A A A A A
Bible Book List

1 ਸਮੂਏਲ 6 Punjabi Bible: Easy-to-Read Version (ERV-PA)

ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵਾਪਸ ਆਪਣੀ ਥਾਵੇਂ ਭੇਜਿਆ ਗਿਆ

ਫ਼ਲਿਸਤੀਆਂ ਨੇ ਸੱਤ ਮਹੀਨੇ ਉਸ ਪਵਿੱਤਰ ਸੰਦੂਕ ਨੂੰ ਆਪਣੀ ਧਰਤੀ ਉੱਤੇ ਰੱਖਿਆ। ਤਾਂ ਉਨ੍ਹਾਂ ਨੇ ਜਾਜਕਾਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਕਿਹਾ, “ਸਾਨੂੰ ਯਹੋਵਾਹ ਦੇ ਸੰਦੂਕ ਦਾ ਕੀ ਕਰਨਾ ਚਾਹੀਦਾ ਹੈ? ਸਾਨੂੰ ਦੱਸੋ ਕਿ ਇਸ ਸੰਦੂਕ ਨੂੰ ਹੁਣ ਵਾਪਸ ਉੱਥੇ ਕਿਵੇਂ ਪਹੁੰਚਾਇਆ ਜਾਵੇ?”

ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਜੇਕਰ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਵਾਪਸ ਉੱਥੇ ਹੀ ਭੇਜਣਾ ਹੈ ਤਾਂ ਇਸ ਨੂੰ ਫ਼ੇਰ ਖਾਲੀ ਨਾ ਭੇਜੋ। ਤੁਸੀਂ ਇਸ ਵਿੱਚ ਕੁਝ ਤੋਹਫ਼ੇ ਅਤੇ ਭੇਟਾਂ ਜ਼ਰੂਰ ਪਾਵੋ ਤਾਂ ਜੋ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਾਪ ਬਖਸ਼ ਦੇਵੇ। ਫ਼ਿਰ ਤੁਸੀਂ ਪਾਕ ਅਤੇ ਪਵਿੱਤਰ ਹੋ ਜਾਵੋਂਗੇ। ਤੁਹਾਨੂੰ ਇੰਝ ਹੀ ਕਰਨਾ ਚਾਹੀਦਾ ਹੈ। ਤਾਂ ਜੋ ਪਰਮੇਸ਼ੁਰ ਤੁਹਾਡੇ ਉੱਤੇ ਰਹਿਮ ਕਰੇ ਅਤੇ ਤੁਹਾਡੇ ਉੱਤੇ ਕਹਿਰ ਬੰਦ ਕਰੇ।”

ਫ਼ਲਿਸਤੀਆਂ ਨੇ ਪੁੱਛਿਆ, “ਅਸੀਂ ਕਿਹੋ ਜਿਹੇ ਤੋਹਫ਼ੇ ਇਸਰਾਏਲ ਦੇ ਪਰਮੇਸ਼ੁਰ ਨੂੰ ਭੇਜੀਏ ਤਾਂ ਜੋ ਉਹ ਸਾਡੇ ਪਾਪ ਬਖਸ਼ ਦੇਵੇ?”

ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ, “ਇੱਥੇ ਪੰਜ ਫ਼ਲਿਸਤੀਆਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਆਗੂ ਇਕੱਠੇ ਹੋਏ ਹਨ, ਅਤੇ ਤੁਹਾਡੇ ਆਗੁਆਂ ਅਤੇ ਤੁਹਾਡੀਆਂ ਸਭਨਾ ਦੀਆਂ ਇੱਕੋ ਜਿਹੀਆਂ ਮੁਸੀਬਤਾਂ ਹਨ। ਸੋ ਤੁਸੀਂ ਫ਼ਲਿਸਤੀ ਸ਼ਾਸਕਾਂ ਦੀ ਗਿਣਤੀ ਅਨੁਸਾਰ ਪੰਜ ਸੁਨਿਹਰੀ ਮਵੇਸ਼ੀਆਂ ਅਤੇ ਪੰਜ ਸੁਨਿਹਰੀ ਚੁਹੀਆਂ ਬਣਵਾਉ ਇਸ ਲਈ ਮਵੇਸ਼ੀਆਂ ਦੇ ਬੁੱਤ ਅਤੇ ਚੂਹੀਆਂ ਦੇ ਬੁੱਤ ਬਣਵਾਉ, ਜਿਨ੍ਹਾਂ ਨੇ ਦੇਸ਼ ਨੂੰ ਨਸ਼ਟ ਕੀਤਾ ਹੈ। ਅਤੇ ਰਕਮ ਵਜੋਂ ਇਹ ਮੂਰਤਾਂ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਨੂੰ ਅਦਾ ਕਰੋ ਤਾਂ ਸ਼ਾਇਦ ਉਹ ਤੁਹਾਨੂੰ ਸਜ਼ਾ ਦੇਣ ਤੋਂ ਹਟ ਜਾਵੇ, ਅਤੇ ਸ਼ਾਇਦ ਉਹ ਤੁਹਾਡੀ ਜ਼ਮੀਨ ਅਤੇ ਦੇਵਤਿਆਂ ਉੱਪਰ ਆਪਣੀ ਕਰੋਪੀ ਤੋਂ ਰੁਕ ਜਾਵੇ। ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।

“ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਉ ਅਤੇ ਦੋ ਲਵੇਰੀਆਂ ਗਊਆਂ ਲਵੋ ਜੋ ਜੂਲੇ ਹੇਠ ਨਾ ਆਈਆਂ ਹੋਣ ਭਾਵ ਜਿਨ੍ਹਾਂ ਨੇ ਅਜੇ ਖੇਤਾਂ ਵਿੱਚ ਕੰਮ ਨਾ ਕੀਤਾ ਹੋਵੇ ਉਨ੍ਹਾਂ ਗਊਆਂ ਨੂੰ ਉਸ ਗੱਡੀ ਨਾਲ ਬੰਨ੍ਹੋ ਤਾਂ ਜੋ ਉਹ ਉਸ ਨੂੰ ਧੱਕ ਸੱਕਣ। ਅਤੇ ਵਛੜਿਆਂ ਨੂੰ ਵਾਪਸ ਲਿਆਕੇ ਉਨ੍ਹਾਂ ਨੂੰ ਉੱਥੇ ਵਾਪਸ ਗਊਸ਼ਾਲਾ ’ਚ ਬੰਨ੍ਹ ਦੇਵੋ। ਉਨ੍ਹਾਂ ਨੂੰ ਗਊਆਂ ਦੇ ਪਿੱਛੇ ਨਾ ਜਾਣ ਦੇਵੋ। [a] ਯਹੋਵਾਹ ਦਾ ਪਵਿੱਤਰ ਸੰਦੂਕ ਇੱਕ ਬੰਦ ਗੱਡੀ ਉੱਤੇ ਰੱਖੋ। ਤੁਹਾਨੂੰ ਸੋਨੇ ਦੇ ਬੁੱਤਾਂ ਨੂੰ ਇੱਕ ਝੋਲੇ ਵਿੱਚ ਪਾਕੇ ਸੰਦੂਕ ਦੇ ਕੋਲ ਰੱਖਣੇ ਚਾਹੀਦੇ ਹਨ। ਇਹ ਬੁੱਤ ਤੁਹਾਡੇ ਪਾਪ ਬਖਸ਼ਣ ਲਈ ਪਰਮੇਸ਼ੁਰ ਨੂੰ ਸੁਗਾਤਾਂ ਹਨ। ਫ਼ੇਰ ਗੱਡੀ ਨੂੰ ਸਿੱਧੀ ਇਸਦੇ ਰਾਹ ਵੱਲ ਭੇਜ ਦਿਉ। ਅਤੇ ਗੱਡੀ ਨੂੰ ਵੇਖੋ ਕਿ ਜੇਕਰ ਇਹ ਸਿੱਧਾ ਇਸਰਾਏਲ ਦੀ ਆਪਣੀ ਧਰਤੀ ਬੈਤਲਹਮ ਵੱਲ ਜਾਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਸਾਰੇ ਦੁੱਖ ਤਕਲੀਫ਼ ਸਾਡੇ ਉੱਪਰ ਯਹੋਵਾਹ ਵੱਲੋਂ ਭੇਜੇ ਗਏ ਹਨ ਪਰ ਜੇਕਰ ਗਊਆਂ ਗੱਡੀ ਨੂੰ ਸਿੱਧਾ ਬੈਤਲਹਮ ਵੱਲ ਨਾ ਲੈ ਜਾਕੇ ਦੂਜੇ ਪਾਸੇ ਨੂੰ ਗਈਆਂ ਤਾਂ ਇਸ ਦਾ ਭਾਵ ਇਹ ਹੋਵੇਗਾ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਹ ਕਰੋਪੀ ਅਤੇ ਦੰਡ ਸਾਨੂੰ ਨਹੀਂ ਦਿੱਤਾ ਸਗੋਂ ਅਸੀਂ ਫ਼ਿਰ ਇਹ ਸਮਝਾਂਗੇ ਕਿ ਇਹ ਦੁੱਖ ਤਕਲੀਫ਼ਾਂ ਵੈਸੇ ਹੀ ਵਾਪਰੀਆਂ ਸਨ।”

10 ਸੋ ਫ਼ਲਿਸਤੀਆਂ ਨੇ ਉਵੇਂ ਹੀ ਕੀਤਾ ਜਿਵੇਂ ਜਾਜਕਾਂ ਅਤੇ ਜਾਦੂਗਰਾਂ ਨੇ ਆਖਿਆ। ਉਨ੍ਹਾਂ ਲੋਕਾਂ ਨੂੰ ਦੋ ਅਜਿਹੀਆਂ ਲਵੇਰੀਆਂ ਗਊਆਂ ਮਿਲ ਗਈਆਂ ਤਾਂ ਉਨ੍ਹਾਂ ਨੇ ਗਊਆਂ ਨੂੰ ਗੱਡੀ ਅੱਗੇ ਬੰਨ੍ਹਿਆ ਅਤੇ ਵਛੜਿਆਂ ਨੂੰ ਵਾਪਸ ਗਊਸ਼ਾਲਾ ਵਿੱਚ ਬੰਨ੍ਹਿਆ। 11 ਤਦ ਫ਼ਲਿਸਤੀਆਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਛਕੜਾ ਗੱਡੀ ਵਿੱਚ ਰੱਖਿਆ ਅਤੇ ਨਾਲ ਹੀ ਉਸ ਨਾਲ ਸੋਨੇ ਦੇ ਬਣੇ ਹੋਏ ਮਵੇਸ਼ੀਆਂ ਅਤੇ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਨੂੰ ਵੀ ਉਸ ਵਿੱਚ ਰੱਖਿਆ। 12 ਗਊਆਂ ਸਿੱਧੀਆਂ ਬੈਤਸ਼ਮਸ਼ ਨੂੰ ਗਈਆਂ। ਉਹ ਸੜਕ ਤੇ ਤੁਰਦੀਆਂ ਜਾਂਦੀਆਂ, ਰਾਹ ’ਚ ਅੜਾਉਂਦੀਆਂ ਗਈਆਂ। ਉਹ ਕਿਤੇ ਵੀ ਖੱਬੇ ਜਾਂ ਸੱਜੇ ਨਾ ਮੁੜੀਆਂ। ਫ਼ਲਿਸਤੀਨੀ ਸ਼ਾਸਕ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤਸ਼ਮਸ਼ ਦੀ ਹੱਦ ਤੱਕ ਗਏ।

13 ਬੈਤਸ਼ਮਸ਼ ਦੇ ਲੋਕ ਉਸ ਵਾਦੀ ਵਿੱਚ ਕਣਕ ਦੀਆਂ ਵਾਢੀਆਂ ਕਰ ਰਹੇ ਸਨ। ਉਨ੍ਹਾਂ ਨੇ ਪਵਿੱਤਰ ਸੰਦੂਕ ਆਉਂਦਾ ਵੇਖਿਆ। ਤਦ ਸੰਦੂਕ ਨੂੰ ਆਪਸ ਆਉਂਦਾ ਵੇਖਕੇ ਉਹ ਬੜੇ ਖੁਸ਼ ਹੋਏ, ਅਤੇ ਉਸ ਨੂੰ ਲੈਣ ਲਈ ਉਸ ਵੱਲ ਦੌੜੇ। 14-15 ਬੈਤਸ਼ਮਸ਼ ਦੇ ਉਸ ਖੇਤ ਵੱਲ ਛਕੜਾ ਗੱਡੀ ਵੱਧੀ ਜੋ ਯਹੋਸ਼ੁਆ ਦਾ ਸੀ।

ਇੱਥੇ ਇੱਕ ਵੱਡੇ ਸਾਰੇ ਪੱਥਰ ਕੋਲ ਆਕੇ ਇਹ ਛਕੜਾ ਗੱਡੀ ਖੜੀ ਹੋ ਗਈ। ਤਾਂ ਉੱਥੋਂ ਦੇ ਲੋਕਾਂ ਨੇ ਗੱਡੀ ਦੀਆਂ ਲੱਕੜਾਂ ਨੂੰ ਚੀਰਿਆ ਅਤੇ ਗਊਆਂ ਨੂੰ ਯਹੋਵਾਹ ਲਈ ਬਲੀ ਕਰਨ ਲਈ ਮਾਰ ਦਿੱਤਾ।

ਤਦ ਲੇਵੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਸੰਦੂਕੜੀ ਸਮੇਤ ਜੋ ਉਸ ਦੇ ਨਾਲ ਸੀ, ਅਤੇ ਜਿਸ ਵਿੱਚ ਸੋਨੇ ਦੀਆਂ ਵਸਤਾਂ ਸਨ ਹੇਠਾਂ ਉਤਾਰੀਆਂ ਅਤੇ ਉਸ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ।

16 ਦੂਰ ਇਹ ਪੰਜ ਫ਼ਲਿਸਤੀਨ ਦੇ ਸ਼ਾਸਕ ਬੈਤਸ਼ਮਸ਼ ਦੇ ਲੋਕਾਂ ਨੂੰ ਇਹ ਸਭ ਕੁਝ ਕਰਦਿਆਂ ਵੇਖਦੇ ਰਹੇ ਅਤੇ ਉਸਤੋਂ ਬਾਦ ਉਸੇ ਦਿਨ ਉਹ ਵਾਪਸ ਅਕਰੋਨ ਨੂੰ ਪਰਤ ਗਏ।

17 ਇਹ ਸੋਨੇ ਦੀਆਂ ਮਵੇਸ਼ੀਆਂ ਜੋ ਫ਼ਲਿਸਤੀਆਂ ਦੇ ਪਾਪ ਦੀ ਭੇਟ ਲਈ ਯਹੋਵਾਹ ਨੂੰ ਚੜ੍ਹਾਈਆਂ ਉਹ ਫ਼ਲਿਸਤੀਆਂ ਦੇ ਪੰਜ ਨਗਰਾਂ ਵੱਲੋਂ ਸਨ। ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਆਜ਼ਾਹ ਦੀ, ਇੱਕ ਅਸ਼ਕਲੋਨ, ਗਥ ਦੀ ਅਤੇ ਅਕਰੋਨ ਦੀ ਸੀ। 18 ਫ਼ਲਿਸਤੀਆਂ ਨੇ ਪੰਜ ਸੋਨੇ ਦੀਆਂ ਚੂਹੀਆਂ ਦੀਆਂ ਮੂਰਤਾਂ ਵੀ ਭੇਜੀਆਂ ਸਨ। ਇਹ ਪੰਜ ਮੂਰਤਾਂ ਵੀ ਫ਼ਲਿਸਤੀਨ ਦੇ ਪੰਜ ਨਗਰਾਂ ਜਿਹੜੇ ਪੰਜਾਂ ਸ਼ਾਸਕਾਂ ਦੇ ਸਨ ਉਨ੍ਹਾਂ ਵੱਲੋਂ ਸੀ। ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਪੱਕੀਆਂ ਦੀਵਾਰਾਂ ਸਨ, ਹਰ ਸ਼ਹਿਰ ਵਿੱਚ ਉਸ ਦੇ ਆਸ-ਪਾਸ ਪਿੰਡ ਸਨ।

ਬੈਤਸ਼ਮਸ਼ ਦੇ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਵੱਡੇ ਪੱਥਰ ਉੱਪਰ ਰੱਖਿਆ। ਉਹ ਪੱਥਰ ਅੱਜ ਤੀਕ ਵੀ ਬੈਤਸ਼ਮਸ਼ ਵਿੱਚ ਯਹੋਸ਼ੂਆ ਦੀ ਪੈਲੀ ਵਿੱਚ ਹੈ। 19 ਪਰ ਬੈਤ-ਸ਼ਮਸ਼ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਝਾਕ ਲਿਆ ਕਿਉਂ ਜੋ ਉੱਥੇ ਜਾਜਕ ਨਹੀਂ ਸਨ। ਇਸ ਲਈ ਪਰਮੇਸ਼ੁਰ ਨੇ ਬੈਤ-ਸ਼ਮਸ਼ ਵਿਖੇ 70 ਆਦਮੀਆਂ [b] ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਵਿੱਚ ਤੱਕਿਆ ਸੀ। ਬੈਤਸ਼ਮਸ਼ ਦੇ ਲੋਕ ਬੜੇ ਰੋਏ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬੜੀ ਸਖ਼ਤ ਸਜ਼ਾ ਦਿੱਤੀ ਸੀ। 20 ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਹਾ, “ਭਲਾ ਕਿਸੇ ਦੀ ਕੀ ਮਜ਼ਾਲ ਹੈ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਅੱਗੇ ਖੜ੍ਹਾ ਹੋ ਸੱਕੇਗਾ, ਕੌਣ ਜਾਜਕ ਹੈ ਜੋ ਇਸ ਪਵਿੱਤਰ ਸੰਦੂਕ ਦੀ ਸੰਭਾਲ ਕਰ ਸੱਕੇ। ਇੱਥੇ ਇਹ ਸੰਦੂਕ ਕਿਸ ਕੋਲ ਜਾਵੇ?”

21 ਕਿਰਯਥ-ਯਾਰੀਮ ਵਿੱਚ ਇੱਕ ਜਾਜਕ ਸੀ, ਤਾਂ ਬੈਤਸ਼ਮਸ਼ ਦੇ ਲੋਕਾਂ ਨੇ ਕਿਰਯਥ-ਯਾਰੀਮ ਵੱਲ ਹਲਕਾਰੇ ਭੇਜੇ ਅਤੇ ਉਨ੍ਹਾਂ ਹਲਕਾਰਿਆਂ ਨੇ ਕਿਹਾ, “ਫ਼ਲਿਸਤੀ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਮੋੜ ਲਿਆਏ ਹਨ, ਸੋ ਤੁਸੀਂ ਆਓ ਅਤੇ ਉਸ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾਵੋ।”

Footnotes:

  1. 1 ਸਮੂਏਲ 6:7 ਉਨ੍ਹਾਂ … ਦੇਵੋ ਫ਼ਲਿਸਤੀਆਂ ਨੇ ਸੋਚਿਆ ਕਿ ਜੇਕਰ ਗਊਆਂ ਨੇ ਆਪਣੇ ਵੱਛੜਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਬਤ ਕਰੇਗਾ ਕਿ ਪਰਮੇਸ਼ੁਰ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਦੀਆਂ ਸੁਗਾਤਾਂ ਕਬੂਲ ਕਰ ਲਈਆਂ ਸਨ।
  2. 1 ਸਮੂਏਲ 6:19 70 ਆਦਮੀਆ ਇਹ ਕੁਝ ਹਿਬਰੂ ਲਿਖਤਾਂ ਦੀ ਪੜ੍ਹਤ ਹੈ। ਬਹੁਤ ਸਾਰੀਆਂ ਹਿਬਰੂ ਲਿਖਤਾਂ ਅਤੇ ਯੂਨਾਨੀ ਅਨੁਵਾਦ “ਸੱਤਰ ਆਦਮੀਆਂ ਨੂੰ 50,000 ਆਦਮੀ” ਪੜ੍ਹਦੇ ਹਨ। ਇਸਦਾ ਅਰਥ ਇੰਝ ਹੋ ਸੱਕਦਾ 50,000 ਆਦਮੀਆਂ ਵਿੱਚੋਂ 70 ਉੱਥੇ ਹਾਜ਼ਰ ਸਨ।
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes