Add parallel Print Page Options

ਇਸਰਾਏਲ ਅਤੇ ਬਿਨਯਾਮੀਨ ਵਿੱਚਕਾਰ ਲੜਾਈ

20 ਇਸ ਲਈ ਇਸਰਾਏਲ ਦੇ ਸਾਰੇ ਲੋਕ ਇਕੱਠੇ ਹੋ ਗਏ। ਉਹ ਮਸਫ਼ਾਹ ਸ਼ਹਿਰ ਵਿਖੇ ਆਕੇ ਯਹੋਵਾਹ ਦੇ ਸਨਮੁੱਖ ਖਲੋ ਗਏ। ਲੋਕ ਦਾਨ ਤੋਂ ਲੈ ਕੇ ਬਏਰਸ਼ਬਾ (ਇਸਰਾਏਲ ਦੇ ਸਾਰੇ ਭਾਗਾਂ ਤੋਂ) ਆਏ। ਗਿਲਆਦ ਦੇ ਇਸਰਾਏਲੀ ਲੋਕ ਵੀ ਉੱਥੇ ਸਨ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂ ਉੱਥੇ ਆਏ। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਆਮ ਸਭਾ ਵਿੱਚੋਂ ਆਪੋ-ਆਪਣੀ ਥਾਂ ਗ੍ਰਹਿਣ ਕਰ ਲਈ। ਉੱਥੇ 4,00,000 ਤਲਵਾਰਧਾਰੀ ਸਿਪਾਹੀ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਮਿਸਫ਼ਾਹ ਵਿਖੇ ਇਕੱਠੇ ਹੋ ਰਹੇ ਹਨ। ਇਸਰਾਏਲ ਦੇ ਲੋਕਾਂ ਨੇ ਆਖਿਆ, “ਸਾਨੂੰ ਇਹ ਦੱਸੋ ਕਿ ਇਹ ਭਿਆਨਕ ਗੱਲ ਵਾਪਰੀ ਕਿਵੇਂ।”

ਇਸ ਲਈ ਉਸ ਔਰਤ ਦੇ ਪਤੀ ਨੇ, ਜਿਸਦੀ ਔਰਤ ਨੂੰ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਸਾਰੀ ਵਾਰਤਾ ਸੁਣਾਈ। ਉਸ ਨੇ ਆਖਿਆ, “ਮੈਂ ਅਤੇ ਮੇਰੀ ਦਾਸੀ ਬਿਨਯਾਮੀਨ ਇਲਾਕੇ ਦੇ ਗਿਬਆਹ ਸ਼ਹਿਰ ਵਿੱਚ ਆਏ। ਅਸੀਂ ਉੱਥੇ ਰਾਤ ਕੱਟੀ। ਪਰ ਰਾਤ ਵੇਲੇ ਗਿਬਆਹ ਸ਼ਹਿਰ ਦੇ ਆਗੂ ਉਸ ਘਰ ਵਿੱਚ ਆਏ ਜਿੱਥੇ ਮੈਂ ਠਹਿਰਿਆ ਹੋਇਆ ਸਾਂ। ਉਨ੍ਹਾਂ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੀ ਦਾਸੀ ਨਾਲ ਬਲਾਤਕਾਰ ਕੀਤਾ ਅਤੇ ਉਹ ਮਰ ਗਈ। ਇਸ ਲਈ ਮੈਂ ਆਪਣੀ ਦਾਸੀ ਨੂੰ ਲੈ ਆਇਆ ਅਤੇ ਉਸ ਦੇ ਟੁਕੜੇ ਕੀਤੇ। ਫ਼ੇਰ ਮੈਂ ਇੱਕ-ਇੱਕ ਟੁਕੜਾ ਇਸਰਾਏਲ ਦੇ ਪਰਿਵਾਰ-ਸਮੂਹਾਂ ਨੂੰ ਭੇਜ ਦਿੱਤਾ। ਮੈਂ 12 ਟੁਕੜੇ ਉਨ੍ਹਾਂ ਧਰਤੀਆਂ ਨੂੰ ਭੇਜੇ ਜਿਨ੍ਹਾਂ ਨੂੰ ਅਸੀਂ ਹਾਸਿਲ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਬਿਨਯਾਮੀਨ ਦੇ ਲੋਕਾਂ ਨੇ ਇਸਰਾਏਲ ਵਿੱਚ ਇਹ ਭਿਆਨਕ ਕਾਰਾ ਕੀਤਾ ਹੈ। ਹੁਣ, ਤੁਸੀਂ ਇਸਰਾਏਲ ਦੇ ਸਾਰੇ ਲੋਕੋ, ਗੱਲ ਕਰੋ। ਆਪਣਾ ਨਿਆਂ ਦਿਉ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”

ਫ਼ੇਰ ਸਾਰੇ ਲੋਕ ਇੱਕੋ ਵਾਰੀ ਉੱਠ ਕੇ ਖੜ੍ਹੇ ਹੋ ਗਏ। ਉਨ੍ਹਾਂ ਨੇ ਮਿਲਕੇ ਆਖਿਆ, “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੇ ਘਰ ਨਹੀਂ ਜਾਵੇਗਾ। ਨਹੀਂ, ਸਾਡੇ ਵਿੱਚੋਂ ਕੋਈ ਵੀ ਆਪਣੇ ਘਰ ਨਹੀਂ ਜਾਵੇਗਾ। ਹੁਣ ਅਸੀਂ ਗਿਬਆਹ ਸ਼ਹਿਰ ਨਾਲ ਇਹ ਸਲੂਕ ਕਰਾਂਗੇ: ਅਸੀਂ ਪਰਚੀਆਂ ਪਾਵਾਂਗੇ ਅਤੇ ਪਰਮੇਸ਼ੁਰ ਉੱਤੇ ਨਿਆਂ ਛੱਡ ਦਿਆਂਗੇ ਕਿ ਉਨ੍ਹਾਂ ਲੋਕਾਂ ਨਾਲ ਕੀ ਕਰਨਾ ਹੈ। 10 ਅਸੀਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ 100 ਬੰਦਿਆਂ ਵਿੱਚੋਂ ਹਰੇਕ ਵਿੱਚੋਂ ਦਸ ਆਦਮੀ ਚੁਣਾਂਗੇ। ਅਤੇ ਅਸੀਂ ਹਰੇਕ 1,000 ਬੰਦਿਆਂ ਵਿੱਚੋਂ 100 ਬੰਦੇ ਚੁਣਾਂਗੇ ਅਸੀਂ ਹਰੇਕ 10,000 ਬੰਦਿਆਂ ਵਿੱਚੋਂ 1,000 ਬੰਦੇ ਚੁਣਾਂਗੇ। ਉਹ ਬੰਦੇ ਜਿਨ੍ਹਾਂ ਨੂੰ ਅਸੀਂ ਚੁਣਾਂਗੇ, ਫ਼ੌਜ ਲਈ ਰਸਦ ਲਿਆਉਣਗੇ। ਫ਼ੇਰ ਫ਼ੌਜ ਬਿਨਯਾਮੀਨ ਦੇ ਇਲਾਕੇ ਵਿੱਚ ਗਿਬਆਹ ਸ਼ਹਿਰ ਵਿਖੇ ਜਾਵੇਗੀ। ਫ਼ੌਜ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ। ਜਿਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਅਜਿਹਾ ਕੁਕਰਮ ਕੀਤਾ।”

11 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਗਿਬਆਹ ਸ਼ਹਿਰ ਵਿਖੇ ਇਕੱਠੇ ਹੋ ਗਏ। ਉਹ ਸਾਰੇ ਇਸ ਗੱਲੋਂ ਸਹਿਮਤ ਸਨ ਕਿ ਉਹ ਕੀ ਕਰਨ ਜਾ ਰਹੇ ਸਨ। 12-13 ਇਸਰਾਏਲ ਦੇ ਪਰਿਵਾਰ-ਸਮੂਹਾਂ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਕੋਲ ਕੁਝ ਆਦਮੀ ਸੰਦੇਸ਼ ਦੇਣ ਲਈ ਭੇਜੇ। ਸੰਦੇਸ਼ ਸੀ: “ਇਹ ਕਿਹੋਂ ਜਿਹੀ ਬਦੀ ਤੁਹਾਡੇ ਦਰਮਿਆਨ ਹੋਈ ਸੀ? ਗਿਬਆਹ ਦੇ ਉਨ੍ਹਾਂ ਬਦਮਾਸ਼ਾਂ ਨੂੰ ਸਾਡੇ ਹਵਾਲੇ ਕਰ ਦਿਉ। ਤਾਂ ਜੇ ਅਸੀਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਸੱਕੀਏ। ਅਸੀਂ ਇਸ ਦੁਸ਼ਟਾਤਾ ਨੂੰ ਇਸਰਾਏਲ ਦੇ ਲੋਕਾਂ ਦਰਮਿਆਨੋ ਪੁੱਟ ਸੁੱਟਾਂਗੇ।”

ਪਰ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਸੰਦੇਸ਼ਵਾਹਕਾਂ ਦੀ ਗੱਲ ਨਹੀਂ ਸੁਣੀ, ਜੋ ਕਿ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਸੰਬੰਧਿਤ ਸਨ। 14 ਬਿਨਯਾਮੀਨ ਦੇ ਪਰਿਵਾਰ-ਸਮੁਹਾਂ ਦੇ ਲੋਕ ਆਪਣੇ ਸ਼ਹਿਰ ਛੱਡ ਕੇ ਗਿਬਆਹ ਸ਼ਹਿਰ ਚੱਲੇ ਗਏ। ਉਹ ਗਿਬਆਹ ਵਿਖੇ ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਨਾਲ ਲੜਨ ਲਈ ਗਏ। 15 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 26,000 ਸਿਪਾਹੀ ਇਕੱਠੇ ਕਰ ਲਏ। ਉਨ੍ਹਾਂ ਸਾਰੇ ਸਿਪਾਹਿਆਂ ਨੂੰ ਜੰਗ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਕੋਲ ਗਿਬਆਹ ਸ਼ਹਿਰ ਦੇ ਵੀ 700 ਸਿਖਲਾਈ ਪ੍ਰਾਪਤ ਸਿਪਾਹੀ ਸਨ। 16 ਉਨ੍ਹਾਂ ਕੋਲ 700 ਸਿਪਾਹੀ ਅਜਿਹੇ ਵੀ ਸਨ ਜਿਨ੍ਹਾਂ ਨੂੰ ਖੱਬੇ ਹੱਥ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਵਿੱਚੋਂ ਹਰ ਕੋਈ ਗੁਲੇਲ ਨੂੰ ਬੜੀ ਕੁਸ਼ਲਤਾ ਨਾਲ ਵਰਤ ਸੱਕਦਾ ਸੀ। ਉਹ ਬਿਨਾ ਚੂਕਿਆਂ ਇੱਕ ਵਾਲ ਉੱਤੇ ਵੀ ਅਚੂਕ ਨਿਸ਼ਾਨਾ ਲਾ ਸੱਕਦੇ ਸਨ।

17 ਬਿਨਯਾਮੀਨ ਤੋਂ ਬਿਨਾ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਨੇ ਲੜਨ ਵਾਲੇ 4,00,000 ਆਦਮੀ ਇਕੱਠੇ ਕਰ ਲਏ। ਉਨ੍ਹਾਂ 4,00,000 ਆਦਮੀਆਂ ਕੋਲ ਤਲਵਾਰਾਂ ਸਨ। ਹਰੇਕ ਬੰਦਾ ਸਿਖਲਾਈ ਪ੍ਰਾਪਤ ਸਿਪਾਹੀ ਸੀ। 18 ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਤੱਕ ਗਏ। ਬੈਤੇਲ ਸ਼ਹਿਰ ਵਿਖੇ ਉਨ੍ਹਾਂ ਨੇ ਪਰਮੇਸ਼ੁਰ ਪਾਸੋਂ ਪੁੱਛਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਉੱਤੇ ਕਿਹੜਾ ਪਰਿਵਾਰ-ਸਮੂਹ ਪਹਿਲਾਂ ਹਮਲਾ ਕਰੇਗਾ?”

ਯਹੋਵਾਹ ਨੇ ਜਵਾਬ ਦਿੱਤਾ, “ਯਹੂਦਾਹ ਦਾ ਪਰਿਵਾਰ ਪਹਿਲ ਕਰੇਗਾ।”

19 ਅਗਲੀ ਸਵੇਰ ਇਸਰਾਏਲ ਦੇ ਲੋਕ ਉੱਠੇ। ਉਨ੍ਹਾਂ ਨੇ ਗਿਬਆਹ ਸ਼ਹਿਰ ਦੇ ਨੇੜੇ ਡੇਰਾ ਲਾ ਲਿਆ। 20 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਲਈ ਗਈ। ਇਸਰਾਏਲ ਦੀ ਫ਼ੌਜ ਨੇ ਗਿਬਆਹ ਸ਼ਹਿਰ ਵਿਖੇ ਬਿਨਯਾਮੀਨ ਦੀ ਫ਼ੌਜ ਨਾਲ ਲੜਨ ਦੀ ਤਿਆਰੀ ਕਰ ਲਈ। 21 ਫ਼ੇਰ ਬਿਨਯਾਮੀਨ ਦੀ ਫ਼ੌਜ ਗਿਬਆਹ ਸ਼ਹਿਰ ਵਿੱਚੋਂ ਬਾਹਰ ਆਈ। ਉਸ ਦਿਨ ਦੀ ਲੜਾਈ ਵਿੱਚ ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ 22,000 ਆਦਮੀ ਮਾਰ ਦਿੱਤੇ।

22-23 ਇਸਰਾਏਲ ਦੇ ਲੋਕ ਯਹੋਵਾਹ ਵੱਲ ਗਏ। ਉਹ ਸ਼ਾਮ ਤੱਕ ਰੋਂਦੇ ਰਹੇ। ਉਨ੍ਹਾਂ ਨੇ ਯਹੋਵਾਹ ਨੂੰ ਪੁੱਛਿਆ, “ਕੀ ਸਾਨੂੰ ਬਿਨਯਾਮੀਨ ਦੇ ਲੋਕਾਂ ਨਾਲ ਲੜਨ ਲਈ ਫ਼ੇਰ ਜਾਣਾ ਚਾਹੀਦਾ ਹੈ? ਉਹ ਲੋਕ ਸਾਡੇ ਸੱਕੇ ਸੰਬੰਧੀ ਹਨ।”

ਯਹੋਵਾਹ ਨੇ ਜਵਾਬ ਦਿੱਤਾ, “ਜਾਓ ਉਨ੍ਹਾਂ ਨਾਲ ਜਾਕੇ ਜੰਗ ਕਰੋ।” ਇਸਰਾਏਲ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਹੱਲਾ ਸ਼ੇਰੀ ਦਿੱਤੀ। ਫ਼ੇਰ ਉਹ ਪਹਿਲੇ ਦਿਨ ਵਾਂਗ ਦੋਬਾਰਾ ਲੜਨ ਲਈ ਗਏ।

24 ਫ਼ੇਰ ਇਸਰਾਏਲ ਦੀ ਫ਼ੌਜ ਬਿਨਯਾਮੀਨ ਦੀ ਫ਼ੌਜ ਦੇ ਨੇੜੇ ਪਹੁੰਚ ਗਈ। ਇਹ ਜੰਗ ਦਾ ਦੂਸਰਾ ਦਿਨ ਸੀ। 25 ਬਿਨਯਾਮੀਨ ਦੀ ਫ਼ੌਜ ਦੂਸਰੇ ਦਿਨ ਵੀ ਇਸਰਾਏਲ ਦੀ ਫ਼ੌਜ ਉੱਤੇ ਹਮਲਾ ਕਰਨ ਲਈ ਗਿਬਆਹ ਸ਼ਹਿਰ ਤੋਂ ਬਾਹਰ ਆਈ। ਇਸ ਵਾਰੀ, ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਹੋਰ 18,000 ਬੰਦੇ ਮਾਰ ਦਿੱਤੇ। ਇਸਰਾਏਲ ਦੀ ਫ਼ੌਜ ਦੇ ਇਹ ਸਾਰੇ ਹੀ ਬੰਦੇ ਸਿਖਲਾਈ ਯਾਫ਼ਤਾ ਸਿਪਾਹੀ ਸਨ।

26 ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 27 ਇਸਰਾਏਲ ਦੇ ਬੰਦਿਆਂ ਨੇ ਯਹੋਵਾਹ ਨੂੰ ਇੱਕ ਸਵਾਲ ਪੁੱਛਿਆ, (ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਬੈਤੇਲ ਵਿਖੇ ਸੀ। 28 ਫ਼ੀਨਹਾਸ ਉੱਥੇ ਜਾਜਕ ਸੀ ਜਿਹੜਾ ਪਰਮੇਸ਼ੁਰ ਦੀ ਸੇਵਾ ਕਰਦਾ ਸੀ। ਫ਼ੀਨਿਹਾਸ ਅਲਆਜ਼ਾਰ ਦਾ ਪੁੱਤਰ ਸੀ। ਅਲਆਜ਼ਾਰ ਹਾਰੂਨ ਦਾ ਪੁੱਤਰ ਸੀ।) ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਬਿਨਯਾਮੀਨ ਦੇ ਲੋਕ ਸਾਡੇ ਸਾਕ ਸੰਬੰਧੀ ਹਨ। ਕੀ ਸਾਨੂੰ ਉਨ੍ਹਾਂ ਦੇ ਖਿਲਾਫ਼ ਫ਼ੇਰ ਲੜਨ ਲਈ ਜਾਣਾ ਚਾਹੀਦਾ ਹੈ? ਜਾਂ ਕੀ ਸਾਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਹੈ?”

ਯਹੋਵਾਹ ਨੇ ਜਵਾਬ ਦਿੱਤਾ, “ਜਾਓ। ਕੱਲ੍ਹ ਮੈਂ ਤੁਹਾਡੀ, ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕਰਾਂਗਾ।”

29 ਫ਼ੇਰ ਇਸੜਏਲ ਦੀ ਫ਼ੌਜ ਨੇ ਕੁਝ ਆਦਮੀ ਗਿਬਆਹ ਸ਼ਹਿਰ ਦੇ ਦੁਆਲੇ ਛੁਪਾ ਦਿੱਤੇ। 30 ਇਸਰਾਏਲ ਦੀ ਫ਼ੌਜ ਤੀਸਰੇ ਦਿਨ ਗਿਬਆਹ ਸ਼ਹਿਰ ਦੇ ਵਿਰੁੱਧ ਲੜਨ ਲਈ ਗਈ। ਉਨ੍ਹਾਂ ਨੇ ਜੰਗ ਲਈ ਤਿਆਰੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਪਿੱਛਲੇ ਦਿਨਾਂ ਉੱਤੇ ਕੀਤੀ ਸੀ। 31 ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਗਿਬਆਹ ਸ਼ਹਿਰ ਤੋਂ ਬਹਰ ਆਈ। ਇਸਰਾਏਲ ਦੀ ਫ਼ੌਜ ਪਿੱਛੇ ਹਟ ਗਈ ਅਤੇ ਉਸ ਨੇ ਬਿਨਯਾਮੀਨ ਦੀ ਫ਼ੌਜ ਨੂੰ ਆਪਣੇ ਪਿੱਛੇ ਆਉਣ ਦਿੱਤਾ। ਇਸ ਤਰੀਕੇ ਨਾਲ ਬਿਨਯਾਮੀਨ ਦੀ ਫ਼ੌਜ ਨਾਲ ਸ਼ਹਿਰਾਂ ਨੂੰ ਆਪਣੇ ਬਹੁਤ ਪਿੱਛੇ ਛੱਡਣ ਦੀ ਚਾਲ ਖੇਡੀ ਗਈ।

ਬਿਨਯਾਮੀਨ ਦੀ ਫ਼ੌਜ ਨੇ ਇਸਰਾਏਲ ਦੀ ਫ਼ੌਜ ਦੇ ਕੁਝ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕੀਤਾ ਸੀ। ਉਨ੍ਹਾਂ ਨੇ ਇਸਰਾਏਲ ਦੇ ਤਕਰੀਬਨ 30 ਬੰਦੇ ਮਾਰ ਦਿੱਤੇ। ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕੁਝ ਬੰਦੇ ਖੇਤਾਂ ਵਿੱਚ ਮਾਰੇ ਅਤੇ ਕੁਝ ਬੰਦੇ ਸੜਕਾਂ ਉੱਤੇ ਮਾਰੇ। ਇੱਕ ਸੜਕ ਬੈਤੇਲ ਸ਼ਹਿਰ ਵੱਲ ਜਾਂਦੀ ਸੀ। ਦੂਸਰੀ ਸੜਕ ਗਿਬਆਹ ਸ਼ਹਿਰ ਨੂੰ ਜਾਂਦੀ ਸੀ। 32 ਬਿਨਯਾਮੀਨ ਦੇ ਬੰਦਿਆਂ ਨੇ ਆਖਿਆ, “ਅਸੀਂ ਪਹਿਲਾਂ ਵਾਂਗ ਹੀ ਜਿੱਤ ਰਹੇ ਹਾਂ!”

ਇਸਰਾਏਲ ਦੇ ਬੰਦੇ ਭੱਜ ਰਹੇ ਸਨ, ਪਰ ਇਹ ਚਲਾਕੀ ਸੀ। ਉਹ ਬਿਨਯਾਮੀਨ ਦੇ ਬੰਦਿਆਂ ਨੂੰ ਉਨ੍ਹਾਂ ਦੇ ਸ਼ਹਿਰ ਤੋਂ ਦੂਰ ਸੜਕਾਂ ਉੱਤੇ ਲੈ ਜਾਣਾ ਚਾਹੁੰਦੇ ਸਨ। 33 ਇਸ ਲਈ ਇਸਰਾਏਲ ਦੇ ਸਾਰੇ ਆਦਮੀ ਆਪਣੀਆਂ ਜਗ਼੍ਹਾਵਾਂ ਤੋਂ ਉੱਠ ਕੇ ਬਆਲ ਤਾਮਾਰ ਨਾਮ ਦੇ ਸਥਾਨ ਉੱਤੇ ਯੁੱਧ ਲਈ ਖੜ੍ਹੇ ਹੋ ਗਏ। ਅਤੇ ਇਸਰਾਏਲੀ ਆਦਮੀ ਜੋ ਗੇਬਾ ਦੇ ਮੈਦਾਨਾਂ ਵਿੱਚ ਛੁੱਪੇ ਹੋਏ ਸਨ ਬਾਹਰ ਆਏ ਅਤੇ ਗਿਬਆਹ ਉੱਤੇ ਹਮਲਾ ਕਰ ਦਿੱਤਾ। 34 ਇਸਰਾਏਲ ਦੇ 10,000 ਸਭ ਤੋਂ ਚੰਗੇ ਸਿਖਲਾਈ ਪ੍ਰਾਪਤ ਸਿਪਾਹੀਆਂ ਨੇ ਗਿਬਆਹ ਉੱਤੇ ਹਮਲਾ ਕਰ ਦਿੱਤਾ। ਲੜਾਈ ਬਹੁਤ ਭਾਰੀ ਸੀ। ਪਰ ਬਿਨਯਾਮੀਨ ਦੀ ਫ਼ੌਜ ਨੂੰ ਪਤਾ ਨਹੀਂ ਸੀ ਕਿ ਕਿੰਨੀ ਭਿਆਨਕ ਗੱਲ ਉਨ੍ਹਾਂ ਨਾਲ ਵਾਪਰਨ ਵਾਲੀ ਸੀ।

35 ਯਹੋਵਾਹ ਨੇ ਇਸਰਾਏਲ ਦੀ ਫ਼ੌਜ ਦੀ ਵਰਤੋਂ ਕੀਤੀ ਅਤੇ ਬਿਨਯਾਮੀਨ ਦੀ ਫ਼ੌਜ ਨੂੰ ਹਰਾ ਦਿੱਤਾ। ਉਸ ਦਿਨ ਇਸਰਾਏਲ ਦੀ ਫ਼ੌਜ ਨੇ ਬਿਨਯਾਮੀਨ ਦੇ 25,100 ਸਿਪਾਹੀ ਮਾਰ ਦਿੱਤੇ। ਉਨ੍ਹਾਂ ਸਾਰੇ ਸਿਪਾਹੀਆਂ ਨੇ ਜੰਗ ਲਈ ਸਿਖਲਾਈ ਪ੍ਰਾਪਤ ਕੀਤੀ ਹੋਈ ਸੀ। 36 ਇਸ ਲਈ ਬਿਨਯਾਮੀਨ ਦੇ ਲੋਕਾਂ ਨੇ ਦੇਖਿਆ ਕਿ ਉਹ ਹਾਰ ਰਹੇ ਸਨ।

ਇਸਰਾਏਲੀ ਫ਼ੌਜ ਪਿੱਛੇ ਹਟੀ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਕੁਝ ਥਾਂ ਦਿੱਤੀ। ਉਹ ਆਪਣੇ ਆਦਮੀਆਂ ਉੱਤੇ ਨਿਰਭਰ ਕਰ ਰਹੇ ਸਨ ਜੋ ਬਿਨਯਾਮੀਨੀਆਂ ਉੱਤੇ ਘਾਤ ਲਾਉਣ ਦਾ ਇੰਤਜ਼ਾਰ ਕਰ ਰਹੇ ਸਨ। 37 ਜਿਹੜੇ ਬੰਦੇ ਛੁੱਪੇ ਹੋਏ ਸਨ ਉਹ ਗਿਬਆਹ ਸ਼ਹਿਰ ਦੇ ਅੰਦਰ ਭੱਜ ਗਏ। ਉਹ ਫ਼ੈਲ ਗਏ ਅਤੇ ਉਨ੍ਹਾਂ ਨੇ ਆਪਣੀਆਂ ਤਲਵਾਰਾਂ ਨਾਲ ਸ਼ਹਿਰ ਵਿੱਚ ਹਰ ਇੱਕ ਨੂੰ ਮਾਰ ਦਿੱਤਾ। 38 ਹੁਣ ਇਸਰਾਏਲ ਦੇ ਬੰਦਿਆਂ ਨੇ ਉਨ੍ਹਾਂ ਬੰਦਿਆਂ ਨਾਲ, ਜਿਹੜੇ ਛੁੱਪੇ ਹੋਏ ਸਨ, ਇੱਕ ਵਿਉਂਤ ਬਣਾਈ ਹੋਈ ਸੀ। ਛੁੱਪੇ ਹੋਏ ਬੰਦਿਆਂ ਵੱਲੋਂ ਖਾਸ ਇਸ਼ਾਰਾ ਭੇਜਿਆ ਜਾਣਾ ਸੀ। ਇਨ੍ਹਾਂ ਬੰਦਿਆਂ ਨੇ ਧੂੰਏ ਦਾ ਇੱਕ ਵੱਡਾ ਬੱਦਲ ਬਨਾਉਣਾ ਸੀ।

39-41 ਬਿਨਯਾਮੀਨ ਦੀ ਫ਼ੌਜ ਨੇ ਤਕਰੀਬਨ 30 ਇਸਰਾਏਲੀ ਸਿਪਾਹੀ ਮਾਰ ਦਿੱਤੇ ਸਨ, ਇਸ ਲਈ ਬਿਨਯਾਮੀਨ ਦੇ ਬੰਦੇ ਆਖ ਰਹੇ ਸਨ, “ਅਸੀਂ ਜਿੱਤ ਰਹੇ ਹਾਂ, ਪਹਿਲਾਂ ਵਾਂਗ ਹੀ।” ਪਰ ਫ਼ੇਰ ਸ਼ਹਿਰ ਤੋਂ ਧੂੰਏ ਦਾ ਇੱਕ ਵੱਡਾ ਬੱਦਲ ਉੱਠਣ ਲੱਗਿਆ। ਬਿਨਯਾਮੀਨ ਦੇ ਬੰਦਿਆਂ ਨੇ ਪਿੱਛੇ ਮੁੜ ਕੇ ਧੂੰਏ ਵੱਲ ਦੇਖਿਆ। ਸਾਰੇ ਸ਼ਹਿਰਾਂ ਨੂੰ ਅੱਗ ਲਗੀ ਹੋਈ ਸੀ। ਫ਼ੇਰ ਇਸਰਾਏਲ ਦੀ ਫ਼ੌਜ ਭੱਜਣ ਤੋਂ ਹਟ ਗਈ। ਉਹ ਪਿੱਛੇ ਮੁੜਕੇ ਲੜਨ ਲੱਗ ਪਏ। ਬਿਨਯਾਮੀਨ ਦੇ ਬੰਦੇ ਭੈਭੀਤ ਹੋ ਗਏ। ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਉੱਨ੍ਹਾਂ ਨਾਲ ਭਿਆਨਕ ਗੱਲ ਵਾਪਰ ਗਈ ਹੈ।

42 ਇਸ ਲਈ ਬਿਨਯਾਮੀਨ ਦੀ ਫ਼ੌਜ ਇਸਰਾਏਲ ਦੀ ਫ਼ੌਜ ਤੋਂ ਦੂਰ ਭੱਜ ਗਈ। ਉਹ ਮਾਰੂਥਲ ਵੱਲ ਭੱਜ ਗਈ। ਪਰ ਉਹ ਲੜਾਈ ਤੋਂ ਨਹੀਂ ਬਚ ਸੱਕੇ। ਅਤੇ ਇਸਰਾਏਲ ਦੇ ਬੰਦੇ ਸ਼ਹਿਰਾਂ ਵਿੱਚੋਂ ਨਿਕਲ ਆਏ ਅਤੇ ਉਨ੍ਹਾਂ ਨੂੰ ਮਾਰ ਮੁਕਾਇਆ। 43 ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅਰਾਮ ਨਹੀਂ ਕਰਨ ਦਿੱਤਾ। ਅਤੇ ਉਨ੍ਹਾਂ ਨੂੰ ਗਿਬਆਹ ਦੇ ਪੂਰਬ ਵਾਲੇ ਪਾਸੇ ਵੱਲ ਹਰਾ ਦਿੱਤਾ। 44 ਇਸ ਤਰ੍ਹਾਂ ਬਿਨਯਾਮੀਨ ਦੀ ਫ਼ੌਜ ਦੇ 18,000 ਬਹਾਦੁਰ ਅਤੇ ਤਾਕਤਵਰ ਲੜਾਕੇ ਮਾਰੇ ਗਏ।

45 ਬਿਯਾਮੀਨ ਦੀ ਫ਼ੌਜ ਪਿੱਛੇ ਮੁੜ ਪਈ ਅਤੇ ਮਾਰੂਥਲ ਵੱਲ ਭੱਜੀ। ਉਹ ਰਿਮੋਨ ਦੀ ਚੱਟਾਨ ਨਾਮ ਦੇ ਸਥਾਨ ਵੱਲ ਭੱਜੇ। ਪਰ ਇਸਰਾਏਲ ਦੀ ਫ਼ੌਜ ਨੇ ਸੜਕਾਂ ਉੱਤੇ ਬਿਨਯਮੀਨ ਦੇ 5,000 ਸਿਪਾਹੀ ਮਾਰ ਦਿੱਤੇ। ਉਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਦਾ ਪਿੱਛਾ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਦੂਰ ਗਿਦੋਮ ਨਾਮ ਦੇ ਸਥਾਨ ਤੱਕ ਕੀਤਾ। ਇਸਰਾਏਲ ਦੀ ਫ਼ੌਜ ਨੇ ਉਸ ਥਾਂ ਉੱਤੇ ਬਿਨਯਾਮੀਨ ਦੇ ਹੋਰ 2,000 ਬੰਦੇ ਮਾਰ ਦਿੱਤੇ।

46 ਉਸ ਦਿਨ ਬਿਨਯਾਮੀਨ ਦੀ ਫ਼ੌਜ ਦੇ 25,000 ਬੰਦੇ ਮਾਰੇ ਗਏ। ਉਹ ਸਾਰੇ ਹੀ ਬੰਦੇ ਬਹਾਦੁਰੀ ਨਾਲ ਆਪਣੀਆਂ ਤਲਵਾਰਾਂ ਸੰਗ ਲੜੇ। 47 ਪਰ ਬਿਨਯਾਮੀਨ ਦੇ 600 ਬੰਦੇ ਮਾਰੂਥਲ ਵਿੱਚ ਭੱਜ ਗਏ। ਉਹ ਰਿੰਮੋਨ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਗਏ ਅਤੇ ਉੱਥੇ ਚਾਰ ਮਹੀਨੇ ਠਹਿਰੇ ਰਹੇ। 48 ਇਸਰਾਏਲ ਦੇ ਬੰਦੇ ਬਿਨਯਾਮੀਨ ਦੀ ਧਰਤੀ ਉੱਤੇ ਵਾਪਸ ਚੱਲੇ ਗਏ। ਉਨ੍ਹਾਂ ਨੇ, ਹਰ ਸ਼ਹਿਰ ਵਿੱਚ ਜਿੱਥੇ ਵੀ ਉਹ ਗਏ, ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਸਾਰੇ ਜਾਨਵਰ ਵੀ ਮਾਰ ਦਿੱਤੇ। ਜਿੱਥੇ ਵੀ ਉਹ ਗਏ ਉਨ੍ਹਾਂ ਨੇ ਹਰੇਕ ਸ਼ਹਿਰ ਸਾੜ ਦਿੱਤਾ।