Add parallel Print Page Options

ਆਤਮਾ ਵਿੱਚ ਜੀਵਨ

ਤਾਂ ਹੁਣ, ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਨਹੀਂ ਹੋਵੇਗਾ। ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ, ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸ ਨੇ ਮੈਨੂੰ ਉਸ ਸ਼ਰ੍ਹਾ ਤੋਂ ਮੁਕਤ ਕੀਤਾ ਹੈ, ਜੋ ਪਾਪ ਅਤੇ ਮੌਤ ਲਿਆਉਂਦੀ ਹੈ। ਸ਼ਰ੍ਹਾ ਸ਼ਕਤੀਹੀਣ ਸੀ ਕਿਉਂਕਿ ਸਾਡੇ ਪਾਪੀ ਸੁਭਾਵਾਂ ਨੇ ਇਸ ਨੂੰ ਕਮਜ਼ੋਰ ਬਣਾ ਦਿੱਤਾ। ਪਰ ਪਰਮੇਸ਼ੁਰ ਨੇ ਉਹ ਕੁਝ ਕੀਤਾ ਜੋ ਸ਼ਰ੍ਹਾ ਨਾ ਕਰ ਸੱਕੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਸੇ ਮਨੁੱਖੀ ਸਰੀਰ ਵਿੱਚ ਧਰਤੀ ਉੱਤੇ ਭੇਜਿਆ ਜਿਸ ਨੂੰ ਅਸੀਂ ਪਾਪ ਕਰਨ ਲਈ ਇਸਤੇਮਾਲ ਕਰਦੇ ਹਾਂ। ਪਰਮੇਸ਼ੁਰ ਨੇ ਉਸੇ ਮਨੁੱਖੀ ਸਰੀਰ ਨੂੰ ਪਾਪ ਦਾ ਭੁਗਤਾਨ ਕਰਨ ਲਈ ਚਢ਼ਾਵੇ ਦੇ ਤੌਰ ਤੇ ਇਸਤੇਮਾਲ ਕੀਤਾ। ਇਸ ਲਈ ਪਰਮੇਸ਼ੁਰ ਨੇ ਪਾਪ ਨੂੰ ਨਿੰਦਣ ਲਈ ਇਨਸਾਨੀ ਜੀਵਨ ਇਸਤੇਮਾਲ ਕੀਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸੱਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।

ਜਿਹੜੇ ਲੋਕ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਨ ਜੋ ਉਨ੍ਹਾਂ ਦੇ ਪਾਪੀ ਸੁਭਾਅ ਚਾਹੁੰਦੇ ਹਨ। ਪਰ ਜਿਹੜੇ ਲੋਕ ਆਤਮਾ ਅਨੁਸਾਰ ਜਿਉਂਦੇ ਹਨ, ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚਦੇ ਹਨ ਜੋ ਆਤਮਾ ਉਨ੍ਹਾਂ ਤੋਂ ਕਰਵਾਉਣੀਆਂ ਚਾਹੁੰਦਾ ਹੈ। ਇਸ ਲਈ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਆਤਮਕ ਮੌਤ ਹੈ, ਪਰ ਜੇਕਰ ਕਿਸੇ ਮਨੁੱਖ ਦੀ ਸੋਚ ਆਤਮਾ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਹੋਵੇਗਾ ਜੀਵਨ ਅਤੇ ਸ਼ਾਂਤੀ। ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵੱਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇੱਕ ਨਹੀਂ। ਉਹ ਮਨੁੱਖ ਜਿਹੜੇ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ, ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦੇ।

ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ। 11 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ। ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ, ਤਾਂ ਉਹ ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਵੀ ਜੀਵਨ ਦੇਵੇਗਾ। ਪਰਮੇਸ਼ੁਰ ਇੱਕ ਹੈ ਜਿਸਨੇ ਮਸੀਹ ਨੂੰ ਮੁਰਦਿਆਂ ਚੋਂ ਉੱਠਾਇਆ ਅਤੇ ਉਹ ਤੁਹਾਡੇ ਸਰੀਰਾਂ ਨੂੰ ਆਪਣੇ ਉਸ ਆਤਮਾ ਰਾਹੀਂ, ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਜੀਵਨ ਦੇਵੇਗਾ, ਜਿਹੜਾ ਤੁਹਾਡੇ ਅੰਦਰ ਜਿਉਂਦਾ ਹੈ।

12 ਇਸ ਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ।

14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮਾ ਦੇ ਮਗਰ ਚੱਲਦੇ ਹਨ। 15 ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤਾਂ ਜੋ ਤੁਸੀਂ ਫ਼ਿਰ ਤੋਂ ਡਰੋ। ਜਿਹੜਾ ਆਤਮਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਪਰਮੇਸ਼ੁਰ ਦੇ ਚੁਣੇ ਹੋਏ ਬੰਦੇ ਬਣਾਉਂਦਾ ਹੈ। ਉਸ ਆਤਮਾ ਨਾਲ ਅਸੀਂ ਨਿਡਰਤਾ ਨਾਲ, ਆਖਦੇ ਹਾਂ, “ਅੱਬਾ, ਪਿਆਰੇ ਪਿਤਾ।” 16 ਅਤੇ ਉਹ ਆਤਮਾ ਆਪੇ ਹੀ ਸਾਡੇ ਆਤਮਾ ਨਾਲ ਜੁੜ ਜਾਂਦਾ ਹੈ ਅਤੇ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। 17 ਜੇਕਰ ਅਸੀਂ ਪਰਮੇਸ਼ੁਰ ਦੀ ਔਲਾਦ ਹਾਂ ਤਾਂ ਅਸੀਂ ਉਹ ਬਖਸ਼ਿਸ਼ ਜ਼ਰੂਰ ਪਾਵਾਂਗੇ ਜੋ ਉਸ ਨੇ ਆਪਣੇ ਬੱਚਿਆਂ ਲਈ ਰੱਖੀ ਹੈ। ਅਸੀਂ ਉਹ ਅਸੀਸਾਂ ਪਰਮੇਸ਼ੁਰ ਤੋਂ ਮਸੀਹ ਦੇ ਸਮੇਤ ਪਾਵਾਂਗੇ। ਪਰ ਪਹਿਲਾਂ ਜਿਵੇਂ ਮਸੀਹ ਨੂੰ ਤਸੀਹੇ ਸਹਿਣੇ ਪਏ ਸਨ ਸਾਨੂੰ ਵੀ ਸਹਿਣੇ ਪੈਣਗੇ। ਤਾਂ ਫ਼ੇਰ ਸਾਨੂੰ ਵੀ ਮਸੀਹ ਦੀ ਮਹਿਮਾ ਦੀ ਤਰ੍ਹਾਂ ਮਹਿਮਾ ਪ੍ਰਾਪਤ ਹੋਵੇ।

ਸਾਨੂੰ ਭਵਿੱਖ ਵਿੱਚ ਮਹਿਮਾ ਮਿਲੇਗੀ

18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਹਮਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਆਂ ਕੀਤਾ। 21 ਉੱਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬੱਚਿਆਂ ਨਾਲ ਸੰਬੰਧਿਤ ਹੈ।

22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸ ਨੇ ਵੇਖੀ ਹੋਈ ਹੈ। 25 ਪਰ ਅਸੀਂ ਉਹ ਆਸ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਇਸ ਵਾਸਤੇ ਸਹਿਜਤਾ ਨਾਲ ਇੰਤਜ਼ਾਰ ਕਰ ਰਹੇ ਹਾਂ।

26 ਇਸੇ ਢੰਗ ਨਾਲ ਹੀ, ਆਤਮਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਸਾਡੇ ਲਈ ਖੁਦ ਪਰਮੇਸ਼ੁਰ ਅੱਗੇ ਹੌਂਕਿਆਂ ਨਾਲ ਬੇਨਤੀ ਕਰਦਾ ਹੈ, ਜੋ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸੱਕਦੀ।

27 ਪਰਮੇਸ਼ੁਰ ਵੇਖ ਸੱਕਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈ। ਉਹ ਇਹ ਵੀ ਜਾਣਦਾ ਹੈ ਕਿ ਆਤਮਾ ਦੇ ਮਨ ਵਿੱਚ ਕੀ ਹੈ। ਕਿਉਂਕਿ ਆਤਮਾ ਪਰਮੇਸ਼ੁਰ ਅੱਗੇ ਉਸ ਦੇ ਲੋਕਾਂ ਵੱਲੋਂ ਉਸਦੀ ਰਜ਼ਾ ਅਨੁਸਾਰ ਬੋਲਦਾ ਹੈ।

28 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿੱਚ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਡੀ ਯੋਜਨਾ ਮੁਤਾਬਕ ਸੱਦੇ ਗਏ ਹਨ। 29 ਪਰਮੇਸ਼ੁਰ ਉਨ੍ਹਾਂ ਮਨੁੱਖਾਂ ਨੂੰ ਇਹ ਸੰਸਾਰ ਬਨਾਉਣ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਪਰਮੇਸ਼ੁਰ ਨੇ, ਨਿਹਚਾ ਕੀਤੀ ਕਿ ਉਹ ਲੋਕ ਉਸ ਦੇ ਪੁੱਤਰ ਮਸੀਹ ਵਾਂਗ ਹੋਣਗੇ। ਤਾਂ ਜੋ ਮਸੀਹ ਬਹੁਤੇ ਭੈਣਾਂ ਭਰਾਵਾਂ ਵਿੱਚੋਂ ਵੱਡਾ ਹੋਵੇ। 30 ਤਾਂ ਜਿਨ੍ਹਾਂ ਲੋਕਾਂ ਨੂੰ ਉਸ ਨੇ ਵਿਉਂਤਿਆ ਸੀ, ਉਨ੍ਹਾਂ ਨੂੰ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ ਉਨ੍ਹਾਂ ਨੂੰ ਵੀ ਧਰਮੀ ਬਣਾਇਆ, ਅਤੇ ਜਿਨ੍ਹਾਂ ਲੋਕਾਂ ਨੂੰ ਉਸ ਨੇ ਧਰਮੀ ਬਣਾਇਆ, ਉਸ ਨੇ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ।

ਮਸੀਹ ਯਿਸੂ ਵਿੱਚ ਪਰਮੇਸ਼ੁਰ ਦਾ ਪ੍ਰੇਮ

31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸ ਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸੱਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਆਂ ਕਰ ਸੱਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਜਿਵਾਲਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸੱਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸੱਕਦੇ ਹਨ? ਨਹੀਂ। ਕੀ ਮੁਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਕਰ ਸੱਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸੱਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸੱਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ;

“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।
    ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵੱਧ ਨਹੀਂ ਸਮਝਿਆ।” (A)

37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38-39 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸੱਕਦਾ। ਨਾ ਹੀ ਮੌਤ ਨਾ ਜੀਵਨ, ਨਾ ਹੀ ਦੁੱਖ ਅਤੇ ਰਾਜ ਕਰਨ ਵਾਲੇ ਆਤਮਾ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸੱਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸੱਕਦੀ ਹੈ।