Add parallel Print Page Options

ਸਮੂਏਲ ਦਾ ਸ਼ਾਊਲ ਨੂੰ ਮਸਹ ਕਰਨਾ

10 ਸਮੂਏਲ ਨੇ ਖਾਸ ਤੇਲ ਦਾ ਇੱਕ ਕੁੱਪੀ ਲਿਆ ਅਤੇ ਉਸ ਨੂੰ ਸ਼ਾਊਲ ਦੇ ਸਿਰ ਵਿੱਚ ਪਾਇਆ। ਸਮੂਏਲ ਨੇ ਸ਼ਾਊਲ ਨੂੰ ਚੁੰਮਿਆ ਅਤੇ ਕਿਹਾ, “ਯਹੋਵਾਹ ਨੇ ਤੈਨੂੰ ਮਸਹ ਕੀਤਾ ਹੈ ਕਿ ਤੂੰ ਉਨ੍ਹਾਂ ਲੋਕਾਂ ਨੂੰ ਜੋ ਉਸ ਨਾਲ ਸੰਬੰਧਿਤ ਹਨ ਉਨ੍ਹਾਂ ਦਾ ਆਗੂ ਬਣੇ। ਤੂੰ ਯਹੋਵਾਹ ਦੇ ਲੋਕਾਂ ਉੱਤੇ ਨਿਯੰਤ੍ਰਣ ਕਰੇਂਗਾ। ਅਤੇ ਉਨ੍ਹਾਂ ਲੋਕਾਂ ਦੇ ਆਸ-ਪਾਸ ਜਿੰਨੇ ਵੀ ਵੈਰੀ ਹਨ ਉਨ੍ਹਾਂ ਤੋਂ ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ। ਉਸ ਨੇ ਯਹੋਵਾਹ ਨੇ ਤੈਨੂੰ ਆਪਣੀ ਕੌਮ ਉੱਪਰ ਮਸਹ ਕੀਤਾ ਹੈ। ਇਹ ਇੱਕ ਨਿਸ਼ਾਨ ਹੈ ਜੋ ਇਸ ਗੱਲ ਨੂੰ ਸੱਚ ਸਾਬਿਤ ਕਰੇਗਾ। ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਤੈਨੂੰ ਰਾਖੇਲ ਦੀ ਸਮਾਧ ਦੇ ਕੋਲ ਬਿਨਯਾਮੀਨ ਦੀ ਹੱਦ ਵਿੱਚ ਸਲਸਹ ਦੇ ਕੋਲ ਦੋ ਆਦਮੀ ਮਿਲਣਗੇ। ਉਹ ਦੋ ਆਦਮੀ ਤੈਨੂੰ ਆਖਣਗੇ, ‘ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਖੋਤੇ ਲੱਭ ਪਏ ਹਨ। ਹੁਣ ਤੇਰਾ ਪਿਉ ਖੋਤਿਆਂ ਵੱਲੋਂ ਨਿਸ਼ਚਿੰਤ ਹੋਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ ਕਿ, ਮੈਂ ਆਪਣੇ ਪੁੱਤਰ ਨੂੰ ਕਿੱਥੋਂ ਲੱਭਾਂ?’”

ਸਮੂਏਲ ਨੇ ਕਿਹਾ, “ਤਦ ਤੂੰ ਉੱਥੋਂ ਲੰਘੇਗਾ ਅਤੇ ਤਬੋਰ ਦੇ ਬਲੂਤ ਹੇਠਾਂ ਆਵੇਂਗਾ।” ਉੱਥੇ ਤੈਨੂੰ ਤਿੰਨ ਆਦਮੀ ਮਿਲਣਗੇ। ਉਹ ਤਿੰਨ ਆਦਮੀ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਉਪਾਸਨਾ ਕਰਨ ਜਾਂਦੇ ਹੋਣਗੇ। ਇੱਕ ਆਦਮੀ ਦੇ ਹੱਥ ਵਿੱਚ ਤਿੰਨ ਪਠੇਰੇ ਹੋਣਗੇ ਅਤੇ ਦੂਜੇ ਦੇ ਹੱਥ ਵਿੱਚ ਤਿੰਨ ਰੋਟੀਆਂ ਅਤੇ ਤੀਜੇ ਮਨੁੱਖ ਦੇ ਹੱਥ ਵਿੱਚ ਦਾਖ ਰਸ ਦੀ ਬੋਤਲ ਹੋਵੇਗੀ। ਇਹ ਤਿੰਨੋ ਆਦਮੀ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਉਹ ਤੈਨੂੰ ਦੋ ਰੋਟੀਆਂ ਦੇਣਗੇ, ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ। ਫ਼ਿਰ ਤੂੰ ਗਿਬਆਹ ਅਬੋਹੀਮ ਵੱਲ ਜਾਵੇਂਗਾ ਉੱਥੇ ਉਸ ਜਗ਼੍ਹਾ ਫ਼ਲਿਸਤੀਆਂ ਦਾ ਇੱਕ ਗੈਰਜ਼ੀਨ (ਸੈਨਾ-ਰੱਖਿਅਕ) ਹੈ। ਜਦੋਂ ਤੂੰ ਉੱਥੇ ਪਹੁੰਚੇਗਾ, ਅਨੇਕਾਂ ਨਬੀ ਉਪਾਸਨਾ ਦੇ ਸਥਾਨ ਤੋਂ ਹੇਠਾ ਆਉਣਗੇ। ਉਹ ਅਗੰਮੀ ਵਾਕ ਕਰ ਰਹੇ ਹੋਣਗੇ ਅਤੇ ਰਬਾਬ, ਖੰਜਰੀਆਂ, ਬੰਸਰੀਆਂ ਅਤੇ ਸਿਤਾਰਾਂ ਵਜਾ ਰਹੇ ਹੋਣਗੇ। ਫ਼ੇਰ ਉਸੇ ਪਲ ਯਹੋਵਾਹ ਦਾ ਆਤਮਾ ਤੇਰੇ ਉੱਪਰ ਸ਼ਕਤੀਸ਼ਾਲੀ ਤਰੀਕੇ ਨਾਲ ਆਵੇਗਾ ਅਤੇ ਤੂੰ ਇੱਕ ਵੱਖਰਾ ਮਨੁੱਖ ਬਣ ਜਾਵੇਂਗਾ। ਤੂੰ ਬਾਕੀ ਨਬੀਆਂ ਵਾਂਗ ਭਵਿੱਖਬਾਣੀ ਕਰਨ ਲੱਗ ਪਵੇਂਗਾ। ਇਹ ਵਾਪਰ ਜਾਣ ਤੋਂ ਬਾਦ, ਤੂੰ ਜੋ ਵੀ ਕੰਮ ਕਰਨ ਲਈ ਚੁਣੇ, ਕਰ ਸੱਕਦਾ ਹੈਂ ਕਿਉਂਕਿ ਉਸ ਵਕਤ ਪਰਮੇਸ਼ੁਰ ਤੇਰੇ ਵੱਲ ਹੋਵੇਗਾ।

“ਮੇਰੇ ਤੋਂ ਪਹਿਲਾਂ ਤੂੰ ਗਿਲਗਾਲ ਵੱਲ ਜਾ। ਉੱਥੇ ਫ਼ਿਰ ਮੈਂ ਤੇਰੇ ਕੋਲ ਆਵਾਂਗਾ ਅਤੇ ਮੈਂ ਉੱਥੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵਾਂਗਾ। ਪਰ ਤੈਨੂੰ ਉੱਥੇ ਸੱਤ ਦਿਨ ਇੰਤਜ਼ਾਰ ਕਰਨਾ ਪਵੇਗਾ ਜਦ ਤੱਕ ਕਿ ਮੈਂ ਤੇਰੇ ਕੋਲ ਨਾ ਪਹੁੰਚ ਜਾਵਾਂ ਤਦ ਮੈਂ ਤੇਰੇ ਕੋਲ ਆਕੇ ਤੈਨੂੰ ਦੱਸਾਂਗਾ ਕਿ ਤੈਨੂੰ ਕੀ ਕਰਨਾ ਫੋਵੇਗਾ।”

ਸ਼ਾਊਲ ਨਬੀਆਂ ਵਾਂਗ ਹੋ ਗਿਆ

ਜਿਉਂ ਹੀ ਜਾਣ ਵਾਸਤੇ ਸ਼ਾਊਲ ਨੇ ਸਮੂਏਲ ਵੱਲ ਪਿੱਠ ਭੁਆਈ ਤਾਂ ਪਰਮੇਸ਼ੁਰ ਨੇ ਉਸਦੀ ਜ਼ਿੰਦਗੀ ਦਾ ਰੁੱਖ ਹੀ ਮੋੜ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਹੋ ਗਈਆਂ। 10 ਸ਼ਾਊਲ ਅਤੇ ਉਸਦਾ ਸੇਵਕ ਗਿਬਆਹ ਪਰਬਤ ਵੱਲ ਮੁੜੇ। ਉੱਥੇ ਸ਼ਾਊਲ ਇੱਕ ਨਬੀਆਂ ਦੀ ਟੋਲੀ ਨੂੰ ਮਿਲਿਆ। ਪਰਮੇਸ਼ੁਰ ਦੇ ਆਤਮੇ ਨੇ ਸ਼ਾਊਲ ਅੰਦਰ ਬੜੇ ਜ਼ੋਰ ਦੀ ਪ੍ਰਵੇਸ਼ ਕੀਤਾ ਅਤੇ ਸ਼ਾਊਲ ਨੇ ਵੀ ਨਬੀਆਂ ਵਾਂਗ ਅਗੰਮੀ ਵਾਕ ਬੋਲਣੇ ਸ਼ੁਰੂ ਕਰ ਦਿੱਤੇ। 11 ਜਿਨ੍ਹਾਂ ਮਨੁੱਖਾਂ ਨੇ ਸ਼ਾਊਲ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਣ ਤੋਂ ਪਹਿਲਾਂ ਵੇਖਿਆ ਹੋਇਆ ਸੀ ਅਤੇ ਜਾਣਦੇ ਸਨ ਜਦ ਉਨ੍ਹਾਂ ਨੇ ਉਸ ਨੂੰ ਨਬੀਆਂ ਨਾਲ ਅਗੰਮੀ ਵਾਕ ਬੋਲਦੇ ਸੁਣਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, “ਕੀਸ਼ ਦੇ ਪੁੱਤਰ ਨੂੰ ਕੀ ਹੋਇਆ ਹੈ? ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

12 ਇੱਕ ਮਨੁੱਖ ਜੋ ਗਿਬਆਹ ਦਾ ਨਿਵਾਸੀ ਸੀ ਉਸ ਨੇ ਕਿਹਾ, “ਹਾਂ! ਅਤੇ ਇਉਂ ਜਾਪਦਾ ਹੈ ਜਿਵੇਂ ਇਹ ਉਨ੍ਹਾਂ ਦਾ ਆਗੂ ਹੈ।” ਤਾਂ ਹੀ ਇਹ ਕਹਾਵਤ ਮਸ਼ਹੂਰ ਹੋ ਗਈ ਹੈ, ਕਿ “ਕੀ ਭਲਾ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

ਸ਼ਾਊਲ ਦਾ ਘਰ ਨੂੰ ਪਰਤਨਾ

13 ਫ਼ਲਸਵਰੂਪ ਉਸ ਨੇ ਭਵਿੱਖਬਾਣੀ ਕਰਨੀ ਬੰਦ ਕਰ ਦਿੱਤੀ ਅਤੇ ਉਪਾਸਨਾ ਸਥਾਨ ਨੂੰ ਚੱਲਿਆ ਗਿਆ।

14 ਸ਼ਾਊਲ ਦੇ ਚਾਚੇ ਨੇਉਸ ਨੂੰ ਅਤੇ ਉਸ ਦੇ ਸੇਵਕ ਨੂੰ ਪੁੱਛਿਆ, “ਤੁਸੀਂ ਇੰਨੇ ਦਿਨਾਂ ਤੋਂ ਕਿੱਥੇ ਸੀ?”

ਸ਼ਾਊਲ ਨੇ ਆਖਿਆ, “ਅਸੀਂ ਖੋਤਿਆਂ ਨੂੰ ਲੱਭ ਰਹੇ ਸੀ, ਜਦੋਂ ਉਹ ਸਾਨੂੰ ਨਾ ਲੱਭੇ ਤਾਂ ਅਸੀਂ ਸਮੂਏਲ ਕੋਲ ਚੱਲੇ ਗਏ।”

15 ਸ਼ਾਊਲ ਦੇ ਚਾਚੇ ਨੇ ਸਾਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਤੈਨੂੰ ਸਮੂਏਲ ਨੇ ਕੀ ਕਿਹਾ ਹੈ?”

16 ਸ਼ਾਊਲ ਨੇ ਉੱਤਰ ਦਿੱਤਾ, “ਸਮੂਏਲ ਨੇ ਸਾਨੂੰ ਦੱਸਿਆ ਕਿ ਖੋਤੇ ਤਾਂ ਪਹਿਲਾਂ ਹੀ ਲੱਭ ਗਏ ਹਨ।” ਸ਼ਾਊਲ ਨੇ ਆਪਣੇ ਚਾਚੇ ਨੂੰ ਸਭ ਕੁਝ ਨਾ ਦੱਸਿਆ। ਸ਼ਾਊਲ ਨੇ ਉਸ ਨੂੰ ਉਹ ਗੱਲਾਂ ਵੀ ਨਾ ਦੱਸੀਆਂ ਜੋ ਸਮੂਏਲ ਨੇ ਰਾਜ ਬਾਰੇ ਕਰੀਆਂ ਸਨ।

ਸਮੂਏਲ ਦਾ ਸ਼ਾਊਲ ਨੂੰ ਪਾਤਸ਼ਾਹ ਘੋਸ਼ਿਤ ਕਰਨਾ

17 ਇਸਤੋਂ ਪਿੱਛੋਂ ਸਮੂਏਲ ਨੇ ਮਿਸਫ਼ਾਹ ਵਿੱਚ ਲੋਕਾਂ ਨੂੰ ਸਦ੍ਦਕੇ ਯਹੋਵਾਹ ਦੇ ਸਾਹਮਣੇ ਇਕੱਠਿਆਂ ਕੀਤਾ। 18 ਸਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਤੁਹਾਨੂੰ ਮਿਸਰੀਆਂ ਕੋਲੋਂ ਬਚਾਇਆ ਅਤੇ ਉਨ੍ਹਾਂ ਸਭ ਰਾਜਾਂ-ਰਜਵਾੜਿਆਂ ਦੇ ਹੱਥੋਂ ਬਚਾਇਆ ਜਿਹੜੇ ਕਿ ਤੁਹਾਨੂੰ ਕਸ਼ਟ ਦਿੰਦੇ ਸਨ ਅਤੇ ਤੁਹਾਡੇ ਉੱਤੇ ਜ਼ੁਲਮ ਕਰਦੇ ਸਨ।’ 19 ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ ਜਿਸਨੇ ਤੁਹਾਡੀਆਂ ਸਾਰੀਆਂ ਬੁਰਾਈਆਂ ਅਤੇ ਦੁੱਖਾਂ ਤੋਂ ਤੁਹਾਡਾ ਛੁਟਾਕਾਰਾ ਕੀਤਾ। ਪਰ ਤੁਸੀਂ ਕਿਹਾ, ‘ਸਾਡੇ ਲਈ ਨਵਾਂ ਪਾਤਸ਼ਾਹ ਠਹਿਰਾਵੋ ਜੋ ਸਾਡੇ ਉੱਤੇ ਰਾਜ ਕਰੇ।’ ਹੁਣ ਆਓ, ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਵਿੱਚ ਯਹੋਵਾਹ ਦੇ ਸਾਹਮਣੇ ਖਲੋਵੋ।”

20 ਤਾਂ ਸਮੂਏਲ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਇੱਕਤਰ ਕੀਤਾ। ਤਦ ਸਮੂਏਲ ਨੇ ਨਵਾਂ ਪਾਤਸ਼ਾਹ ਚੁਨਣਾ ਸ਼ੁਰੂ ਕੀਤਾ। ਪਹਿਲਾਂ ਬਿਨਯਾਮੀਨ ਦਾ ਪਰਿਵਾਰ-ਸਮੂਹ ਸਭ ਤੋਂ ਪਹਿਲਾਂ ਚੁਣਿਆ ਗਿਆ। 21 ਤਾਂ ਸਮੂਏਲ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਸ ਦੇ ਪਰਿਵਾਰਾਂ ਅਨੁਸਾਰ ਨੇੜੇ ਸੱਦਿਆ ਤਾਂ ਮਟਰੀ ਦੇ ਪਰਿਵਾਰ ਦਾ ਨਾਉਂ ਨਿਕਲਿਆ। ਫ਼ਿਰ ਸਮੂਏਲ ਨੇ ਸਾਰੇ ਮਟਰੀ ਦੇ ਪਰਿਵਾਰ ਦੇ ਮਨੁੱਖਾਂ ਨੂੰ ਸੱਦਿਆ, ਉੱਨ੍ਹਾਂ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਉਂ ਨਿਕਲਿਆ ਅਤੇ ਉਹ ਚੁਣਿਆ ਗਿਆ।

ਪਰ ਜਦੋਂ ਲੋਕ ਸ਼ਾਊਲ ਨੂੰ ਲੱਭਣ ਲੱਗੇ ਤਾਂ ਉਹ ਕਿਤੇ ਵੀ ਨਾ ਲੱਭਿਆ। 22 ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸ਼ਾਊਲ ਅਜੇ ਤੀ ਇੱਥੇ ਨਹੀਂ ਆਇਆ?”

ਯਹੋਵਾਹ ਨੇ ਆਖਿਆ, “ਸ਼ਾਊਲ ਸਾਮਗਰੀ ਦੇ ਪਿੱਛੇ ਲੁਕ ਰਿਹਾ ਹੈ?”

23 ਲੋਕੀਂ ਗਏ ਅਤੇ ਉਸ ਨੂੰ ਭੱਜਕੇ ਉੱਥੋਂ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿੱਚਕਾਰ ਖਲੋਤਾ ਤਾਂ ਉਹ ਸਾਰਿਆਂ ਵਿੱਚੋਂ ਸਿਰ ਕੱਢਦਾ ਸੀ।

24 ਸਮੂਏਲ ਨੇ ਸਭਨਾਂ ਨੂੰ ਕਿਹਾ, “ਵੇਖੋ! ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਇਹ ਹੈ। ਲੋਕਾਂ ਵਿੱਚ ਸ਼ਾਊਲ ਵਰਗਾ ਕੋਈ ਹੋਰ ਦੂਜਾ ਮਨੁੱਖ ਨਹੀਂ ਹੈ।” ਤਦ ਸਭਨਾਂ ਲੋਕਾਂ ਨੇ ਜੈਕਾਰਾ ਬੁਲਾਕੇ ਆਖਿਆ, “ਪਾਤਸ਼ਾਹ ਜਿਉਂਦਾ ਰਹੇ।”

25 ਫ਼ੇਰ ਸਮੂਏਲ ਨੇ ਲੋਕਾਂ ਨੂੰ ਰਾਜ ਦੇ ਤੌਰ ਤਰੀਕੇ ਦੱਸੇ। ਉਸ ਨੇ ਇਹ ਨੇਮ ਇੱਕ ਪੁਸਤਕ ਵਿੱਚ ਲਿਖ ਦਿੱਤੇ ਅਤੇ ਇਹ ਪੋਥੀ ਯਹੋਵਾਹ ਦੇ ਅੱਗੇ ਰੱਖੀ ਅਤੇ ਸਮੂਏਲ ਨੇ ਫ਼ਿਰ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ।

26 ਸ਼ਾਊਲ ਵੀ ਗਿਬਆਹ ਵਿੱਚ ਆਪਣੇ ਘਰ ਪਰਤਿਆ। ਲੋਕਾਂ ਦੀ ਇੱਕ-ਇੱਕ ਟੋਲੀ ਦੇ ਮਨਾਂ ਨੂੰ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਕਸਾਇਆ ਸੀ ਉਹ ਸ਼ਾਊਲ ਦੇ ਪਿੱਛੇ ਹੋ ਤੁਰੇ। 27 ਪਰ ਕੁਝ ਫ਼ਸਾਦੀ ਲੋਕਾਂ ਨੇ ਕਿਹਾ, “ਇਹ ਆਦਮੀ ਸਾਨੂੰ ਕਿਵੇਂ ਬਚਾ ਸੱਕਦਾ?” ਉਨ੍ਹਾਂ ਨੇ ਸ਼ਾਊਲ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਤੋਹਫ਼ੇ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸ਼ਾਊਲ ਨੇ ਕੁਝ ਨਾ ਕਿਹਾ।

ਨਾਹਾਸ਼, ਅੰਮੋਨੀਆਂ ਦਾ ਰਾਜਾ

ਅੰਮੋਨ ਦਾ ਰਾਜਾ ਨਾਹਾਸ਼, ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਲਈ ਮੁਸੀਬਤਾਂ ਖੜੀਆਂ ਕਰ ਰਿਹਾ ਸੀ। ਨਾਹਾਸ਼ ਨੇ ਉਨ੍ਹਾਂ ਨੇ ਪਰਿਵਾਰ-ਸਮੂਹ ਦੇ ਹਰ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ ਅਤੇ ਉਸ ਨੇ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਰਹਿਣ ਵਾਲੇ ਹਰ ਇਸਰਾਏਲੀ ਆਦਮੀ ਦੀ ਸੱਜੀ ਅੱਖ ਬਾਹਰ ਕੱਢ ਦਿੱਤੀ। ਪਰ ਇਸਰਾਏਲ ਦੇ 7,000 ਆਦਮੀ ਅੰਮੋਨੀਆਂ ਕੋਲੋਂ ਬਚ ਗਏ ਅਤੇ ਯਾਬੇਸ਼ ਗਿਲਆਦ ਨੂੰ ਆ ਗਏ। [a]

Footnotes

  1. 1 ਸਮੂਏਲ 10:27 ਅੰਮੋਨ … ਨੂੰ ਆ ਗਏ ਇਹ ਭਾਗ ਆਧੁਨਿਕ ਹਿਬਰੂ ਪਾਠ ਵਿੱਚ ਨਹੀਂ ਹੈ, ਪਰ ਕਈ ਪ੍ਰਾਚੀਨ ਅਨੁਵਾਦਾਂ ਵਿੱਚ ਅਤੇ ਕੁਮਰਾਨ ਦੀਆਂ ਹਿਬਰੂ ਪੱਤਰੀਆਂ ਵਿੱਚ ਮਿਲਦਾ ਹੈ।