Add parallel Print Page Options

ਸਮਸੂਠ ਦਾ ਜਨਮ

13 ਫ਼ੇਰ ਤੋਂ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਮੰਨੀਆਂ ਜਾਂਦੀਆਂ ਸਨ। ਇਸ ਲਈ ਯਹੋਵਾਹ ਨੇ 40 ਵਰ੍ਹਿਆਂ ਲਈ ਉਨ੍ਹਾਂ ਨੂੰ ਫ਼ਲਸਤੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ।

ਉੱਥੇ ਸਾਰਾਹ ਸ਼ਹਿਰ ਦਾ ਇੱਕ ਬੰਦਾ ਸੀ। ਉਸ ਬੰਦੇ ਦਾ ਨਾਮ ਮਾਨੋਆਹ ਸੀ। ਉਹ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਮਾਨੋਆਹ ਦੀ ਇੱਕ ਪਤਨੀ ਸੀ। ਪਰ ਉਸ ਦੇ ਕੋਈ ਔਲਾਦ ਨਹੀਂ ਸੀ। ਯਹੋਵਾਹ ਦਾ ਦੂਤ ਮਾਨੋਆਹ ਦੀ ਪਤਨੀ ਸਾਹਮਣੇ ਪ੍ਰਗਟ ਹੋਇਆ। ਉਸ ਨੇ ਆਖਿਆ, “ਤੇਰੀ ਹਾਲੇ ਤੀਕ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਅਜਿਹਾ ਭੋਜਨ ਨਾ ਕਰੀਂ ਜਿਹੜਾ ਨਾਪਾਕ ਹੈ। ਕਿਉਂਕਿ ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਉਹ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਜਾਵੇਗਾ ਉਹ ਨਜ਼ੀਰ ਹੋਵੇਗਾ। ਤੂੰ ਕਦੇ ਵੀ ਉਸ ਦੇ ਵਾਲ ਨਾ ਕੱਟੀ। ਉਹ ਜੰਮਣ ਤੋਂ ਪਹਿਲਾਂ ਹੀ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ। ਉਹ ਇਸਰਾਏਲ ਦੇ ਲੋਕਾਂ ਨੂੰ ਫ਼ਲਿਸਤੀ ਲੋਕਾਂ ਦੀ ਤਾਕਤ ਤੋਂ ਬਚਾਵੇਗਾ।”

ਫ਼ੇਰ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਜੋ ਕੁਝ ਵਾਪਰਿਆ ਸੀ, ਉਸ ਨੂੰ ਦੱਸ ਦਿੱਤਾ। ਉਸ ਨੇ ਆਖਿਆ, “ਪਰਮੇਸ਼ੁਰ ਵੱਲੋਂ ਇੱਕ ਬੰਦਾ ਮੇਰੇ ਕੋਲ ਆਇਆ। ਉਹ ਪਰਮੇਸ਼ੁਰ ਦਾ ਫ਼ਰਿਸ਼ਤਾ ਜਾਪਦਾ ਸੀ। ਉਸ ਨੇ ਮੈਨੂੰ ਭੈਭੀਤ ਕਰ ਦਿੱਤਾ। ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਦਾ ਸੀ। ਉਸ ਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ। ਪਰ ਉਸ ਨੇ ਮੈਨੂੰ ਆਖਿਆ, ‘ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਕੋਈ ਨਾਪਾਕ ਭੋਜਨ ਨਾ ਕਰੀਂ। ਕਿਉਂਕਿ ਇਹ ਲੜਕਾ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਹੋਵੇਗਾ। ਇਹ ਲੜਕਾ ਆਪਣੇ ਜਨਮ ਤੋਂ ਪਹਿਲਾਂ ਤੋਂ ਅਤੇ ਮੌਤ ਦੇ ਦਿਨ ਤੀਕ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ।’”

ਤਾਂ ਮਾਨੋਆਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਯਹੋਵਾਹ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਪਰਮੇਸ਼ੁਰ ਦੇ ਬੰਦੇ ਨੂੰ ਇੱਕ ਵਾਰੀ ਫ਼ੇਰ ਸਾਡੇ ਕੋਲ ਭੇਜੋ। ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਇਹ ਸਿੱਖਾਵੇ ਕਿ ਅਸੀਂ ਉਸ ਲੜਕੇ ਲਈ ਕੀ ਕਰੀਏ, ਜਿਹੜਾ ਛੇਤੀ ਹੀ ਪੈਦਾ ਹੋਣ ਵਾਲਾ ਹੈ।”

ਪਰਮੇਸ਼ੁਰ ਨੇ ਮਾਨੋਆਹ ਦੀ ਪ੍ਰਾਰਥਨਾ ਸੁਣ ਲਈ। ਪਰਮੇਸ਼ੁਰ ਦਾ ਦੂਤ ਇੱਕ ਵਾਰ ਫ਼ੇਰ ਔਰਤ ਕੋਲ ਆਇਆ। ਉਹ ਇੱਕ ਖੇਤ ਅੰਦਰ ਬੈਠੀ ਹੋਈ ਸੀ ਅਤੇ ਉਸਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ। 10 ਇਸ ਲਈ ਉਹ ਔਰਤ ਆਪਣੇ ਪਤੀ ਨੂੰ ਭੱਜਕੇ ਦੱਸਣ ਗਈ, “ਉਹ ਆਦਮੀ ਵਾਪਸ ਆ ਗਿਆ ਹੈ! ਉਹੀ ਬੰਦਾ ਜਿਹੜਾ ਪਿੱਛਲੇ ਦਿਨ ਮੇਰੇ ਕੋਲ ਆਇਆ ਸੀ ਇੱਥੇ ਹੀ ਹੈ!”

11 ਮਾਨੋਆਹ ਉੱਠ ਪਿਆ ਅਤੇ ਆਪਣੀ ਪਤਨੀ ਦੇ ਪਿੱਛੇ-ਪਿੱਛੇ ਗਿਆ। ਜਦੋਂ ਉਹ ਉਸ ਆਦਮੀ ਕੋਲ ਅਇਆ। ਉਸ ਨੇ ਆਖਿਆ, “ਕੀ ਤੂੰ ਉਹੀ ਆਦਮੀ ਹੈਂ ਜਿਸਨੇ ਪਹਿਲਾਂ ਮੇਰੀ ਪਤਨੀ ਨਾਲ ਗੱਲ ਕੀਤੀ ਸੀ?”

ਦੂਤ ਨੇ ਆਖਿਆ, “ਮੈਂ ਹੀ ਹਾਂ।”

12 ਇਸ ਲਈ ਮਾਨੋਆਹ ਨੇ ਆਖਿਆ, “ਮੈਨੂੰ ਆਸ ਹੈ ਕਿ ਜੋ ਤੂੰ ਆਖਦਾ ਹੈਂ ਉਹੀ ਵਾਪਰੇਗਾ। ਮੈਨੂੰ ਦੱਸ ਕਿ ਇਹ ਲੜਕਾ ਕਿਹੋ ਜਿਹੀ ਜ਼ਿੰਦਗੀ ਜੀਵੇਗਾ? ਉਹ ਕੀ ਕਰੇਗਾ?”

13 ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਤੇਰੀ ਪਤਨੀ ਨੂੰ ਉਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਜੋ ਮੈਂ ਆਖੀਆਂ ਸਨ। 14 ਉਸ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਅੰਗੂਰੀ ਵੇਲ ਉੱਤੇ ਪੈਦਾ ਹੁੰਦੀ ਹੈ। ਉਸ ਨੂੰ ਮੈਅ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ। ਉਸ ਨੂੰ ਕੋਈ ਵੀ ਨਾਪਾਕ ਭੋਜਨ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸਦਾ ਮੈਂ ਆਦੇਸ਼ ਦਿੱਤਾ ਹੈ।”

15 ਫ਼ੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਚਿਰ ਠਹਿਰੋ। ਅਸੀਂ ਤੁਹਾਡੇ ਲਈ ਭੋਜਨ ਵਾਸਤੇ ਇੱਕ ਬੱਕਰਾ ਰਿੰਨਣਾ ਚਾਹੁੰਦੇ ਹਾਂ।”

16 ਤਦ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਜੇ ਤੂੰ ਮੈਨੂੰ ਜਾਣ ਤੋਂ ਰੋਕੇਂਗਾ ਵੀ ਤਾਂ ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ। ਪਰ ਜੇ ਤੂੰ ਕੁਝ ਭੇਟ ਕਰਨਾ ਹੀ ਚਾਹੁੰਦਾ ਹੈਂ ਤਾਂ ਯਹੋਵਾਹ ਨੂੰ ਇੱਕ ਹੋਮ ਦੀ ਭੇਟ ਚੜ੍ਹਾ।” (ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਸੀ।)

17 ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ? ਅਸੀਂ ਜਾਨਣਾ ਚਾਹੁੰਦੇ ਹਾਂ ਤਾਂ ਜੋ ਤੇਰੀਆਂ ਆਖੀਆਂ ਸਾਰੀਆਂ ਗੱਲਾਂ ਸੱਚਮੁੱਚ ਵਾਪਰ ਜਾਣ, ਅਸੀਂ ਤੇਰਾ ਆਦਰ ਕਰ ਸੱਕੀਏ!”

18 ਯਹੋਵਾਹ ਦੇ ਦੂਤ ਨੇ ਆਖਿਆ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋਂ? ਇਹ ਗੁਪਤ ਹੈ ਅਤੇ ਇਹ ਸਮਝ ਤੋਂ ਪਾਰ ਹੈ।”

19 ਤਾਂ ਮਾਨੋਆਹ ਨੇ ਇੱਕ ਚੱਟਾਨ ਉੱਤੇ ਬੱਕਰੀ ਦੀ ਬਲੀ ਦਿੱਤੀ। ਉਸ ਨੇ ਯਹੋਵਾਹ ਨੂੰ ਬੱਕਰੀ ਅਤੇ ਅਨਾਜ ਦੀ ਭੇਟ ਚੜ੍ਹਾਈ ਫ਼ੇਰ ਯਹੋਵਾਹ ਨੇ ਕੁਝ ਅਦਭੁਤ ਕੀਤਾ, ਜਦੋਂ ਮਾਨੋਆਹ ਅਤੇ ਉਸਦੀ ਪਤਨੀ ਵੇਖ ਰਹੇ ਸਨ। 20 ਮਾਨੋਆਹ ਅਤੇ ਉਸਦੀ ਪਤਨੀ ਜੋ ਵਾਪਰ ਰਿਹਾ ਸੀ ਉਸ ਵੱਲ ਦੇਖ ਰਹੇ ਸਨ। ਜਿਉਂ ਹੀ ਜਗਵੇਦੀ ਤੋਂ ਲਾਟਾਂ ਉੱਠੀਆਂ, ਯਹੋਵਾਹ ਦਾ ਦੂਤ ਲਾਟਾਂ ਵਿੱਚੋਂ ਹੋਕੇ ਆਕਾਸ਼ ਨੂੰ ਉਤਾਹਾਂ ਚੱਲਿਆ ਗਿਆ!

ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਇਹ ਦੇਖਿਆ, ਉਹ ਜ਼ਮੀਨ ਉੱਤੇ ਝੁਕ ਗਏ। 21 ਆਖਰਕਾਰ ਮਾਨੋਆਹ ਨੂੰ ਸਮਝ ਆ ਗਈ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਹੀ ਸੀ। ਯਹੋਵਾਹ ਦਾ ਦੂਤ ਫ਼ੇਰ ਕਦੇ ਮਾਨੋਆਹ ਦੇ ਸਾਹਮਣੇ ਪ੍ਰਗਟ ਨਹੀਂ ਹੋਇਆ। 22 ਮਾਨੋਆਹ ਨੇ ਆਪਣੀ ਪਤਨੀ ਨੂੰ ਆਖਿਆ, “ਅਸੀਂ ਪਰਮੇਸ਼ੁਰ ਦਾ ਦੀਦਾਰ ਕੀਤਾ ਹੈ! ਅਸੀਂ ਕਿਸੇ ਕਾਰਣ ਅਵੱਸ਼ ਮਰ ਜਾਵਾਂਗੇ!”

23 ਪਰ ਉਸਦੀ ਪਤਨੀ ਨੇ ਉਸ ਨੂੰ ਆਖਿਆ, “ਯਹੋਵਾਹ ਸਾਨੂੰ ਮਾਰਨਾ ਨਹੀਂ ਚਾਹੁੰਦਾ। ਜੇ ਯਹੋਵਾਹ ਸਾਨੂੰ ਮਾਰਨਾ ਚਾਹੁੰਦਾ ਤਾਂ ਉਸ ਨੇ ਸਾਡੀ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਪ੍ਰਵਾਨ ਨਹੀਂ ਕਰਨੀ ਸੀ। ਉਸ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਦਰਸਾਉਣੀਆਂ ਸਨ। ਅਤੇ ਉਸ ਨੇ ਸਾਨੂੰ ਇਹ ਗੱਲਾਂ ਨਹੀਂ ਦੱਸਣੀਆਂ ਸਨ।”

24 ਇਸ ਲਈ ਔਰਤ ਦੇ ਇੱਕ ਲੜਕਾ ਪੈਦਾ ਹੋਇਆ। ਉਸ ਨੇ ਉਸਦਾ ਨਾਮ ਸਮਸੂਨ ਰੱਖਿਆ। ਸਮਸੂਨ ਵੱਡਾ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। 25 ਯਹੋਵਾਹ ਦੇ ਆਤਮੇ ਨੇ ਸਮਸੂਨ ਅੰਦਰ ਉਦੋਂ ਹੀ ਕਾਰਜ ਕਰਨਾ ਆਰੰਭ ਕਰ ਦਿੱਤਾ ਜਦੋਂ ਉਹ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਵਿੱਚਕਾਰ ਮਹਨੇਹ ਦਾਨ ਵਿੱਚ ਸੀ।