A A A A A
Bible Book List

2 ਇਤਹਾਸ 29 Punjabi Bible: Easy-to-Read Version (ERV-PA)

ਯਹੂਦਾਹ ਦਾ ਪਾਤਸ਼ਾਹ ਹਿਜ਼ਕੀਯਾਹ

29 ਹਿਜ਼ਕੀਯਾਹ ਜਦੋਂ 25ਵਰ੍ਹਿਆਂ ਦਾ ਸੀ ਤਾਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ। ਹਿਜ਼ਕੀਯਾਹ ਨੇ ਦਾਊਦ ਆਪਣੇ ਪੁਰਖੇ ਵਾਂਗ, ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ।

ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਦੇ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਵਾ ਕੇ ਦੁਬਾਰਾਂ ਤੋਂ ਖੋਲ੍ਹ ਦਿੱਤਾ ਇਹ ਕਾਰਜ ਉਸ ਨੇ ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਹੀ ਮਹੀਨੇ ਵਿੱਚ ਆਰੰਭ ਕਰ ਦਿੱਤਾ। 4-5 ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇੱਕ ਸਭਾ ’ਚ ਬੁਲਾਅ ਕੇ ਇੱਕਤਰ ਕੀਤਾ ਅਤੇ ਉਨ੍ਹਾਂ ਨਾਲ ਇੱਕ ਗੋਸ਼ਠੀ ਕੀਤੀ। ਇਹ ਮਿਲਣੀ ਉਸ ਨੇ ਮੰਦਰ ਦੇ ਮਦਾਨ ਵਿੱਚ ਪੂਰਬੀ ਹਿੱਸੇ ਵੱਲ ਕੀਤੀ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਖਿਆ, “ਲੇਵੀਓ! ਮੇਰੀ ਗੱਲ ਸੁਣੋ! ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਕਰ ਲਵੋ। ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਅਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਵੋ। ਕਿਉਂ ਕਿ ਸਾਡੇ ਪੁਰਖੇ ਯਹੋਵਾਹ ਦੇ ਵਫ਼ਾਦਾਰ ਨਹੀਂ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਯਹੋਵਾਹ ਦੇ ਮੰਦਰ ਤੋਂ ਆਪਣੇ ਮੂੰਹ ਮੋੜ ਲਏ ਅਤੇ ਯਹੋਵਾਹ ਵਲ ਆਪਣੀਆਂ ਪਿੱਠਾ ਕਰ ਲਈਆਂ। ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ। ਉਨ੍ਹਾਂ ਨੇ ਧੂਪ ਵੀ ਨਾ ਧੁਖਾਈ ਅਤੇ ਉਨ੍ਹਾਂ ਨੇ ਇਸਰਾਏਲ ਦੇ ਪਰਮੇਸ਼ੁਰ ਨੂੰ ਪਵਿੱਤਰ ਅਸਥਾਨ ਤੇ ਹੋਮ ਦੀਆਂ ਭੇਟਾਂ ਵੀ ਨਾ ਚੜ੍ਹਾਈਆਂ। ਇਸ ਲਈ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਬੜਾ ਕ੍ਰੋਧਿਤ ਹੋ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਦੰਡ ਦਿੱਤਾ। ਜੋ ਯਹੋਵਾਹ ਨੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਰੋਪੀ ਵਿਖਾਈ ਤਾਂ ਇਹ ਸਭ ਕੁਝ ਵੇਖਕੇ ਬਾਕੀ ਲੋਕ ਭੈਭੀਤ ਹੋ ਗਏ ਅਤੇ ਦੁੱਖੀ ਹੋਏ ਅਤੇ ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਲੋਕਾਂ ਲਈ ਸ਼ਰਮ ਅਤੇ ਨਫ਼ਰਤ ਨਾਲ ਆਪਣੇ ਸਿਰ ਝੁਕਾਏ। ਤੁਸੀਂ ਜਾਣਦੇ ਹੋ ਕਿ ਇਹ ਸਭ ਸੱਚ ਹੈ ਤੇ ਇਹ ਸੱਚ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸੱਕਦੇ ਹੋ। ਇਸੇ ਕਾਰਣ ਸਾਡੇ ਪੁਰਖੇ ਲੜਾਈ ਵਿੱਚ ਮਾਰੇ ਗਏ ਸਨ ਅਤੇ ਸਾਡੇ ਪੁੱਤਰ, ਧੀਆਂ ਅਤੇ ਪਤਨੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। 10 ਇਸ ਲਈ ਹੁਣ, ਮੈਂ, ਹਿਜ਼ਕੀਯਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨਾਲ ਇਕਰਾਰਨਾਮਾ ਕਰਨ ਦਾ ਨਿਸ਼ਚਾ ਕੀਤਾ ਹੈ। ਫ਼ੇਰ ਯਹੋਵਾਹ ਆਪਣਾ ਭਿਆਨਕ ਗੁੱਸਾ ਸਾਡੇ ਤੋਂ ਹਟਾ ਲਵੇਗਾ। 11 ਸੋ ਹੁਣ ਮੇਰੇ ਬਚਿਓ! ਹੁਣ ਆਲਸ ਕਰਨ ਦਾ ਸਮਾਂ ਨਹੀਂ ਹੈ ਅਤੇ ਨਾ ਹੀ ਵਕਤ ਜ਼ਾਇਆ ਕਰਨ ਦਾ। ਯਹੋਵਾਹ ਨੇ ਤੁਹਾਨੂੰ ਸੇਵਾ ਲਈ ਚੁਣਿਆ ਹੈ। ਉਸ ਨੇ ਤੁਹਾਨੂੰ ਚੁਣਿਆ ਹੈ। ਆਪਣੀ ਸੇਵਾ ਲਈ ਅਤੇ ਮੰਦਰ ਵਿੱਚ ਅਤੇ ਧੂਪ ਧੁਖਾਉਣ ਲਈ ਤੁਹਾਨੂੰ ਚੁਣਿਆ ਹੈ।”

12-14 ਇਹ ਲੇਵੀਆਂ ਦੀ ਸੂਚੀ ਹੈ ਜਿਹੜੇ ਉੱਥੇ ਕੰਮ ਕਰਨ ਲਈ ਉੱਠੇ:

ਕਹਾਥੀਆਂ ਵਿੱਚੋਂ ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ,

ਮਰਾਰੀਆਂ ਵਿੱਚ ਅਬਦੀ ਦਾ ਪੁੱਤਰ ਕੀਸ਼, ਯਹਲਲੇਲ ਦਾ ਪੁੱਤਰ ਅਜ਼ਰਯਾਹ

ਅਤੇ ਗੇਰਸ਼ੋਨੀਆਂ ਵਿੱਚੋਂ ਜ਼ਿਮਾਂ ਦਾ ਪੁੱਤਰ ਯੋਆਹ ਅਤੇ ਉਸਦਾ ਪੁੱਤਰ ਏਦਨ।

ਅਲੀਸਾਫ਼ਾਨੀਆਂ ਵਿੱਚੋਂ ਸ਼ਿਮਰੀ, ਯਿਏਲ

ਅਤੇ ਆਸਾਫ਼ੀਆਂ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ ਸਨ।

ਹੇਮਾਨੀਆਂ ਵਿੱਚੋਂ ਯਹੀਏਲ, ਸ਼ਮੀ

ਅਤੇ ਯਦੂਥੂਨੀਆਂ ਵਿੱਚੋਂ ਸ਼ਮਅਯਾਹ ਅਤੇ ਅਜ਼ੀਏਲ ਸਨ।

15 ਤਦ ਇਨ੍ਹਾਂ ਲੇਵੀਆਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਤਾਂ ਜੋ ਯਹੋਵਾਹ ਦੇ ਮੰਦਰ ਦੀ ਪਵਿੱਤਰ ਸੇਵਾ ਕੀਤੀ ਜਾ ਸੱਕੇ। ਉਨ੍ਹਾਂ ਨੇ ਯਹੋਵਾਹ ਵੱਲੋਂ ਆਏ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ। ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਨੂੰ ਸਾਫ਼ ਕਰਨ ਲਈ ਅੰਦਰ ਪ੍ਰਵੇਸ਼ ਕੀਤਾ। 16 ਜਾਜਕ ਯਹੋਵਾਹ ਦੇ ਮੰਦਰ ਦੇ ਅੰਦਰਲੇ ਹਿੱਸੇ ਨੂੰ ਸਾਫ਼ ਕਰਨ ਲਈ ਗਏ ਅਤੇ ਉਸ ਅੰਦਰ ਜਿੰਨੀਆਂ ਵੀ ਅਪਵਿੱਤਰ ਵਸਤਾਂ ਉਨ੍ਹਾਂ ਨੂੰ ਮਿਲੀਆਂ, ਜੋ ਵੀ ਗੰਦੀਆਂ ਵਸਤਾਂ ਲੱਭੀਆਂ ਉਹ ਉੱਥੋਂ ਯਹੋਵਾਹ ਦੇ ਮੰਦਰ ਦੇ ਦਲਾਨ ਵਿੱਚ ਲੈ ਆਏ। ਫ਼ਿਰ ਲੇਵੀਆਂ ਨੇ ਉਨ੍ਹਾਂ ਗੰਦੀਆਂ ਵਸਤਾਂ ਨੂੰ ਲੈ ਲਿਆ ਅਤੇ ਕਿਦਰੋਨ ਦੀ ਵਾਦੀ ਵਿੱਚ ਸੁੱਟ ਦਿੱਤਾ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਲੇਵੀਆਂ ਨੇ ਆਪਣੇ-ਆਪ ਨੂੰ ਪਵਿੱਤਰ ਬਨਾਉਣਾ ਸ਼ੁਰੂ ਕਰ ਦਿੱਤਾ। ਮਹੀਨੇ ਦੇ ਅੱਠਵੇਂ ਦਿਨ, ਉਹ ਮੰਦਰ ਦੇ ਦਾਲਾਨ ਕੋਲ ਆਏ ਅਤੇ ਯਹੋਵਾਹ ਦੇ ਮੰਦਰ ਨੂੰ ਪਵਿੱਤਰ ਬਨਾਉਣ ਲਈ ਅੱਠ ਦਿਨ ਲਏ। ਪਹਿਲੇ ਮਹੀਨੇ ਦੇ ਸੋਲ੍ਹਵੇਂ ਦਿਨ ਉਨ੍ਹਾਂ ਨੇ ਆਪਣਾ ਸਾਰਾ ਕੰਮ ਮੁਕੰਮਲ ਕਰ ਲਿਆ ਸੀ।

18 ਤਦ ਉਹ ਹਿਜ਼ਕੀਯਾਹ ਪਾਤਸ਼ਾਹ ਦੇ ਕੋਲ ਗਏ ਅਤੇ ਉਸ ਨੂੰ ਕਿਹਾ, “ਹੇ ਪਾਤਸ਼ਾਹ, ਅਸੀਂ ਯਹੋਵਾਹ ਦੇ ਸਾਰੇ ਮੰਦਰ ਨੂੰ ਅਤੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਨੂੰ ਅਤੇ ਉਸਦੀਆਂ ਹੋਰ ਸਾਰੀਆਂ ਵਸਤਾਂ ਨੂੰ ਉਸਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ। 19 ਆਹਾਜ਼ ਦੇ ਸਮਿਆਂ ’ਚ ਜਦ ਉਹ ਪਾਤਸ਼ਾਹ ਸੀ ਉਹ ਪਰਮੇਸ਼ੁਰ ਦੇ ਵਿਰੁੱਧ ਹੋ ਗਿਆ ਅਤੇ ਉਸ ਨੇ ਮੰਦਰ ਦੀਆਂ ਬਹੁਤ ਸਾਰੀਆਂ ਵਸਤਾਂ ਨੂੰ ਬਾਹਰ ਸੁੱਟ ਦਿੱਤਾ। ਪਰ ਅਸੀਂ ਉਸ ਸਾਰੇ ਸਾਮਾਨ ਨੂੰ ਠੀਕ ਕਰਕੇ ਖਾਸ ਵਰਤੋਂ ਲਈ ਤਿਆਰ ਕਰ ਦਿੱਤਾ ਹੈ। ਉਹ ਸਾਰਾ ਕੁਝ ਹੁਣ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਪਿਆ ਹੈ।”

20 ਹਿਜ਼ਕੀਯਾਹ ਪਾਤਸ਼ਾਹ ਉੱਠਿਆ ਅਤੇ ਉਸ ਨੇ ਸ਼ਹਿਰ ਦੇ ਸਰਦਾਰਾਂ ਨੂੰ ਇਕੱਠਾ ਕਰਕੇ ਅਗਲੀ ਸਵੇਰ ਯਹੋਵਾਹ ਦੇ ਮੰਦਰ ਪਹੁੰਚਿਆਂ। 21 ਉਨ੍ਹਾਂ ਨੇ ਸੱਤ ਬਲਦ, ਸੱਤ ਭੇਡੂ, ਸੱਤ ਲੇਲੇ, ਅਤੇ ਸੱਤ ਬੱਕਰੇ ਲਿਆਂਦੇ। ਇਹ ਸਭ ਕੁਝ ਪਵਿੱਤਰ ਅਸਥਾਨ ਦੇ ਲਈ ਯਹੂਦਾਹ ਦੇ ਲਈ ਪਾਪ ਦੀ ਭੇਟ ਸਨ। ਹਿਜ਼ਕੀਯਾਹ ਪਾਤਸ਼ਾਹ ਨੇ ਹਾਰੂਨ ਦੇ ਵੰਸ਼ ਦੇ ਜਾਜਕਾਂ ਨੂੰ ਆਖਿਆ ਕਿ ਇਨ੍ਹਾਂ ਸਭਨਾਂ ਨੂੰ ਯਹੋਵਾਹ ਦੀ ਜਗਵੇਦੀ ਉੱਪਰ ਬਲੀ ਚੜ੍ਹਾਓ। 22 ਤਦ ਜਾਜਕਾਂ ਨੇ ਬਲਦਾਂ ਨੂੰ ਕੱਟ ਦਿੱਤਾ ਅਤੇ ਉਨ੍ਹਾਂ ਦੇ ਖੂਨ ਨੂੰ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਭੇਡੂਆਂ ਨੂੰ ਵੀ ਵੱਢਿਆ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। ਫ਼ਿਰ ਉਨ੍ਹਾਂ ਨੇ ਭੇਡਾਂ ਲੈ ਕੇ ਕੱਟੀਆਂ ਅਤੇ ਉਨ੍ਹਾਂ ਦਾ ਖੂਨ ਵੀ ਜਗਵੇਦੀ ਉੱਪਰ ਛਿੜਕਿਆ। 23-24 ਫ਼ਿਰ ਜਾਜਕ ਬੱਕਰਿਆਂ ਨੂੰ ਪਾਤਸ਼ਾਹ ਦੇ ਸਾਹਮਣੇ ਲਿਆਏ ਅਤੇ ਸਾਰੇ ਲੋਕ ਇਕੱਠੇ ਹੋ ਗਏ। ਬੱਕਰੇ ਪਾਪ ਦੀ ਭੇਟ ਲਈ ਸਨ। ਜਾਜਕਾਂ ਨੇ ਆਪਣੇ ਹੱਥ ਬੱਕਰਿਆਂ ਉੱਪਰ ਰੱਖੇ ਅਤੇ ਉਨ੍ਹਾਂ ਨੂੰ ਵੱਢ ਦਿੱਤਾ। ਤਦ ਉਨ੍ਹਾਂ ਨੇ ਬੱਕਰਿਆਂ ਦੇ ਖੂਨ ਨੂੰ ਪਾਪ ਦੀ ਭੇਟ ਲਈ ਜਗਵੇਦੀ ਉੱਪਰ ਛਿੜਕਿਆ। ਇਹ ਉਨ੍ਹਾਂ ਨੇ ਪਰਮੇਸ਼ੁਰ ਤੋਂ ਇਸਰਾਏਲ ਦੇ ਲੋਕਾਂ ਦੇ ਪਾਪ ਬਖਸ਼ਵਾਉਣ ਲਈ ਕੀਤਾ। ਕਿਉਂਕਿ ਪਾਤਸ਼ਾਹ ਨੇ ਹੁਕਮ ਦਿੱਤਾ ਸੀ ਕਿ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਸਾਰੇ ਇਸਰਾਏਲ ਵੱਲੋਂ ਚੜ੍ਹਾਈ ਜਾਵੇ।

25 ਹਿਜ਼ਕੀਯਾਹ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਵਿੱਚ ਲੇਵੀਆਂ ਨੂੰ ਸੰਗੀਤਕ ਸਾਜ਼ਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਨਬੀ ਗਾਦ ਅਤੇ ਨਾਥਾਨ ਨਬੀ ਨੇ ਆਦੇਸ਼ ਦਿੱਤਾ ਸੀ। ਇਹ ਹੁਕਮ ਯਹੋਵਾਹ ਵੱਲੋਂ ਨਬੀਆਂ ਦੁਆਰਾ ਆਇਆ ਸੀ। 26 ਇਉਂ ਲੇਵੀ ਦਾਊਦ ਦੇ ਵਾਜਿਆਂ ਨੂੰ ਲੈ ਕੇ ਅਤੇ ਖੜ੍ਹੇ ਸਨ ਅਤੇ ਜਾਜਕ ਤੁਰ੍ਹੀਆਂ ਵਜਾਉਂਦੇ ਖੜ੍ਹੇ ਸਨ। 27 ਤਦ ਹਿਜ਼ਕੀਯਾਹ ਨੇ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜ੍ਹਾਉਣ ਦਾ ਹੁਕਮ ਦਿੱਤਾ ਅਤੇ ਜਦੋਂ ਹੋਮ ਦੀਆਂ ਭੇਟਾਂ ਦਾ ਆਰੰਭ ਹੋਇਆ ਤਾਂ ਯਹੋਵਾਹ ਦਾ ਗੀਤ ਤੁਰ੍ਹੀਆਂ ਅਤੇ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਵਾਜਿਆਂ ਨਾਲ ਸ਼ੁਰੂ ਹੋਇਆ। 28 ਸਾਰੀ ਸਭਾ ਨੇ ਸਿਰ ਝੁਕਾਇਆ ਅਤੇ ਜਦ ਤੀਕ ਹੋਮ ਦੀ ਭੇਟ ਦਾ ਜਲਨਾ ਪੂਰਾ ਨਾ ਹੋਇਆ ਤਦ ਤੀਕ ਗਾਉਣ ਵਾਲੇ ਗਉਂਦੇ ਰਹੇ ਅਤੇ ਤੁਰ੍ਹੀਆਂ ਵਾਲੇ ਤੁਰ੍ਹੀਆਂ ਵਜਾਉਂਦੇ ਰਹੇ।

29 ਜਦੋਂ ਉਹ ਹੋਮ ਦੀ ਭੇਟ ਚੜ੍ਹਾ ਚੁੱਕੇ ਤਦ ਪਾਤਸ਼ਾਹ ਅਤੇ ਉਸ ਨਾਲ ਸਾਰੇ ਲੋਕਾਂ ਨੇ ਸਿਰ ਝੁਕਾਇਆ ਅਤੇ ਉਪਾਸਨਾ ਕੀਤੀ। 30 ਪਾਤਸ਼ਾਹ ਅਤੇ ਸਰਦਾਰਾਂ ਨੇ ਲੇਵੀਆਂ ਨੂੰ ਯਹੋਵਾਹ ਦੀ ਉਸਤਤ ਗਾਨ ਕਰਨ ਦਾ ਹੁਕਮ ਦਿੱਤਾ, ਉਹ ਗੀਤ ਜਿਹੜੇ ਦਾਊਦ ਅਤੇ ਆਸਾਫ਼ ਸੰਤ ਦੇ ਲਿਖੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਜਸ ਗਾਇਆ ਅਤੇ ਆਨੰਦ ਮਾਣਿਆ। ਉਨ੍ਹਾਂ ਸਭਨਾਂ ਨੇ ਪਰਮੇਸ਼ੁਰ ਦੀ ਉਪਾਸਨਾ ਕੀਤੀ। 31 ਹਿਜ਼ਕੀਯਾਹ ਨੇ ਆਖਿਆ, “ਹੁਣ ਤੁਸੀਂ ਯਹੂਦਾਹ ਦੇ ਲੋਕਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰ ਲਿਆ ਹੈ, ਸੋ ਹੁਣ ਨੇੜੇ ਆਕੇ ਯਹੋਵਾਹ ਦੇ ਮੰਦਰ ਵਿੱਚ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਵੋ।” ਤਦ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾ ਲਿਆਈ ਅਤੇ ਜਿਸ ਵੀ ਮਨੁੱਖ ਨੂੰ, ਜਿਵੇਂ ਉਸ ਦੇ ਮਨ ਨੇ ਪ੍ਰੇਰਿਆ ਭੇਟਾ ਲੈ ਕੇ ਆਇਆ। 32 ਜਿਹੜੀਆਂ ਹੋਮ ਦੀਆਂ ਭੇਟਾਂ ਲੋਕੀਂ ਲਿਆਏ ਸਨ, ਉਨ੍ਹਾਂ ਦੀ ਗਿਣਤੀ ਇਵੇਂ ਸੀ: ਸੱਤਰ ਬਲਦ, ਇੱਕ ਸੌ ਭੇਡ, ਦੋ ਸੌ ਲੇਲੇ। ਇਨ੍ਹਾਂ ਸਾਰੇ ਜਾਨਵਰਾਂ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਇਆ ਗਿਆ। 33 ਯਹੋਵਾਹ ਲਈ ਪਵਿੱਤਰ ਭੇਟਾ ਵਿੱਚ 600 ਬਲਦ, 3,000 ਭੇਡਾਂ ਅਤੇ ਬੱਕਰੀਆਂ ਸਨ। 34 ਪਰ ਇੰਨੇ ਸਾਰੇ ਜਾਨਵਰਾਂ ਦੀ ਖੱਲ ਲਾਹਣ ਲਈ ਜਾਜਕ ਘੱਟ ਸਨ, ਤਾਂ ਜੋ ਹੋਮ ਦੀ ਭੇਟ ਚੜ੍ਹਾਈ ਜਾਵੇ। ਤਾਂ ਫ਼ਿਰ ਉਨ੍ਹਾਂ ਨਾਲ ਉਨ੍ਹਾਂ ਦੇ ਲੇਵੀ ਸੰਬੰਧੀਆਂ ਨੇ ਮਦਦ ਕੀਤੀ। ਜਦ ਤੀਕ ਦੂਜੇ ਜਾਜਕਾਂ ਨੇ ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਨਾ ਕੀਤਾ ਅਤੇ ਸਾਰਾ ਕੰਮ ਨੇਪਰੇ ਨਾ ਚੜ੍ਹਿਆ, ਲੇਵੀ ਉਨ੍ਹਾਂ ਦੀ ਮਦਦ ਕਰਦੇ ਰਹੇ। ਸਗੋਂ ਲੇਵੀ ਇਸ ਕਾਰਜ ਵਿੱਚ ਯਹੋਵਾਹ ਦੀ ਸੇਵਾ ਕਰਨ ਲਈ ਜਾਜਕਾਂ ਕੋਲੋਂ ਵੱਧੇਰੇ ਗੰਭੀਰ ਹੋਕੇ ਕੰਮ ਕਰ ਰਹੇ ਸਨ। 35 ਹੋਮ ਦੀਆਂ ਭੇਟਾਂ ਬਹੁਤ ਸਾਰੀਆਂ ਸਨ। ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾ ਸਮੇਤ ਇ ਹ ਸਭ ਕੁਝ ਕਾਫ਼ੀ ਮਾਤਰਾ ਵਿੱਚ ਇਕੱਠਾ ਹੋਇਆ। ਤਦ ਯਹੋਵਾਹ ਦੇ ਮੰਦਰ ਵਿੱਚ ਮੁੜ ਤੋਂ ਸੇਵਾ ਸ਼ੁਰੂ ਹੋਈ। 36 ਹਿਜ਼ਕੀਯਾਹ ਅਤੇ ਸਾਰੇ ਲੋਕ ਉਸ ਉੱਪਰ ਜੋ ਪਰਮੇਸ਼ੁਰ ਨੇ ਲੋਕਾਂ ਲਈ ਤਿਆਰ ਕੀਤਾ ਸੀ ਬੜੇ ਖੁਸ਼ ਹੋਏ ਅਤੇ ਇਸ ਗੱਲੋ ਵੱਧੇਰੇ ਖੁਸ਼ ਸਨ ਕਿਉਂ ਕਿ ਉਸ ਨੇ ਇਹ ਸਭ ਕੁਝ ਬੜੀ ਜਲਦੀ ਕਰ ਦਿੱਤਾ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes