A A A A A
Bible Book List

ਪਰਕਾਸ਼ ਦੀ ਪੋਥੀ 11 Punjabi Bible: Easy-to-Read Version (ERV-PA)

ਦੋ ਗਵਾਹ

11 ਫ਼ੇਰ ਮੈਨੂੰ ਇੱਕ ਮਾਪਣ ਵਾਲੀ ਸਲਾਖ ਦਿੱਤੀ ਗਈ ਸੀ ਜੋ ਕਿ ਇੱਕ ਖੂੰਡੀ ਵਰਗੀ ਸੀ। ਮੈਨੂੰ ਕਿਹਾ ਗਿਆ, “ਜਾ ਅਤੇ ਪਰਮੇਸ਼ੁਰ ਦੇ ਮੰਦਰ ਅਤੇ ਜੱਗਵੇਦੀ ਨੂੰ ਮਾਪ ਅਤੇ ਉੱਥੇ ਉਪਾਸਨਾ ਕਰਦੇ ਲੋਕਾਂ ਦੀ ਗਿਣਤੀ ਵੀ ਕਰੀਂ। ਪਰ ਮੰਦਰ ਦੇ ਬਾਹਰਲੇ ਵਿਹੜੇ ਨੂੰ ਨਾ ਮਾਪੀਂ, ਇਸ ਨੂੰ ਛੱਡ ਦੇਵੀਂ। ਇਹ ਗੈਰ ਯਹੂਦੀਆਂ ਨੂੰ ਦਿੱਤਾ ਗਿਆ ਸੀ। ਅਤੇ ਉਹ ਬਤਾਲੀ ਮਹੀਨਿਆਂ ਤੱਕ ਪਵਿੱਤਰ ਸ਼ਹਿਰ ਨੂੰ ਮਿੱਧਣਗੇ। ਮੈਂ ਆਪਣੇ ਦੋ ਗਵਾਹਾਂ ਨੂੰ ਸ਼ਕਤੀ ਦੇਵਾਂਗਾ ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਅਗੰਮ ਵਾਕ ਕਰਨਗੇ। ਉਹ ਤੱਪੜ ਪਹਿਨੇ ਹੋਏ ਹੋਣਗੇ।”

ਇਹ ਦੋ ਗਵਾਹ ਜੈਤੂਨ ਦੇ ਦੋ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਸਨਮੁੱਖ ਖੜਦੇ ਹਨ। ਜੇ ਕੋਈ ਇਨ੍ਹਾਂ ਗਵਾਹਾਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਦਾ, ਤਾਂ ਗਵਾਹ ਦੇ ਮੂੰਹੋ ਅੱਗ ਨਿਕਲਦੀ ਹੈ ਅਤੇ ਦੁਸ਼ਮਣਾਂ ਨੂੰ ਮਾਰ ਦਿੰਦੀ ਹੈ। ਜਿਹੜਾ ਵਿਅਕਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਸੇ ਤਰ੍ਹਾਂ ਮਾਰਿਆ ਜਾਵੇਗਾ। ਇਨ੍ਹਾਂ ਗਵਾਹਾਂ ਕੋਲ ਅਕਾਸ਼ ਤੋਂ ਆਉਂਦੇ ਮੀਂਹ ਨੂੰ ਵੀ ਰੋਕਣ ਦੀ ਸ਼ਕਤੀ ਹੈ, ਉਸ ਸਮੇਂ ਜਦੋਂ ਉਹ ਅਗੰਮ ਵਾਕ ਕਰ ਰਹੇ ਹੋਣ। ਇਨ੍ਹਾਂ ਗਵਾਹਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਦੀ ਸ਼ਕਤੀ ਹੈ। ਉਨ੍ਹਾਂ ਦੇ ਕੋਲ ਧਰਤੀ ਦੇ ਹਰ ਤਰ੍ਹਾਂ ਦੀ ਭਿਆਨਕ ਮੁਸੀਬਤ ਨੂੰ ਭੇਜਣ ਦੀ ਸ਼ਕਤੀ ਹੈ। ਉਹ ਇਹ ਗੱਲ ਜਿੰਨੀ ਵਾਰ ਮਰਜੀ ਕਰ ਸੱਕਦੇ ਹਨ।

ਜਦੋਂ ਇਨ੍ਹਾਂ ਦੋਹਾਂ ਗਵਾਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਫ਼ੈਲਾਉਣ ਦਾ ਕੰਮ ਪੂਰਾ ਕਰ ਲਿਆ, ਤਾਂ ਜਾਨਵਰ ਉਨ੍ਹਾਂ ਦੇ ਵਿਰੁੱਧ ਲੜੇਗਾ। ਇਹ ਉਹੀ ਜਾਨਵਰ ਹੈ ਜਿਹੜਾ ਤਲਹੀਣ ਖੱਡ ਵਿੱਚੋਂ ਆਇਆ ਹੈ। ਉਹ ਉਨ੍ਹਾਂ ਦੋਹਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ। ਇਨ੍ਹਾਂ ਦੋਹਾਂ ਗਵਾਹਾਂ ਦੇ ਸਰੀਰ ਵੱਡੇ ਸ਼ਹਿਰ ਦੀ ਗਲੀ ਵਿੱਚ ਪਏ ਹੋਣਗੇ। ਇਸ ਸ਼ਹਿਰ ਦਾ ਨਾਮ ਸਦੂਮ ਅਤੇ ਮਿਸਰ ਹੈ। ਸ਼ਹਿਰ ਦੇ ਇਨ੍ਹਾਂ ਨਾਮਾਂ ਦਾ ਖਾਸ ਅਰਥ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਉਨ੍ਹਾਂ ਦਾ ਪ੍ਰਭੂ ਮਰਿਆ ਸੀ। ਹਰ ਜਾਤੀ, ਕਬੀਲਾ, ਭਾਸ਼ਾ ਅਤੇ ਕੌਮ ਦੇ ਲੋਕ ਸਾਢੇ ਤਿੰਨ ਦਿਨਾਂ ਤੱਕ ਇਨ੍ਹਾਂ ਦੋਹਾਂ ਲੋਥਾਂ ਉੱਤੇ ਨਿਗਾਹ ਰੱਖਣਗੇ। ਉਹ ਉਨ੍ਹਾਂ ਨੂੰ ਕਿਸੇ ਨੂੰ ਵੀ ਦਫ਼ਨਾਉਣ ਨਹੀਂ ਦੇਵੇਗਾ। 10 ਧਰਤੀ ਦੇ ਰਹਿਣ ਵਾਲੇ ਲੋਕ ਇਸ ਗੱਲੋਂ ਖੁਸ਼ ਹੋਣਗੇ ਕਿ ਇਹ ਦੋਨੋਂ ਮਰ ਚੁੱਕੇ ਹਨ। ਉਹ ਦਾਅਵਤਾਂ ਕਰਨਗੇ ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣਗੇ। ਉਹ ਇਹ ਗੱਲ ਇਸ ਲਈ ਕਰਨਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ (ਗਵਾਹਾਂ) ਨੇ ਦੁਨੀਆਂ ਦੇ ਲੋਕਾਂ ਲਈ ਹੁਣ ਬਹੁਤ ਦੁੱਖ ਤਕਲੀਫ਼ਾਂ ਲਿਆਂਦੀਆਂ।

11 ਪਰ ਸਾਢੇ ਤਿੰਨਾਂ ਦਿਨਾਂ ਪਿੱਛੋਂ ਪਰਮੇਸ਼ੁਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ ਤੇ ਖਲੋ ਗਏ। ਉਹ ਸਾਰੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਡਰ ਨਾਲ ਭਰ ਗਏ ਸਨ। 12 ਫ਼ੇਰ ਦੋਹਾ ਗਵਾਹਾਂ ਨੇ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਆਖਦੀ ਸੁਣੀ, “ਇਥੇ ਉੱਤੇ ਆ ਜਾਓ।” ਫ਼ੇਰ ਉਹ ਬੱਦਲ ਵਿੱਚ ਤਾਹਾਂ ਸਵਰਗ ਨੂੰ ਚੱਲੇ ਗਏ। ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂਦਿਆਂ ਦੇਖਦੇ ਰਹੇ।

13 ਉਸੇ ਵੇਲੇ ਹੀ ਇੱਕ ਵੱਡਾ ਭੁਚਾਲ ਆਇਆ। ਸ਼ਹਿਰ ਦਾ ਦੱਸਵਾਂ ਹਿੱਸਾ ਤਬਾਹ ਹੋ ਗਿਆ। ਅਤੇ ਭੁਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ। ਜਿਹੜੇ ਲੋਕ ਬਚ ਗਏ ਬਹੁਤ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮਹਿਮਾਮਈ ਕੀਤਾ।

14 ਦੂਸਰੀ ਵੱਡੀ ਮੁਸੀਬਤ ਖਤਮ ਹੋ ਚੁੱਕੀ ਸੀ। ਤੀਸਰੀ ਵੱਡੀ ਮੁਸੀਬਤ ਛੇਤੀ ਹੀ ਆਉਣ ਵਾਲੀ ਹੈ।

ਸੱਤਵਾਂ ਬਿਗੁਲ

15 ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ:

“ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ।
    ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”

16 ਫ਼ੇਰ ਉਹ ਚੌਵੀ ਬਜ਼ੁਰਗ ਆਪਣੇ ਸਿਰਾਂ ਤੇ ਝੁਕੇ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਇਹ ਉਹੀ ਬਜ਼ੁਰਗ ਸਨ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਤਖਤਾਂ ਤੇ ਬੈਠੇ ਹੋਏ ਸਨ। 17 ਬਜ਼ੁਰਗਾਂ ਨੇ ਆਖਿਆ:

“ਹੇ ਪ੍ਰਭੂ ਅੱਤ ਸ਼ਕਤੀਸ਼ਾਲੀ ਪਰਮੇਸ਼ੁਰ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿਉਂਕਿ ਤੂੰ ਹੀ ਹੈ
    ਜੋ ਮੋਜੂਦ ਸੀ ਅਤੇ ਹਮੇਸ਼ਾ ਹੀ ਮੋਜੂਦ ਹੈ।
ਅਸੀਂ ਧੰਨਵਾਦ ਕਰਦੇ ਹਾਂ ਤੇਰਾ ਕਿਉਂਕਿ ਤੂੰ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ ਹੈ ਅਤੇ
    ਹਕੂਮਤ ਕਰਨੀ ਅਰੰਭ ਕੀਤੀ ਹੈ।
18 ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ;
    ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ।
ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ।
    ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ।
ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ
    ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ।
ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”

19 ਫ਼ੇਰ ਸਵਰਗ ਵਿੱਚ ਪਰਮੇਸ਼ੁਰ ਦਾ ਮੰਦਰ ਖੁਲ੍ਹ ਗਿਆ। ਉਹ ਪਵਿੱਤਰ ਬਕਸਾ ਜਿਸ ਵਿੱਚ ਇਕਰਾਰਨਾਮਾ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ ਸੀ, ਉਸ ਨੂੰ ਉਸ ਦੇ ਮੰਦਰ ਵਿੱਚ ਦੇਖਿਆ ਜਾ ਸੱਕਦਾ ਸੀ। ਫ਼ੇਰ ਉੱਥੇ ਲਸ਼ਕਾਂ, ਗਰਜਾਂ, ਬਿਜਲੀ ਦਾ ਕੜਕਣਾ, ਭੁਚਾਲ, ਬਹੁਤ ਵੱਡੇ ਗੜ੍ਹੇ ਵਰ੍ਹੇ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes