A A A A A
Bible Book List

ਨਿਆਂਈਆਂ ਦੀ ਪੋਥੀ 19 Punjabi Bible: Easy-to-Read Version (ERV-PA)

ਇੱਕ ਲੇਵੀ ਆਦਮੀ ਅਤੇ ਉਸਦੀ ਦਾਸੀ

19 ਉਸ ਸਮੇਂ ਇਸਰਾਏਲੀ ਲੋਕਾਂ ਦਾ ਕੋਈ ਰਾਜਾ ਨਹੀਂ ਸੀ।

ਉੱਥੇ ਇੱਕ ਲੇਵੀ ਅਦਮੀ ਸੀ ਜਿਹੜਾ ਦੂਰ ਸਾਰੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ, ਉਸ ਆਦਮੀ ਦੀ ਇੱਕ ਨੌਕਰਾਣੀ ਸੀ ਜਿਹੜੀ ਉਸ ਲਈ ਪਤਨੀ ਵਰਗੀ ਹੀ ਸੀ। ਉਹ ਦਾਸੀ ਯਹੂਦਾਹ ਦੇਸ਼ ਦੇ ਬੈਤਲਹਮ ਸ਼ਹਿਰ ਦੀ ਸੀ। ਪਰ ਉਸਦੀ ਦਾਸੀ ਦਾ ਲੇਵੀ ਆਦਮੀ ਨਾਲ ਝਗੜਾ ਹੋ ਗਿਆ। ਉਹ ਉਸ ਨੂੰ ਛੱਡ ਕੇ ਵਾਪਸ ਆਪਣੇ ਪਿਤਾ ਦੇ ਘਰ ਬੈਤਲਹਮ ਯਹੂਦਾਹ ਚਲੀ ਗਈ। ਉਹ ਉੱਥੇ ਚਾਰ ਮਹੀਨੇ ਠਹਿਰੀ। ਫ਼ੇਰ ਉਸਦਾ ਪਤੀ ਉਸ ਦੇ ਪਿੱਛੇ ਗਿਆ। ਉਹ ਉਸ ਨਾਲ ਨਰਮਾਈ ਨਾਲ ਗੱਲ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਉਸ ਦੇ ਕੋਲ ਵਾਪਸ ਆ ਜਾਵੇ। ਉਹ ਆਪਣੇ ਨਾਲ ਦੋ ਨੌਕਰ ਅਤੇ ਦੋ ਖੋਤੇ ਲੈ ਗਿਆ। ਲੇਵੀ ਆਦਮੀ ਉਸ ਦੇ ਪਿਤਾ ਦੇ ਘਰ ਗਿਆ। ਉਸ ਦੇ ਪਿਤਾ ਨੇ ਲੇਵੀ ਬੰਦੇ ਨੂੰ ਦੇਖਿਆ ਅਤੇ ਉਸ ਦੇ ਸਵਾਗਤ ਲਈ ਬਾਹਰ ਆਇਆ। ਪਿਤਾ ਬਹੁਤ ਖੁਸ਼ ਸੀ। ਔਰਤ ਦਾ ਪਿਤਾ ਲੇਵੀ ਨੂੰ ਆਪਣੇ ਘਰ ਅੰਦਰ ਲੈ ਗਿਆ। ਲੇਵੀ ਦੇ ਸੌਹਰੇ ਨੇ ਉਸ ਨੂੰ ਠਹਿਰਨ ਲਈ ਆਖਿਆ। ਇਸ ਲਈ ਉਹ ਲੇਵੀ ਬੰਦਾ ਤਿੰਨ ਦਿਨ ਠਹਿਰਿਆ ਰਿਹਾ। ਉਹ ਆਪਣੇ ਸੌਹਰੇ ਦੇ ਘਰ ਹੀ ਖਾਂਦਾ-ਪੀਂਦਾ ਅਤੇ ਸੌਁਦਾ ਰਿਹਾ।

ਚੌਥੇ ਦਿਨ ਉਹ ਸੁਵਖਤੇ ਉੱਠਿਆ। ਲੇਵੀ ਬੰਦਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸ ਜਵਾਨ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਕੁਝ ਖਾ ਲਵੋ। ਖਾਣਾ ਖਾਣ ਤੋਂ ਬਾਦ ਹੀ ਤੁਸੀਂ ਜਾ ਸੱਕਦੇ ਹੋ।” ਇਸ ਲਈ ਲੇਵੀ ਬੰਦਾ ਅਤੇ ਉਸਦਾ ਸੌਹਰਾ ਇਕੱਠੇ ਖਾਣ ਪੀਣ ਲਈ ਬੈਠ ਗਏ। ਉਸਤੋਂ ਬਾਦ ਜਵਾਨ ਔਰਤ ਦੇ ਪਿਤਾ ਨੇ ਲੇਵੀ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਅੱਜ ਰਾਤ ਠਹਿਰ ਜਾਓ। ਆਰਾਮ ਕਰੋ ਅਤੇ ਆਨੰਦ ਮਾਣੋ। ਅੱਜ ਸ਼ਾਮ ਤੱਕ ਰੁਕ ਕੇ ਚੱਲੇ ਜਾਣਾ।” ਇਸ ਲਈ ਦੋਹਾਂ ਨੇ ਰਲ ਕੇ ਭੋਜਨ ਕੀਤਾ। ਲੇਵੀ ਜਾਣ ਲਈ ਉੱਠ ਖਲੋਤਾ ਪਰ ਉਸ ਦੇ ਸੌਹਰੇ ਨੇ ਇੱਕ ਹੋਰ ਰਾਤ ਰੁਕਣ ਲਈ ਉਸ ਉੱਤੇ ਭਾਰ ਪਾਇਆ।

ਫ਼ੇਰ ਪੰਜਵੇਂ ਦਿਨ ਲੇਵੀ ਬੰਦਾ ਸਵੇਰੇ ਜਲਦੀ ਉੱਠ ਪਿਆ। ਉਹ ਜਾਣ ਲਈ ਤਿਆਰ ਸੀ। ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਆਖਿਆ, “ਪਹਿਲਾਂ ਖਾਣਾ ਖਾ ਲਵੋ। ਆਰਾਮ ਕਰੋ ਅਤੇ ਅੱਜ ਸ਼ਾਮ ਤੱਕ ਰੁਕ ਜਾਓ।” ਇਸ ਲਈ ਉਨ੍ਹਾਂ ਦੋਹਾਂ ਨੇ ਫ਼ੇਰ ਰਲਕੇ ਭੋਜਨ ਕੀਤਾ।

ਫ਼ੇਰ ਲੇਵੀ ਬੰਦਾ, ਉਸਦੀ ਨੌਕਰਾਣੀ ਅਤੇ ਉਸਦਾ ਨੌਕਰ ਜਾਣ ਲਈ ਉੱਠੇ। ਪਰ ਜਵਾਨ ਔਰਤ ਦੇ ਪਿਤਾ ਨੇ ਆਖਿਆ, “ਹਨੇਰਾ ਹੋਣ ਵਾਲਾ ਹੈ। ਦਿਨ ਛੁਪ ਚੱਲਿਆ ਹੈ। ਇਸ ਲਈ ਰਾਤ ਠਹਿਰੋ ਅਤੇ ਆਨੰਦ ਮਾਣੋ। ਕੱਲ ਸਵੇਰੇ-ਸਵੇਰੇ ਉੱਠ ਕੇ ਤੁਸੀਂ ਚੱਲੇ ਜਾਣਾ।”

10 ਪਰ ਲੇਵੀ ਬੰਦਾ ਇੱਕ ਹੋਰ ਰਾਤ ਨਹੀਂ ਰੁਕਣਾ ਚਾਹੁੰਦਾ ਸੀ। ਉਸ ਨੇ ਆਪਣੇ ਦੋਵੇਂ ਖੋਤਿਆਂ ਉੱਤੇ ਕਾਠੀਆਂ ਪਾਈਆਂ ਅਤੇ ਆਪਣੀ ਨੌਕਰਾਣੀ ਨੂੰ ਨਾਲ ਲਿਆ ਅਤੇ ਯਬੂਸ ਦੇ ਸ਼ਹਿਰ ਤੱਕ ਦਾ ਸਫ਼ਰ ਕੀਤ। ਯਬੂਸ ਯਰੂਸ਼ਲਮ ਦਾ ਦੂਜਾ ਨਾਮ ਹੈ। 11 ਦਿਨ ਤਕਰੀਬਨ ਛੁਪ ਚੱਲਿਆ ਸੀ। ਉਹ ਯਬੂਸ ਸ਼ਹਿਰ ਦੇ ਨੇੜੇ ਸਨ। ਇਸ ਲਈ ਨੌਕਰ ਨੇ ਆਪਣੇ ਸੁਆਮੀ ਲੇਵੀ ਬੰਦੇ ਨੂੰ ਆਖਿਆ, “ਆਓ ਇਸ ਯਬੂਸੀ ਸ਼ਹਿਰ ਵਿੱਚ ਠਹਿਰ ਜਾਈਏ। ਇੱਥੇ ਰਾਤ ਕੱਟੀਏ।”

12 ਪਰ ਉਸ ਦੇ ਸੁਆਮੀ, ਲੇਵੀ ਬੰਦੇ ਨੇ ਆਖਿਆ, “ਨਹੀਂ, ਅਸੀਂ ਇਸ ਬਿਗਾਨੇ ਸ਼ਹਿਰ ਅੰਦਰ ਨਹੀਂ ਜਾਵਾਂਗੇ। ਇਹ ਲੋਕ ਇਸਰਾਏਲੀ ਨਹੀਂ ਹਨ। ਅਸੀਂ ਗਿਬਆਹ ਸ਼ਹਿਰ ਵਿੱਚ ਜਾਵਾਂਗੇ।” 13 ਲੇਵੀ ਬੰਦੇ ਨੇ ਆਖਿਆ, “ਚੱਲੋ, ਚੱਲੋ। ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ। ਅਸੀਂ ਉਨ੍ਹਾਂ ਦੋਹਾਂ ਵਿੱਚੋਂ ਕਿਸੇ ਸ਼ਹਿਰ ਵਿੱਚ ਰਾਤ ਕੱਟ ਸੱਕਦੇ ਹਾਂ।”

14 ਇਸ ਲਈ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਤੁਰਦੇ ਗਏ। ਜਦੋਂ ਉਹ ਗਿਬਆਹ ਸ਼ਹਿਰ ਪੁੱਜੇ ਸੂਰਜ ਛਿਪ ਰਿਹਾ ਸੀ। ਗਿਬਆਹ ਉਹ ਇਲਾਕਾ ਹੈ ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਅਧੀਨ ਹੈ। 15 ਇਸ ਲਈ ਉਹ ਗਿਬਆਹ ਵਿਖੇ ਰੁਕ ਗਏ। ਅਤੇ ਉੱਥੇ ਹੀ ਰਾਤ ਗੁਜਾਰਨ ਦਾ ਫ਼ੈਸਲਾ ਕੀਤਾ। ਉਹ ਸ਼ਹਿਰ ਦੇ ਚੌਁਕ ਕੋਲ ਆਏ ਅਤੇ ਉੱਥੇ ਬੈਠ ਗਏ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਆਪਣੇ ਘਰ ਰਾਤ ਕੱਟਣ ਲਈ ਸੱਦਾ ਨਹੀਂ ਦਿੱਤਾ।

16 ਉਸੇ ਸ਼ਾਮ ਇੱਕ ਬਜ਼ੁਰਗ ਆਦਮੀ ਖੇਤਾਂ ਵਿੱਚੋਂ ਸ਼ਹਿਰ ਨੂੰ ਆਇਆ। ਉਸਦਾ ਨਗਰ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸੀ। ਪਰ ਹੁਣ ਉਹ ਗਿਬਆਹ ਸ਼ਹਿਰ ਵਿੱਚ ਰਹਿ ਰਿਹਾ ਸੀ। ਗਿਬਆਹ ਦੇ ਬੰਦੇ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। 17 ਬਜ਼ੁਰਗ ਆਦਮੀ ਨੇ ਲੇਵੀ ਬੰਦੇ ਨੂੰ ਚੌਁਕ ਵਿੱਚ ਬੈਠਿਆਂ ਵੇਖਿਆ ਅਤੇ ਪੁੱਛਿਆ, “ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?”

18 ਲੇਵੀ ਬੰਦੇ ਨੇ ਜਵਾਬ ਦਿੱਤਾ, “ਅਸੀਂ ਯਹੂਦਾਹ ਦੇ ਬੈਤਲਹਮ ਸ਼ਹਿਰ ਤੋਂ ਆਏ ਹਾਂ। ਅਸੀਂ ਘਰ ਜਾ ਰਹੇ ਹਾਂ। ਮੈਂ ਬਹੁਤ ਦੂਰੋਂ, ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਤੋਂ ਹਾਂ। ਮੈਂ ਯਹੂਦਾਹ, ਬੈਤਲਹਮ ਗਿਆ ਸੀ। ਅਤੇ ਹੁਣ ਮੈਂ ਆਪਣੇ ਘਰ ਜਾ ਰਿਹਾ ਹਾਂ। 19 ਸਾਡੇ ਕੋਲ ਖੋਤਿਆਂ ਲਈ ਪੱਠਾ-ਦਥਾ ਹੈ। ਮੇਰੇ ਆਪਣੇ ਲਈ, ਜਵਾਨ ਔਰਤ ਲਈ ਅਤੇ ਮੇਰੇ ਨੌਕਰ ਲਈ ਰੋਟੀ ਅਤੇ ਮੈਅ ਹੈ। ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ।”

20 ਬਜ਼ੁਰਗ ਆਦਮੀ ਨੇ ਆਖਿਆ, “ਤੁਸੀਂ ਮੇਰੇ ਘਰ ਆਕੇ ਠਹਿਰ ਸੱਕਦੇ ਹੋ। ਮੈਂ ਤੁਹਾਨੂੰ ਹਰ ਲੋੜੀਂਦੀ ਚੀਜ਼ ਦੇਵਾਂਗਾ। ਕਿਰਪਾ ਕਰਕੇ, ਸ਼ਹਿਰ ਦੇ ਚੌਁਕ ਵਿੱਚ ਰਾਤ ਨਾ ਗੁਜ਼ਾਰੋ।” 21 ਫ਼ੇਰ ਉਹ ਬਜ਼ੁਰਗ ਆਦਮੀ ਲੇਵੀ ਬੰਦੇ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਘਰ ਲੈ ਗਿਆ। ਉਸ ਨੇ ਉਨ੍ਹਾਂ ਦੇ ਖੋਤਿਆਂ ਨੂੰ ਪੱਠੇ ਪਾਏ। ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਫ਼ੇਰ ਕੁਝ ਖਾਧਾ-ਪੀਤਾ।

22 ਜਦੋਂ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਆਨੰਦ ਮਾਣ ਰਹੇ ਸਨ, ਸ਼ਹਿਰ ਦੇ ਕੁਝ ਬਹੁਤ ਹੀ ਬੁਰੇ ਲੋਕਾਂ ਨੇ ਘਰ ਨੂੰ ਘੇਰਾ ਪਾ ਲਿਆ। ਉਹ ਬਹੁਤ ਬੁਰੇ ਆਦਮੀ ਸਨ। ਉਨ੍ਹਾਂ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਬੁੱਢੇ ਆਦਮੀ, ਘਰ ਦੇ ਮਾਲਕ ਨੂੰ ਦਬਕਾ ਮਾਰਕੇ ਆਖਿਆ, “ਉਸ ਆਦਮੀ ਨੂੰ ਬਾਹਰ ਕੱਢ ਜਿਹੜਾ ਤੇਰੇ ਘਰ ਆਇਆ ਹੈ। ਅਸੀਂ ਉਸ ਦੇ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”

23 ਬਜ਼ੁਰਗ ਆਦਮੀ ਬਾਹਰ ਗਿਆ ਅਤੇ ਉਸ ਨੇ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕੀਤੀ। ਉਸ ਨੇ ਆਖਿਆ, “ਨਹੀਂ, ਮੇਰੇ ਦੋਸਤੋਂ, ਇਹੋ ਜਿਹੇ ਕੁਕਰਮ ਨਾ ਕਰੋ! ਉਹ ਬੰਦਾ ਮੇਰੇ ਘਰ ਮਹਿਮਾਨ ਹੈ। ਇਹੋ ਜਿਹਾ ਭਿਆਨਕ ਪਾਪ ਨਾ ਕਰਿਓ। 24 ਦੇਖੋ, ਇਹ ਮੇਰੀ ਧੀ ਹੈ। ਇਸਨੇ ਹਾਲੇ ਤੱਕ ਕਿਸੇ ਨਾਲ ਵੀ ਜਿਨਸੀ ਸੰਬੰਧ ਨਹੀਂ ਬਣਾਏ। ਮੈਂ ਉਸ ਨੂੰ ਅਤੇ ਇਸਦੀ ਰੱਖੈਲ ਨੂੰ ਤੁਹਾਡੇ ਕੋਲ ਲਿਆਉਂਦਾ ਹਾਂ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸੱਕਦੇ ਹੋ। ਪਰ ਇਸ ਆਦਮੀ ਨਾਲ ਇਹੋ ਜਿਹਾ ਭਿਆਨਕ ਪਾਪ ਨਾ ਕਰੋ।”

25 ਪਰ ਉਨ੍ਹਾਂ ਬਦਮਾਸ਼ਾਂ ਨੇ ਉਸ ਬਜ਼ੁਰਗ ਬੰਦੇ ਦੀ ਗੱਲ ਨਹੀਂ ਸੁਣੀ। ਇਸ ਲਈ ਲੇਵੀ ਬੰਦੇ ਨੇ ਆਪਣੀ ਦਾਸੀ ਨੂੰ ਬਾਹਰ ਲਿਜਾਕੇ ਉਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਬਦਮਾਸ਼ਾਂ ਨੇ ਸਾਰੀ ਰਾਤ ਉਸ ਨਾਲ ਬਲਾਤਕਾਰ ਕੀਤਾ। ਫ਼ੇਰ, ਸਵੇਰੇ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ। 26 ਸਵੇਰ ਵੇਲੇ ਉਹ ਔਰਤ ਉਸ ਘਰ ਵਿੱਚ ਆਈ ਜਿੱਥੇ ਉਸਦਾ ਸੁਆਮੀ ਠਹਿਰਿਆ ਹੋਇਆ ਸੀ। ਉਹ ਬਾਹਰਲੇ ਦਰਵਾਜ਼ੇ ਉੱਤੇ ਡਿੱਗ ਪਈ। ਉਹ ਦਿਨ ਚਢ਼ਨ ਤੱਕ ਉੱਥੇ ਹੀ ਡਿੱਗੀ ਪਈ ਰਹੀ।

27 ਅਗਲੀ ਸਵੇਰੇ ਲੇਵੀ ਬੰਦਾ ਜਲਦੀ ਉੱਠਿਆ। ਉਹ ਘਰ ਜਾਣਾ ਚਾਹੁੰਦਾ ਸੀ। ਉਸ ਨੇ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਰੱਖੈਲ ਉੱਥੇ ਪਈ ਹੋਈ ਸੀ। ਉਹ ਆਪਣੇ ਹੱਥ ਡਿਉਢੀ ਉੱਤੇ ਰੱਖਕੇ ਦਰਵਾਜ਼ੇ ਉੱਤੇ ਡਿੱਗੀ ਹੋਈ ਸੀ। 28 ਲੇਵੀ ਬੰਦੇ ਨੇ ਉਸ ਨੂੰ ਆਖਿਆ, “ਉੱਠ, ਚੱਲੀਏ!” ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ-ਉਹ ਮਰ ਚੁੱਕੀ ਸੀ।

ਲੇਵੀ ਬੰਦੇ ਨੇ ਆਪਣੀ ਦਾਸੀ ਦੀ ਲੋਥ ਨੂੰ ਖੋਤੇ ਉੱਤੇ ਲਦਿਆ ਅਤੇ ਘਰ ਚੱਲਿਆ ਗਿਆ। 29 ਜਦੋਂ ਉਹ ਘਰ ਆਇਆ ਤਾਂ ਉਸ ਨੇ ਇੱਕ ਛੁਰੀ ਲੈ ਕੇ ਆਪਣੀ ਦਾਸੀ ਦੀ ਲਾਸ਼ ਦੇ 12 ਟੋਟੇ ਕਰ ਦਿੱਤੇ। ਫ਼ੇਰ ਉਸ ਨੇ 12 ਟੋਟਿਆਂ ਨੂੰ ਉਨ੍ਹਾਂ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ ਜਿੱਥੇ ਇਸਰਾਏਲੀ ਲੋਕ ਰਹਿੰਦੇ ਸਨ। 30 ਜਿਸ ਕਿਸੇ ਨੇ ਵੀ ਇਸ ਨੂੰ ਦੇਖਿਆ ਉਸ ਨੇ ਆਖਿਆ, “ਇਹੋ ਜਿਹਾ ਪਹਿਲਾਂ ਕਦੇ ਵੀ ਇਸਰਾਏਲ ਵਿੱਚ ਨਹੀਂ ਵਾਪਰਿਆ। ਜਦੋਂ ਤੋਂ ਅਸੀਂ ਮਿਸਰ ਵਿੱਚੋਂ ਆਏ ਹਾਂ ਅਸੀਂ ਇਹੋ ਜਿਹੀ ਗੱਲ ਕਦੇ ਨਹੀਂ ਦੇਖੀ। ਇਸ ਬਾਰੇ ਵਿੱਚਾਰ ਕਰੋ ਅਤੇ ਸਾਨੂੰ ਦੱਸੋ ਕਿ ਕੀ ਕਰਨਾ ਚਾਹੀਦਾ ਹੈ।”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes