Add parallel Print Page Options

ਮੰਦਰ ਵਿਖੇ ਯਿਰਮਿਯਾਹ ਦਾ ਸਬਕ

26 ਯਹੋਵਾਹ ਵੱਲੋਂ ਇਹ ਸੰਦੇਸ਼ ਉਦੋਂ ਆਇਆ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਨੇ ਆਖਿਆ, “ਯਿਰਮਿਯਾਹ, ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਖਲੋ ਜਾ। ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਵੀਂ ਜਿਹੜੇ ਯਹੋਵਾਹ ਦੇ ਮੰਦਰ ਵਿੱਚ ਉਪਾਸਨਾ ਲਈ ਆ ਰਹੇ ਹਨ। ਉਨ੍ਹਾਂ ਨੂੰ ਉਹ ਹਰ ਗੱਲ ਆਖੀਂ ਜਿਹੜੀ ਮੈਂ ਤੈਨੂੰ ਆਖਣ ਲਈ ਕਹਿੰਦਾ ਹਾਂ। ਸੰਦੇਸ਼ ਦਾ ਕੋਈ ਵੀ ਹਿੱਸਾ ਛੱਡੀ ਨਾ। ਸ਼ਾਇਦ ਉਹ ਲੋਕ ਮੇਰਾ ਸੰਦੇਸ਼ ਸੁਣਨ ਅਤੇ ਇਸ ਨੂੰ ਮੰਨ ਲੈਣ। ਸ਼ਾਇਦ ਉਹ ਇਹੋ ਜਿਹਾ ਮੰਦਾ ਜੀਵਨ ਜਿਉਣਾ ਛੱਡ ਦੇਣ। ਜੇ ਉਹ ਬਦਲ ਜਾਂਦੇ ਹਨ ਤਾਂ ਸ਼ਾਇਦ ਮੈਂ ਵੀ ਉਨ੍ਹਾਂ ਨੂੰ ਸਜ਼ਾ ਦੇਣ ਦੀਆਂ ਵਿਉਂਤਾ ਬਾਰੇ ਆਪਣਾ ਮਨ ਬਦਲ ਲਵਾਂ। ਮੈਂ ਇਸ ਸਜ਼ਾ ਦੀ ਯੋਜਨਾ ਇਸ ਲਈ ਬਣਾ ਰਿਹਾ ਹਾਂ ਕਿਉਂ ਕਿ ਉਨ੍ਹਾਂ ਲੋਕਾਂ ਨੇ ਬਹੁਤ ਮੰਦੇ ਕੰਮ ਕੀਤੇ ਹਨ। ਤੂੰ ਉਨ੍ਹਾਂ ਨੂੰ ਆਖੀਂ, ‘ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਨੂੰ ਆਪਣੀ ਬਿਵਸਬਾ ਦਿੱਤੀ ਸੀ। ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਅਤੇ ਮੇਰੀ ਬਿਵਸਬਾ ਉੱਤੇ ਅਮਲ ਕਰਨਾ ਚਾਹੀਦਾ ਹੈ। ਤੁਹਾਨੂੰ ਉਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਜੋ ਮੇਰੇ ਸੇਵਕ ਤੁਹਾਨੂੰ ਆਖਦੇ ਹਨ। (ਨਬੀ ਮੇਰੇ ਸੇਵਕ ਹਨ।) ਮੈਂ ਤੁਹਾਡੇ ਵੱਲ ਬਾਰ-ਬਾਰ ਨਬੀ ਭੇਜੇ, ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਜੇ ਤੁਸੀਂ ਮੇਰਾ ਹੁਕਮ ਨਹੀਂ ਮੰਨੋਗੇ ਤਾਂ ਮੈਂ ਯਰੂਸ਼ਲਮ ਵਿੱਚਲੇ ਆਪਣੇ ਮੰਦਰ ਨੂੰ ਸ਼ੀਲੋਹ ਦੇ ਆਪਣੇ ਪਵਿੱਤਰ ਤੰਬੂ ਵਰਗਾ ਬਣਾ ਦਿਆਂਗਾ। ਸਾਰੀ ਦੁਨੀਆਂ ਦੇ ਲੋਕ ਯਰੂਸ਼ਲਮ ਬਾਰੇ ਸੋਚਣਗੇ ਜਦੋਂ ਉਹ ਹੋਰਨਾਂ ਸ਼ਹਿਰਾਂ ਉੱਤੇ ਮੰਦੀਆਂ ਗੱਲਾਂ ਵਾਪਰਨ ਦੀ ਮੰਗ ਕਰਨਗੇ।’”

ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਯਿਰਮਿਯਾਹ ਨੂੰ ਇਹ ਸ਼ਬਦ ਆਖਦਿਆਂ ਸੁਣਿਆ। ਯਿਰਮਿਯਾਹ ਨੇ ਉਹ ਹਰ ਗੱਲ ਲੋਕਾਂ ਨੂੰ ਆਖਕੇ ਮੁਕਾਈ ਜਿਸ ਬਾਰੇ ਯਹੋਵਾਹ ਨੇ ਉਸ ਨੂੰ ਲੋਕਾਂ ਨੂੰ ਆਖਣ ਦਾ ਸੰਦੇਸ਼ ਦਿੱਤਾ ਸੀ। ਤਾਂ ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਫ਼ੜ ਲਿਆ। ਉਨ੍ਹਾਂ ਨੇ ਆਖਿਆ, “ਇਹ ਗੱਲਾਂ ਆਖਣ ਲਈ ਤੈਨੂੰ ਮੌਤ ਮਿਲੇਗੀ! ਤੂੰ ਹੌਸਲਾ ਕਿਵੇਂ ਕੀਤਾ ਯਹੋਵਾਹ ਦੇ ਨਾਮ ਉੱਤੇ ਅਜਿਹਾ ਪ੍ਰਚਾਰ ਕਰਨ ਦਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਇਹ ਮੰਦਰ ਸ਼ੀਲੋਹ ਵਾਲੇ ਮੰਦਰ ਵਾਂਗ ਤਬਾਹ ਹੋ ਜਾਵੇਗਾ! ਤੂੰ ਇਹ ਆਖਣ ਦਾ ਹੌਸਲਾ ਕਿਵੇਂ ਕੀਤਾ ਕਿ ਯਰੂਸ਼ਲਮ ਮਾਰੂਬਲ ਬਣ ਜਾਵੇਗਾ ਜਿੱਥੇ ਕੋਈ ਵੀ ਨਹੀਂ ਰਹੇਗਾ।” ਯਹੋਵਾਹ ਦੇ ਮੰਦਰ ਵਿੱਚ ਸਾਰੇ ਲੋਕ ਯਿਰਮਿਯਾਹ ਦੇ ਆਲੇ-ਦੁਆਲੇ ਇਕੱਠੇ ਹੋ ਗਏ।

10 ਹੁਣ ਯਹੂਦਾਹ ਦੇ ਹਾਕਮਾਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ ਜੋ ਇੱਥੇ ਵਾਪਰ ਰਹੀਆਂ ਸਨ। ਇਸ ਲਈ ਉਹ ਰਾਜੇ ਦੇ ਮਹਿਲ ਵਿੱਚੋਂ ਬਾਹਰ ਆ ਗਏ। ਉਹ ਯਹੋਵਾਹ ਦੇ ਮੰਦਰ ਵੱਲ ਗਏ। ਉੱਥੇ ਉਨ੍ਹਾਂ ਨੇ ਨਵੇਂ ਦਰਵਾਜ਼ੇ ਕੋਲ ਆਪਣੇ ਸਥਾਨ ਗ੍ਰਹਿਣ ਕਰ ਲੇ। ਨਵਾਂ ਦਰਵਾਜ਼ਾ ਯਹੋਵਾਹ ਦੇ ਮੰਦਰ ਵੱਲ ਜਾਣ ਵਾਲਾ ਦਰਵਾਜ਼ਾ ਹੈ। 11 ਤਾਂ ਜਾਜਕਾਂ ਅਤੇ ਨਬੀਆਂ ਨੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਯਿਰਮਿਯਾਹ ਨੂੰ ਮਾਰ ਦੇਣਾ ਚਾਹੀਦਾ ਹੈ। ਉਸ ਨੇ ਯਰੂਸ਼ਲਮ ਬਾਰੇ ਮੰਦੀਆਂ ਗੱਲਾਂ ਆਖੀਆਂ ਹਨ। ਤੁਸੀਂ ਉਸ ਨੂੰ ਇਹ ਗੱਲਾਂ ਆਖਦਿਆਂ ਸੁਣਿਆ।”

12 ਤਾਂ ਯਿਰਮਿਯਾਹ ਨੇ ਯਹੂਦਾਹ ਦੇ ਸਾਰੇ ਹਾਕਮਾਂ ਅਤੇ ਹੋਰ ਸਾਰੇ ਲੋਕਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਹੋਵਾਹ ਨੇ ਮੈਨੂੰ ਇਸ ਮੰਦਰ ਅਤੇ ਇਸ ਸ਼ਹਿਰ ਬਾਰੇ ਇਹ ਗੱਲਾਂ ਆਖਣ ਲਈ ਭੇਜਿਆ ਹੈ। ਹਰ ਉਹ ਗੱਲ ਜਿਹੜੀ ਤੁਸੀਂ ਸੁਣੀ ਹੈ ਉਹ ਯਹੋਵਾਹ ਵੱਲੋਂ ਹੈ। 13 ਤੁਹਾਨੂੰ ਲੋਕਾਂ ਨੂੰ ਅਵੱਸ਼ ਹੀ ਆਪਣੇ ਜੀਵਨ ਬਦਲਣੇ ਚਾਹੀਦੇ ਹਨ! ਤੁਹਾਨੂੰ ਨੇਕੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਯਹੋਵਾਹ ਆਪਣਾ ਮਨ ਬਦਲ ਲਵੇਗਾ। ਯਹੋਵਾਹ ਉਹ ਮੰਦੀਆਂ ਗੱਲਾਂ ਨਹੀਂ ਕਰੇਗਾ ਜਿਨ੍ਹਾਂ ਬਾਰੇ ਉਸ ਨੇ ਤੁਹਾਨੂੰ ਆਖਿਆ ਹੈ। 14 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤੁਹਾਡੇ ਕਬਜ਼ੇ ਵਿੱਚ ਹਾਂ। ਮੇਰੇ ਨਾਲ ਓਹੀ ਸਲੂਕ ਕਰੋ ਜਿਹੜਾ ਤੁਸੀਂ ਚੰਗਾ ਅਤੇ ਠੀਕ ਸਮਝਦੇ ਹੋ। 15 ਪਰ ਜੇ ਤੁਸੀਂ ਮੈਨੂੰ ਮਾਰ ਦਿਓਗੇ, ਤਾਂ ਇੱਕ ਗੱਲ ਬਾਰੇ ਯਕੀਨ ਰੱਖਣਾ। ਤੁਸੀਂ ਇੱਕ ਬੇਗੁਨਾਹ ਬੰਦੇ ਨੂੰ ਮਾਰਨ ਦੇ ਦੋਸ਼ੀ ਹੋਵੋਗੇ। ਤੁਸੀਂ ਇਸ ਸ਼ਹਿਰ ਨੂੰ ਅਤੇ ਇਸਦੇ ਹਰ ਵਾਸੀ ਨੂੰ ਵੀ ਦੋਸ਼ੀ ਬਣਾ ਦਿਓਗੇ। ਯਹੋਵਾਹ ਨੇ ਸੱਚਮੁੱਚ ਮੈਨੂੰ ਤੁਹਾਡੇ ਵੱਲ ਭੇਜਿਆ ਹੈ। ਜਿਹੜਾ ਸੰਦੇਸ਼ ਤੁਸੀਂ ਸੁਣਿਆ ਹੈ ਓਹ ਯਹੋਵਾਹ ਵੱਲੋਂ ਹੀ ਹੈ।”

16 ਤਾਂ ਹਾਕਮ ਅਤੇ ਹੋਰ ਸਾਰੇ ਲੋਕ ਬੋਲੇ। ਉਨ੍ਹਾਂ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ, “ਯਿਰਮਿਯਾਹ ਨੂੰ ਮਾਰਨਾ ਨਹੀਂ ਚਾਹੀਦਾ। ਜਿਹੜੀਆਂ ਗੱਲਾਂ ਯਿਰਮਿਯਾਹ ਨੇ ਸਾਨੂੰ ਆਖੀਆਂ ਹਨ ਉਹ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੀ ਹਨ।”

17 ਤਾਂ ਕੁਝ ਬਜ਼ੁਰਗ ਖੜ੍ਹੇ ਹੋ ਗਏ ਅਤੇ ਲੋਕਾਂ ਨੂੰ ਕਹਿਣ ਲੱਗੇ। 18 ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ:

ਸੀਯੋਨ ਤਬਾਹ ਹੋ ਜਾਵੇਗਾ,
    ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ।
ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ।
    ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’ (A)

19 “ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ। ਅਤੇ ਹਿਜ਼ਕੀਯਾਹ ਨੇ ਮੀਕਾਹ ਨੂੰ ਨਹੀਂ ਸੀ ਮਾਰਿਆ। ਯਹੂਦਾਹ ਦੇ ਕਿਸੇ ਬੰਦੇ ਨੇ ਵੀ ਮੀਕਾਹ ਨੂੰ ਨਹੀਂ ਸੀ ਮਾਰਿਆ। ਤੁਸੀਂ ਜਾਣਦੇ ਹੋ ਕਿ ਹਿਜ਼ਕੀਯਾਹ ਯਹੋਵਾਹ ਦੀ ਇੱਜ਼ਤ ਕਰਦਾ ਸੀ। ਉਹ ਯਹੋਵਾਹ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ। ਯਹੋਵਾਹ ਨੇ ਆਖਿਆ ਸੀ ਕਿ ਉਹ ਯਹੂਦਾਹ ਲਈ ਮੰਦੀਆਂ ਗੱਲਾਂ ਕਰੇਗਾ। ਪਰ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਆਪਣਾ ਇਰਾਦਾ ਬਦਲ ਲਿਆ। ਯਹੋਵਾਹ ਨੇ ਉਹ ਮੰਦੀਆਂ ਗੱਲਾਂ ਨਹੀਂ ਕੀਤੀਆਂ। ਜੇ ਅਸੀਂ ਯਿਰਮਿਯਾਹ ਨੂੰ ਦੁੱਖ ਪੁਚਾਵਾਂਗੇ, ਤਾਂ ਅਸੀਂ ਆਪਣੇ ਲਈ ਬਹੁਤ ਮੁਸੀਬਤਾਂ ਖੜੀਆਂ ਕਰ ਲਵਾਂਗੇ। ਅਤੇ ਉਹ ਮੁਸੀਬਤਾਂ ਸਾਡੇ ਆਪਣੇ ਕਸੂਰ ਕਰਕੇ ਆਉਣਗੀਆਂ।”

20 ਅਤੀਤ ਵਿੱਚ, ਇੱਕ ਹੋਰ ਬੰਦਾ ਸੀ ਜਿਹੜਾ ਯਹੋਵਾਹ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਸੀ। ਉਸਦਾ ਨਾਮ ਸੀ ਊਰੀਯਾਹ। ਉਹ ਸ਼ਮਅਯਾਹ ਨਾਮ ਦੇ ਬੰਦੇ ਦਾ ਪੁੱਤਰ ਸੀ। ਊਰੀਯਾਹ ਕਿਰਯਬ-ਯਆਰੀਮ ਸ਼ਹਿਰ ਦਾ ਸੀ। ਊਰੀਯਾਹ ਨੇ ਵੀ ਇੱਕ ਸ਼ਹਿਰ ਦੇ ਵਿਰੁੱਧ ਉਨ੍ਹਾਂ ਗੱਲਾਂ ਦਾ ਹੀ ਪ੍ਰਚਾਰ ਕੀਤਾ ਸੀ ਜਿਸਦਾ ਯਿਰਮਿਯਾਹ ਨੇ ਕੀਤਾ ਹੈ। 21 ਰਾਜੇ ਯਹੋਯਾਕੀਮ ਅਤੇ ਉਸ ਦੇ ਫ਼ੌਜੀ ਅਫ਼ਸਰਾਂ ਅਤੇ ਯਹੂਦਾਹ ਦੇ ਆਗੂਆਂ ਨੇ ਊਰੀਯਾਹ ਦੇ ਪ੍ਰਚਾਰ ਨੂੰ ਸੁਣਿਆ। ਉਹ ਬਹੁਤ ਗੁੱਸੇ ਹੋਏ। ਰਾਜਾ ਯਹੋਯਾਕੀਮ ਊਰੀਯਾਹ ਨੂੰ ਮਾਰਨਾ ਚਾਹੁੰਦਾ ਸੀ। ਊਰੀਯਾਹ ਭੈਭੀਤ ਸੀ ਇਸ ਲਈ ਉਹ ਬਚਕੇ ਮਿਸਰ ਦੇਸ਼ ਨੂੰ ਭੱਜ ਗਿਆ। 22 ਪਰ ਰਾਜੇ ਯਹੋਯਾਕੀਮ ਨੇ ਇੱਕ ਅਲਨਾਥਾਨ ਨਾਮ ਦੇ ਬੰਦੇ ਅਤੇ ਕੁਝ ਹੋਰ ਲੋਕਾਂ ਨੂੰ ਮਿਸਰ ਭੇਜਿਆ। ਅਲਨਾਥਾਨ ਅਕਬੋਰ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। 23 ਉਨ੍ਹਾਂ ਲੋਕਾਂ ਨੇ ਊਰੀਯਾਹ ਨੂੰ ਮਿਸਰ ਵਿੱਚੋਂ ਲਿਆਂਦਾ। ਫ਼ੇਰ ਉਹ ਲੋਕ ਊਰੀਯਾਹ ਨੂੰ ਰਾਜੇ ਯਹੋਯਾਕੀਮ ਕੋਲ ਲੈ ਗਏ। ਯਹੋਯਾਕੀਮ ਨੇ ਊਰੀਯਾਹ ਨੂੰ ਤਲਵਾਰ ਨਾਲ ਕਤਲ ਕਰਨ ਦਾ ਹੁਕਮ ਦੇ ਦਿੱਤਾ। ਊਰੀਯਾਹ ਦੀ ਲਾਸ਼ ਨੂੰ ਉਸ ਕਬਰਿਸਤਾਨ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਗਰੀਬ ਲੋਕਾਂ ਨੂੰ ਦਫ਼ਨ ਕੀਤਾ ਜਾਂਦਾ ਸੀ।

24 ਉੱਥੇ ਇੱਕ ਮਹੱਤਵਪੂਰਣ ਆਦਮੀ ਸੀ ਜਿਸਦਾ ਨਾਮ ਸੀ ਸ਼ਾਫ਼ਾਨ ਦਾ ਪੁੱਤਰ ਅਹੀਕਾਮ। ਅਹੀਕਾਮ ਨੇ ਯਿਰਮਿਯਾਹ ਦੀ ਸਹਾਇਤਾ ਕੀਤੀ। ਇਸ ਲਈ ਅਹੀਕਾਮ ਨੇ ਯਿਰਮਿਯਾਹ ਨੂੰ ਜਾਜਕਾਂ ਅਤੇ ਨਬੀਆਂ ਹੱਥੋਂ ਕਤਲ ਹੋਣ ਤੋਂ ਬਚਾਇਆ।