Add parallel Print Page Options

ਆਤਮਕ ਦਾਤਾਂ ਦੀ ਵਰਤੋਂ ਕਲੀਸਿਯਾ ਲਈ ਕਰੋ

14 ਪ੍ਰੇਮ ਉਹ ਚੀਜ਼ ਹੈ ਜਿਸ ਨੂੰ ਲੈਣ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਅਸਲ ਵਿੱਚ ਆਤਮਕ ਦਾਤਾਂ ਪ੍ਰਾਪਤ ਕਰਨ ਦੀ ਕਾਮਨਾ ਹੋਣੀ ਚਾਹੀਦੀ ਹੈ। ਅਤੇ ਜਿਹੜੀ ਦਾਤ ਦੀ ਮੰਗ ਤੁਹਾਨੂੰ ਸਭ ਤੋਂ ਵੱਧੇਰੇ ਕਰਨੀ ਚਾਹੀਦੀ ਹੈ ਉਹ ਹੈ ਅਗੰਮ ਵਾਕ ਕਰਨ ਦੀ ਯੋਗਤਾ। ਮੈਂ ਸਮਝਾਉਂਦਾ ਹਾਂ ਕਿ ਉਹ ਵਿਅਕਤੀ ਜਿਸ ਕੋਲ ਵੱਖਰੀ ਭਾਸ਼ਾ ਬੋਲਣ ਦੀ ਦਾਤ ਹੈ ਉਹ ਲੋਕਾਂ ਨਾਲ ਗੱਲ ਨਹੀਂ ਕਰ ਰਿਹਾ, ਪਰ ਉਹ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ। ਉਸ ਵਿਅਕਤੀ ਦੀ ਗੱਲ ਕੋਈ ਨਹੀਂ ਸਮਝਦਾ ਉਹ ਤਾਂ ਆਤਮਾ ਰਾਹੀਂ ਗੁਪਤ ਗੱਲਾਂ ਕਰ ਰਿਹਾ ਹੁੰਦਾ ਹੈ। 3-4 ਪਰ ਜਿਹੜਾ ਵਿਅਕਤੀ ਵੱਖਰੀ ਭਾਸ਼ਾ ਵਿੱਚ ਗੱਲ ਕਰ ਰਿਹਾ ਹੁੰਦਾ ਹੈ ਉਹ ਕੇਵਲ ਆਪਣੀ ਸਹਾਇਤਾ ਕਰ ਰਿਹਾ ਹੁੰਦਾ ਹੈ। ਪਰ ਜਿਹੜਾ ਅਗੰਮ ਵਾਕ ਬੋਲ ਰਿਹਾ ਹੈ ਉਹ ਤਾਂ ਸਮੁੱਚੀ ਕਲੀਸਿਯਾ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ।

ਮੇਰੀ ਚਾਹਨਾ ਹੈ ਕਿ ਤੁਹਾਡੇ ਸਾਰਿਆਂ ਕੋਲ ਵੱਖ-ਵੱਖ ਭਾਸ਼ਾਵਾਂ ਬੋਲਣ ਦੀ ਦਾਤ ਹੋਵੇ। ਪਰ ਮੈਂ ਇਸਤੋਂ ਵੱਧ ਇਹ ਵੀ ਚਾਹੁੰਦਾ ਹਾਂ ਕਿ ਤੁਸੀਂ ਅਗੰਮ ਵਾਕ ਕਰ ਸੱਕੋਂ। ਜਿਹੜਾ ਵਿਅਕਤੀ ਅਗੰਮ ਵਾਕ ਕਰਦਾ ਉਹ ਉਸ ਵਿਅਕਤੀ ਨਾਲੋਂ ਵੱਡਾ ਹੈ ਜਿਹੜਾ ਕੇਵਲ ਵੱਖੋ ਵੱਖਰੀਆਂ ਭਾਸ਼ਾਵਾਂ ਹੀ ਬੋਲ ਸੱਕਦਾ ਹੈ। ਪਰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲਾ ਅਗੰਮ ਵਾਕ ਕਰਨ ਵਾਲੇ ਵਰਗਾ ਹੀ ਹੁੰਦਾ ਹੈ। ਜੇ ਉਹ ਉਨ੍ਹਾਂ ਵੱਖਰੀਆਂ ਭਾਸ਼ਾਵਾਂ ਦਾ ਦੋ ਭਾਸ਼ੀਆ ਬਣ ਸੱਕੇ। ਫ਼ੇਰ ਕਲੀਸਿਯਾ ਨੂੰ ਉਸ ਦੇ ਬੋਲਾਂ ਨਾਲ ਸਹਾਇਤਾ ਮਿਲ ਸੱਕਦੀ ਹੈ।

ਭਰਾਵੋ ਅਤੇ ਭੈਣੋ, ਜੇ ਮੈਂ ਤੁਹਾਡੇ ਕੋਲ ਆਵਾਂ ਅਤੇ ਮੈਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਾਂ ਕੀ ਇਸਤੋਂ ਤੁਹਾਨੂੰ ਕੋਈ ਮੁਨਾਫ਼ਾ ਮਿਲੇਗਾ? ਨਹੀਂ। ਤੁਹਾਨੂੰ ਤਾਂ ਉਦੋਂ ਹੀ ਲਾਭ ਹੋਵੇਗਾ ਜਦੋਂ ਮੈਂ ਤੁਹਾਡੇ ਲਈ ਕੋਈ ਨਵਾਂ ਸੱਚ ਜਾਂ ਗਿਆਨ, ਕੋਈ ਅਗੰਮ ਵਾਕ ਜਾਂ ਕੋਈ ਹੋਰ ਸਿੱਖਿਆ ਲੈ ਕੇ ਆਵਾਂਗਾ। ਇਹ ਉਨ੍ਹਾਂ ਆਵਾਜ਼ਾਂ ਵਰਗਾ ਹੈ ਜਿਹੜੀਆਂ ਨਿਰਜੀਵ ਵਸਤਾਂ, ਜਿਵੇਂ ਬੰਸਰੀ ਜਾਂ ਰਬਾਬ, ਵਿੱਚੋਂ ਆਉਂਦੀਆਂ ਹਨ। ਜੇ ਭਿੰਨ-ਭਿੰਨ ਸੁਰ ਸਪੱਸ਼ਟ ਨਾ ਹੋਣ, ਤਾਂ ਤੁਸੀਂ ਵਜਾਇਆ ਜਾਣ ਵਾਲਾ ਸੰਗੀਤ ਨਹੀਂ ਸਮਝੋਗੇ। ਸਿਰਫ਼ ਉਦੋਂ, ਜਦੋਂ ਤੁਸੀਂ ਹਰ ਸੁਰ ਸਪੱਸ਼ਟਤਾ ਨਾਲ ਵਜਾਵੋਗੇ, ਤਾਂ ਤੁਸੀਂ ਧੁਨ ਨੂੰ ਸਮਝ ਸੱਕੋਂਗੇ ਅਤੇ ਲੜਾਈ ਵਿੱਚ ਜੇ ਤੁਰ੍ਹੀ ਦੀ ਆਵਾਜ਼ ਸਪੱਸ਼ਟ ਨਹੀਂ ਤਾਂ ਸੈਨਕਾਂ ਨੂੰ ਪਤਾ ਨਹੀਂ ਲੱਗ ਸੱਕੇਗਾ ਕਿ ਲੜਾਈ ਲਈ ਕਦੋਂ ਤਿਆਰ ਹੋਣਾ ਹੈ। 8-9 ਤੁਹਾਡੇ ਨਾਲ ਵੀ ਇਵੇਂ ਹੀ ਹੈ। ਜਦੋਂ ਤੁਸੀਂ ਵੱਖਰੀਆਂ ਭਾਸ਼ਾਵਾਂ ਬੋਲਦੇ ਹੋ ਤਾਂ ਤੁਹਾਡੇ ਸ਼ਬਦ ਸਮਝਣ ਯੋਗ ਹੋਣੇ ਚਾਹੀਦੇ ਹਨ।

ਜੇ ਤੁਸੀਂ ਸਪੱਸ਼ਟਤਾ ਨਾਲ ਨਹੀਂ ਬੋਲੋਂਗੇ ਤਾਂ ਸੁਣਨ ਵਾਲਾ ਸਮਝ ਹੀ ਨਹੀਂ ਸੱਕੇਗਾ। ਤੁਸੀਂ ਹਵਾ ਵਿੱਚ ਹੀ ਗੱਲਾਂ ਕਰ ਰਹੇ ਹੋਵੋਂਗੇ। 10 ਇਹ ਠੀਕ ਹੈ ਕਿ ਦੁਨੀਆਂ ਵਿੱਚ ਗੱਲ ਕਰਨ ਦੇ ਕਈ ਢੰਗ ਹਨ। ਅਤੇ ਉਨ੍ਹਾਂ ਸਾਰਿਆਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। 11 ਇਸ ਲਈ, ਜਦੋਂ ਮੈਂ ਬੋਲਣ ਵਾਲੇ ਵਿਅਕਤੀ ਦੀ ਭਾਸ਼ਾ ਨਹੀਂ ਸਮਝਦਾ, ਮੈਂ ਸੋਚਦਾ ਹਾਂ ਕਿ ਉਸਦੀ ਟਿੱਪਣੀ ਅਜੀਬ ਹੈ। ਅਤੇ ਉਹ ਸੋਚਦਾ ਹੈ ਕਿ ਮੇਰੀ ਟਿੱਪਣੀ ਅਜੀਬ ਹੈ। 12 ਤੁਹਾਡੇ ਨਾਲ ਵੀ ਇਹੋ ਗੱਲ ਹੈ। ਤੁਸੀਂ ਵੱਧੇਰੇ ਆਤਮਕ ਦਾਤਾਂ ਚਾਹੁੰਦੇ ਹੋ। ਇਸ ਲਈ ਉਨ੍ਹਾਂ ਦਾਤਾਂ ਨੂੰ ਪ੍ਰਾਪਤ ਕਰਨ ਲਈ ਹੋਰ ਸਖਤ ਮਿਹਨਤ ਕਰੋ ਜਿਹੜੀਆਂ ਕਲੀਸਿਯਾ ਨੂੰ ਵੱਧਣ ਵਿੱਚ ਸਹਾਇਤਾ ਕਰਦੀਆਂ ਹਨ।

13 ਇਸ ਲਈ ਜਿਸ ਵਿਅੱਕਤੀ ਕੋਲੋਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਹੈ ਉਸ ਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਜੋ ਉਹ ਕਹਿੰਦਾ ਹੈ ਉਸਦੀ ਵਿਆਖਿਆ ਵੀ ਕਰ ਸੱਕੇ। 14 ਜਦੋਂ ਮੈਂ ਕਿਸੇ ਦੂਸਰੀ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹਾਂ, ਸਿਰਫ਼ ਮੇਰਾ ਆਤਮਾ ਹੀ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਜਿੱਥੇ ਕਿ ਮੇਰਾ ਮਨ ਇਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰਦਾ। 15 ਤਾਂ ਫ਼ੇਰ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਆਪਣੇ ਆਤਮਾ ਨਾਲ ਪ੍ਰਾਰਥਨਾ ਕਰਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਪਣੇ ਆਤਮਾ ਨਾਲ ਗਾਵਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਗਾਵਾਂਗਾ। 16 ਤੁਸੀਂ ਸ਼ਾਇਦ ਆਪਣੇ ਆਤਮਾ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹੜਾ ਤੁਹਾਡੇ ਧੰਨਵਾਦ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ। 17 ਤੁਸੀਂ ਭਾਵੇਂ ਪਰਮੇਸ਼ੁਰ ਦਾ ਸ਼ੁਕਰ ਸਹੀ ਢੰਗ ਨਾਲ ਕਰ ਰਹੇ ਹੋਵੋਂ, ਪਰ ਇਹ ਕਿਸੇ ਵੀ ਢੰਗ ਨਾਲ ਦੂਸਰੇ ਵਿਅਕਤੀ ਦੀ ਮਦਦ ਨਹੀਂ ਕਰਦਾ।

18 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ, ਤੁਹਾਡੇ ਵਿੱਚੋਂ ਕਿਸੇ ਨਾਲੋਂ ਵੀ ਵੱਧ, ਮੈਨੂੰ ਦਿੱਤੀ ਗਈ ਹੈ। 19 ਪਰ ਕਲੀਸਿਯਾ ਦੀਆਂ ਇੱਕਤਰਤਾਵਾਂ ਵਿੱਚ, ਮੈਂ ਅਜਿਹੇ ਪੰਜ ਸ਼ਬਦ ਬੋਲਣੇ ਪਸੰਦ ਕਰਾਂਗਾ ਜੋ ਮੈਂ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਹਜ਼ਾਰਾਂ ਸ਼ਬਦ ਬੋਲਣ ਨਾਲੋਂ ਵੀ ਵੱਧ ਸਮਝਦਾ ਹਾਂ। ਮੈਂ ਆਪਣੀ ਸਮਝ ਨਾਲ ਬੋਲਣਾ ਵੱਧੇਰੇ ਪਸੰਦ ਕਰਾਂਗਾ ਤਾਂ ਜੋ ਮੈਂ ਹੋਰਨਾਂ ਨੂੰ ਸਿੱਖਿਆ ਦੇ ਸੱਕਾਂ।

20 ਭਰਾਵੋ ਅਤੇ ਭੈਣੋ, ਮੈਂ ਬੱਚਿਆਂ ਵਾਂਗ ਨਹੀਂ ਸੋਚਦਾ। ਬਦੀ ਦੀਆਂ ਗੱਲਾਂ ਵਿੱਚ ਅਸੀਂ ਬੱਚਿਆਂ ਨੂੰ ਪਸੰਦ ਕਰਦੇ ਹਾਂ। ਪਰ ਤੁਹਾਨੂੰ ਆਪਣੀ ਸੋਚ ਵਿੱਚ ਪ੍ਰੌਢ ਲੋਕਾਂ ਵਾਂਗ ਹੋਣਾ ਚਾਹੀਦਾ ਹੈ। 21 ਪੋਥੀਆਂ ਵਿੱਚ ਲਿਖਿਆ ਹੈ:

“ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ
    ਅਤੇ ਪਰਦੇਸੀਆਂ ਦੇ ਬੁੱਲ੍ਹਾਂ ਦੁਆਰਾ
ਮੈਂ ਇਨ੍ਹਾਂ ਲੋਕਾਂ ਨਾਲ ਗੱਲਾਂ ਕਰਾਂਗਾ,
    ਪਰੰਤੂ ਤਾਂ ਵੀ ਇਹ ਲੋਕ ਮੇਰੀ ਆਗਿਆ ਦਾ ਪਾਲਣ ਨਹੀਂ ਕਰਨਗੇ।” (A)

ਇਹੀ ਹੈ ਜੋ ਪ੍ਰਭੂ ਆਖਦਾ ਹੈ।

22 ਇਸ ਲਈ ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਉਨ੍ਹਾਂ ਲਈ ਇੱਕ ਪ੍ਰਮਾਣ ਹੈ, ਜੋ ਵਿਸ਼ਵਾਸੀ ਹਨ, ਨਾ ਕਿ ਅਵਿਸ਼ਵਾਸੀਆਂ ਲਈ। ਅਗੰਮੀ ਵਾਕ ਨਿਹਚਾਵਾਨਾਂ ਲਈ ਹਨ, ਨਾ ਕਿ ਅਵਿਸ਼ਵਾਸੀਆਂ ਲਈ। 23 ਫ਼ਰਜ਼ ਕਰੋ ਕਿ ਸਮੁੱਚੀ ਕਲੀਸਿਯਾ ਇਕੱਠੀ ਹੁੰਦੀ ਹੈ ਅਤੇ ਤੁਸੀਂ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹੋ। ਜੇ ਕੁਝ ਲੋਕ, ਜਿਹੜੇ ਸਮਝ ਨਹੀਂ ਸੱਕਦੇ ਜਾਂ ਅਵਿਸ਼ਵਾਸੀ ਹਨ, ਉੱਥੇ ਆਉਂਦੇ ਹਨ, ਉਹ ਆਖਣਗੇ ਕਿ ਤੁਸੀਂ ਕਮਲੇ ਹੋ ਗਏ ਹੋ। 24 ਪਰੰਤੂ ਫ਼ਰਜ਼ ਕਰੋ ਤੁਸੀਂ ਸਾਰੇ ਅਗੰਮ ਵਾਕ ਕਰ ਰਹੇ ਹੋ ਅਤੇ ਇੱਕ ਵਿਅਕਤੀ ਅਜਿਹਾ ਆਉਂਦਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਨਾ ਸਮਝ ਹੈ। ਜੇ ਤੁਸੀਂ ਸਾਰੇ ਭਵਿੱਖਬਾਣੀ ਕਰ ਰਹੇ ਹੋ, ਫ਼ੇਰ ਇਹ ਉਸ ਵਿਅਕਤੀ ਦੇ ਪਾਪਾਂ ਨੂੰ ਪ੍ਰਦਰਸ਼ਿਤ ਕਰਨਗੇ, ਅਤੇ ਉਸਦੀ ਪਰੱਖ ਤੁਹਾਡੇ ਸਾਰਿਆਂ ਦੇ ਆਖਣ ਦੇ ਆਧਾਰ ਉੱਤੇ ਹੋਵੇਗੀ। 25 ਉਸ ਦੇ ਦਿਲ ਦੀਆਂ ਗੁਪਤ ਗੱਲਾਂ ਚਾਨਣ ਵਿੱਚ ਆ ਜਾਣਗੀਆਂ। ਇਸ ਲਈ ਉਹ ਵਿਅਕਤੀ ਝੁਕ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ। ਉਹ ਆਖੇਗਾ, “ਕਿ ਸੱਚਮੁੱਚ ਹੀ ਪਰਮੇਸ਼ੁਰ ਤੁਹਾਡੇ ਨਾਲ ਹੈ।”

ਤੁਹਾਡੀਆਂ ਗੋਸ਼ਠੀਆਂ ਤੋਂ ਕਲੀਸਿਯਾ ਦੀ ਮਦਦ ਹੋਣੀ ਚਾਹੀਦੀ ਹੈ

26 ਇਸ ਲਈ ਭਰਾਵੋ ਅਤੇ ਭੈਣੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੋਵੋਂਗੇ, ਤਾਂ ਕਿਸੇ ਕੋਲ ਇੱਕ ਗੀਤ ਹੈ, ਕਿਸੇ ਹੋਰ ਵਿਅਕਤੀ ਕੋਲ ਇੱਕ ਉਪਦੇਸ਼ ਹੈ, ਦੂਸਰੇ ਵਿਅਕਤੀ ਕੋਲ ਪਰਮੇਸ਼ੁਰ ਵੱਲੋਂ ਨਵਾਂ ਸੱਚ ਹੈ, ਕੋਈ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਹੋਰ ਦੂਸਰਾ ਵਿਅਕਤੀ ਇਸ ਭਾਸ਼ਾ ਦੀ ਵਿਆਖਿਆ ਕਰਦਾ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਮਨੋਰਥ ਕਲੀਸਿਯਾ ਨੂੰ ਮਜ਼ਬੂਤ ਬਨਾਉਣ ਵਿੱਚ ਸਹਾਇਤਾ ਕਰਨਾ ਹੋਣਾ ਚਾਹੀਦਾ ਹੈ। 27 ਜਦੋਂ ਤੁਸੀਂ ਇਕੱਠੋ ਹੋਵੋ, ਜੇ ਕੋਈ ਇੱਕ ਵਿਅਕਤੀ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ, ਤਾਂ ਸਿਰਫ਼ ਦੋ ਵਿਅਕਤੀਆਂ ਜਾਂ ਵੱਧ ਤੋਂ ਵੱਧ, ਤਿੰਨਾਂ ਤੋਂ ਵੱਧ ਨੂੰ ਨਹੀਂ ਬੋਲਣਾ ਚਾਹੀਦਾ। ਅਤੇ ਉਨ੍ਹਾਂ ਨੂੰ ਵਾਰੀ ਸਿਰ ਬੋਲਣਾ ਚਾਹੀਦਾ ਹੈ। ਕਿਸੇ ਹੋਰ ਵਿਅਕਤੀ ਨੂੰ ਉਨ੍ਹਾਂ ਲੋਕਾਂ ਦੀ ਗੱਲ ਦੀ ਵਿਆਖਿਆ ਕਰਨੀ ਚਾਹੀਦੀ ਹੈ। 28 ਪਰ ਜੇ ਉੱਥੇ ਅਨੁਵਾਦ ਕਰਨ ਵਾਲਾ ਕੋਈ ਨਹੀਂ ਹੈ, ਫ਼ੇਰ ਵੱਖਰੀ ਭਾਸ਼ਾ ਵਿੱਚ ਬੋਲਣ ਵਾਲੇ ਉਸ ਵਿਅਕਤੀ ਨੂੰ ਕਲੀਸਿਯਾ ਵਿੱਚ ਨਹੀਂ ਬੋਲਣਾ ਚਾਹੀਦਾ। ਉਸ ਵਿਅਕਤੀ ਨੂੰ ਕੇਵਲ ਆਪਣੇ-ਆਪ ਨਾਲ ਜਾਂ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੀਦੀ ਹੈ।

29 ਸਿਰਫ਼ ਦੋ ਜਾਂ ਤਿੰਨ ਦੂਤਾਂ ਨੂੰ ਬੋਲਣਾ ਚਾਹੀਦਾ ਹੈ। ਹੋਰਨਾਂ ਨੂੰ ਨਿਰਨਾ ਕਰਨਾ ਚਾਹੀਦਾ ਹੈ ਕਿ ਉਹ ਕੀ ਆਖਦੇ ਹਨ। 30 ਅਤੇ ਜੇ ਪਰਮੇਸ਼ੁਰ ਵੱਲੋਂ ਕਿਸੇ ਦੂਸਰੇ ਨੂੰ ਸੰਦੇਸ਼ ਪ੍ਰਾਪਤ ਹੁੰਦਾ ਹੈ ਜਿਹੜਾ ਕਿ ਉੱਥੇ ਬੈਠਾ ਹੈ, ਤਾਂ ਪਹਿਲਾਂ ਬੋਲ ਰਹੇ ਬੰਦੇ ਨੂੰ ਰੁਕ ਜਾਣਾ ਚਾਹੀਦਾ ਹੈ। 31 ਤੁਸੀਂ ਸਾਰੇ ਹੀ ਇੱਕ ਦੂਜੇ ਤੋਂ ਮਗਰੋਂ ਅਗੰਮੀ ਵਾਕ ਕਰ ਸੱਕਦੇ ਹੋ। ਇਸ ਤਰ੍ਹਾਂ, ਸਮੂਹ ਲੋਕਾਂ ਨੂੰ ਸਿੱਖਾਇਆ ਅਤੇ ਹੌਂਸਲਾ ਦਿੱਤਾ ਜਾ ਸੱਕਦਾ ਹੈ। 32 ਨਬੀਆਂ ਦੇ ਆਤਮਾ ਖੁਦ ਨਬੀਆਂ ਦੇ ਅਧਿਕਾਰ ਵਿੱਚ ਹਨ। 33 ਪਰਮੇਸ਼ੁਰ ਅਰਾਜਕਤਾ ਦਾ ਪਰਮੇਸ਼ੁਰ ਨਹੀਂ ਹੈ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।

34 ਔਰਤਾਂ ਨੂੰ ਕਲੀਸਿਯਾ ਦੀਆਂ ਇੱਕਤਰਤਾਵਾਂ ਵਿੱਚ ਖਾਮੋਸ਼ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੇ ਲੋਕਾਂ ਦੀਆਂ ਸਾਰੀਆਂ ਕਲੀਸਿਯਾਵਾਂ ਵਿੱਚ ਇਵੇਂ ਹੀ ਹੁੰਦਾ ਹੈ। ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਅਧੀਨਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ, ਜਿਵੇਂ ਮੂਸਾ ਦੀ ਸ਼ਰ੍ਹਾ ਆਖਦੀ ਹੈ। 35 ਜੇ ਕੋਈ ਅਜਿਹੀ ਗੱਲ ਹੈ ਜਿਹੜੀ ਔਰਤਾਂ ਜਾਨਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਘਰ ਆਕੇ ਆਪਣੇ ਪਤੀਆਂ ਕੋਲੋਂ ਪੁੱਛਣੀ ਚਾਹੀਦੀ ਹੈ। ਇੱਕ ਔਰਤ ਲਈ ਕਲੀਸਿਯਾ ਦੀ ਸਭਾ ਵਿੱਚ ਬੋਲਣਾ ਸ਼ਰਮਿੰਦਗੀ ਵਾਲੀ ਗੱਲ ਹੈ। 36 ਕੀ ਪਰਮੇਸ਼ੁਰ ਦੀ ਸਿੱਖਿਆ ਤੁਹਾਡੇ ਵੱਲੋਂ ਆਈ ਹੈ? ਨਹੀਂ। ਜਾਂ ਕੀ ਇਹ ਸਿਰਫ਼ ਤੁਸੀਂ ਹੀ ਹੋ ਜਿਨ੍ਹਾਂ ਨੇ ਉਹ ਉਪਦੇਸ਼ ਪ੍ਰਾਪਤ ਕੀਤੇ ਹਨ? ਨਹੀਂ! 37 ਜੇਕਰ ਇੱਕ ਵਿਅਕਤੀ ਆਪਣੇ-ਆਪ ਨੂੰ ਨਬੀ ਸੋਚਦਾ ਹੈ ਜਾਂ ਇਹ ਕਿ ਉਸ ਕੋਲ ਆਤਮਕ ਦਾਤ ਹੈ, ਤਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਮੈਂ ਤੁਹਾਨੂੰ ਲਿਖ ਰਿਹਾ ਹਾਂ ਉਹ ਪ੍ਰਭੂ ਦਾ ਹੁਕਮ ਹੈ। 38 ਜੇ ਵਿਅਕਤੀ ਇਹ ਨਹੀਂ ਜਾਣਦਾ ਤਾਂ ਉਸ ਨੂੰ ਪਰਮੇਸ਼ੁਰ ਵੀ ਨਹੀਂ ਜਾਣਦਾ।

39 ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਅਸਲੀ ਅਗੰਮ ਵਾਕ ਦੀ ਦਾਤ ਦੀ ਇੱਛਾ ਕਰੋ। ਪਰ ਉਨ੍ਹਾਂ ਲੋਕਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਦੀ ਦਾਤ ਦੀ ਵਰਤੋਂ ਕਰਨ ਤੋਂ ਨਾ ਰੋਕੋ। 40 ਸਗੋਂ ਹਰ ਗੱਲ ਉਸੇ ਢੰਗ ਨਾਲ ਹੋਣੀ ਚਾਹੀਦੀ ਹੈ ਜੋ ਸਹੀ ਅਤੇ ਢੁਕਵੀਂ ਹੈ।