A A A A A
Bible Book List

1 ਰਾਜਿਆਂ 8 Punjabi Bible: Easy-to-Read Version (ERV-PA)

ਮੰਦਰ ਵਿੱਚ ਨੇਮ ਦਾ ਸੰਦੂਕ

ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉੱਥੋਂ ਇੱਥੇ ਲੈ ਆਉਣ। ਤਾਂ ਇਸਰਾਏਲ ਦੇ ਸਾਰੇ ਲੋਕ ਡੇਰਿਆਂ ਦੇ ਪਰਬ ਦੌਰਾਨ ਸੁਲੇਮਾਨ ਪਾਤਸ਼ਾਹ ਦੇ ਕੋਲ ਆਏ ਜਿਹੜਾ ਕਿ ਏਥਾਨੀਮ ਦੇ ਮਹੀਨੇ, (ਸਾਲ ਦੇ ਸੱਤਵੇਂ ਮਹੀਨੇ) ਵਿੱਚ ਸਨ।

ਇਸਰਾਏਲ ਦੇ ਸਾਰੇ ਬਜ਼ੁਰਗ ਆਏ ਤਦ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਚੁੱਕਿਆ। ਉਸ ਪਵਿੱਤਰ ਸੰਦੂਕ ਦੇ ਨਾਲ ਮੰਡਲੀ ਦੇ ਤੰਬੂ ਅਤੇ ਸਾਰੇ ਪਵਿੱਤਰ ਭਾਂਡਿਆਂ ਨੂੰ ਜਿਹੜੇ ਕਿ ਤੰਬੂ ਵਿੱਚ ਸਨ ਉਨ੍ਹਾਂ ਨੂੰ ਵੀ ਚੁੱਕ ਕੇ ਨਾਲ ਲਿਆਏ। ਇਉਂ ਲੇਵੀਆਂ ਨੇ ਇਨ੍ਹਾਂ ਵਸਤਾਂ ਨੂੰ ਚੁਕਾਉਣ ਵਿੱਚ ਜਾਜਕਾਂ ਦੀ ਮਦਦ ਕੀਤੀ। ਸੁਲੇਮਾਨ ਪਾਤਸ਼ਾਹ ਅਤੇ ਇਸਰਾਏਲ ਦੇ ਸਾਰੇ ਲੋਕ, ਜੋ ਉਸ ਦੇ ਨਾਲ ਆਏ ਸਨ, ਪਵਿੱਤਰ ਸੰਦੂਕ ਦੇ ਅੱਗੇ ਖਲੋ ਗਏ। ਉਨ੍ਹਾਂ ਨੇ ਇੰਨੀਆਂ ਭੇਡਾਂ ਤੇ ਪਸ਼ੂ ਬਲੀ ਚੜ੍ਹਾਏ ਕਿ ਉਨ੍ਹਾਂ ਨੂੰ ਗਿਣਨਾ ਸੰਭਵ ਨਹੀਂ ਸੀ। ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇੱਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਥਾਵੇਂ, ਮੰਦਰ ਦੇ ਅੱਤ ਪਵਿੱਤਰ ਸਥਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ। ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢੱਕ ਲੈਣ। ਉਨ੍ਹਾਂ ਨੇ ਚੋਬਾਂ ਨੂੰ ਐਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿੱਚਲੀ ਕੋਠੜੀ ਅੱਗੇ ਪਵਿੱਤਰ ਅਸਥਾਨ ਤੋਂ ਨਜ਼ਰ ਆਉਂਦੇ ਸਨ ਪਰ ਬਾਹਰੋ ਨਹੀਂ ਸਨ ਦਿੱਸਦੇ ਅਤੇ ਉਹ ਅੱਜ ਦਿਨ ਤੀਕ ਉੱਥੇ ਹੀ ਹਨ। ਪਵਿੱਤਰ ਸੰਦੂਕ ਵਿੱਚ ਉਨ੍ਹਾਂ ਦੋਨਾਂ ਪੱਥਰ ਦੀਆਂ ਪੱਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਜਿਹੜੀਆਂ ਮੂਸਾ ਨੇ ਹੋਰੇਬ ਵਿੱਚ ਪਵਿੱਤਰ ਸੰਦੂਕ ਵਿੱਚ ਪਾਈਆਂ ਸਨ। ਹੋਰੇਬ ਉਹੀ ਜਗ੍ਹਾ ਸੀ ਜਿੱਥੇ ਯਹੋਵਾਹ ਨੇ ਇਸਰਾਏਲੀਆਂ ਨਾਲ ਆਪਣਾ ਇਕਰਾਰਨਾਮਾ ਕੀਤਾ ਸੀ ਜਦੋਂ ਉਹ ਮਿਸਰ ਵਿੱਚੋਂ ਨਿਕਲੇ ਸਨ।

10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਥਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ [a] ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ। 11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ। 12 ਤਦ ਸੁਲੇਮਾਨ ਨੇ ਆਖਿਆ:

“ਯਹੋਵਾਹ ਨੇ ਫ਼ੁਰਮਾਇਆ ਸੀ ਕਿ ਉਹ ਘੁੱਪ ਹਨੇਰੇ ਵਿੱਚ ਵੱਸੇਗਾ [b]
    ਅਤੇ ਯਹੋਵਾਹ ਅਸਮਾਨ ਤੇ ਸੂਰਜ ਨੂੰ ਚਮਕਾਵੇਗਾ।
13 ਮੈਂ ਤੇਰੇ ਲਈ ਇੱਕ ਅਦਭੁਤ ਮੰਦਰ ਬਣਾਇਆ,
    ਜਿੱਥੇ ਤੂੰ ਸਦਾ ਲਈ ਰਹਿ ਸੱਕੇ।”

14 ਇਸਰਾਏਲ ਦੇ ਸਾਰੇ ਲੋਕ ਉੱਥੇ ਖੜ੍ਹੇ ਸਨ, ਤਾਂ ਸੁਲੇਮਾਨ ਪਾਤਸ਼ਾਹ ਉਨ੍ਹਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। 15 ਫ਼ਿਰ ਸੁਲੇਮਾਨ ਪਾਤਸ਼ਾਹ ਨੇ ਇਹ ਲੰਬੀ ਪ੍ਰਾਰਥਨਾ ਕੀਤੀ:

“ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਉਸਤਤ। ਜੋ ਵੀ ਇਕਰਾਰ ਉਸ ਨੇ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ, ਉਸ ਨੇ ਪੂਰਾ ਕੀਤਾ। ਯਹੋਵਾਹ ਨੇ ਮੇਰੇ ਪਿਤਾ ਨੂੰ ਕਿਹਾ, 16 ‘ਮੈਂ ਆਪਣੇ ਲੋਕਾਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਹੁਣ ਤੀਕ ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਵਿੱਚੋਂ ਕੋਈ ਸ਼ਹਿਰ ਨਹੀਂ ਚੁਣਿਆ ਸੀ ਕਿ ਕੌਣ ਮੇਰੇ ਨਾਮ ਲਈ ਮੰਦਰ ਉਸਾਰੇਗਾ। ਪਰ ਹੁਣ ਮੈਂ ਯਰੂਸ਼ਲਮ ਨੂੰ ਚੁਣਿਆ ਹੈ ਜਿੱਥੇ ਹਮੇਸ਼ਾ ਮੇਰਾ ਆਦਰ ਹੋਵੇਗਾ। ਅਤੇ ਮੈਂ ਦਾਊਦ ਨੂੰ ਮੇਰੇ ਲੋਕਾਂ, ਇਸਰਾਏਲ ਤੇ ਸ਼ਾਸਨ ਕਰਨ ਲਈ ਚੁਣਿਆ ਹੈ।’

17 “ਮੇਰੇ ਪਿਤਾ ਦਾਊਦ ਦੀ ਇੱਛਾ ਸੀ ਕਿ ਮੈਂ ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਮੰਦਰ ਬਣਾਵਾਂ। 18 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਮੇਰੇ ਸੰਮਾਨ ਵਿੱਚ ਇੱਕ ਮੰਦਰ ਬਣਾਉਣਾ ਚਾਹੁੰਦਾ ਹੈਂ ਅਤੇ ਇਹੀ ਚੰਗੀ ਗੱਲ ਵੀ ਹੈ ਕਿ ਤੂੰ ਅਜਿਹੀ ਭਾਵਨਾ ਰੱਖਦਾ ਹੈਂ। 19 ਪਰ ਜਿਸ ਨੂੰ ਮੈਂ ਮੰਦਰ ਬਨਾਉਣ ਲਈ ਚੁਣਿਆ ਹੋਇਆ ਹੈ ਉਹ ਤੂੰ ਨਹੀਂ ਹੈਂ ਸਗੋਂ ਉਹ ਤੇਰਾ ਪੁੱਤਰ ਹੋਵੇਗਾ ਜੋ ਕਿ ਮੇਰੇ ਲਈ ਮੰਦਰ ਬਣਾਵੇਗਾ।’

20 “ਸੋ ਯਹੋਵਾਹ ਨੇ ਕੀਤੇ ਹੋਏ ਇਕਰਾਰ ਨੂੰ ਨਿਭਾਇਆ। ਹੁਣ ਮੈਂ ਆਪਣੇ ਪਿਤਾ ਦਾਊਦ ਦੀ ਥਾਵੇਂ ਪਾਤਸ਼ਾਹ ਬਣਿਆ ਹਾਂ। ਹੁਣ ਮੈਂ ਯਹੋਵਾਹ ਦੇ ਇਕਰਾਰ ਮੁਤਾਬਿਕ ਇਸਰਾਏਲ ਉੱਪਰ ਹਕੂਮਤ ਕਰ ਰਿਹਾ ਹਾਂ ਅਤੇ ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਮੰਦਰ ਉਸਾਰਿਆ ਹੈ। 21 ਮੈਂ ਮੰਦਰ ਦੇ ਅੰਦਰ, ਪਵਿੱਤਰ ਸੰਦੂਕ ਵਾਸਤੇ, ਇੱਕ ਖਾਸ ਥਾਂ ਬਣਾਇਆ ਹੈ ਅਤੇ ਉਸ ਪਵਿੱਤਰ ਸੰਦੂਕ ਦੇ ਅੰਦਰ ਉਹ ਨੇਮ ਪਿਆ ਹੈ ਜੋ ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ। ਇਹ ਨੇਮ ਯਹੋਵਾਹ ਨੇ ਉਸ ਵਕਤ ਕੀਤਾ ਸੀ ਜਦੋਂ ਉਸ ਮਿਸਰ ਵਿੱਚੋਂ ਸਾਡੇ ਪੁਰਖਿਆਂ ਨੂੰ ਕੱਢ ਕੇ ਲਿਆਂਦਾ ਸੀ।”

22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜ੍ਹਾ ਹੋ ਗਿਆ, ਅਤੇ ਸਾਰੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋ ਗਏ। ਉਸ ਨੇ ਆਪਣੇ ਹੱਥ ਅਕਾਸ਼ ਵੱਲ 23 ਫ਼ੈਲਾਕੇ ਆਖਿਆ,

“ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹਿ ਦਿਲੋਂ ਤੇਰਾ ਅਨੁਸਰਣ ਕਰਦੇ ਹਨ। 24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਂ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ। 25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।’ 26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਂ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।

27 “ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ। 28 ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ। 29 ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ। 30 ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।

31 “ਜੇਕਰ ਕੋਈ ਮਨੁੱਖ ਕਿਸੇ ਦੂਜੇ ਮਨੁੱਖ ਨਾਲ ਗ਼ਲਤ ਕੰਮ ਕਰੇ ਤਾਂ ਉਸ ਨੂੰ ਇਸ ਜਗਵੇਦੀ ਉੱਪਰ ਲਿਆਇਆ ਜਾਵੇ। ਜੇਕਰ ਉਹ ਮਨੁੱਖ ਬੇਕਸੂਰ ਹੋਵੇ ਤਾਂ ਉਹ ਇੱਥੇ ਇਕਰਾਰ ਕਰੇ ਕਿ ਉਹ ਬੇਕਸੂਰ ਹੈ। 32 ਉਸ ਵਕਤ, ਤੈਨੂੰ ਉਸ ਨੂੰ ਅਕਾਸ਼ਾਂ ਵਿੱਚ ਸੁਣਨਾ ਚਾਹੀਦਾ ਅਤੇ ਆਪਣਾ ਨਿਆਂ ਦੇਣਾ ਚਾਹੀਦਾ। ਜੇਕਰ ਆਦਮੀ ਨੇ ਕੁਝ ਗ਼ਲਤ ਕੀਤਾ ਹੋਵੇ, ਉਸ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਸਜ਼ਾ ਦੇਵੀਂ ਅਤੇ ਜੇਕਰ ਉਹ ਬੇਕਸੂਰ ਹੈ, ਤਾਂ ਉਸ ਨੂੰ ਉਸ ਦੀਆਂ ਚੰਗੀਆਂ ਕਰਨੀਆਂ ਅਨੁਸਾਰ ਇਨਾਮ ਦੇਵੀਂ।

33 “ਕਈ ਵਾਰੀ ਤੇਰੇ ਲੋਕ, ਇਸਰਾਏਲ, ਤੇਰੇ ਵਿਰੁੱਧ ਪਾਪ ਕਰ ਸੱਕਦੇ ਹਨ ਅਤੇ ਹੋ ਸੱਕਦਾ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣ। ਫ਼ੇਰ ਲੋਕ ਤੇਰੇ ਕੋਲ ਵਾਪਸ ਆ ਕੇ ਅਤੇ ਤੇਰੀ ਉਸਤਤ ਕਰਨ। ਉਹ ਇਸ ਮੰਦਰ ਵਿੱਚ ਆਉਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ। 34 ਤੂੰ ਅਕਾਸ਼ ਵਿੱਚ ਸੁਣਕੇ ਆਪਣੇ ਲੋਕਾਂ, ਇਸਰਾਏਲ ਦੇ ਪਾਪਾਂ ਨੂੰ ਬਖਸ਼ ਦੇਵੀਂ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਸੀ ਮੋੜ ਲਿਆਵੀਁ।

35 “ਕਈ ਵਾਰੀ ਹੋ ਸੱਕਦਾ ਉਹ ਤੇਰੇ ਵਿਰੁੱਧ ਪਾਪ ਕਰਨ ਅਤੇ ਤੂੰ ਉਨ੍ਹਾਂ ਦੀ ਧਰਤੀ ਤੇ ਮੀਂਹ ਨਾ ਪੈਣ ਦੇਵੇਂ। ਫ਼ੇਰ ਉਹ ਇਸ ਜਗ੍ਹਾ ਵੱਲ ਪਰਤਨ ਅਤੇ ਤੇਰੇ ਨਾਮ ਦੀ ਉਸਤਤ ਕਰਨ। ਉਹ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨਗੇ ਕਿਉਂ ਕਿ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਤਸੀਹੇ ਦਿੱਤੇ। 36 ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿੱਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ।

37 “ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁੰਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ। 38 ਤਾਂ ਜੋ ਬੇਨਤੀ, ਪ੍ਰਾਰਥਨਾ ਤੇਰੀ ਸਾਰੀ ਪਰਜਾ, ਇਸਰਾਏਲ ਦੇ ਕਿਸੇ ਮਨੁੱਖ ਤੋਂ ਵੀ ਕੀਤੀ ਜਾਵੇ ਜੋ ਆਪਣੇ ਹੀ ਮਨ ਦੀ ਵਿਥਿਆ ਜਾਣੇ ਅਤੇ ਆਪਣੇ ਹੱਥ ਇਸ ਮੰਦਰ ਵੱਲ ਫ਼ੈਲਾਵੇ 39 ਤਾਂ ਕਿਰਪਾ ਕਰਕੇ ਅਕਾਸ਼ ’ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦਾ ਹੈਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ। 40 ਏਹ ਕਰੀਂ ਤਾਂ ਜੋ ਉਹ ਜਿੰਨੇ ਦਿਨ ਉਸ ਧਰਤੀ ਤੇ ਰਹਿਣ ਜੋ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਸੀ, ਤੈਥੋਂ ਡਰਨ।

41-42 “ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜੱਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜੱਸ ਗਾਣ। 43 ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ।

44 “ਕਿਸੇ ਵਕਤ ਤੂੰ ਆਪਣੇ ਲੋਕਾਂ ਨੂੰ ਇਹ ਹੁਕਮ ਦੇਵੀਂ ਕਿ ਉਹ ਆਪਣੇ ਵੈਰੀਆਂ ਵਿਰੁੱਧ ਲੜਨ ਤਦ ਤੇਰੇ ਲੋਕ ਇਸ ਸ਼ਹਿਰ ਵੱਲ ਮੁੜਨ ਜਿਹੜਾ ਕਿ ਤੂੰ ਚੁਣਿਆ ਅਤੇ ਜਿੱਥੇ ਮੈਂ ਤੇਰੀ ਉਸਤਤ ਵਿੱਚ ਇਹ ਮੰਦਰ ਬਣਵਾਇਆ। ਅਤੇ ਜਦ ਉਹ ਤੇਰੇ ਅੱਗੇ ਪ੍ਰਾਰਥਨਾ ਕਰਨ। 45 ਫ਼ੇਰ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦਾ ਨਿਆਂ ਕਰੀਂ।

46 “ਜੇਕਰ ਉਹ ਪਾਪ ਕਰਨ ਕਿਉਂ ਕਿ ਕੋਈ ਅਜਿਹਾ ਮਨੁੱਖ ਨਹੀਂ ਜੋ ਪਾਪ ਨਾ ਕਰੇ, ਤਾਂ ਤੂੰ ਆਪਣੇ ਲੋਕਾਂ ਨਾਲ ਕਰੋਧ ਕਰੇਂ ਤਾਂ ਉਹ ਆਪਣੇ ਦੁਸ਼ਮਣ ਹੱਥੋਂ ਹਾਰਨ, ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਬੰਦੀ ਬਣਾਕੇ ਕਿਸੀ ਦੂਰ-ਦੁਰਾਡੇ ਉਜਾੜ ’ਚ ਲੈ ਜਾਣ। 47 ਉਸ ਦੂਰ-ਦੁਰਾਡੀ ਥਾਵੇਂ ਜਾਕੇ ਤੇਰੇ ਲੋਕ ਹੋਸ਼ ਵਿੱਚ ਆਉਣ ਕਿ ਉਨ੍ਹਾਂ ਕੀ ਪਾਪ ਕੀਤਾ ਤੇ ਆਪਣੇ ਕੀਤੇ ਤੇ ਪਛਤਾਉਣ ਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਖਣ, ‘ਅਸੀਂ ਪਾਪ ਕੀਤਾ ਅਤੇ ਬਹੁਤ ਗ਼ਲਤ ਕੰਮ ਕੀਤਾ ਹੈ’, 48 ਇਉਂ ਆਪਣੇ ਵੈਰੀਆਂ ਦੇ ਦੇਸ਼ ਜਿਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾਇਆ ਉਹ ਤੇਰੇ ਵੱਲ ਆਪਣੇ ਸਾਰੇ ਮਨ ਤੇ ਜਾਨ ਨਾਲ ਮੁੜਨ ਅਤੇ ਅੱਗੋਂ ਆਪਣੇ ਦੇਸ਼ ਮੁੜਨ ਲਈ ਅਰਜੋਈ ਕਰਨ ਜਿਹੜਾ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ, ਅਤੇ ਇਸ ਸ਼ਹਿਰ ਵੱਲ ਜਿਸ ਨੂੰ ਕਿ ਤੂੰ ਆਪ ਚੁਣਿਆ ਅਤੇ ਇਸ ਮੰਦਰ ਨੂੰ ਜਿਸ ਨੂੰ ਮੈਂ ਤੇਰੇ ਨਾਉਂ ਲਈ ਬਣਾਇਆ, 49 ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਉਨ੍ਹਾਂ ਦੀ ਅਰਜੋਈ ਸੁਣ ਲਈਁ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ। 50 ਅਤੇ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਤੇਰੇ ਨਾਲ ਪਾਪ ਕੀਤਾ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਜਿਨ੍ਹਾਂ ਨਾਲ ਉਨ੍ਹਾਂ ਤੇਰੀ ਉਲੰਘਣਾ ਕੀਤੀ ਮਾਫ਼ ਕਰ ਦੇਵੀਂ ਅਤੇ ਜਿਨ੍ਹਾਂ ਉਨ੍ਹਾਂ ਨੂੰ ਬੰਦੀ ਬਣਾਇਆ, ਉਨ੍ਹਾਂ ਤੋਂ ਉਹ ਦਯਾ ਪ੍ਰਾਪਤ ਕਰਨ ਤਾਂ ਜੋ ਉਹ ਉਨ੍ਹਾਂ ਤੇ ਰਹਿਮ ਕਰਨ। 51 ਕਿਉਂ ਕਿ ਉਹ ਤੇਰੇ ਆਪਣੇ ਹੀ ਲੋਕ ਹਨ, ਅਤੇ ਤੇਰਾ ਵਿਰਸਾ ਹੀ ਹਨ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ, ਲੋਹੇ ਦੀ ਭਠ੍ਠੀ ਵਿੱਚਕਾਰੋ ਬਾਹਰ ਕੱਢ ਲਿਆਇਆ ਸੀ।

52 “ਹੇ ਯਹੋਵਾਹ ਪਰਮੇਸ਼ੁਰ, ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾਵਾਂ ਅਤੇ ਆਪਣੇ ਲੋਕਾਂ, ਇਸਰਾਏਲੀਆਂ ਦੀਆਂ ਪ੍ਰਾਰਥਨਾਵਾਂ ਸੁਣ। ਜਦੋਂ ਵੀ ਉਹ ਤੈਨੂੰ ਬੁਲਾਉਣ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੀਁ। 53 ਤੂੰ ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੇ ਖਾਸ ਲੋਕਾਂ ਵਜੋਂ ਵੱਖ ਕਰ ਦਿੱਤਾ ਹੈ। ਹੇ ਯਹੋਵਾਹ, ਤੂੰ ਇਹ ਆਪਣੇ ਸੇਵਕ ਮੂਸਾ ਦੇ ਰਾਹੀਂ ਸਾਡੇ ਲਈ ਇਹ ਸਭ ਕਰਨ ਦਾ ਇਕਰਾਰ ਕੀਤਾ ਸੀ ਜਦੋਂ ਤੂੰ ਸਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢਿਆ ਸੀ।”

54 ਸੁਲੇਮਾਨ ਨੇ ਇਹ ਪ੍ਰਾਰਥਨਾ ਪਰਮੇਸ਼ੁਰ ਦੇ ਅੱਗੇ ਕੀਤੀ ਤਾਂ ਉਹ ਜਗਵੇਦੀ ਦੇ ਅੱਗੇ ਗੋਡਿਆਂ ਭਰਨੇ ਸੀ ਅਤੇ ਆਪਣੇ ਹੱਥ ਆਕਾਸ਼ ਵੱਲ ਉਤਾਂਹ ਫ਼ੈਲਾਅ ਕੇ ਪ੍ਰਾਰਥਨਾ ਕਰ ਰਿਹਾ ਸੀ। ਜਦ ਉਸ ਨੇ ਆਪਣੀ ਪ੍ਰਾਰਥਨਾ ਪੂਰੀ ਕੀਤੀ ਤਾਂ ਉਹ ਖੜੋ ਗਿਆ। 55 ਫ਼ੇਰ, ਉਹ ਖੜ੍ਹਾ ਹੋਇਆ ਅਤੇ ਉੱਚੀ ਆਵਾਜ਼ ਵਿੱਚ ਇਸਰਾਏਲੀਆਂ ਦੇ ਸਾਰੇ ਇਕੱਠ ਨੂੰ ਅਸੀਸ ਦਿੱਤੀ।

56 “ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ। ਉਸ ਸਾਰੇ ਚੰਗੇ ਵਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੂਸਾ ਦੇ ਰਾਹੀਂ ਕੀਤਾ, ਉਸਦੀ ਇੱਕ ਵੀ ਗੱਲ ਖਾਲੀ ਨਾ ਗਈ। 57 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਅੰਗ ਸੰਗ ਹੋਵੇ ਜਿਵੇਂ ਉਹ ਸਾਡੇ ਪੁਰਖਿਆਂ ਦੇ ਨਾਲ ਸੀ, ਤੇ ਨਾ ਹੀ ਉਹ ਸਾਨੂੰ ਛੱਡੇ। 58 ਉਹ ਸਾਡੇ ਮਨਾਂ ਨੂੰ ਆਪਣੇ ਵੱਲ ਮੋੜੇ ਤਾਂ ਜੋ ਅਸੀਂ ਸਾਰੇ ਉਸ ਦੇ ਦੱਸੇ ਮਾਰਗ ਤੇ ਚੱਲੀਏ ਅਤੇ ਉਸ ਦੇ ਹੁਕਮ, ਵਿਧੀਆਂ ਅਤੇ ਨਿਆਵਾਂ ਨੂੰ ਮੰਨੀਏ, ਜਿਨ੍ਹਾਂ ਦਾ ਉਸ ਨੇ ਸਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ। 59 ਯਹੋਵਾਹ ਸਾਡਾ ਪਰਮੇਸੁਰ ਮੇਰੀ ਇਹ ਪ੍ਰਾਰਥਨਾ ਹਮੇਸ਼ਾ ਯਾਦ ਰੱਖੇ ਅਤੇ ਉਹ ਮੇਰੀਆਂ ਮੰਗੀਆਂ ਗੱਲਾਂ ਪੂਰੀਆਂ ਕਰੇ। ਪ੍ਰਾਰਥਨਾ ਦੇ ਇਹ ਸ਼ਬਦ ਯਹੋਵਾਹ ਸਾਡੇ ਪਰਮੇਸ਼ੁਰ ਦੇ ਨੇੜੇ ਦਿਨ ਅਤੇ ਰਾਤ ਰਹਿਣ, ਤਾਂ ਜੋ ਉਹ ਹਰ ਰੋਜ਼ ਆਪਣਾ ਨਿਆਂ ਆਪਣੇ ਸੇਵਕ, ਪਾਤਸ਼ਾਹ ਦੇ ਪੱਖ ਵਿੱਚ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੇ ਪੱਖ ਵਿੱਚ ਦੇ ਸੱਕੇ। 60 ਜੇਕਰ ਯਹੋਵਾਹ ਅਜਿਹਾ ਕਰੇ, ਤਾਂ ਦੁਨੀਆਂ ਦੀਆਂ ਸਾਰੀਆਂ ਕੌਮਾਂ ਜਾਣ ਲੈਣਗੀਆਂ ਕਿ ਯਹੋਵਾਹ ਹੀ ਇੱਕੋ ਸੱਚਾ ਪਰਮੇਸ਼ੁਰ ਹੈ। 61 ਤੁਹਾਡਾ ਮਨ ਯਹੋਵਾਹ ਸਾਡੇ ਪਰਮੇਸ਼ੁਰ ਲਈ ਸੰਪੂਰਨ ਹੋਵੇ ਕਿ ਤੁਸੀਂ ਉਸ ਦੀਆਂ ਵਿਧੀਆਂ ਉੱਪਰ ਚੱਲੋਂ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਜਿਵੇਂ ਅੱਜ ਦੇ ਦਿਨ ਹੁੰਦਾ ਹੈ ਇੰਝ ਹੀ ਭਵਿੱਖ ਵਿੱਚ ਵੀ ਕਰੋ।”

62 ਤਾਂ ਪਾਤਸ਼ਾਹ ਨੇ ਸਾਰੇ ਇਸਰਾਏਲ ਦੇ ਨਾਲ ਯਹੋਵਾਹ ਦੇ ਅੱਗੇ ਬਲੀਆਂ ਚੜ੍ਹਾਈਆਂ। 63 ਸੁਲੇਮਾਨ ਨੇ 22,000 ਹਜ਼ਾਰ ਪਸੂ ਅਤੇ 1,20,000 ਭੇਡਾਂ ਨੂੰ ਜਿਬਾਹ ਕੀਤਾ ਅਤੇ ਉਨ੍ਹਾਂ ਯਹੋਵਾਹ ਨੂੰ ਸੁੱਖ-ਸਾਂਦ ਦੀਆਂ ਭੇਟ ਵਜੋਂ ਚੜ੍ਹਾ ਦਿੱਤਾ। ਇਉਂ, ਸੁਲੇਮਾਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਨੂੰ ਸਮਰਪਿਤ ਕਰ ਦਿੱਤਾ।

64 ਉਸ ਦਿਨ, ਸੁਲੇਮਾਨ ਨੇ ਵਿਹੜੇ ਦੇ ਮੱਧ ਨੂੰ ਸਮਰਪਿਤ ਕੀਤਾ ਜਿਹੜਾ ਕਿ ਯਹੋਵਾਹ ਦੇ ਮੰਦਰ ਦੇ ਸਾਹਮਣੇ ਸੀ। ਉਸ ਨੇ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਕਿਉਂ ਕਿ ਕਾਂਸੀ ਦੀ ਜਗਵੇਦੀ ਜਿਹੜੀ ਕਿ ਯਹੋਵਾਹ ਦੇ ਸਾਹਮਣੇ ਸੀ ਉਨ੍ਹਾਂ ਸਾਰਿਆਂ ਨੂੰ ਸਮਾ ਸੱਕਣ ਲਈ ਕਾਫ਼ੀ ਨਹੀਂ ਸੀ।

65 ਇਉਂ ਸੁਲੇਮਾਨ ਨੇ ਉਸ ਵਕਤ ਸਾਰੇ ਇਸਰਾਏਲ ਸਮੇਤ ਜੋ ਕਿ ਇੱਕ ਬਹੁਤ ਵੱਡੀ ਸਭਾ ਸੀ ਉੱਤਰ ਵਿੱਚ ਹਮਾਥ ਦੇ ਰਸਤੇ ਤੋਂ ਦੱਖਣ ਵਿੱਚ ਮਿਸਰ ਦੀ ਨਦੀ ਤੀਕ ਯਹੋਵਾਹ ਪਰਮੇਸ਼ੁਰ ਦੇ ਅੱਗੇ ਉਸ ਪੁਰਬ [c] ਨੂੰ ਮਨਾਇਆ। ਉੱਥੇ ਬਹੁਤ ਵੱਡੀ ਭੀੜ ਇੱਕਤਰ ਹੋਈ ਅਤੇ ਉਨ੍ਹਾਂ ਸੱਤ ਦਿਨ ਯਹੋਵਾਹ ਦੇ ਨਾਲ ਇਕੱਠਿਆਂ ਖੂਬ ਖਾਧਾ, ਪੀਤਾ ਤੇ ਰੱਜ ਕੇ ਮੌਜ ਮਨਾਈ। ਫ਼ਿਰ ਉਹ ਸੱਤਾਂ ਦਿਨਾਂ ਲਈ ਉੱਥੇ ਹੋਰ ਠਹਿਰੇ। ਇਉਂ ਕੁਲ ਮਿਲਾ ਕੇ ਉਨ੍ਹਾਂ ਨੇ 14 ਦਿਨ ਉਤਸਵ ਮਨਾਇਆ। 66 ਅਗਲੇ ਦਿਨ ਸੁਲੇਮਾਨ ਨੇ ਸਭ ਨੂੰ ਘਰੀਂ ਪਰਤਨ ਲਈ ਆਖਿਆ ਤਾਂ ਸਾਰੇ ਲੋਕਾਂ ਨੇ ਪਾਤਸ਼ਾਹ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਆਖਕੇ ਆਪਣੇ ਘਰਾਂ ਨੂੰ ਪਰਤ ਗਏ। ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਾਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਉਹ ਖੁਸ਼ੀ ਤੇ ਮਨ ਦੀ ਅਨੰਦਤਾ ਨਾਲ ਚੱਲੇ ਗਏ।

Footnotes:

  1. 1 ਰਾਜਿਆਂ 8:10 ਬੱਦਲ ਇੱਕ ਖਾਸ ਚਿੰਨ੍ਹ ਜਿਹਦਾ ਇਹ ਸੰਕੇਤ ਸੀ ਕਿ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨਾਲ ਹੈ।
  2. 1 ਰਾਜਿਆਂ 8:12 ਯਹੋਵਾਹ … ਵਿੱਚ ਵੱਸੇਗਾ ਇਹ ਕਿਸੇ ਪ੍ਰਾਚੀਨ ਅਨੁਵਾਦ ਵਿੱਚੋਂ ਹੈ। ਹਿਬਰੂ ਵਿੱਚ ਸਿਰਫ਼ ਇਹੀ ਹੈ, “ਯਹੋਵਾਹ ਨੇ ਹਨੇਰੇ ਵਿੱਚ ਨਿਵਾਸ ਕਰਨ ਲਈ ਆਖਿਆ।”
  3. 1 ਰਾਜਿਆਂ 8:65 ਪੁਰਬ ਸੰਭਵਤਾ ਇਹ ਪਸਹ ਸੀ।
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes