A A A A A
Bible Book List

2 ਇਤਹਾਸ 30 Punjabi Bible: Easy-to-Read Version (ERV-PA)

ਹਿਜ਼ਕੀਯਾਹ ਪਸਹ ਮਨਾਉਂਦਾ ਹੈ

30 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਸੱਦਾ ਭੇਜਿਆ। ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਦੇ ਲੋਕਾਂ ਨੂੰ ਵੀ ਖਤ ਭੇਜੇ। ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਭਨਾਂ ਨੂੰ ਸੱਦਾ ਭੇਜਿਆ। ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਸਰਦਾਰਾਂ ਨੇ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਹ ਮਨਾਉਣ ਦੀ ਸਲਾਹ ਕੀਤੀ ਸੀ। ਉਹ ਪਸਹ ਦਾ ਪਰਬ ਠੀਕ ਸਮੇਂ ਮੁਤਾਬਕ ਨਾ ਮਨਾ ਸੱਕੇ। ਕਿਉਂ ਕਿ ਇੱਕ ਤਾਂ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਸੇਵਾ ਲਈ ਆਪਣੇ-ਆਪ ਨੂੰ ਪਵਿੱਤਰ ਨਾ ਕੀਤਾ ਦੂਜਾ ਕਾਰਣ ਕਿ ਯਰੂਸ਼ਲਮ ਵਿੱਚ ਲੋਕੀਂ ਕਾਫ਼ੀ ਇਕੱਠੇ ਨਹੀਂ ਸੀ ਹੋਏ। ਤਾਂ ਇਹ ਗੱਲ ਪਾਤਸ਼ਾਹ ਅਤੇ ਸਾਰੀ ਸਭਾ ਨੂੰ ਠੀਕ ਲਗੀ। ਤਾਂ ਫ਼ਿਰ ਉਨ੍ਹਾਂ ਨੇ ਇਹ ਖਬਰ ਸਾਰੇ ਇਸਰਾਏਲ, ਬਏਰਸ਼ਬਾ ਤੋਂ ਦਾਨ ਤੀਕ ਕੀਤੀ। ਉਨ੍ਹਾਂ ਇਹ ਘੋਸ਼ਣਾ ਕੀਤੀ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਇਸਰਾਏਲ ਦੇ ਬਹੁਤੇ ਲੋਕਾਂ ਨੇ ਪਸਹ ਕਾਫ਼ੀ ਦੇਰ ਤੋਂ ਨਹੀਂ ਸੀ ਮਨਾਇਆ। ਜਿਵੇਂ ਮੂਸਾ ਦੇ ਨੇਮ ਮੁਤਾਬਕ ਪਸਹ ਮਨਾਉਣਾ ਲਿਖਿਆ ਹੋਇਆ ਹੈ ਉਵੇਂ ਉਨ੍ਹਾਂ ਬੜੀ ਦੇਰ ਤੋਂ ਨਹੀਂ ਸੀ ਮਨਾਈ। ਤਾਂ ਫ਼ਿਰ ਪਾਤਸ਼ਾਹ ਦੇ ਹਲਕਾਰਿਆਂ ਨੇ ਇਹ ਸੱਦੇ-ਪੱਤਰ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਵੰਡੇ। ਉਨ੍ਹਾਂ ਪੱਤਰਾਂ ਵਿੱਚ ਇਉਂ ਲਿਖਿਆ ਹੋਇਆ ਸੀ:

“ਹੇ ਇਸਰਾਏਲ ਦੇ ਲੋਕੋ, ਤੁਸੀਂ ਯਹੋਵਾਹ ਪਰਮੇਸ਼ੁਰ ਵੱਲ ਨੂੰ ਪਰਤ ਆਵੋ, ਜਿਹੜਾ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ, ਇਨ੍ਹਾਂ ਨੇ ਯਹੋਵਾਹ ਨੂੰ ਮੰਨਿਆ। ਜਿਹੜੇ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਏ ਹਨ, ਤਾਂ ਪਰਮੇਸ਼ੁਰ ਫਿਰ ਤੁਹਾਡੇ ਵੱਲ ਮੁੜੇਗਾ। ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ, ਪਰ ਉਹ ਉਸਤੋਂ ਬੇਮੁਖ ਹੋ ਗਏ। ਤੁਸੀਂ ਆਪਣੀਆਂ ਅੱਖਾਂ ਨਾਲ ਇਸ ਸੱਚਾਈ ਨੂੰ ਵੇਖ ਰਹੇ ਹੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ ਤੇ ਲੋਕ ਉਨ੍ਹਾਂ ਨੂੰ ਬੁਰਾ-ਮੰਦਾ ਆਖਦੇ ਹਨ। ਤੁਸੀਂ ਆਪਣੇ ਪੁਰਖਿਆਂ ਵਰਗੇ ਹੱਠੀ ਨਾ ਬਣੋ ਸਗੋਂ ਦਿਲੋਂ ਪਰਮੇਸ਼ੁਰ ਦਾ ਹੁਕਮ ਮੰਨੋ। ਤੁਸੀਂ ਅੱਤ ਪਵਿੱਤਰ ਅਸਥਾਨ ਤੇ ਆਓ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਦਾ ਲਈ ਪਵਿੱਤਰ ਕੀਤਾ ਹੈ, ਸੋ ਤੁਸੀਂ ਇੱਥੇ ਆ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰੋ। ਜਦੋਂ ਤੁਸੀਂ ਇਵੇਂ ਕਰੋਂਗੇ ਤਾਂ ਯਹੋਵਾਹ ਦੀ ਕਰੋਪੀ ਤੁਹਾਡੇ ਤੋਂ ਦੂਰ ਹੋਵੇਗੀ। ਜੇਕਰ ਤੁਸੀਂ ਪਰਤ ਕੇ ਯਹੋਵਾਹ ਵੱਲ ਮੁੜ ਆਵੋਂਗੇ, ਤਾਂ ਤੁਹਾਡੇ ਪੁੱਤਰਾਂ, ਤੁਹਾਡੇ ਭਰਾਵਾਂ, ਅਤੇ ਸੰਬੰਧੀਆਂ ਨਾਲ ਜਿਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਉਨ੍ਹਾਂ ਨੂੰ ਬੰਦੀ ਬਨਾਉਣ ਵਾਲਿਆਂ ਦੁਆਰਾ ਨਿਮਰਤਾ ਦਾ ਵਿਹਾਰ ਹੋਵੇਗਾ, ਅਤੇ ਉਹ ਇਸ ਧਰਤੀ ਤੇ ਵਾਪਸ ਆ ਜਾਣਗੇ। ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਅਤੇ ਕਿਰਪਾਲੂ ਹੈ। ਜੇਕਰ ਤੁਸੀਂ ਉਸ ਵੱਲ ਪਰਤ ਆਵੋਂਗੇ ਤਾਂ ਉਹ ਆਪਣਾ ਮੂੰਹ ਤੁਹਾਡੇ ਵੱਲੋਂ ਕਦੇ ਨਹੀਂ ਮੋੜੇਗਾ।”

10 ਹਲਕਾਰੇ ਅਫ਼ਰਈਮ ਅਤੇ ਮਨੱਸ਼ਹ ਦੇ ਹਰ ਸ਼ਹਿਰ ਵਿੱਚ ਗਏ। ਉਹ ਸਾਰਾ ਘੁੰਮਦੇ-ਘੁਮਾਉਂਦੇ ਜ਼ਬੂਲੁਨ ਤੀਕ ਪਹੁੰਚੇ। ਪਰ ਉੱਥੇ ਲੋਕਾਂ ਨੇ ਹਲਕਾਰਿਆਂ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਠਿੱਠ ਕੀਤੇ। 11 ਪਰ ਉਨ੍ਹਾਂ ਵਿੱਚੋਂ ਅੱਸ਼ੂਰ, ਮਨੱਸ਼ਹ ਅਤੇ ਜ਼ਬੂਲੁਨ ਇਲਾਕਿਆਂ ਦੇ ਕੁਝ ਲੋਕ ਨਿਮਰਤਾ ਪੂਰਵਕ ਯਰੂਸ਼ਲਮ ਨੂੰ ਗਏ। 12 ਯਹੂਦਾਹ ਵਿੱਚ ਵੀ ਪਰਮੇਸ਼ੁਰ ਦੀ ਸ਼ਕਤੀ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਹੁਕਮ ਮੰਨਣ। ਇਉਂ ਇਸ ਵਿਧੀ ਉਨ੍ਹਾਂ ਯਹੋਵਾਹ ਦੇ ਬਚਨਾਂ ਹੁਕਮ ਮੰਨਿਆ।

13 ਬਹੁਤ ਸਾਰੇ ਲੋਕ ਯਰੂਸਲਮ ਵਿੱਚ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ ਲਈ ਇਕੱਠੇ ਹੋਏ। ਉੱਥੇ ਬਹੁਤ ਵੱਡੀ ਸਭਾ ਇੱਕਤਰ ਹੋਈ। 14 ਉਹ ਲੋਕ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਝੂਠੇ-ਦੇਵਤਿਆਂ ਦੀਆਂ ਯਰੂਸ਼ਲਮ ਵਿੱਚ ਸਨ, ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਬਾਹਰ ਕੱਢਿਆ ਅਤੇ ਕਿਦਰੋਨ ਦੀ ਵਾਦੀ ’ਚ ਸੁੱਟ ਦਿੱਤਾ। 15 ਫ਼ਿਰ ਉਨ੍ਹਾਂ ਨੇ ਦੂਜੇ ਮਹੀਨੇ ਦੀ 14ਤਾਰੀਖ ਨੂੰ ਪਸਹ ਦੇ ਲੇਲੇ ਨੂੰ ਕਟਿਆ। ਤਾਂ ਲੇਵੀਆਂ ਅਤੇ ਜਾਜਕਾਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਲਈ ਹੋਮ ਦੀਆਂ ਭੇਟਾਂ ਲੈ ਕੇ ਆਏ। 16 ਫ਼ਿਰ ਉਨ੍ਹਾਂ ਨੇ ਜਿਵੇਂ ਪਰਮੇਸ਼ੁਰ ਦੇ ਮਨੁੱਖ, ਮੂਸਾ ਦੀ ਬਿਵਸਥਾ ਵਿੱਚ ਜਿਵੇਂ ਹਿਦਾਇਤ ਸੀ ਉਵੇਂ ਯਹੋਵਾਹ ਦੇ ਮੰਦਰ ਵਿੱਚ ਆਪੋ-ਆਪਣੇ ਥਾਂ ਨੂੰ ਪ੍ਰਾਪਤ ਕੀਤਾ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਜਗਵੇਦੀ ਉੱਪਰ ਛਿੜਕਿਆ। 17 ਸਮੂਹ ਵਿੱਚ ਅਜੇ ਵੀ ਕਾਫ਼ੀ ਲੋਕ ਅਜਿਹੇ ਸਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਨਹੀਂ ਕੀਤਾ ਸੀ। ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਲੱਗਾ ਕਿ ਉਹ ਸਾਰੇ ਅਪਵਿੱਤਰ ਲੋਕਾਂ ਲਈ ਪਸਹ ਦੀਆਂ ਬਲੀਆਂ ਵੱਢਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋ ਸੱਕਣ।

18-19 ਅਫ਼ਰਈਮ, ਮਨੱਸ਼ਹ, ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਸਹ ਦੇ ਪਰਬ ਲਈ ਆਪਣੇ-ਆਪ ਨੂੰ ਸਹੀ ਤਰੀਕੇ ਨਾਲ ਸਾਫ਼ ਨਹੀਂ ਸੀ ਕੀਤਾ। ਉਨ੍ਹਾਂ ਨੇ ਪਸਹ ਦੇ ਲੇਲੇ ਨੂੰ ਸਹੀ ਢੰਗ ਨਾਲ, ਮੂਸਾ ਦੀ ਬਿਵਸਥਾ ਅਨੁਸਾਰ ਨਹੀਂ ਖਾਧਾ। ਪਰ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਵਿੱਚ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਤੂੰ ਨੇਕ ਹੈਂ! ਇਹ ਲੋਕ ਨੇਮ ਅਨੁਸਾਰ ਜਿਵੇਂ ਹਿਦਾਇਤ ਹੈ, ਉਸੇ ਸਹੀ ਤਰੀਕੇ ਨਾਲ ਤੇਰੀ ਸੇਵਾ ਕਰਨਾ ਚਾਹੁੰਦੇ ਸਨ, ਪਰ ਇਹ ਆਪਣੇ-ਆਪ ਨੂੰ ਉਸ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸੱਕੇ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਹੇ ਪਰਮੇਸ਼ੁਰ ਖਿਮਾ ਕਰੀਂ। ਤੂੰ ਉਹ ਪਰਮੇਸ਼ੁਰ ਹੈਂ ਜਿਸ ਨੂੰ ਸਾਡੇ ਪੁਰਖਿਆਂ ਨੇ ਮੰਨਿਆ ਸੀ। ਜੇਕਰ ਕੋਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਾਫ਼ ਨਹੀਂ ਕਰ ਸੱਕਿਆ ਜਿਵੇਂ ਅੱਤ ਪਵਿੱਤਰ ਅਸਥਾਨ ਦਾ ਨਿਯਮ ਆਖਦਾ ਹੈ, ਤੂੰ ਉਨ੍ਹਾਂ ਨੂੰ ਵੀ ਖਿਮਾ ਕਰੀਂ।” 20 ਯਹੋਵਾਹ ਨੇ ਹਿਜ਼ਕੀਯਾਹ ਪਾਤਸ਼ਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਨ੍ਹਾਂ ਲੋਕਾਂ ਨੂੰ ਖਿਮਾਂ ਕਰ ਦਿੱਤਾ। 21 ਇਸਰਾਏਲ ਦੇ ਬਾਲਕ ਜਿਹੜੇ ਯਰੂਸ਼ਲਮ ਵਿੱਚ ਮੌਜੂਦ ਸਨ, ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ। ਲੇਵੀ ਅਤੇ ਜਾਜਕ ਉੱਚੇ ਸੁਰ ਵਿੱਚ ਵਾਜਿਆਂ ਦੇ ਨਾਲ ਯਹੋਵਾਹ ਦੇ ਦਰਬਾਰ ਵਿੱਚ ਹਰ ਰੋਜ਼ ਗਾ-ਗਾ ਕੇ ਉਸਦੀ ਉਸਤਤ ਕਰਦੇ ਰਹੇ। 22 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਲੇਵੀਆਂ ਨੂੰ ਬੜਾ ਉਤਸਾਹ ਦਿੱਤਾ ਕਿਉਂ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਖੂਬ ਜਾਣਦੇ ਸਨ ਕਿ ਕਿਵੇਂ ਕਰਨੀ ਚਾਹੀਦੀ ਹੈ। ਲੋਕਾਂ ਨੇ ਸੱਤ ਦਿਨ ਇਹ ਪਰਬ ਮਨਾਇਆ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਲਈ ਧੰਨਵਾਦ ਕਰਦੇ ਰਹੇ।

23 ਸਾਰੇ ਲੋਕੀਂ ਸੱਤ ਦਿਨ ਹੋਰ ਉੱਥੇ ਰਹਿਣ ਲਈ ਤਿਆਰ ਹੋ ਗਏ। ਸੱਤ ਦਿਨ ਹੋਰ ਪਸਹ ਦਾ ਪਰਬ ਮਣਾਕੇ ਉਨ੍ਹਾਂ ਖੂਬ ਆਨੰਦ ਮਾਣਿਆ। 24 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ 1,000 ਬਲਦ, ਤੇ 7,000 ਭੇਡਾਂ ਸਭਾ ਨੂੰ ਮਾਰਨ ਤੇ ਖਾਣ ਲਈ ਦਿੱਤੀਆਂ ਅਤੇ ਸਰਦਾਰਾਂ ਨੇ ਵੀ 1,000 ਬਲਦ ਅਤੇ 10,000 ਭੇਡਾਂ ਸਭਾ ਨੂੰ ਦਿੱਤੀਆਂ। ਬਹੁਤ ਸਾਰੇ ਜਾਜਕ ਵੀ ਪਵਿੱਤਰ ਸੇਵਾ ਲਈ ਤਿਆਰ ਹੋ ਗਏ। 25 ਯਹੂਦਾਹ ਦੀ ਸਾਰੀ ਸਭਾ, ਜਾਜਕ, ਲੇਵੀ ਅਤੇ ਉਹ ਸਾਰੀ ਸਭਾ ਜੋ ਇਸਰਾਏਲ ਤੋਂ ਆਈ ਅਤੇ ਉਹ ਸਾਰੇ ਯਾਤਰੀ ਜੋ ਇਸਰਾਏਲ ਤੋਂ ਆਏ ਅਤੇ ਜਿਹੜੇ ਯਹੂਦਾਹ ’ਚ ਰਹਿੰਦੇ ਸਨ ਇਹ ਸਾਰੇ ਹੀ ਲੋਕ ਬੜੇ ਖੁਸ਼ ਸਨ। 26 ਯਰੂਸ਼ਲਮ ਵਿੱਚ ਖੁਸ਼ੀ ਛਾਈ ਹੋਈ ਸੀ ਕਿਉਂ ਕਿ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹੀ ਖੁਸ਼ੀ ਕਦੇ ਨਹੀਂ ਮਨਾਈ ਗਈ ਸੀ। 27 ਜਾਜਕ ਅਤੇ ਲੇਵੀ ਖੜ੍ਹੇ ਹੋਏ ਅਤੇ ਯਹੋਵਾਹ ਨੂੰ ਲੋਕਾਂ ਨੂੰ ਅਸੀਸ ਦੇਣ ਲਈ ਹੁਕਮ ਲਿਆ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ ਅਤੇ ਉਨ੍ਹਾਂ ਦੀ ਪ੍ਰਾਰਥਨਾ ਯਹੋਵਾਹ ਦੇ ਪਵਿੱਤਰ ਗ੍ਰਹਿ ਵਿੱਚ ਸੁਰਗਾਂ ਤੀਕ ਸੁਣੀ ਗਈ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes