A A A A A
Bible Book List

2 ਇਤਹਾਸ 31 Punjabi Bible: Easy-to-Read Version (ERV-PA)

ਪਾਤਸ਼ਾਹ ਹਿਜ਼ਕੀਯਾਹ ਸੁਧਾਰ ਕਰਦਾ ਹੈ

31 ਜਦੋਂ ਪਸਹ ਦਾ ਪਰਬ ਸਮਾਪਤ ਹੋਇਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ, ਯਹੂਦਾਹ ਦੇ ਸ਼ਹਿਰਾਂ ਵਿੱਚ ਗਏ। ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਪੱਥਰ ਦੇ ਬੁੱਤ ਦੇਵਤਿਆਂ ਦੇ ਬਣੇ ਹੋਏ ਸਨ ਉਨ੍ਹਾਂ ਨੇ ਚੂਰਾ-ਚੂਰਾ ਕਰ ਦਿੱਤੇ। ਉਨ੍ਹਾਂ ਲੋਕਾਂ ਨੇ ਅਸ਼ੀਰਾ ਦੇ ਥੰਮਾਂ ਨੂੰ ਵੀ ਢਾਹ ਸੁੱਟਿਆ। ਉੱਨ੍ਹਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸ਼ਹਿਰਾਂ ਵਿੱਚੋਂ ਉਚਿਆਂ ਥਾਵਾਂ ਅਤੇ ਜਗਵੇਦੀਆਂ ਨੂੰ ਵੀ ਢਾਹ ਸੁੱਟਿਆ। ਲੋਕਾਂ ਨੇ ਅਫ਼ਰਈਮ ਅਤੇ ਮਨੱਸ਼ਹ ਦੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ। ਉਹ ਲੋਕ ਇਹ ਢਾਹਾ-ਢੁਹਾਈ ਤਦ ਤੀਕ ਕਰਦੇ ਰਹੇ ਜਦ ਤੀਕ ਸ਼ਹਿਰਾਂ ਵਿੱਚੋਂ ਝੂਠੇ ਦੇਵਤਿਆਂ ਦੀ ਉਪਾਸਨਾ ਦੇ ਥਾਵਾਂ ਨੂੰ ਉਨ੍ਹਾਂ ਖਤਮ ਨਾ ਕਰ ਦਿੱਤਾ। ਉਪਰੰਤ ਸਾਰੇ ਇਸਰਾਏਲੀ ਆਪਣੇ-ਆਪਣੇ ਸ਼ਹਿਰਾਂ ਵਿੱਚ ਆਪਣੇ ਘਰਾਂ ਨੂੰ ਪਰਤ ਗਏ।

ਜਾਜਕਾਂ ਅਤੇ ਲੇਵੀਆਂ ਨੂੰ ਦਲਾਂ ਵਿੱਚ ਵੰਡਿਆਂ ਗਿਆ ਅਤੇ ਹਰ ਦਲ ਦਾ ਆਪੋ-ਆਪਣਾ ਕੰਮ ਸੀ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ। ਤਾਂ ਪਾਤਸ਼ਾਹ ਨੇ ਇਨ੍ਹਾਂ ਦਲਾਂ ਨੂੰ ਮੁੜ ਤੋਂ ਆਪੋ-ਆਪਣਾ ਕਾਰਜ ਸ਼ੁਰੂ ਕਰਨ ਨੂੰ ਕਿਹਾ। ਤਾਂ ਜਾਜਕਾਂ ਅਤੇ ਲੇਵੀਆਂ ਨੇ ਮੁੜ ਤੋਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਕਾਰਜ ਸ਼ੁਰੂ ਕੀਤਾ। ਅਤੇ ਲੇਵੀਆਂ ਨੇ ਮੰਦਰ ਵਿੱਚਲੀ ਸੇਵਾ, ਗਾਉਣ-ਵਜਾਉਣ ਅਤੇ ਪਰਮੇਸ਼ੁਰ ਦੇ ਜਸ ਦਾ ਗਾਨ ਯਹੋਵਾਹ ਦੇ ਭਵਨ ਤੋਂ ਫਾਟਕਾਂ ਤੀਕ ਦਾ ਕਾਰਜ ਸ਼ੁਰੂ ਕੀਤਾ। ਹਿਜ਼ਕੀਯਾਹ ਨੇ ਹੋਮ ਦੀਆਂ ਭੇਟਾਂ ਲਈ ਕੁਝ ਆਪਣੇ ਜਾਨਵਰ ਵੀ ਭੇਟ ਕੀਤੇ। ਇਹ ਜਾਨਵਰ ਸਵੇਰ ਅਤੇ ਸ਼ਾਮ ਦੀਆਂ ਹੋਮ ਭੇਟਾਂ ਲਈ ਵਰਤੇ ਜਾਂਦੇ ਸਨ। ਇਹ ਜਾਨਵਰ ਸਬਤ ਦੇ ਦਿਨ, ਅਮਸਿਆ ਦੇ ਪਰਬ ਅਤੇ ਹੋਰ ਖਾਸ ਪਰਬਾਂ ਤੇ ਭੇਟ ਕੀਤੇ ਜਾਂਦੇ ਸਨ। ਇਹ ਸਭ ਕੁਝ ਉਵੇਂ ਹੁੰਦਾ ਜਿਵੇਂ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ।

ਲੋਕਾਂ ਨੂੰ ਆਪਣੀਆਂ ਫ਼ਸਲਾਂ ਅਤੇ ਹੋਰ ਵਸਤਾਂ ਵਿੱਚੋਂ ਕੁਝ ਹਿੱਸਾ ਜਾਜਕਾਂ ਅਤੇ ਲੇਵੀਆਂ ਨੂੰ ਵੀ ਦੇਣਾ ਪੈਂਦਾ ਸੀ। ਹਿਜ਼ਕੀਯਾਹ ਦਾ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੂੰ ਇਹ ਹੁਕਮ ਸੀ ਕਿ ਉਹ ਆਪਣੇ ਹਿੱਸੇ ਵਿੱਚੋਂ ਉਨ੍ਹਾਂ ਨੂੰ ਵੀ ਦੇਣ। ਇਸ ਤਰ੍ਹਾਂ ਜਾਜਕ ਅਤੇ ਲੇਵੀ ਯਹੋਵਾਹ ਦੀ ਬਿਵਸਥਾ ਵਿੱਚ ਸਾਰਾ ਦਿਨ ਉਸ ਬਿਵਸਥਾ ਅਨੁਸਾਰ ਕੰਮ ਕਰਦੇ ਸਨ। ਸਾਰੇ ਦੇਸ਼ ਵਿੱਚ ਇਸ ਹੁਕਮ ਦੀ ਖਬਰ ਫ਼ੈਲ ਗਈ। ਤਦ ਇਸਰਾਏਲ ਦੇ ਲੋਕਾਂ ਨੇ ਅਨਾਜ ਦੀ ਫ਼ਸਲ ਦਾ ਪਹਿਲਾ ਹਿੱਸਾ, ਅੰਗਰੂ, ਤੇਲ, ਸ਼ਹਿਦ ਅਤੇ ਹੋਰ ਜੋ ਕੁਝ ਵੀ ਉਹ ਆਪਣੇ ਖੇਤਾਂ ਵਿੱਚ ਪੈਦਾ ਕਰਦੇ ਸਨ ਦੇਣਾ ਸ਼ੁਰੂ ਕੀਤਾ। ਉਹ ਇਨ੍ਹਾਂ ਸਭਨਾਂ ਵਸਤਾਂ ਦਾ ਦਸਵੰਧ ਲੈ ਕੇ ਆਉਂਦੇ। ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ ਉਹ ਵੀ ਆਪਣੇ ਪਸ਼ੂਆਂ ਦਾ ਦਸਵੰਧ ਲੈ ਕੇ ਆਉਂਦੇ ਸਨ। ਉਹ ਉਨ੍ਹਾਂ ਪਵਿੱਤਰ ਵਸਤਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀ ਹੋਈਆਂ ਸਨ ਉਹ ਵੀ ਲਿਆਏ ਅਤੇ ਲਿਆ ਕੇ ਉਨ੍ਹਾਂ ਦੇ ਢੇਰ ਲਗਾ ਦਿੱਤੇ।

ਲੋਕਾਂ ਨੇ ਇਹ ਵਸਤਾਂ ਤੀਜੇ ਮਹੀਨੇ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ ਅਤੇ ਸੱਤਵੇਂ ਮਹੀਨੇ ਵਿੱਚ ਇਹ ਸਭ ਵਸਤਾਂ ਲਿਆਉਣੀਆਂ ਬੰਦ ਕਰ ਦਿੱਤੀਆਂ। ਜਦੋਂ ਪਾਤਸ਼ਾਹ ਹਿਜ਼ਕੀਯਾਹ ਅਤੇ ਸਰਦਾਰ ਆਏ, ਤਾਂ ਉਨ੍ਹਾਂ ਨੇ ਵਸਤਾਂ ਦੇ ਅੰਬਾਰ ਲੱਗੇ ਦੇਖੇ। ਤਾਂ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੀ ਉਸਤਤ ਕੀਤੀ।

ਤਦ ਪਾਤਸ਼ਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਵਸਤਾਂ ਦੇ ਢੇਰਾਂ ਬਾਰੇ ਪੁੱਛਿਆ। 10 ਤਾਂ ਅਜ਼ਰਯਾਹ ਜੋ ਪਰਧਾਨ ਜਾਜਕ ਅਤੇ ਜੋ ਸਾਦੋਕ ਦੇ ਘਰਾਣੇ ਦਾ ਸੀ, ਨੇ ਉਸ ਨੂੰ ਆਖਿਆ, “ਜਦੋਂ ਤੋਂ ਯਹੋਵਾਹ ਦੇ ਮੰਦਰ ਵਿੱਚ ਚੁੱਕਣ ਦੀਆਂ, ਭੇਟਾ ਲਿਆਉਣੀਆਂ ਸ਼ੁਰੂ ਕੀਤੀਆਂ ਹਨ, ਤਦ ਤੋਂ ਅਸੀਂ ਬਹੁਤ ਕੁਝ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਬਖਸ਼ੀ ਹੈ। ਇਹੀ ਕਾਰਨ ਹੈ ਕਿ ਅਜੇ ਵੀ ਇੰਨਾ ਢੇਰ ਬਚਿਆ ਪਿਆ ਹੈ।”

11 ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ। 12 ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਸਿਆਣਪ ਨਾਲ ਯਹੋਵਾਹ ਦੇ ਮੰਦਰ ਦੇ ਗੋਦਾਮਾਂ ਵਿੱਚ ਸੰਭਾਲਿਆ ਗਿਆ। ਇਹ ਸਾਰੀ ਚੜ੍ਹਤ ਦਾ ਕਾਨਨਯਾਹ ਲੇਵੀ ਹਾਕਮ ਸੀ ਅਤੇ ਦੂਜੇ ਨੰਬਰ ਤੇ ਸ਼ਮਈ ਸੀ ਜੋ ਇਸ ਸਭ ਦਾ ਹਾਕਮ ਸੀ। ਸ਼ਮਈ ਕਾਨਨਯਾਹ ਦਾ ਭਰਾ ਸੀ। 13 ਕਾਨਨਯਾਹ ਅਤੇ ਉਸਦਾ ਭਰਾ ਸ਼ਮਈ ਇਨ੍ਹਾਂ ਲੋਕਾਂ ਉੱਪਰ ਹਾਕਮ ਸਨ: ਯਹੀਏਲ, ਅਜ਼ਜ਼ਯਾਹ, ਨਹਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਏਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ। ਹਿਜ਼ਕੀਯਾਹ ਪਾਤਸ਼ਾਹ ਅਤੇ ਯਹੋਵਾਹ ਦੇ ਮੰਦਰ ਦਾ ਕਰਮਚਾਰੀ ਅਜ਼ਰਯਾਹ ਨੇ ਉਨ੍ਹਾਂ ਆਦਮੀਆਂ ਨੂੰ ਚੁਣਿਆ।

14 ਯਿਮਨਾਹ ਦਾ ਪੁੱਤਰ ਕੋਰੇ ਲੇਵੀ ਦੇ ਪੂਰਬੀ ਫ਼ਾਟਕ ਉੱਪਰ ਦਰਬਾਨ ਸੀ। ਉਹ ਯਹੋਵਾਹ ਦੀਆਂ ਖੁਸ਼ੀ ਦੀਆਂ ਭੇਟਾ, ਵੰਡਵਾਈ, ਦਾਨ ਅਤੇ ਯਹੋਵਾਹ ਨੂੰ ਚੜ੍ਹਾਈਆਂ ਪਵਿੱਤਰ ਸੁਗਾਤਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 15 ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਕੋਰੇ ਦੀ ਮਦਦ ਲਈ ਸਨ। ਇਨ੍ਹਾਂ ਆਦਮੀਆਂ ਨੇ ਸ਼ਹਿਰਾਂ ਵਿੱਚ ਜਿੱਥੇ ਜਾਜਕ ਰਹਿੰਦੇ ਸਨ, ਬੜੀ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਜਾਜਕਾਂ ਦੇ ਹਰ ਦਲ ਵਿੱਚ, ਉਨ੍ਹਾਂ ਦੇ ਸਬੰਧੀਆਂ ਨੂੰ ਚਾਹੇ ਉਹ ਵੱਡਾ ਸੀ ਜਾਂ ਛੋਟਾ ਸਭ ਨੂੰ ਬਰਾਬਰੀ ਨਾਲ ਵਾਰੀ ਮੁਤਾਬਕ ਵਫ਼ਾਦਾਰੀ ਨਾਲ਼ ਹਿੱਸਾ ਦਿੰਦੇ ਸਨ।

16 ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਿੰਨਾਂ ਸਾਲਾਂ ਦੇ ਜਾਂ ਤਿੰਨਾਂ ਸਾਲਾਂ ਦੇ ਉੱਪਰ ਜੋ ਆਦਮੀ ਸਨ ਅਤੇ ਜਿਨ੍ਹਾਂ ਦਾ ਲੇਵੀ ਘਰਾਣੇ ਦੇ ਇਤਹਾਸ ਵਿੱਚ ਨਾਂ ਦਰਜ ਸੀ, ਉਨ੍ਹਾਂ ਨੂੰ ਵੀ ਵਸਤਾਂ ਵਿੱਚੋਂ ਹਿੱਸਾ ਦਿੱਤਾ। ਇਨ੍ਹਾਂ ਸਾਰੇ ਆਦਮੀਆਂ ਨੂੰ ਯਹੋਵਾਹ ਦੇ ਮੰਦਰ ਵਿੱਚ ਰੋਜ਼ਾਨਾ ਸੇਵਾ ਕਰਨ ਲਈ ਜਾਣਾ ਹੁੰਦਾ ਸੀ, ਜਿਹੜੀ ਕਿ ਉਨ੍ਹਾਂ ਨੂੰ ਸੌਂਪੀ ਗਈ ਹੁੰਦੀ ਸੀ। ਹਰ ਲੇਵੀ ਦਲ ਦੀ ਆਪੋ-ਆਪਣੀ ਜੁੰਮੇਵਾਰੀ ਸੀ। 17 ਜਾਜਕਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਬਰਾਬਰ ਮਿਲਦਾ। ਇਹ ਉਵੇਂ ਹੋਇਆ ਜਿਵੇਂ ਉਹ ਘਰਾਣਿਆਂ ਦੇ ਇਤਹਾਸ ਦੀ ਸੂਚੀ ਵਿੱਚ ਜੋ ਜਾਜਕਾਂ ਵਿੱਚ ਗਿਣੇ ਗਏ ਸਨ ਅਤੇ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਇਸ ਤੋਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ। 18 ਲੇਵੀਆਂ ਦੇ ਬਾਲਾਂ, ਤੀਵੀਆਂ, ਪੁੱਤਰਾਂ ਅਤੇ ਧੀਆਂ ਨੂੰ ਵੀ ਇਸ ਢੇਰ ਵਿੱਚੋਂ ਹਿੱਸਾ ਮਿਲਿਆ। ਇਹ ਹਿੱਸਾ ਉਨ੍ਹਾਂ ਸਾਰੇ ਲੇਵੀਆਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਘਰਾਣੇ ਦੇ ਇਤਹਾਸ ਵਿੱਚ ਅੰਕਿਤ ਸੀ। ਕਿਉਂ ਕਿ ਲੇਵੀ ਹਮੇਸ਼ਾ ਆਪਣੇ-ਆਪ ਨੂੰ ਪਵਿੱਤਰ ਅਤੇ ਯਹੋਵਾਹ ਦੀ ਸੇਵਾ ਲਈ ਤਿਆਰ ਰੱਖਦੇ ਸਨ ਅਤੇ ਉਸ ਲਈ ਵਫਾਦਾਰੀ ਨਾਲ ਕੰਮ ਕਰਦੇ ਸਨ।

19 ਕੁਝ ਹਾਰੂਨ ਦੇ ਉੱਤਰਾਧਿਕਾਰੀਆਂ, ਜਾਜਕਾਂ ਦੇ ਸ਼ਹਿਰਾਂ ਕੋਲ ਖੇਤ ਸਨ ਜਿੱਥੇ ਕਿ ਲੇਵੀ ਰਹਿ ਰਹੇ ਸਨ ਅਤੇ ਕੁਝ ਹਾਰੂਨ ਦੇ ਉੱਤਰਾਧਿਕਾਰੀ ਸ਼ਹਿਰਾਂ ਵਿੱਚ ਵੀ ਰਹਿੰਦੇ ਸਨ। ਕਈਆਂ ਆਦਮੀਆਂ ਦੇ ਨਾਉਂ ਦਸ ਦਿੱਤੇ ਗਏ ਕਿ ਉਸ ਹਰ ਸ਼ਹਿਰ ਵਿੱਚ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਵੀ ਇਸ ਢੇਰ ਦਾ ਹਿੱਸਾ ਮਿਲੇ। ਤਾਂ ਉਨ੍ਹਾਂ ਸਾਰੇ ਆਦਮੀਆਂ ਅਤੇ ਉਨ੍ਹਾਂ ਸਾਰੇ ਮਨੁੱਖਾਂ ਜਿਨ੍ਹਾਂ ਦਾ ਲੇਵੀਆਂ ਦੇ ਘਰਾਣੇ ਦੇ ਇਤਹਾਸ ਵਿੱਚ ਨਾਂ ਅੰਕਿਤ ਸੀ, ਨੂੰ ਇਸ ਢੇਰ ਦਾ ਹਿੱਸਾ ਪ੍ਰਾਪਤ ਹੋਇਆ।

20 ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ। 21 ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes