਂ ਬਾਹਰ ਗਿਆ, ਉਸ ਨੂੰ ਕੋੜ੍ਹ ਹੋ ਗਿਆ ਅਤੇ ਉਸਦੀ ਚਮੜੀ ਬਰਫ਼ ਜਿੰਨੀ ਸਫ਼ੇਦ ਸੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes