A A A A A
Bible Book List

ਰਸੂਲਾਂ ਦੇ ਕਰਤੱਬ 20 Punjabi Bible: Easy-to-Read Version (ERV-PA)

ਮਕਦੂਨਿਯਾ ਅਤੇ ਯੂਨਾਨ ਵਿੱਚ ਪੌਲੁਸ

20 ਜਦੋਂ ਰੌਲਾ ਖਤਮ ਹੋ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ। ਉਸ ਨੇ ਉਨ੍ਹਾਂ ਦਾ ਹੌਂਸਲਾ ਵੱਧਾਇਆ ਅਤੇ ਫ਼ਿਰ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਫ਼ਿਰ ਉੱਥੋਂ ਮਕਦੂਨਿਯਾ ਵੱਲ ਨੂੰ ਤੁਰ ਪਿਆ। ਮਕਦੂਨਿਯਾ ਦੇ ਰਸਤੇ ਤੇ ਉਹ ਜਿਨ੍ਹਾਂ ਸਾਰੀਆਂ ਥਾਵਾਂ ਰਾਹੀਂ ਲੰਘਿਆ, ਉਸ ਨੇ ਯਿਸੂ ਦੇ ਚੇਲਿਆਂ ਨੂੰ ਤਕੜਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ। ਫ਼ਿਰ ਉਹ ਯੂਨਾਨ ਆ ਗਿਆ। ਤਿੰਨ ਮਹੀਨੇ ਰਿਹਾ ਤੇ ਜਦੋਂ ਉਹ ਜਹਾਜ਼ ਤੇ ਚੜ੍ਹ੍ਹਕੇ ਸੁਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਾਂ ਉਸ ਵਕਤ ਕੁਝ ਯਹੂਦੀ ਉਸ ਦੇ ਵਿਰੁੱਧ ਕੁਝ ਘਾੜਤ ਘੜ ਰਹੇ ਸਨ।

ਇਸ ਲਈ ਪੌਲੁਸ ਨੇ ਮਕਦੂਨਿਯਾ ਰਾਹੀਂ ਸੁਰਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਉੱਥੇ ਉਸ ਦੇ ਨਾਲ ਕੁਝ ਆਦਮੀ ਸਨ। ਉਹ ਸਨ, ਪੁੱਰਸ, ਬਰਿਯਾ ਦੇ ਸ਼ਹਿਰ ਤੋਂ, ਸੋਪਤਰੁਸ ਦਾ ਪੁੱਤਰ ਥੱਸਲੁਨੀਕੀਆਂ ਤੋਂ, ਅਰਿਸਤਰੱਖੁਸ ਅਤੇ ਸਿਕੁੰਦਸ, ਦਰਬੇ ਤੋਂ ਗਾਯੁਸ। ਅਸਿਯਾ ਤੋਂ ਤਿਮੋਥਿਉਸ ਅਤੇ ਦੋ ਹੋਰ ਆਦਮੀ, ਜਿਨ੍ਹਾਂ ਦੇ ਨਾਂ ਤੁਖਿਕੁਸ, ਅਤੇ ਤ੍ਰੋਫ਼ਿਮੁਸ ਸਨ। ਇਹ ਆਦਮੀ ਜਲਦੀ ਹੀ ਚੱਲੇ ਗਏ ਅਤੇ ਤ੍ਰੋਆਸ ਵਿੱਚ ਉਨ੍ਹਾਂ ਨੇ ਸਾਨੂੰ ਉਡੀਕਿਆ। ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ, ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹ੍ਹੇ, ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।

ਪੌਲੁਸ ਦੀ ਤ੍ਰੋਆਸ ਵਿੱਚ ਅਖੀਰਲੀ ਫ਼ੇਰੀ

ਹਫ਼ਤੇ ਦੇ ਪਹਿਲੇ ਦਿਨ, ਅਸੀਂ ਸਾਰੇ ਪ੍ਰਭੂ ਭੋਜ ਖਾਣ ਲਈ ਇਕੱਠੇ ਹੋਏ। ਇਸ ਮੌਕੇ ਤੇ ਪੌਲੁਸ ਨੇ ਲੋਕਾਂ ਨਾਲ ਗੱਲ ਕੀਤੀ। ਉਹ ਅਗਲੇ ਦਿਨ ਉੱਥੋਂ ਜਾਣ ਦੀ ਯੋਜਨਾ ਬਣਾ ਰਿਹਾ ਸੀ ਇਸ ਲਈ ਉਸ ਨੇ ਅੱਧੀ ਰਾਤ ਤੱਕ ਉਪਦੇਸ਼ ਜਾਰੀ ਰੱਖਿਆ। ਅਸੀਂ ਸਾਰੇ ਪੌੜੀਆਂ ਚੜ੍ਹ੍ਹਕੇ ਉੱਪਰਲੇ ਕਮਰੇ ਵਿੱਚ ਇੱਕਤਰ ਸੀ ਅਤੇ ਉਹ ਕਮਰਾ ਬਹੁਤ ਸਾਰੇ ਦੀਵਿਆਂ ਦੀ ਰੌਸ਼ਨੀ ਨਾਲ ਜ੍ਯਮਗਾ ਰਿਹਾ ਸੀ। ਯੂਤਖੁਸ ਨਾਂ ਦਾ ਇੱਕ ਜੁਆਨ ਖਿੜਕੀ ਵਿੱਚ ਬੈਠਾ ਸੀ। ਉਹ ਬਹੁਤ ਅਨੀਂਦਰਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਪੌਲੁਸ ਨੇ ਬੋਲਣਾ ਜਾਰੀ ਰੱਖਿਆ ਸੀ। ਆਖਿਰਕਾਰ, ਉਹ ਸੌਂ ਗਿਆ ਅਤੇ ਖਿੜਕੀ ਚੋਂ ਬਾਹਰ ਡਿੱਗ ਪਿਆ। ਜਦੋਂ ਲੋਕਾਂ ਨੇ ਹੇਠਾਂ ਜਾਕੇ ਉਸ ਨੂੰ ਚੁੱਕਿਆ ਤਾਂ ਉਹ ਮਰਿਆ ਪਿਆ ਸੀ।

10 ਪੌਲੁਸ ਹੇਠਾ ਗਿਆ, ਗੋਡਿਆਂ ਭਾਰ ਝੁਕਿਆ ਉਸ ਨੇ ਯੂਤਖੁਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਅਤੇ ਆਖਿਆ, “ਫ਼ਿਕਰ ਨਾ ਕਰੋ, ਇਹ ਜਿਉਂਦਾ ਹੈ।” 11 ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ। 12 ਲੋਕ ਯੂਤਖੁਸ ਨੂੰ ਘਰ ਲੈ ਆਏ, ਉਹ ਜਿਉਂਦਾ ਸੀ, ਤੇ ਲੋਕੀ ਬੜੇ ਖੁਸ਼ ਸਨ।

ਤ੍ਰੋਆਸ ਤੋਂ ਮਿਲੇਤੁਸ ਤੱਕ ਦੀ ਫ਼ੇਰੀ

13 ਅਸੀਂ ਅੱਸੁਸ ਸ਼ਹਿਰ ਵੱਲ ਨੂੰ ਗਏ। ਅਸੀਂ ਪੌਲੁਸ ਤੋਂ ਅੱਗੇ ਜਾਕੇ ਜਹਾਜ਼ ਉੱਤੇ ਚੜ੍ਹ੍ਹੇ। ਅਤੇ ਅੱਸੁਸ ਵੱਲ ਚੱਲ ਪਏ ਜਿੱਥੇ ਅਸਾਂ ਪੌਲੁਸ ਦੇ ਨਾਲ ਜਹਾਜ਼ ਉੱਤੇ ਚੜ੍ਹ੍ਹਨਾ ਸੀ। ਪੌਲੁਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਕਿਉਂਕਿ ਉਸ ਨੇ ਅੱਸੁਸ ਨੂੰ ਸੜਕ ਰਾਹੀਂ ਜਾਣ ਦੀ ਇੱਛਾ ਕੀਤੀ ਸੀ। 14 ਬਾਅਦ ਵਿੱਚ ਅਸੀਂ ਪੌਲੁਸ ਨੂੰ ਅੱਸੁਸ ਵਿੱਚ ਹੀ ਮਿਲੇ, ਤਾਂ ਉਹ ਜਹਾਜ਼ ਉੱਪਰ ਸਾਡੇ ਨਾਲ ਆਇਆ ਅਤੇ ਅਸੀਂ ਸਾਰੇ ਮਿਤੁਲੇਨੇ ਸ਼ਹਿਰ ਵਿੱਚ ਆਏ। 15 ਅਗਲੇ ਦਿਨ, ਅਸੀਂ ਮਿਤੁਲੇਨੇ ਤੋਂ ਚੱਲੇ ਗਏ ਅਤੇ ਖੀਓਸ ਦੇ ਟਾਪੂ ਕੋਲ ਇੱਕ ਜਗ਼੍ਹਾ ਤੇ ਆਏ ਅਤੇ ਉਸਤੋਂ ਅਗਲੇ ਦਿਨ ਅਸੀਂ ਸਾਮੁਸ ਦੇ ਟਾਪੂ ਨੂੰ ਚੱਲ ਪਏ। ਤੇ ਉਸਤੋਂ ਇੱਕ ਦਿਨ ਬਾਅਦ ਅਸੀਂ ਮਿਲੇਤੁਸ ਸ਼ਹਿਰ ਪਹੁੰਚੇ। 16 ਪੌਲੁਸ ਨੇ ਪਹਿਲਾਂ ਤੋਂ ਹੀ ਅਫ਼ਸੁਸ ਵਿੱਚ ਨਾਂ ਰੁਕਣ ਦਾ ਮਨ ਬਣਾਇਆ ਹੋਇਆ ਸੀ। ਉਹ ਅਸਿਯਾ ਵਿੱਚ ਜ਼ਿਆਦਾ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਕਿਉਂਕਿ ਜੇਕਰ ਸੰਭਵ ਹੋਵੇ, ਤਾਂ ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਹੋਣਾ ਚਾਹੁੰਦਾ ਸੀ।

ਅਫ਼ਸੁਸ ਦੇ ਬਜ਼ੁਰਗਾਂ ਨਾਲ ਪੌਲੁਸ ਦੀ ਗੱਲ-ਬਾਤ

17 ਮਿਲੇਤੁਸ ਵਿੱਚ ਰਹਿ ਕਿ ਪੌਲੁਸ ਨੇ ਅਫ਼ਸੁਸ ਵਿੱਚ ਸੁਨੇਹਾ ਭੇਜਿਆ ਕਿ ਉੱਥੋਂ ਦੇ ਕਲੀਸਿਯਾ ਦੇ ਆਗੂ ਬਜ਼ੁਰਗ ਉਸ ਨੂੰ ਆਕੇ ਮਿਲਣ।

18 ਜਦੋਂ ਵਡੇਰੇ ਆਏ ਤਾਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੀ ਹੋ ਅਸਿਯਾ ਵਿੱਚ ਆਕੇ ਪਹਿਲੇ ਦਿਨ ਤੋਂ ਮੈਂ ਕਿਸ ਢੰਗ ਨਾਲ ਤੁਹਾਡੇ ਨਾਲ ਰਿਹਾ ਹਾਂ? 19 ਯਹੂਦੀ ਮੇਰੇ ਵਿਰੁੱਧ ਘਾੜਤਾਂ ਘੜਦੇ ਰਹੇ, ਇਸ ਗੱਲ ਨੇ ਮੈਨੂੰ ਇੰਨਾ ਦੁੱਖੀ ਕੀਤਾ ਕਿ ਮੈਂ ਅਕਸਰ ਕੁਰਲਾਉਂਦਾ ਰਿਹਾ। ਪਰ ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ ਤੋਂ ਪ੍ਰਭੂ ਦਾ ਸੇਵਕ ਰਿਹਾ ਹਾਂ, ਮੈਂ ਕਦੇ ਵੀ ਪਹਿਲਾਂ ਆਪਣੇ ਬਾਰੇ ਨਹੀਂ ਸੋਚਿਆ। 20 ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਹਮਣੇ ਯਿਸੂ ਬਾਰੇ ਖੁਸ਼ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿੱਖਾਇਆ। 21 ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਸ਼ਾਮਿਲ ਕਰਕੇ ਸਭ ਲੋਕਾਂ ਨੂੰ ਉਨ੍ਹਾਂ ਦੇ ਦਿਲ ਬਦਲਣ ਅਤੇ ਪਰਮੇਸ਼ੁਰ ਵੱਲ ਪਰਤਣ, ਅਤੇ ਸਾਡੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਕਿਹਾ।

22 “ਪਰ ਹੁਣ ਮੈਨੂੰ ਆਤਮਾ ਦੇ ਬੱਧੇ ਹੋਏ ਨੂੰ ਯਰੂਸ਼ਲਮ ਵਿੱਚ ਜਾਣਾ ਪਵੇਗਾ, ਅਤੇ ਮੈਂ ਨਹੀਂ ਜਾਣਦਾ ਕਿ ਉੱਥੋਂ ਮੇਰੇ ਨਾਲ ਕੀ ਭਾਣਾ ਵਰਤੇਗਾ। 23 ਮੈਂ ਇੰਨਾ ਹੀ ਜਾਣਦਾ ਹਾਂ ਕਿ ਹਮੇਸ਼ਾ ਪਵਿੱਤਰ ਆਤਮਾ ਮੈਨੂੰ ਹਰ ਸ਼ਹਿਰ ਵਿੱਚ ਦੱਸਦਾ ਹੈ ਕਿ ਤਕਲੀਫ਼ਾਂ ਅਤੇ ਕੈਦਾਂ ਮੇਰਾ ਇੰਤਹਾਰ ਕਰ ਰਹੇ ਹਨ। 24 ਪਰ ਮੈਂ ਆਪਣੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਮੈਂ ਆਪਣਾ ਕੰਮ ਕਰਾਂ। ਮੈਂ ਉਹ ਕੰਮ ਪੂਰਾ ਕਰਨਾ ਚਾਹੁੰਦਾ ਹਾਂ ਜੋ ਪ੍ਰਭੂ ਯਿਸੂ ਨੇ ਮੈਨੂੰ ਕਰਨ ਲਈ ਸੌਂਪਿਆ ਹੈ। ਉਹ ਚਾਹੁੰਦਾ ਹੈ ਕਿ ਮੈਂ ਪਰਮੇਸ਼ੁਰ ਦੀ ਕਿਰਪਾ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਾਂ।

25 “ਅਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਤੁਹਾਡੇ ਵਿੱਚੋਂ ਕੋਈ ਵੀ ਹੁਣ ਮੈਨੂੰ ਦੋਬਾਰਾ ਵੇਖ ਨਹੀਂ ਸੱਕੇਗਾ। ਮੈਂ ਹਰ ਵਕਤ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਵੀ ਕਹੀ। 26 ਇਸ ਲਈ ਅੱਜ ਨਿਸ਼ਚਿੰਤ ਹੋਕੇ, ਮੈਂ ਤੁਹਾਨੂੰ ਆਖ ਸੱਕਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੁਝ ਨਹੀਂ ਬਚਾਏ ਜਾਂਦੇ ਤਾਂ ਮੈਂ ਜਿੰਮੇਦਾਰ ਨਹੀਂ ਠਹਿਰਾਇਆ ਜਾਵਾਂਗਾ। 27 ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿਉਂਕਿ ਜੋ ਕੁਝ ਪਰਮੇਸ਼ੁਰ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ ਸਭ ਕੁਝ ਮੈਂ ਤੁਹਾਨੂੰ ਦੱਸ ਚੁੱਕਾ ਹਾਂ। 28 ਤੁਸੀਂ ਆਪਣੇ-ਆਪ ਲਈ ਸਾਵੱਧਾਨ ਰਹੋ ਅਤੇ ਆਪਣੇ ਲੋਕਾਂ ਲਈ ਵੀ, ਜਿਹੜੇ ਕਿ ਤੁਹਨੂੰ ਪਰਮੇਸ਼ੁਰ ਨੇ ਸੌਂਪੇ ਹਨ। ਤੁਹਾਨੂੰ ਉਸ ਪੂਰੇ ਇੱਜੜ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਜਿਸਦਾ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ। ਤੁਹਾਨੂੰ ਕਲੀਸਿਯਾਵਾਂ ਨੂੰ ਆਜੜੀ ਵਾਂਗ ਹੋਣਾ ਚਾਹੀਦਾ ਹੈ ਜਿਹੜੀਆਂ ਪਰਮੇਸ਼ੁਰ ਨੇ ਆਪਣੇ ਲਹੂ ਦੁਆਰਾ ਲਿਆਂਦੀਆਂ ਹਨ। 29 ਮੈਂ ਜਾਣਦਾ ਹਾਂ ਕਿ ਮੇਰੀ ਰਵਾਨਗੀ ਤੋਂ ਬਾਅਦ ਕੁਝ ਆਦਮੀ ਤੁਹਾਡੀ ਸੰਗਤ ਵਿੱਚ ਆਉਣਗੇ ਜੋ ਕਿ ਜੰਗਲੀ ਬਘਿਆੜਾਂ ਵਰਗੇ ਹੋਣਗੇ ਅਤੇ ਇੱਜੜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ। 30 ਤੁਹਾਡੇ ਆਪਣੇ ਸਮੂਹ ਵਿੱਚੋਂ ਵੀ ਕੁਝ ਆਦਮੀ ਬੁਰੇ ਆਗੂ ਬਣ ਜਾਣਗੇ, ਅਤੇ ਗਲਤ ਗੱਲਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦੇਣਗੇ। ਉਹ ਯਿਸੂ ਦੇ ਕੁਝ ਚੇਲਿਆਂ ਨੂੰ ਸੱਚ ਦੇ ਮਾਰਗ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਚੇਲੇ ਬਨਾਉਣਗੇ। 31 ਇਸ ਲਈ ਸਤਰਕ ਰਹਿਣਾ। ਹਮੇਸ਼ਾ ਯਾਦ ਰੱਖਣਾ ਕਿ ਤਿੰਨ ਸਾਲ ਤੱਕ ਮੈਂ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਚੇਤਾਵਨੀ ਦੇਣ ਤੋਂ ਨਾ ਰੁਕਿਆ, ਮੈਂ ਦਿਨ-ਰਾਤ ਤੁਹਾਨੂੰ ਸਿੱਖਾਉਂਦਾ ਰਿਹਾ ਅਤੇ ਤੁਹਾਡੇ ਲਈ ਅਕਸਰ ਕੁਰਲਾਉਂਦਾ ਰਿਹਾਂ।

32 “ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ। 33 ਜਦੋਂ ਮੈਂ ਤੁਹਾਡੇ ਨਾਲ ਸਾਂ, ਤਾਂ ਮੈਂ ਕੋਈ ਸੋਨਾ, ਚਾਂਦੀ ਅਤੇ ਵਸਤਰ ਨਹੀਂ ਚਾਹੇ। 34 ਤੁਸੀਂ ਜਾਣਦੇ ਹੋ, ਕਿ ਮੈਂ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜੋ ਮੇਰੇ ਨਾਲ ਸਨ। 35 ਮੈਂ ਤੁਹਾਨੂੰ ਹਮੇਸ਼ਾ ਇਹੀ ਵਿਖਾਇਆ ਕਿ ਤੁਹਾਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਮੈਂ ਕੀਤਾ ਸੀ, ਉਨ੍ਹਾਂ ਦੀ ਮਦਦ ਕਰਨ ਲਈ, ਜਿਨ੍ਹਾਂ ਨੂੰ ਜ਼ਰੂਰਤ ਸੀ। ਮੈਂ ਤੁਹਾਨੂੰ ਸਿੱਖਾਇਆ ਕਿ ਪ੍ਰਭੂ ਯਿਸੂ ਦੇ ਬਚਨ ਯਾਦ ਰੱਖੋ ਜੋ ਉਸ ਨੇ ਆਪ ਫ਼ਰਮਾਇਆ ਸੀ, ‘ਲੈਣ ਨਾਲੋਂ ਦੇਣਾ ਹੀ ਵੱਧੇਰੇ ਮੁਬਾਰਕ ਹੈ।’”

36 ਜਦੋਂ ਪੌਲੁਸ ਇਹ ਸਭ ਕਹਿ ਹਟਿਆ ਤਾਂ ਉਸ ਨੇ ਗੋਡੇ ਟੇਕੇ ਅਤੇ ਸਭ ਨੇ ਮਿਲਕੇ ਪ੍ਰਾਰਥਨਾ ਕੀਤੀ। 37-38 ਉਹ ਸਭ ਬਹੁਤ ਰੋਏ। ਉਹ ਉਦਾਸ ਸਨ ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਫ਼ੇਰ ਉਸ ਨੂੰ ਕਦੇ ਵੀ ਨਹੀਂ ਵੇਖਣਗੇ। ਉਨ੍ਹਾਂ ਸਭ ਨੇ ਪੌਲੁਸ ਨੂੰ ਘੁੱਟਕੇ ਜੱਫ਼ੀਆਂ ਪਾਈਆਂ ਅਤੇ ਚੁੰਮਿਆ। ਉਹ ਉਸ ਨੂੰ ਅਲਵਿਦਾ ਕਹਿਣ ਲਈ ਜਹਾਜ਼ ਤੀਕ ਗਏ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes