
ਪਰਕਾਸ਼ ਦੀ ਪੋਥੀ 3 Punjabi Bible: Easy-to-Read Version (ERV-PA)ਯਿਸੂ ਦਾ ਸਾਰਦੀਸ ਦੀ ਕਲੀਸਿਯਾ ਨੂੰ ਪੱਤਰ3 “ਸਾਰਦੀਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਸ ਕੋਲ ਸੱਤ ਆਤਮੇ ਅਤੇ ਸੱਤ ਤਾਰੇ ਹਨ ਇਹ ਗੱਲਾਂ ਦੱਸ ਰਿਹਾ ਹੈ। ਲੋਕ ਆਖਦੇ ਹਨ ਕਿ ਤੁਸੀਂ ਜਿਉਂਦੇ ਹੋ। ਪਰ ਅਸਲ ਵਿੱਚ ਤੁਸੀਂ ਮੁਰਦਾ ਹੋ। 2 ਜਾਗੋ। ਆਪਣੇ ਆਪ ਨੂੰ ਉਦੋਂ ਤੱਕ ਤਾਕਤਵਰ ਬਣਾਓ ਜਦੋਂ ਤੱਕ ਤੁਹਾਡੇ ਕੋਲ ਕੁਝ ਹੈ। ਆਪਣੇ ਆਪ ਨੂੰ ਉਸਤੋਂ ਪਹਿਲਾਂ ਤਾਕਤਵਰ ਬਣਾਓ ਜਦੋਂ ਤੱਕ ਉਹ ਜੋ ਤੁਹਾਡੇ ਕੋਲ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਮੈਂ ਦੇਖ ਸੱਕਦਾ ਹਾਂ ਕਿ ਜੋ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਕਾਫ਼ੀ ਚੰਗੀਆਂ ਨਹੀਂ ਹਨ। 3 ਜੋ ਕੁਝ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ ਉਸ ਨੂੰ ਯਾਦ ਰੱਖੋ। ਇਸ ਨੂੰ ਚਿੰਬੜੇ ਰਹੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। ਤੁਹਾਨੂੰ ਜਾਗਣਾ ਪਵੇਗਾ ਨਹੀਂ ਤਾਂ ਮੈਂ ਇੱਕ ਚੋਰ ਵਾਂਗ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਹੈਰਾਨ ਕਰ ਦਿਆਂਗਾ ਜਦੋਂ ਮੈਂ ਆ ਜਾਵਾਂਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। 4 ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ। 5 ਹਰ ਉਹ ਵਿਅਕਤੀ ਜਿਹੜਾ ਜਿੱਤ ਹਾਸਿਲ ਕਰੇਗਾ ਇਨ੍ਹਾਂ ਲੋਕਾਂ ਵਾਂਗ ਹੀ ਚਿੱਟੇ ਵਸਤਰ ਪਹਿਨੇਗਾ। ਮੈਂ ਉਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚੋਂ ਨਹੀਂ ਕੱਢਾਂਗਾ। ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਨਮੁੱਖ ਆਖਾਂਗਾ ਕਿ ਉਹ ਮੇਰੇ ਨਾਲ ਸੰਬੰਧਿਤ ਹਨ। 6 ਹਰ ਵਿਅਕਤੀ ਜੋ ਸੁਣਦਾ ਹੈ ਉਸ ਨੂੰ ਉਹ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ7 “ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। 8 ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। 9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ। 11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ। ਯਿਸੂ ਦਾ ਲਾਉਦਿਕੀਏ ਦੀ ਕਲੀਸਿਯਾ ਨੂੰ ਪੱਤਰ14 “ਲਾਉਦਿਕੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ: “ਉਹ ਇੱਕ ਜਿਹੜਾ “ਆਮੀਨ” ਹੈ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹੈ। ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਉਹ ਉਨ੍ਹਾਂ ਸਭ ਦੇਸ਼ਾਂ ਦਾ ਹਾਕਮ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ ਹੈ। ਉਹ ਇਹ ਗੱਲਾਂ ਆਖਦਾ ਹੈ। 15 “ਮੈਂ ਤੁਹਾਡੀਆਂ ਕਰਨੀਆਂ ਨੂੰ ਜਾਣਦਾ ਹਾਂ। ਨਾ ਹੀ ਤੁਸੀਂ ਗਰਮ ਹੋ ਤੇ ਨਾ ਹੀ ਠੰਡੇ ਹੋ। ਮੈਂ ਇੱਛਾ ਕਰਦਾ ਹਾਂ ਕਿ ਜਾਂ ਤਾਂ ਤੁਸੀਂ ਠੰਡੇ ਸੀ ਜਾਂ ਗਰਮ। 16 ਪਰ ਤੁਸੀਂ ਸਿਰਫ਼ ਕੋਸੇ ਹੋ—ਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ। 17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ। 19 “ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। 20 ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ। 21 “ਹਰ ਉਸ ਵਿਅਕਤੀ ਨੂੰ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਮੈਂ ਆਪਣੇ ਨਾਲ ਤਖਤ ਤੇ ਬਿਠਾਵਾਂਗਾ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਮੈਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਨਾਲ ਉਸ ਦੇ ਤਖਤ ਤੇ ਬੈਠ ਗਿਆ। 22 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”
Punjabi Bible: Easy-to-Read Version (ERV-PA) 2010 by World Bible Translation Center |