A A A A A
Bible Book List

2 ਇਤਹਾਸ 6 Punjabi Bible: Easy-to-Read Version (ERV-PA)

ਤਦ ਸੁਲੇਮਾਨ ਨੇ ਆਖਿਆ, “ਯਹੋਵਾਹ ਨੇ ਆਖਿਆ ਹੈ ਕਿ ਉਹ ਘਨਾ ਬੱਦਲ ਹਨੇਰ ਵਿੱਚ ਵਸੇਗਾ। ਮੈਂ ਤੇਰੇ ਲਈ ਹੇ ਯਹੋਵਾਹ ਇੱਕ ਘਰ ਬਣਾਇਆ ਹੈ ਜਿੱਥੇ ਤੂੰ ਵਸੇਂ। ਇਹ ਉੱਚਾ ਘਰ ਹੈ ਜਿੱਥੇ ਤੂੰ ਸਦੀਵ ਰਹੇਂ।”

ਸੁਲੇਮਾਨ ਦਾ ਕਥਨ

ਪਾਤਸ਼ਾਹ ਸੁਲੇਮਾਨ ਨੇ ਘੁੰਮ ਕੇ ਆਪਣੇ ਅੱਗੇ ਇਕੱਠੇ ਹੋਏ ਇਸਰਾਏਲ ਦੇ ਸਾਰੇ ਲੋਕਾਂ ਨੂੰ ਅਸੀਸ ਦਿੱਤੀ। ਉਸ ਨੇ ਕਿਹਾ,

“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਧੰਨਵਾਦ, ਜੋ ਇਕਰਾਰ ਉਸ ਨੇ ਆਪਣੇ ਮੂੰਹੋਂ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਉਸ ਨੂੰ ਆਪਣੀ ਸ਼ਕਤੀ ਨਾਲ ਨਿਭਾਇਆ। ਇਹੀ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਆਖਿਆ: ‘ਮੈਂ ਬਹੁਤ ਪਹਿਲਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ, ਤੇ ਉਸ ਸਾਰੇ ਸਮੇਂ ਦੌਰਾਨ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ ਤਾਂ ਜੋ ਉਸ ਵਿੱਚ ਮੰਦਰ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਂ ਰਹੇ ਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਕਿ ਮੇਰੇ ਲੋਕਾਂ ਦਾ ਪ੍ਰਧਾਨ ਬਣੇ। ਪਰ ਹੁਣ ਮੈਂ ਆਪਣੇ ਨਾਂ ਲਈ ਯਰੂਸ਼ਲਮ ਸਥਾਨ ਨੂੰ ਚੁਣਿਆ ਹੈ ਅਤੇ ਦਾਊਦ ਨੂੰ ਚੁਣਿਆ ਹੈ ਕਿ ਉਹ ਮੇਰੀ ਪਰਜਾ ਇਸਰਾਏਲ ਦਾ ਆਗੂ ਹੋਵੇ।’

“ਮੇਰਾ ਪਿਤਾ ਦਾਊਦ ਇਸਰਾਏਲ ਦੇ ਪਰਮੇਸ਼ੁਰ ਲਈ ਉਸ ਦੇ ਨਾਉਂ ਲਈ ਮੰਦਰ ਬਨਵਾਉਣਾ ਚਾਹੁੰਦਾ ਸੀ। ਪਰ ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, ‘ਦਾਊਦ, ਜੇ ਤੂੰ ਮੇਰੇ ਨਾਉਂ ਉੱਪਰ ਇੱਕ ਮੰਦਰ ਬਨਵਾਉਣਾ ਚਾਹੁੰਦਾ ਸੀ, ਚੰਗੀ ਗੱਲ ਹੈ। ਲੇਕਿਨ ਤੂੰ ਮੰਦਰ ਨਹੀਂ ਬਣਵਾ ਸੱਕਦਾ ਸਗੋਂ ਤੇਰਾ ਆਪਣਾ ਪੁੱਤਰ ਮੇਰੇ ਨਾਂ ਉੱਪਰ ਇੱਕ ਮੰਦਰ ਬਨਵਾਏਗਾ।’ 10 ਹੁਣ ਯਹੋਵਾਹ ਨੇ ਉਹ ਬਚਨ ਪੂਰਾ ਕੀਤਾ ਹੈ ਜੋ ਉਸ ਨੇ ਆਖਿਆ ਸੀ। ਮੈਂ ਹੁਣ ਆਪਣੇ ਪਿਤਾ ਦੀ ਥਾਵੇਂ ਨਵਾਂ ਪਾਤਸ਼ਾਹ ਚੁਣਿਆ ਗਿਆ ਹਾਂ ਕਿਉਂ ਕਿ ਦਾਊਦ ਮੇਰੇ ਪਿਤਾ ਸਨ ਤੇ ਹੁਣ ਮੈਂ ਇਸਰਾਏਲ ਦਾ ਪਾਤਸ਼ਾਹ। ਯਹੋਵਾਹ ਨੇ ਇਹੀ ਬਚਨ ਕੀਤਾ ਸੀ ਅਤੇ ਮੈਂ ਹੁਣ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਂ ਲਈ ਇੱਕ ਮੰਦਰ ਦਾ ਨਿਰਮਾਣ ਕਰਵਾਇਆ ਹੈ। 11 ਮੈਂ ਇਕਰਾਰਨਾਮੇ ਦੇ ਸੰਦੂਕ ਨੂੰ ਇਸ ਮੰਦਰ ਅੰਦਰ ਸਥਾਪਿਤ ਕੀਤਾ ਹੈ ਜਿਸ ਵਿੱਚ ਇਸਰਾਏਲ ਦੇ ਲੋਕਾਂ ਨਾਲ ਕੀਤੇ ਯਹੋਵਾਹ ਦਾ ਇਕਰਾਰਨਾਮਾ ਰੱਖਿਆ ਹੋਇਆ ਹੈ।”

ਸੁਲੇਮਾਨ ਦੀ ਪ੍ਰਾਰਥਨਾ

12 ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਸਨਮੁੱਖ ਖਲੋਤਾ ਅਤੇ ਉਹ ਇਸਰਾਏਲ ਦੇ ਸਾਰੇ ਲੋਕਾਂ ਦੇ ਸਾਹਮਣੇ ਜਿਹੜੇ ਕਿ ਇੱਕਤਰ ਹੋਏ ਸਨ, ਖੜੋਤਾ ਹੋਇਆ ਸੀ। ਤਦ ਉਸ ਨੇ ਆਪਣੇ ਹੱਥ ਅਤੇ ਬਾਹਵਾਂ ਅਕਾਸ਼ ਵੱਲ ਫ਼ੈਲਾਅ ਕੇ ਆਪਣੇ ਹੱਥ ਅੱਡੇ। 13 ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾਕੇ ਵਿਹੜੇ ਵਿੱਚ ਰੱਖਵਾ ਦਿੱਤਾ ਅਤੇ ਉਸ ਉੱਪਰ ਉਹ ਖੜੋਤਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਫ਼ੈਲਾਏ। 14 ਸੁਲੇਮਾਨ ਨੇ ਆਖਿਆ:

“ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਤੇਰੇ ਵਰਗਾ ਨਾ ਅਕਾਸ਼ਾਂ ਵਿੱਚ ਨਾ ਧਰਤੀ ਉੱਪਰ ਕੋਈ ਪਰਮੇਸ਼ੁਰ ਨਹੀਂ ਹੈ ਜੋ ਆਪਣੀ ਕਿਰਪਾ ਅਤੇ ਮਿਹਰ ਦਾ ਹੱਥ ਉਨ੍ਹਾਂ ਉੱਪਰ ਕਰੇ। ਜਿਹੜੇ ਤੇਰੇ ਸੇਵਕ ਦਿਲੋਂ ਤੇਰਾ ਹੁਕਮ ਮੰਨਦੇ ਹਨ ਤੇ ਠੀਕ ਰਾਹੇ ਚਲਦੇ ਹਨ ਤੂੰ ਉਨ੍ਹਾਂ ਨਾਲ ਆਪਣਾ ਇਕਰਾਰ ਪੂਰਾ ਕਰਦਾ ਹੈਂ। 15 ਤੂੰ ਆਪਣੇ ਦਾਸ ਦਾਊਦ ਨਾਲ ਵੀ ਆਪਣਾ ਕੌਲ ਨਿਭਾਇਆ ਅਤੇ ਦਾਊਦ ਮੇਰਾ ਪਿਤਾ ਸੀ ਤੇ ਤੂੰ ਆਪਣੇ ਮੂੰਹੋਂ ਉਸ ਨਾਲ ਬਚਨ ਕੀਤਾ ਜਿਸ ਨੂੰ ਅੱਜ ਤੂੰ ਆਪਣੇ ਹੀ ਹੱਥੀਂ ਪੂਰਾ ਕੀਤਾ ਹੈ। 16 ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਦਾਸ, ਮੇਰੇ ਪਿਤਾ ਦਾਊਦ ਦੇ ਨਾਲ ਕੀਤੇ ਉਸ ਇਕਰਾਰ ਨੂੰ ਵੀ ਪੂਰਾ ਕਰ: ‘ਤੇਰੇ ਵਾਰਿਸਾਂ ਵਿੱਚੋਂ ਇੱਕ ਇਸਰਾਏਲ ਦੇ ਇਸ ਸਿੰਘਾਸਣ ਉੱਤੇ ਹਮੇਸ਼ਾ ਬੈਠੇਗਾ ਪਰ ਤਾਂ ਹੀ ਜੇਕਰ ਤੇਰੇ ਪੁੱਤਰ ਆਪਣੀਆਂ ਸਾਰੀਆਂ ਕਰਨੀਆਂ ਵਿੱਚ ਮੇਰੀ ਬਿਧੀ ਅਨੁਸਾਰ ਮੇਰਾ ਪਾਲਣ ਕਰਨਗੇ। ਜਿਵੇਂ ਕਿ ਤੂੰ ਪਾਲਣ ਕੀਤਾ ਹੈ’ 17 ਸੋ ਹੁਣ, ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ, ਆਪਣੇ ਇਕਰਾਰ ਨੂੰ ਸੱਚ ਕਰ ਜਿਹੜਾ ਕਿ ਤੂੰ ਆਪਣੇ ਦਾਸ ਦਾਊਦ ਨੂੰ ਕੀਤਾ ਸੀ।

18 “ਪਰ ਹੇ ਪਰਮੇਸ਼ੁਰ, ਅਸੀਂ ਜਾਣਦੇ ਹਾਂ ਕਿ ਤੂੰ ਧਰਤੀ ਉੱਪਰ ਆਪਣੇ ਲੋਕਾਂ ਨਾਲ ਭੌਤਿਕ ਰੂਪ ਵਿੱਚ ਨਹੀਂ ਰਹੇਂਗਾ, ਕਿਉਂ ਕਿ ਅਕਾਸ਼ਾਂ ਦੇ ਅਕਾਸ਼ ਵੀ ਤੈਨੂੰ ਨਹੀਂ ਸਮਾ ਸੱਕਦੇ। ਮੈਂ ਇਹ ਵੀ ਜਾਣਦਾ ਹਾਂ ਕਿ ਜੋ ਮੰਦਰ ਮੈਂ ਬਣਵਾਇਆ ਉਹ ਵੀ ਤੈਨੂੰ ਨਹੀਂ ਸਮਾ ਸੱਕਦਾ! 19 ਪਰ ਹੇ ਯਹੋਵਾਹ ਮੇਰੇ ਪਰਮੇਸ਼ੁਰ ਮੇਰੀ ਪ੍ਰਾਰਥਨਾ ਨੂੰ ਸੁਣ ਮੈਂ ਤੇਰੇ ਅੱਗੇ ਦਯਾ ਲਈ ਬੇਨਤੀ ਕਰਦਾ ਹਾਂ। ਸੋ ਹੇ ਕਿਰਪਾਲੂ ਮੇਰੀ ਪੁਕਾਰ ਸੁਣ ਮੇਰੀ ਪ੍ਰਾਰਥਨਾ ਸੁਣੋ। ਆਪਣੇ ਦਾਸ ਦੀ ਅਰਜੋਈ ਨੂੰ ਸੁਣ। 20 ਮੇਰੀ ਪ੍ਰਾਰਥਨਾ ਸੁਣ ਤਾਂ ਜੋ ਤੇਰੀਆਂ ਅੱਖੀਆਂ ਇਸ ਮੰਦਰ ਵੱਲ ਜਿਸਦੇ ਬਾਰੇ ਤੂੰ ਫ਼ੁਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਜਿੱਥੇ ਮੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ ਤਾਂ ਕਿ ਤੂੰ ਉਸ ਬੇਨਤੀ ਨੂੰ ਸੁਣੇ ਜੋ ਤੇਰਾ ਸੇਵਕ ਇਸ ਅਸਥਾਨ ਉੱਪਰ ਕਰੇ। 21 ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਆਪਣੀ ਪਰਜਾ ਇਸਰਾਏਲ ਦੀ ਬੇਨਤੀ ਨੂੰ ਜਦੋਂ ਉਹ ਇਸ ਥਾਂ ਉੱਪਰ ਪ੍ਰਾਰਥਨਾ ਕਰਨ ਤਾਂ ਸੁਣ ਲਵੀਂ। ਅਸੀਂ ਜਦੋਂ ਵੀ ਇਸ ਮੰਦਰ ਵੱਲ ਵੇਖਕੇ ਪ੍ਰਾਰਥਨਾ ਕਰੀਏ ਤਾਂ ਤੂੰ ਜਿੱਥੇ ਵੀ ਭਾਵੇਂ ਸੁਰਗਾਂ ’ਚ ਹੋਵੇਂ ਸਾਡੀ ਪ੍ਰਾਰਥਨਾ ਕਬੂਲ ਕਰੀਂ ਤੇ ਸਾਨੂੰ ਮੁਆਫ਼ ਕਰ ਦੇਵੀਂ।

22 “ਜੇਕਰ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਕੋਈ ਗ਼ਲਤ ਕੰਮ ਕਰੇ ਤਾਂ ਜੇ ਉਸ ਤੋਂ ਸੌਂਹ ਖੁਆਈ ਜਾਵੇ ਤਾਂ ਉਹ ਆ ਕੇ ਇਸ ਮੰਦਰ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸੌਂਹ ਖਾਵੇ ਕਿ ਉਹ ਮਾਸੂਮ ਹੈ। 23 ਤਾਂ ਤੂੰ ਅਕਾਸ਼ ਵਿੱਚ ਉਸਦੀ ਪੁਕਾਰ ਸੁਣੀਂ ਤੇ ਆਪਣੇ ਦਾਸ ਤੇ ਮਿਹਰਬਾਨ ਹੋਵੀਂ ਅਤੇ ਉਸ ਨੂੰ ਨਿਆਂ ਦੇਵੀਂ। ਅਤੇ ਦੁਸ਼ਟ ਆਦਮੀ ਨੂੰ ਸਜ਼ਾ ਦੇਵੀਂ ਅਤੇ ਉਸ ਉੱਤੇ ਬਦੀ ਲਿਆਵੀਂ, ਕਿਉਂ ਜੋ ਉਸ ਨੇ ਹੋਰਨਾਂ ਨੂੰ ਕਸ਼ਟ ਦਿੱਤੇ ਅਤੇ ਸਾਬਤ ਕਰੀਂ ਕਿ ਜਿਸ ਆਦਮੀ ਨੇ ਚੰਗਾ ਕੀਤਾ ਬੇਗੁਨਾਹ ਹੈ ਅਤੇ ਉਸ ਨੂੰ ਉਸਦੀ ਨੇਕੀ ਅਨੁਸਾਰ ਪ੍ਰਰਸਾਕਿਰਤ ਕਰੀਂ।

24 “ਜੇਕਰ ਤੇਰੇ ਲੋਕ, ਇਸਰਾਏਲ ਆਪਣੇ ਪਾਪ ਕਾਰਣ ਆਪਣੇ ਦੁਸ਼ਮਣਾਂ ਤੋਂ ਹਾਰ ਜਾਣ, ਤੇ ਜੇਕਰ ਉਹ ਤੇਰੇ ਵੱਲ ਪਰਤ ਆਵਣ ਤੇ ਤੇਰੇ ਨਾਉਂ ਨੂੰ ਮੰਨ ਕੇ ਇਸ ਮੰਦਰ ਵਿੱਚ ਤੇਰੇ ਸਾਹਮਣੇ ਪ੍ਰਾਰਥਨਾ ਕਰਨ, 25 ਤੂੰ ਸੁਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਨੂੰ ਉਨ੍ਹਾਂ ਦੇ ਪਾਪ ਤੋਂ ਖਿਮਾਂ ਕਰੀਂ ਤੇ ਉਨ੍ਹਾਂ ਨੂੰ ਇਸ ਜ਼ਮੀਨ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਮੋੜ ਦੇਵੀਂ।

26 “ਜੇਕਰ ਧਰਤੀ ਤੇ ਸੋਕਾ ਪੈ ਜਾਵੇ ਅਤੇ ਬਾਰਿਸ਼ ਨਾ ਹੋਵੇ ਕਿਉਂ ਕਿ ਇਸਰਾਏਲ ਦੇ ਲੋਕਾਂ ਨੇ ਪਾਪ ਕੀਤਾ ਹੈ ਤਾਂ ਜੇਕਰ ਉਹ ਇਸ ਥਾਵੇਂ ਆਕੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਪਾਪ ਕਰਨੋ ਹਟ ਜਾਣ ਕਿਉਂ ਕਿ ਤੂੰ ਉਨ੍ਹਾਂ ਨੂੰ ਸਜ਼ਾ ਦਿੱਤੀ। 27 ਤਾਂ ਤੂੰ ਅਕਾਸ਼ਾਂ ਤੋਂ ਆਪਣੇ ਦਾਸਾਂ ਤੇ ਪਰਜਾ, ਇਸਰਾਏਲ ਦੇ ਪਾਪਾਂ ਨੂੰ ਖਿਮਾਂ ਕਰੀਂ। ਫ਼ਿਰ ਉਨ੍ਹਾਂ ਨੂੰ ਸਹੀ ਜੀਵਨ ਜਿਉਣ ਦੀ ਜਾਂਚ ਸਿੱਖਾਵੀਂ ਤੇ ਆਪਣੀ ਜ਼ਮੀਨ ਤੇ ਬਾਰਿਸ਼ ਭੇਜੀਂ, ਉਸ ਜ਼ਮੀਨ ਤੇ ਜੋ ਤੂੰ ਆਪਣੀ ਪਰਜਾ ਨੂੰ ਦਿੱਤੀ ਸੀ।

28 “ਜੇਕਰ ਦੇਸ਼ ਵਿੱਚ ਕਾਲ ਜਾਂ ਭਿਆਨਕ ਬਿਮਾਰੀ ਪੈ ਜਾਵੇ, ਜੇਕਰ ਫ਼ਸਲਾਂ ਨੂੰ ਕੀੜਾ ਪੈ ਜਾਵੇ। ਜਾਂ ਕੋਈ ਦੁਸ਼ਮਣ ਫੌਜ ਉਨ੍ਹਾਂ ਨੂੰ ਘੇਰ ਲਵੇ ਜਾਂ ਇਸਰਾਏਲ ’ਚ ਕੋਈ ਭਿਆਨਕ ਬਿਮਾਰੀ ਆ ਜਾਵੇ, 29 ਤਦ ਇਸਰਾਏਲ ਦੀ ਪਰਜਾ ਚੋ ਕੋਈ ਵੀ ਤੇਰੇ ਅੱਗੇ ਬੇਨਤੀ ਕਰੇ, ਪ੍ਰਾਰਥਨਾ ਕਰੇ ਜਾਂ ਕੋਈ ਵੀ ਇਸਰਾਏਲ ਦੇ ਮਨੁੱਖ ਜਾਂ ਸਾਰੇ ਜਿਸ ਵਿੱਚ ਹਰ ਕੋਈ ਆਪਣੀ ਦੁੱਖ-ਤਕਲੀਫ਼ ਨੂੰ ਜਾਣਦਾ ਹੋਇਆ ਤੇਰੇ ਅੱਗੇ ਹੱਥ ਫ਼ੈਲਾਏ, ਇਸ ਮੰਦਰ ਵੱਲ ਵੇਖਦਾ ਹੱਥ ਫ਼ੈਲਾਏ। 30 ਤਾਂ ਅਕਾਸ਼ ਉੱਤੋਂ ਉਨ੍ਹਾਂ ਦੀ ਫ਼ਰਿਆਦ ਸੁਣੀ ਤੂੰ ਆਪਣੇ ਸੁਰਗੀ ਭਵਨ ’ਚ ਬੈਠਾ ਉਨ੍ਹਾਂ ਨੂੰ ਖਿਮਾਂ ਕਰੀਂ। ਜੋ ਕੋਈ ਮਨੁੱਖ ਤੇਰੇ ਕੋਲੋਂ ਮੰਗ ਮੰਗੇ ਉਨ੍ਹਾਂ ਦੀ ਮੰਗ ਪੂਰੀ ਕਰੀਂ ਕਿਉਂ ਕਿ ਤੂੰ ਘਟ ਘਟ ਦੇ ਦਿਲਾਂ ਦੀ ਜਾਣਨ ਵਾਲਾ ਹੈਂ। 31 ਤਾਂ ਕਿ ਉਹ ਬਾਕੀ ਦਾ ਜਿਹੜਾ ਆਪਣਾ ਵਕਤ ਇਸ ਜ਼ਮੀਨ ਤੇ ਬਿਤਾਉਣ ਜਿਹੜੀ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਉਹ ਤੇਰੇ ਮਾਰਗ ਉੱਪਰ ਤੇਰੇ ਤੋਂ ਡਰ ਕੇ ਚੱਲਣ।

32 “ਇਸਰਾਏਲ ਦੀ ਪਰਜਾ ਤੋਂ ਇਲਾਵਾ ਜਿਹੜਾ ਹੋਰ ਵੀ ਕੋਈ ਪਰਦੇਸੀ ਜਦੋਂ ਤੇਰੀ ਵੱਡੀ ਉਪਮਾ, ਨਾਉਂ ਤੇ ਸ਼ਕਤੀ ਸੁਣ ਦੂਰੋ ਦੇਸੋਂ-ਪਰਦੇਸੋਂ ਆਵੇ ਅਤੇ ਇਸ ਮੰਦਰ ਵੱਲ ਆ ਕੇ ਪ੍ਰਾਰਥਨਾ ਕਰੇ। 33 ਤਾਂ ਤੂੰ ਆਪਣੇ ਅਕਾਸ਼ੀ ਭਵਨ ’ਚ ਬੈਠਾ ਸੁਣਕੇ ਉਸ ਪਰਦੇਸੀ ਦੀ ਫ਼ਰਿਆਦ ਸੁਣ ਉਸ ਮੁਤਾਬਕ ਕਿਰਪਾ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਉਂ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗ ਤੇਰਾ ਡਰ ਮੰਨਣ ਅਤੇ ਸਾਰੇ ਲੋਕ ਇਹ ਜਾਣ ਲੈਣ ਕਿ ਇਹ ਮੰਦਰ ਜੋ ਮੈਂ ਬਣਵਾਇਆ ਹੈ ਉਹ ਤੇਰੇ ਨਾਉਂ ਦਾ ਹੀ ਅਖਵਾਉਂਦਾ ਹੈ।

34 “ਜੇਕਰ ਤੇਰੀ ਪਰਜਾ ਜਿਸ ਨੂੰ ਤੂੰ ਉਨ੍ਹਾਂ ਦੇ ਵੈਰੀਆਂ ਨਾਲ ਲੜਨ ਲਈ ਭੇਜੇਂ ਤੇ ਜੇ ਉਹ ਇਸ ਸ਼ਹਿਰ ਨੂੰ ਜਿਸ ਨੂੰ ਤੂੰ ਚੁਣਿਆ ਹੈ, ਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਵਾਇਆ ਹੈ ਲਈ ਤੇਰੇ ਅੱਗੇ ਬੇਨਤੀ ਕਰਨ। 35 ਤਾਂ ਤੂੰ ਅਕਾਸ਼ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਸੁਣਕੇ ਉਨ੍ਹਾਂ ਦੀ ਮਦਦ ਕਰੀਂ।

36 “ਅਜਿਹਾ ਕੋਈ ਵੀ ਨਹੀਂ ਜਿਸਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ-ਤੇ ਜੇ ਉਹ ਤੇਰਾ ਪਾਪ ਕਰਨ ਤੇ ਤੂੰ ਉਨ੍ਹਾਂ ਤੇ ਨਰਾਜ਼ ਹੋਕੇ ਉਨ੍ਹਾਂ ਨੂੰ ਦੁਸ਼ਮਣ ਦੇ ਹਵਾਲੇ ਕਰ ਦੇਵੇਂ ਤੇ ਉਹ ਉਨ੍ਹਾਂ ਨੂੰ ਬੰਦੀ ਬਣਾਕੇ ਦੂਰ ਜਾਂ ਨੇੜੇ ਕਿਸੇ ਦੇਸ ਵਿੱਚ ਲੈ ਜਾਣ। 37 ਜਦ ਕਿ ਹਾਲੇ ਉਹ ਉਸ ਪਰਦੇਸ਼ ਵਿੱਚ ਕੈਦੀ ਹੋਣ, ਜੇਕਰ ਉਹ ਆਪਣੇ ਮਨ ਬਦਲ ਲੈਣ ਅਤੇ ਤੇਰੇ ਅੱਗੇ ਇਹ ਆਖਕੇ ਬੇਨਤੀ ਕਰਨ, ‘ਅਸੀਂ ਪਾਪ ਕੀਤਾ ਹੈ। ਅਸੀਂ ਬਦ ਕੰਮ ਕੀਤੇ ਹਨ ਅਤੇ ਦੁਸ਼ਟਤਾ ਦਾ ਵਿਖਾਵਾ ਕੀਤਾ ਹੈ।’ 38 ਤੇ ਜਦੋਂ ਉਹ ਪੂਰੇ ਤਨ-ਮਨ ਨਾਲ ਤੇਰੇ ਵੱਲ ਮੁੜਨ ਜਿੱਥੇ ਕਿ ਉਹ ਕੈਦੀ ਹਨ, ਤੇ ਜਿਹੜੀ ਜ਼ਮੀਨ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਸ ਦਾ ਧਿਆਨ ਚਿੱਤ ਵਿੱਚ ਰੱਖ ਕੇ ਤੇ ਜਿਹੜਾ ਸ਼ਹਿਰ ਤੂੰ ਚੁਣਿਆ ਸੀ, ਤੇ ਉਹ ਇਸ ਮੰਦਰ ਜਿਹੜਾ ਮੈਂ ਤੇਰੇ ਨਾਂ ਲਈ ਬਣਵਾਇਆ ਨੂੰ ਧਿਆਨ ਵਿੱਚ ਰੱਖ ਕੇ, ਤੇਰੇ ਅੱਗੇ ਬੇਨਤੀ ਕਰਨ 39 ਜਦੋਂ ਇਹ ਸਭ ਵਾਪਰੇ ਤਾਂ ਅਕਾਸ਼ ਵਿੱਚ ਬੈਠਾ ਤੂੰ ਉਨ੍ਹਾਂ ਦੀ ਫ਼ਰਿਆਦ ਸੁਣੀਂ ਕਿਉਂ ਜੋ ਉਹ ਤੇਰਾ ਭਵਨ ਹੈ ਸੋ ਜਦੋਂ ਉਹ ਮਦਦ ਲਈ ਪ੍ਰਾਰਥਨਾ ਕਰਨ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਕਿਰਪਾ ਕਰੀਂ। ਤੂੰ ਆਪਣੇ ਲੋਕਾਂ ਨੂੰ ਜਿਨ੍ਹਾਂ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਨੂੰ ਬਖਸ਼ ਦੇਵੀਂ। 40 ਹੁਣ, ਹੇ ਮੇਰੇ ਪਰਮੇਸ਼ੁਰ, ਹੁਣ ਇਸ ਥਾਂ ਤੇ ਜੋ ਅਸੀਂ ਬੇਨਤੀ ਕਰ ਰਹੇ ਹਾਂ ਉਸ ਪ੍ਰਾਰਥਨਾ ਨੂੰ ਅੱਖਾਂ, ਕੰਨ ਖੋਲ੍ਹਕੇ ਸੁਣ ਅਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ।

41 “ਹੁਣ, ਯਹੋਵਾਹ ਪਰਮੇਸ਼ੁਰ ਉੱਠ ਆਪਣੇ ਖਾਸ ਥਾਂ ਤੇ
    ਆ ਇਕਰਾਰਨਾਮਾ ਦਾ ਸੰਦੂਕ ਤੇਰੀ ਸ਼ਕਤੀ ਦਰਸਾਉਂਦਾ ਹੈ।
ਤੇਰੇ ਜਾਜਕ ਮੁਕਤੀ ਨਾਲ ਸੁਸ਼ੋਭਿਤ ਹੋਣ।
    ਤੇਰੇ ਸੱਚੇ ਭਗਤ ਤੇਰੀ ਚੰਗਿਆਈ ਵਿੱਚ ਆਨੰਦਿਤ ਹੋਣ।
42 ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਮਸਹ ਕੀਤੇ ਪਾਤਸ਼ਾਹ ਨੂੰ ਸਵੀਕਾਰ ਕਰ
    ਆਪਣੇ ਦਾਸ ਦਾਊਦ ਉੱਪਰ ਆਪਣੀ ਦਯਾ ਯਾਦ ਰੱਖੀਂ।”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes