A A A A A
Bible Book List

ਬਿਵਸਥਾ ਸਾਰ 3 Punjabi Bible: Easy-to-Read Version (ERV-PA)

ਬਾਸ਼ਾਨ ਦੇ ਲੋਕਾਂ ਨਾਲ ਲੜਦਿਆਂ

“ਅਸੀਂ ਵਾਪਸ ਮੁੜ ਪਏ ਅਤੇ ਬਾਸ਼ਾਨ ਦੇ ਰਸਤੇ ਉੱਤੇ ਪੈ ਗਏ। ਬਾਸ਼ਾਨ ਦਾ ਰਾਜਾ, ਓਗ ਅਤੇ ਉਸ ਦੇ ਸਾਰੇ ਬੰਦੇ ਅਦਰਈ ਵਿਖੇ ਸਾਡੇ ਨਾਲ ਲੜਾਈ ਕਰਨ ਲਈ ਬਾਹਰ ਆ ਗਏ। ਯਹੋਵਾਹ ਨੇ ਮੈਨੂੰ ਆਖਿਆ, ‘ਓਗ ਤੋਂ ਭੈਭੀਤ ਨਾ ਹੋਵੋ। ਮੈਂ ਉਸ ਨੂੰ ਤੁਹਾਡੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ ਹੈ। ਮੈਂ ਉਸ ਦੇ ਸਮੂਹ ਲੋਕਾਂ ਅਤੇ ਉਸਦੀ ਸਾਰੀ ਧਰਤੀ ਤੁਹਾਨੂੰ ਦੇ ਦੇਵਾਂਗਾ। ਤੁਸੀਂ ਉਸ ਨੂੰ ਉਸੇ ਤਰ੍ਹਾਂ ਹਰਾ ਦੇਵੋਂਗੇ ਜਿਸ ਤਰ੍ਹਾਂ ਅਮੋਰੀ ਰਾਜੇ, ਸੀਹੋਨ ਨੂੰ ਹਰਾਇਆ ਸੀ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ।’

“ਇਸੇ ਲਈ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਬਾਸ਼ਾਨ ਦੇ ਰਾਜੇ ਓਗ ਨੂੰ ਸਾਨੂੰ ਸੌਂਪ ਦਿੱਤਾ। ਅਸੀਂ ਉਸ ਨੂੰ ਅਤੇ ਉਸ ਦੇ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। ਫ਼ੇਰ ਅਸੀਂ ਉਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਉਸ ਵੇਲੇ ਓਗ ਦੇ ਸ਼ਾਸਨ ਹੇਠਾਂ ਸਨ। ਅਸੀਂ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਅਰਗੋਬ ਦੇ ਇਲਾਕੇ ਵਿੱਚ ਸਾਰੇ 60 ਸ਼ਹਿਰ ਲੈ ਲਈ। ਇਹ ਸਾਰੇ ਸ਼ਹਿਰ ਬਹੁਤ ਮਜ਼ਬੂਤ ਸਨ। ਉਨ੍ਹਾਂ ਦੀਆਂ ਕੰਧਾਂ ਉੱਚੀਆਂ ਸਨ ਅਤੇ ਉਨ੍ਹਾਂ ਦੇ ਸ਼ਹਿਰ ਉੱਤੇ ਮਜ਼ਬੂਤ ਸਰੀਆਂ ਵਾਲੇ ਫ਼ਾਟਕ ਸਨ, ਓੱਥੇ ਬਹੁਤ ਸਾਰੇ ਸ਼ਹਿਰ ਅਜਿਹੇ ਵੀ ਸਨ ਜਿਨ੍ਹਾਂ ਦੇ ਦੁਆਲੇ ਕੰਧਾਂ ਨਹੀਂ ਸਨ। ਅਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਹਸ਼ਬੋਨ ਦੇ ਰਾਜੇ ਸੀਹੋਨ ਦੇ ਸ਼ਹਿਰਾਂ ਨੂੰ ਕੀਤਾ ਸੀ। ਅਸੀਂ ਹਰ ਸ਼ਹਿਰ ਅਤੇ ਉਸ ਦੇ ਸਮੂਹ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਔਰਤਾਂ ਅਤੇ ਬੱਚਿਆਂ ਨੂੰ ਵੀ। ਪਰ ਅਸੀਂ ਉਨ੍ਹਾਂ ਸ਼ਹਿਰਾਂ ਦੀਆਂ ਗਾਵਾਂ ਅਤੇ ਕੀਮਤੀ ਚੀਜ਼ਾਂ ਨੂੰ ਆਪਣੇ ਲਈ ਰੱਖ ਲਿਆ।

“ਇਸ ਤਰ੍ਹਾਂ, ਅਸੀਂ ਦੋਹਾਂ ਅਮੋਰੀ ਰਾਜਿਆਂ ਦੀ ਧਰਤੀ ਖੋਹ ਲਈ। ਅਸੀਂ ਉਹ ਸਾਰੀ ਧਰਤੀ, ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਅਰਨੋਨ ਵਾਦੀ ਤੋਂ ਹਰਮੋਨ ਪਰਬਤ ਤੱਕ ਖੋਹ ਲਈ। (ਸੀਦੋਨ ਦੇ ਲੋਕ ਹਰਮੋਨ ਪਰਬਤ ਨੂੰ ਸਿਰਯੋਨ ਆਖਦੇ ਹਨ। ਪਰ ਅਮੋਰੀ ਇਸ ਨੂੰ ਸਨੀਰ ਆਖਦੇ ਸਨ।) 10 ਅਸੀਂ ਉੱਚੇ ਮੈਦਾਨਾਂ ਵਾਲੇ ਸਾਰੇ ਸ਼ਹਿਰਾਂ, ਸਾਰੇ ਗਿਲਆਦ ਅਤੇ ਸਲਕਾਹ ਤੋਂ ਅਦਰਈ ਤੀਕ ਸਾਰੇ ਬਾਸ਼ਾਨ ਉੱਤੇ ਕਬਜ਼ਾ ਕਰ ਲਿਆ। ਸਲਕਾਹ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਨਗਰ ਸਨ।”

11 (ਓਗ ਬਾਸ਼ਾਨ ਦਾ ਰਾਜਾ ਸੀ। ਓਗ ਹਾਲੇ ਤੀਕ ਬਚੇ ਹੋਏ ਥੋੜੇ ਜਿਹੇ ਰਫ਼ਾਈ ਲੋਕਾਂ ਵਿੱਚੋਂ ਇੱਕ ਸੀ। ਓਗ ਦਾ ਪਲੰਘ ਲੋਹੇ ਦਾ ਸੀ। ਇਹ 13 ਫੁੱਟ ਲੰਮਾ ਅਤੇ 6 ਫੁੱਟ ਚੌੜਾ ਸੀ। ਇਹ ਪਲੰਘ ਹਾਲੇ ਵੀ ਰੱਬਾਹ ਸ਼ਹਿਰ ਵਿੱਚ ਹੈ ਜਿੱਥੇ ਅੰਮੋਨੀ ਲੋਕ ਰਹਿੰਦੇ ਹਨ।)

ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ

12 “ਇਸ ਲਈ ਅਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ। ਮੈਂ ਇਸ ਧਰਤੀ ਵਿੱਚੋਂ ਇੱਕ ਹਿੱਸਾ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਨੂੰ ਦੇ ਦਿੱਤਾ। ਮੈਂ ਉਨ੍ਹਾਂ ਨੂੰ ਅਰਨੋਨ ਵਾਦੀ ਵਿੱਚਲੇ ਅਰੋਏਰ ਤੋਂ ਲੈ ਕੇ ਗਿਲਆਦ ਦੇ ਪਹਾੜੀ ਪ੍ਰਦੇਸ਼ ਤੱਕ ਦੀ ਧਰਤੀ, ਸ਼ਹਿਰਾਂ ਸਮੇਤ, ਦੇ ਦਿੱਤੀ। ਉਨ੍ਹਾਂ ਨੂੰ ਗਿਲਆਦ ਦੇ ਪਹਾੜੀ ਪ੍ਰਦੇਸ਼ ਦਾ ਅੱਧਾ ਹਿੱਸਾ ਮਿਲਿਆ। 13 ਮੈਂ ਗਿਲਆਦ ਦਾ ਬਾਕੀ ਅੱਧਾ ਹਿੱਸਾ ਅਤੇ ਬਾਸ਼ਾਨ ਦਾ ਸਾਰਾ ਇਲਾਕਾ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦੇ ਦਿੱਤਾ।”

(ਬਾਸ਼ਾਨ ਓਗ ਦਾ ਰਾਜ ਸੀ। ਬਾਸ਼ਾਨ ਦਾ ਇੱਕ ਹਿੱਸਾ ਅਰਗੋਬ ਅਖਵਾਉਂਦਾ ਸੀ। ਇਸ ਨੂੰ ਰਫ਼ਾਈਮ ਦੀ ਧਰਤੀ ਵੀ ਆਖਿਆ ਜਾਂਦਾ ਸੀ। 14 ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ, ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਹ ਇਲਾਕਾ ਗਸੂਰੀ ਲੋਕਾਂ ਅਤੇ ਮਆਕਾਤੀ ਲੋਕਾਂ ਦੀ ਸਰਹੱਦ ਤੱਕ ਫ਼ੈਲਿਆ ਹੋਇਆ ਸੀ ਇਹ ਜ਼ਮੀਨ ਯਾਈਰ ਦੀ ਸੀ ਅਤੇ ਇਸਦਾ ਨਾਮ ਉਸਤੋਂ ਬਾਦ ਧਰਿਆ ਗਿਆ ਸੀ ਅੱਜ ਵੀ ਬਾਸ਼ਾਨ, ਯਈਰ ਦਾ ਨਗਰ ਕਹਾਉਂਦਾ ਹੈ।)

15 “ਮੈਂ ਮਕੀਰ ਨੂੰ ਗਿਲਆਦ ਦੇ ਦਿੱਤਾ। 16 ਅਤੇ ਰਊਬੇਨ ਦੇ ਪਰਿਵਾਰ-ਸਮੂਹ ਅਤੇ ਗਾਦ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦੇ ਦਿੱਤੀ ਜਿਹੜੀ ਗਿਲਆਦ ਦੇ ਨਾਲ ਲੱਗਦੀ ਹੈ ਇਹ ਧਰਤੀ ਅਰਨੋਨ ਵਾਦੀ ਤੋਂ ਯਾਬੋਕ ਨਦੀ ਤੀਕ ਫ਼ੈਲੀ ਹੋਈ ਹੈ। ਵਾਦੀ ਦਾ ਵਿੱਚਲਾ ਹਿੱਸਾ ਇੱਕ ਸਰਹੱਦ ਹੈ। ਯਾਬੋਕ ਨਦੀ ਅੰਮੋਨੀ ਲੋਕਾਂ ਲਈ ਸਰਹੱਦ ਹੈ। 17 ਮਾਰੂਥਲ ਦੇ ਨੇੜੇ ਯਰਦਨ ਨਦੀ ਉਨ੍ਹਾਂ ਦੀ ਪੱਛਮੀ ਸਰਹੱਦ ਹੈ। ਗਲੀਲੀ ਦੀ ਝੀਲ ਇਸ ਇਲਾਕੇ ਦੇ ਉੱਤਰ ਵੱਲ ਹੈ ਅਤੇ ਡੈਡ ਸੀ (ਖਾਰਾ ਸਮੁੰਦਰ) ਦੱਖਣ ਵੱਲ ਹੈ। ਇਹ ਪਿਸਗਾਹ ਦੀਆਂ ਚੋਟੀਆਂ ਦੇ ਪੈਰਾਂ ਵਿੱਚ ਹੈ। ਇਹ ਪੂਰਬ ਵੱਲ ਹਨ।

18 “ਉਸ ਸਮੇਂ, ਮੈਂ ਉਨ੍ਹਾਂ ਪਰਿਵਾਰ-ਸਮੂਹਾਂ ਨੂੰ ਇਹ ਆਦੇਸ਼ ਦਿੱਤਾ ਸੀ: ‘ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਰਹਿਣ ਲਈ ਯਰਦਨ ਨਦੀ ਦੇ ਇਸ ਪਾਰ ਦੀ ਧਰਤੀ ਦਿੱਤੀ ਹੈ। ਪਰ ਹੁਣ ਤੁਹਾਡੇ ਸਿਪਾਹੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਥਿਆਰ ਲੈ ਕੇ ਇਸਰਾਏਲ ਦੇ ਬਾਕੀ ਪਰਿਵਾਰ-ਸਮੂਹਾਂ ਦੀ ਨਦੀਓ ਪਾਰ ਅਗਵਾਈ ਕਰਨ। 19 ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਗਾਵਾਂ ਹਨ। ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੀਆਂ ਗਾਵਾਂ ਉੱਥੇ ਇਨ੍ਹਾਂ ਸ਼ਹਿਰਾਂ ਵਿੱਚ ਹੀ ਰਹਿਣਗੇ, ਜੋ ਮੈਂ ਤੁਹਾਨੂੰ ਦਿੱਤੇ ਹਨ। 20 ਪਰ ਤੁਹਾਨੂੰ ਆਪਣੇ ਇਸਰਾਏਲੀ ਰਿਸ਼ਤੇਦਾਰਾਂ ਦੀ ਉਦੋਂ ਤੱਕ ਸਹਾਇਤਾ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਯਰਦਨ ਨਦੀ ਦੇ ਪਰਲੇ ਪਾਸੇ ਵੱਲ ਦੀ ਉਸ ਧਰਤੀ ਉੱਤੇ ਕਬਜ਼ਾ ਨਹੀਂ ਕਰ ਲੈਂਦੇ ਜਿਹੜੀ ਯਹੋਵਾਹ ਉਨ੍ਹਾਂ ਨੂੰ ਦੇ ਰਿਹਾ ਹੈ। ਉਨ੍ਹਾਂ ਦੀ ਉਦੋਂ ਤੀਕ ਸਹਾਇਤਾ ਕਰੋ ਜਦੋਂ ਤੱਕ ਕਿ ਯਹੋਵਾਹ ਉਨ੍ਹਾਂ ਨੂੰ ਉੱਥੇ ਅਮਨ ਪ੍ਰਦਾਨ ਨਹੀਂ ਕਰ ਦਿੰਦਾ, ਜਿਹਾ ਕਿ ਉਸ ਨੇ ਇੱਥੇ ਤੁਹਾਡੇ ਲਈ ਕੀਤਾ ਸੀ। ਫ਼ੇਰ ਭਾਵੇਂ ਤੁਸੀਂ ਇਸ ਧਰਤੀ ਉੱਤੇ ਵਾਪਸ ਆ ਜਾਣਾ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।’

21 “ਫ਼ੇਰ ਮੈਂ ਯਹੋਸ਼ੁਆ ਨੂੰ ਆਖਿਆ, ‘ਤੂੰ ਉਹ ਸਾਰੀਆਂ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ, ਤੇਰੇ ਪਰਮੇਸ਼ੁਰ ਨੇ ਇਨ੍ਹਾਂ ਦੋਹਾਂ ਰਾਜਿਆਂ ਨਾਲ ਕੀਤੀਆਂ ਹਨ। ਯਹੋਵਾਹ ਉਨ੍ਹਾਂ ਸਾਰੇ ਰਾਜਾ ਨਾਲ ਵੀ ਇਹੋ ਗੱਲ ਕਰੇਗਾ ਜਿਨ੍ਹਾਂ ਵਿੱਚ ਤੁਸੀਂ ਦਾਖਲ ਹੋਵੋਂਗੇ। 22 ਇਨ੍ਹਾਂ ਧਰਤੀਆਂ ਦੇ ਰਾਜਿਆਂ ਤੋਂ ਭੈਭੀਤ ਨਾ ਹੋਵੋ; ਕਿਉਂਕਿ ਯਹੋਵਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਲਈ ਲੜੇਗਾ।’

ਮੂਸਾ ਨੂੰ ਕਨਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ

23 “ਫ਼ੇਰ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਮੇਰੇ ਲਈ ਕੋਈ ਖਾਸ ਗੱਲ ਕਰੇ। ਮੈਂ ਆਖਿਆ, 24 ‘ਯਹੋਵਾਹ ਮੇਰੇ ਸੁਆਮੀ, ਮੈਂ ਤੁਹਾਡਾ ਸੇਵਕ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉਨ੍ਹਾਂ ਅਦਭੁਤ ਅਤੇ ਸ਼ਕਤੀਸ਼ਾਲੀ ਚੀਜ਼ਾਂ ਦਾ ਕੇਵਲ ਇੱਕ ਛੋਟਾ ਹਿੱਸਾ ਹੀ ਦਰਸਾਇਆ ਹੈ ਜੋ ਤੁਸੀਂ ਕਰੋਂਗੇ। ਅਕਾਸ਼ ਅਤੇ ਧਰਤੀ ਉੱਤੇ ਕੋਈ ਵੀ ਦੇਵਤਾ ਅਜਿਹਾ ਨਹੀਂ ਜਿਹੜਾ ਉਹੋ ਜਿਹੀਆਂ ਮਹਾਨ ਅਤੇ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ ਜੋ ਤੁਸੀਂ ਕੀਤੀਆਂ ਹਨ! 25 ਕਿਰਪਾ ਕਰਕੇ ਮੈਨੂੰ ਯਰਦਨ ਨਦੀ ਦੇ ਪਾਰ ਜਾਣ ਦੇਵੋ ਅਤੇ ਪਰਲੇ ਪਾਸੇ ਦੀ ਚੰਗੀ ਧਰਤੀ ਦੇਖਣ ਦੇਵੋ। ਮੈਨੂੰ ਲਬਾਨੋਨ ਦਾ ਖੂਬਸੂਰਤ ਪਹਾੜੀ ਪ੍ਰਦੇਸ਼ ਦੇਖਣ ਦਿਉ।’

26 “ਪਰ ਯਹੋਵਾਹ ਮੇਰੇ ਨਾਲ ਤੁਹਾਡੇ ਕਾਰਣ ਨਾਰਾਜ਼ ਸੀ ਅਤੇ ਮੇਰੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। ਯਹੋਵਾਹ ਨੇ ਮੈਨੂੰ ਆਖਿਆ, ‘ਇਹ ਕਾਫ਼ੀ ਹੈ! ਇਸ ਬਾਰੇ ਇੱਕ ਵੀ ਸ਼ਬਦ ਹੋਰ ਨਾ ਆਖ। 27 ਪਿਸਗਾਹ ਦੀ ਪਹਾੜੀ ਦੀ ਚੋਟੀ ਉੱਤੇ ਜਾ। ਪੱਛਮ ਵੱਲ, ਉੱਤਰ ਵੱਲ, ਦੱਖਣ ਵੱਲ ਅਤੇ ਪੂਰਬ ਵੱਲ ਨਜ਼ਰ ਮਾਰ। ਤੂੰ ਉਨ੍ਹਾਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ, ਪਰ ਤੂੰ ਯਰਦਨ ਨਦੀ ਦੇ ਪਾਰ ਕਦੇ ਨਹੀਂ ਜਾ ਸੱਕੇਂਗਾ। 28 ਤੈਨੂੰ ਚਾਹੀਦਾ ਹੈ ਕਿ ਯਹੋਸ਼ੁਆ ਨੂੰ ਹਿਦਾਇਤਾਂ ਦੇਵੇ। ਉਸਦੀ ਹੌਂਸਲਾ ਅਫ਼ਜ਼ਾਈ ਕਰ। ਉਸ ਨੂੰ ਮਜ਼ਬੂਤ ਬਣਾ! ਕਿਉਂਕਿ ਯਹੋਸ਼ੂਆ ਨੂੰ ਅਵੱਸ਼ ਹੀ ਲੋਕਾਂ ਦੀ ਯਰਦਨ ਨਦੀ ਦੇ ਪਾਰ ਅਗਵਾਈ ਕਰਨੀ ਚਾਹੀਦੀ ਹੈ। ਤੂੰ ਧਰਤੀ ਨੂੰ ਦੇਖ ਸੱਕਦਾ ਹੈ, ਪਰ ਯਹੋਸ਼ੁਆ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਕਰੇਗਾ। ਉਹ ਉਨ੍ਹਾਂ ਦੀ ਉਸ ਧਰਤੀ ਉੱਤੇ ਕਬਜ਼ਾ ਕਰਨ ਵਿੱਚ ਅਤੇ ਉੱਥੇ ਰਹਿਣ ਵਿੱਚ ਸਹਾਇਤਾ ਕਰੇਗਾ।’

29 “ਇਸ ਲਈ ਅਸੀਂ ਬੈਤ-ਪਓਰ ਤੋਂ ਪਾਰ ਦੀ ਵਾਦੀ ਵਿੱਚ ਰੁਕੇ ਰਹੇ।”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes