A A A A A
Bible Book List

ਲੂਕਾ 15Punjabi Bible: Easy-to-Read Version (ERV-PA)

ਸੁਰਗ ਵਿੱਚ ਮੌਜ

15 ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਯਿਸੂ ਕੋਲ ਉਸ ਨੂੰ ਸੁਨਣ ਲਈ ਆਏ। ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਪਾਪੀ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।”

ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ। ਤਾਂ ਕੀ ਉਹ ਬਾਕੀ ਦੀਆਂ ਨੜਿੰਨਵੇ ਭੇਡਾਂ ਨੂੰ ਇੱਕਲੀਆਂ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲੱਭ ਨਾ ਲਵੇ। ਤੇ ਜਦੋਂ ਉਸ ਨੂੰ ਉਹ ਗੁਆਚੀ ਹੋਈ ਭੇਡ ਲੱਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ। ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’ ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨੜਿੰਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵੱਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ।

“ਫ਼ਰਜ ਕਰੋ ਇੱਕ ਔਰਤ ਕੋਲ ਦਸ ਚਾਂਦੀ ਦੇ ਸਿੱਕੇ ਹਨ। ਉਨ੍ਹਾਂ ਵਿੱਚੋਂ ਇੱਕ ਗੁਆਚ ਜਾਂਦਾ ਹੈ, ਉਹ ਦੀਵਾ ਜਗਾਉਂਦੀ ਹੈ ਅਤੇ ਧਿਆਨ ਨਾਲ ਉਸ ਗੁਆਚੇ ਹੋਏ ਸਿੱਕੇ ਨੂੰ ਲੱਭਦੀ ਹੋਈ ਸੰਭਰਦੀ ਹੈ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਲੈਂਦੀ। ਜਦੋਂ ਉਹ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲੈਂਦੀ ਹੈ ਤਾਂ ਉਹ ਆਪਣੇ ਮਿੱਤਰਾਂ ਤੇ ਗਆਂਢੀਆਂ ਨੂੰ ਇਕੱਠਿਆ ਕਰਦੀ ਹੈ ਤੇ ਆਖਦੀ ਹੈ, ‘ਮੇਰੇ ਨਾਲ ਰਲ ਕੇ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਾ ਹੋਇਆ ਸਿੱਕਾ ਲੱਭ ਪਿਆ ਹੈ।’ 10 ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਦੋਂ ਪ੍ਰਸੰਨਤਾ ਹੁੰਦੀ ਹੈ ਜਦੋਂ ਇੱਕ ਪਾਪੀ ਆਪਣਾ ਦਿਲ ਬਦਲਦਾ ਹੈ।”

ਜਿਹੜਾ ਪੁੱਤਰ ਘਰ ਛੱਡ ਕੇ ਗਿਆ ਸੀ

11 ਤਾਂ ਯਿਸੂ ਨੇ ਕਿਹਾ, “ਇੱਕ ਮਨੁੱਖ ਦੇ ਦੋ ਪੁੱਤਰ ਸਨ। 12 ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ।

13 “ਥੋੜੇ ਹੀ ਸਮੇਂ ਬਾਅਦ ਛੋਟੇ ਪੁੱਤਰ ਨੇ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਇਕੱਠਾ ਕੀਤਾ ਅਤੇ ਇੱਕ ਦੂਸਰੇ ਦੇਸ਼ ਦੀ ਯਾਤਰਾ ਨੂੰ ਚੱਲਿਆ ਗਿਆ। ਉਸ ਨੇ ਉੱਥੇ ਜਾਕੇ ਮੂਰੱਖਾਂ ਵਾਂਗ ਆਪਣਾ ਧਨ ਉਡਾ ਦਿੱਤਾ। 14 ਉਸ ਕੋਲ ਜਿੰਨੀ ਵੀ ਪੂੰਜੀ ਸੀ ਉਸ ਨੇ ਸਭ ਖਰਚ ਦਿੱਤੀ। ਉਸਤੋਂ ਬਾਅਦ, ਉਸ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਛੋਟਾ ਪੁੱਤਰ ਔਖੀ ਹਾਲਤ ਵਿੱਚ ਸੀ ਕਿਉਂਕਿ ਉਸ ਕੋਲ ਨਾ ਤਾਂ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਲਈ ਭੋਜਨ। 15 ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਮੁੰਡਾ ਇੰਨਾ ਭੁੱਖਾ ਸੀ ਕਿ ਜਿਹੜੀਆਂ ਛਿਲਕਾਂ ਸੂਰ ਖਾਂਦੇ ਸਨ ਉਹ ਖਾਣੀਆਂ ਚਾਹੁੰਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਾ ਦਿੱਤਾ।

17 “ਤਾਂ ਉਸ ਲੜਕੇ ਨੂੰ ਮਹਿਸੂਸ ਹੋਇਆ ਕਿ ਉਹ ਕਿੰਨਾ ਮੂਰਖ ਸੀ। ਉਸ ਨੇ ਸੋਚਿਆ, ‘ਮੇਰੇ ਪਿਤਾ ਦੇ ਨੋਕਰਾਂ ਕੋਲ ਵੀ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। 18 ਮੈਂ ਇੱਥੋਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਜਾਕੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਪਰਮੇਸ਼ੁਰ ਅਤੇ ਤੁਹਾਡੇ ਵਿਰੁੱਧ ਅੱਗੇ ਪਾਪ ਕੀਤਾ ਹੈ। 19 ਮੈਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਨਹੀਂ ਹਾਂ ਇਸ ਲਈ ਤੁਸੀਂ ਮੈਨੂੰ ਆਪਣੇ ਇੱਕ ਨੋਕਰ ਦੀ ਤਰ੍ਹਾਂ ਹੀ ਰੱਖ ਲਵੋ।’ 20 ਸੋ ਪੁੱਤਰ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।

ਪੁੱਤਰ ਦੀ ਵਾਪਸੀ

“ਜਦੋਂ ਪੁੱਤਰ ਹਾਲੇ ਦੂਰ ਹੀ ਸੀ, ਉਸ ਦੇ ਪਿਤਾ ਨੇ ਉਸ ਨੂੰ ਆਉਂਦਿਆਂ ਵੇਖਿਆ ਅਤੇ ਉਸ ਉਪਰ ਤਰਸ ਆਇਆ ਅਤੇ ਉਹ ਉਸ ਵੱਲ ਭੱਜਿਆ ਅਤੇ ਉਸ ਨੂੰ ਗਲ ਨਾਲ ਲਾਇਆ ਅਤੇ ਉਸ ਨੂੰ ਚੁੰਮਿਆ। 21 ਪੁੱਤਰ ਨੇ ਉਸ ਨੂੰ ਆਖਿਆ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਸਦਾਵਾਂ।’

22 “ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵੱਧੀਆ ਕੱਪੜੇ ਲਿਆਓ ਅਤੇ ਉਸ ਨੂੰ ਪੁਆਓ। ਉਸਦੀ ਉਂਗਲ ਚ ਛਾਪ ਪਾਓ ਅਤੇ ਉਸ ਦੇ ਪੈਰਾਂ ਵਿੱਚ ਜੁੱਤੀ ਪੁਆਵੋ। 23 ਇੱਕ ਮੋਟਾ ਵਛਾ ਲਿਆਓ ਅਤੇ ਉਸ ਨੂੰ ਕੱਟੋ। ਅਸੀਂ ਦਾਵਤ ਕਰੀਏ ਅਤੇ ਅਨੰਦ ਕਰੀਏ। 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਹੁਣ ਇਹ ਜਿਉਂਦਾ ਹੈ। ਉਹ ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ।’ ਤਾਂ ਸਾਰੇ ਜਸ਼ਨ ਮਨਾਉਣ ਲੱਗੇ।

ਵੱਡੇ ਪੁੱਤਰ ਦਾ ਪਰਤਨਾ

25 “ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁੜ ਰਿਹਾ ਸੀ, ਅਤੇ ਘਰ ਦੇ ਨਜ਼ਦੀਕ ਆਇਆ ਤਾਂ ਉਸ ਨੇ ਨੱਚਣ ਅਤੇ ਗਾਉਣ ਦੀਆਂ ਅਵਾਜ਼ਾਂ ਸੁਣੀਆਂ। 26 ਉਸ ਨੇ ਇੱਕ ਨੌਕਰ ਨੂੰ ਸੱਦਿਆ ਅਤੇ ਪੁੱਛਿਆ, ‘ਇਹ ਸਭ ਕੀ ਹੋ ਰਿਹਾ ਹੈ?’ 27 ਨੌਕਰ ਨੇ ਆਖਿਆ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ, ਕਿਉਂਕਿ ਉਹ ਠੀਕ-ਠਾਕ ਘਰ ਵਾਪਸ ਆ ਗਿਆ ਹੈ, ਇਸ ਲਈ ਉਸ ਨੇ ਦਾਅਵਤ ਲਈ ਸਭ ਤੋਂ ਮੋਟਾ ਵੱਛਾ ਵੱਢਿਆ ਹੈ।’

28 “ਵੱਡਾ ਪੁੱਤਰ ਇੰਨਾ ਗੁੱਸੇ ਵਿੱਚ ਸੀ ਕਿ ਉਹ ਖੁਸ਼ੀ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦਾ ਸੀ। ਫ਼ੇਰ ਉਸਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਅੰਦਰ ਆਉਣ ਦੀ ਬੇਨਤੀ ਕੀਤੀ। 29 ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਅਵਤ ਕਰਨ ਲਈ ਇੱਕ ਬੱਕਰੀ ਵੀ ਨਹੀਂ ਦਿੱਤੀ। 30 ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵੱਛਾ ਵੱਢਿਆ ਹੈ।’

31 “ਪਰ ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤਰ ਤੂੰ ਹਮੇਸ਼ਾ ਮੇਰੇ ਕੋਲ ਹੈਂ, ਇਸ ਲਈ ਜੋ ਕੁਝ ਮੇਰਾ ਹੈ ਸੋ ਤੇਰਾ ਹੀ ਹੈ। 32 ਪਰ ਸਾਨੂੰ ਦਾਅਵਤ ਕਰਨੀ ਚਾਹੀਦੀ ਹੈ ਅਤੇ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ, ਮਰ ਗਿਆ ਸੀ, ਪਰ ਉਹ ਫ਼ਿਰ ਜਿਉਂਦਾ ਹੋ ਗਿਆ ਹੈ। ਜਿਹੜਾ ਗੁਆਚਿਆ ਹੋਇਆ ਸੀ ਹੁਣ ਲੱਭ ਗਿਆ ਹੈ।’”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes