Add parallel Print Page Options

ਸਫ਼ਾਈ ਬਾਰੇ ਬਿਧੀਆਂ

ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹਾਂ ਕਿ ਉਹ ਆਪਣੇ ਡੇਰਿਆ ਨੂੰ ਬਿਮਾਰੀ ਤੋਂ ਮੁਕਤ ਰੱਖਣ। ਲੋਕਾਂ ਨੂੰ ਆਖ ਕਿ ਉਹ ਉਸ ਬੰਦੇ ਨੂੰ ਡੇਰੇ ਤੋਂ ਦੂਰ ਭੇਜ ਦੇਣ ਜਿਸ ਨੂੰ ਚਮੜੀ ਦਾ ਰੋਗ ਹੋਵੇ ਜਾਂ ਜਿਸਦੇ ਜਿਸਮ ਵਿੱਚੋਂ ਅਸਾਧਾਰਣ ਦ੍ਰਵ ਰਿਸਦਾ ਹੋਵੇ ਅਤੇ ਉਨ੍ਹਾਂ ਨੂੰ ਉਸ ਬੰਦੇ ਨੂੰ ਵੀ ਦੂਰ ਰੱਖਣ ਲਈ ਆਖ ਜੋ ਕਿ ਕਿਸੇ ਲਾਸ਼ ਕਾਰਣ ਨਾਪਾਕ ਹੋ ਗਿਆ ਹੋਵੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਆਦਮੀ ਹੈ ਜਾਂ ਔਰਤ, ਉਨ੍ਹਾਂ ਨੂੰ ਆਪਣੇ ਡੇਰੇ ਵਿੱਚੋਂ ਬਾਹਰ ਕੱਢ ਦਿਉ। ਉਨ੍ਹਾਂ ਨੂੰ ਇਸ ਲਈ ਦੂਰ ਕਰ ਦਿਉ ਤਾਂ ਜੋ ਉਹ ਰੋਗੀ ਬਿਮਾਰੀ ਨਾ ਫ਼ੈਲਾ ਸੱਕਣ। ਮੈਂ ਤੁਹਾਡੇ ਡੇਰੇ ਵਿੱਚ ਤੁਹਾਡੇ ਅੰਗ-ਸੰਗ ਹਾਂ।”

ਇਸ ਲਈ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।

ਗਲਤ ਕਰਨ ਦੀ ਅਦਾਇਗੀ

ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਇਹ ਆਖ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਦਾ ਬੁਰਾ ਕਰੇ (ਜਦੋਂ ਕੋਈ ਹੋਰਨਾ ਲੋਕਾਂ ਦਾ ਬੁਰਾ ਕਰਦਾ ਹੈ ਤਾਂ ਅਸਲ ਵਿੱਚ ਉਹ ਪਰਮੇਸ਼ੁਰ ਦੇ ਖਿਲਾਫ਼ ਪਾਪ ਕਰ ਰਿਹਾ ਹੈ।) ਉਹ ਬੰਦਾ ਦੋਸ਼ੀ ਹੈ। ਇਸ ਲਈ ਉਸ ਵਿਅਕਤੀ ਨੂੰ ਆਪਣੀ ਗਲਤੀ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਬੁਰੇ ਕੰਮ ਦਾ ਪੂਰਾ ਇਵਜ਼ਾਨਾ ਦੇਣਾ ਚਾਹੀਦਾ ਹੈ। ਉਹ ਉਸ ਰਕਮ ਵਿੱਚ ਪੰਜਵਾ ਹਿੱਸਾ ਹੋਰ ਜਮ੍ਹਾ ਕਰਕੇ ਉਸ ਬੰਦੇ ਨੂੰ ਸਾਰੀ ਰਕਮ ਦੇ ਦੇਵੇ ਜਿਸਦਾ ਉਸ ਨੇ ਬੁਰਾ ਕੀਤਾ ਹੈ। ਪਰ ਹੋ ਸੱਕਦਾ ਹੈ ਕਿ ਉਸ ਨੇ ਜਿਸ ਬੰਦੇ ਦਾ ਬੁਰਾ ਕੀਤਾ ਸੀ ਉਹ ਮਰ ਚੁੱਕਿਆ ਹੋਵੇ। ਅਤੇ ਸ਼ਾਇਦ ਉਸ ਮਰੇ ਹੋਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਵੀ ਰਕਮ ਲੈਣ ਵਾਲਾ ਨਾ ਹੋਵੇ। ਇਸ ਹਾਲਤ ਵਿੱਚ ਉਹ ਬੰਦਾ ਜਿਸਨੇ ਬੁਰਾ ਕੀਤਾ ਸੀ ਯਹੋਵਾਹ ਨੂੰ ਦੇਵੇਗਾ। ਉਹ ਬੰਦਾ ਜਾਜਕ ਨੂੰ ਪੂਰਾ ਇਵਜ਼ਾਨਾ ਦੇਵੇਗਾ। ਜਾਜਕ ਨੂੰ ਚਾਹੀਦਾ ਹੈ ਕਿ ਉਹ ਉਸ ਭੇਡ ਦੀ ਬਲੀ ਚੜ੍ਹਾਵੇ ਜਿਹੜੀ ਲੋਕਾਂ ਨੂੰ ਪਵਿੱਤਰ ਕਰਦੀ ਹੈ। ਇਸ ਭੇਡ ਦੀ ਬਲੀ ਬੁਰਾ ਕਰਨ ਵਾਲੇ ਦੇ ਪਾਪਾਂ ਨੂੰ ਢੱਕਣ ਲਈ ਚੜ੍ਹਾਉਂਣੀ ਚਾਹੀਦੀ ਹੈ। ਪਰ ਬਾਕੀ ਦੀ ਰਕਮ ਜਾਜਕ ਖੁਦ ਰੱਖ ਸੱਕਦਾ ਹੈ।

“ਜੇ ਇਸਰਾਏਲ ਦੇ ਲੋਕਾਂ ਵਿੱਚੋਂ ਕੋਈ ਜਣਾ ਪਰਮੇਸ਼ੁਰ ਨੂੰ ਖਾਸ ਸੁਗਾਤ ਭੇਟ ਕਰਦਾ ਹੈ ਤਾਂ ਉਹ ਜਾਜਕ ਜਿਹੜਾ ਉਸ ਸੁਗਾਤ ਨੂੰ ਪ੍ਰਵਾਨ ਕਰਦਾ ਹੈ ਉਹ ਉਸ ਨੂੰ ਰੱਖ ਸੱਕਦਾ ਹੈ। ਇਹ ਉਸੇ ਦੀ ਹੈ। 10 ਕਿਸੇ ਬੰਦੇ ਲਈ ਇਹ ਖਾਸ ਸੁਗਾਤਾ ਦੇਣੀਆਂ ਜ਼ਰੂਰੀ ਨਹੀਂ। ਪਰ ਜੇ ਉਹ ਦਿੰਦਾ ਹੈ ਤਾਂ ਸੁਗਾਤਾ ਜਾਜਕ ਦੀਆਂ ਹਨ।”

ਸ਼ੱਕੀ ਸੁਭਾ ਵਾਲੇ ਪਤੀ

11 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਹੋ ਸੱਕਦਾ ਹੈ ਕਿਸੇ ਬੰਦੇ ਦੀ ਪਤਨੀ ਉਸ ਨਾਲ ਬੇਵਫ਼ਾਈ ਕਰੇ। 13 ਹੋ ਸੱਕਦਾ ਹੈ ਕਿ ਉਸ ਦੇ ਕਿਸੇ ਦੂਸਰੇ ਆਦਮੀ ਨਾਲ ਜਿਸਨੀ ਸੰਬੰਧ ਹੋਣ ਅਤੇ ਇਸ ਨੂੰ ਉਹ ਆਪਣੇ ਪਤੀ ਕੋਲੋਂ ਛੁਪਾਵੇ। ਅਤੇ ਹੋ ਸੱਕਦਾ ਹੈ ਕਿ ਉਸ ਨੂੰ ਇਹ ਦੱਸਣ ਵਾਲਾ ਕੋਈ ਨਾ ਹੋਵੇ ਕਿ ਉਸ ਨੇ ਇਹ ਪਾਪ ਕੀਤਾ ਹੈ। ਉਸਦਾ ਪਤੀ ਸ਼ਾਇਦ ਕਦੇ ਵੀ ਉਸ ਦੇ ਕੀਤੇ ਹੋਏ ਬੁਰੇ ਕੰਮ ਬਾਰੇ ਨਾ ਜਾਣੇ। ਅਤੇ ਹੋ ਸੱਕਦਾ ਹੈ ਕਿ ਉਹ ਔਰਤ ਆਪਣੇ ਪਤੀ ਨੂੰ ਆਪਣੇ ਪਾਪ ਬਾਰੇ ਨਾ ਦੱਸੇ। 14 ਪਰ ਹੋ ਸੱਕਦਾ ਹੈ ਕਿ ਪਤੀ ਇਸ ਬਾਰੇ ਸ਼ੱਕ ਕਰਨ ਲੱਗ ਪਾਵੇ ਕਿ ਉਸਦੀ ਪਤਨੀ ਨੇ ਉਸ ਦੇ ਖਿਲਾਫ਼ ਪਾਪ ਕੀਤਾ ਹੈ। ਉਹ ਸ਼ਾਇਦ ਈਰਖਾ ਕਰਨ ਲੱਗ ਜਾਵੇ। ਸ਼ਾਇਦ ਉਹ ਵਿਸ਼ਵਾਸ ਕਰਨ ਲੱਗ ਜਾਵੇ ਕਿ ਉਹ ਪਵਿੱਤਰ ਨਹੀਂ ਹੈ ਅਤੇ ਉਸ ਨਾਲ ਸੱਚੀ ਨਹੀਂ ਹੈ। 15 ਜੇ ਅਜਿਹਾ ਹੋ ਜਾਵੇ, ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ। ਪਤੀ ਨੂੰ ਵੀ ਜੌਂਆ ਦੇ ਆਟੇ ਦੇ 8 ਕੱਪ ਭੇਟ ਵਜੋਂ ਲੈ ਜਾਣੇ ਚਾਹੀਦੇ ਹਨ। ਉਹ ਜੌਆਂ ਦੇ ਆਟੇ ਉੱਤੇ ਤੇਲ ਜਾਂ ਧੂਫ਼ ਨਾ ਪਾਵੇ। ਇਹ ਜੌਂਆ ਦਾ ਆਟਾ ਯਹੋਵਾਹ ਲਈ ਅਨਾਜ ਦੀ ਭੇਟ ਹੈ। ਇਹ ਇਸ ਲਈ ਦਿੱਤਾ ਗਿਆ ਹੈ ਕਿ ਪਤੀ ਈਰਖਾਲੂ ਹੈ। ਇਹ ਭੇਟ ਇਹ ਦਰਸਾਵੇਗੀ ਕਿ ਇਸ ਨੂੰ ਇਹ ਵਿਸ਼ਵਾਸ ਹੈ ਕਿ ਉਸਦੀ ਪਤਨੀ ਨੇ ਉਸ ਨਾਲ ਬੇਵਫ਼ਾਈ ਕੀਤੀ ਹੈ।

16 “ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਲੈ ਜਾਵੇਗਾ ਅਤੇ ਉਸ ਨੂੰ ਉੱਥੇ ਯਹੋਵਾਹ ਦੇ ਸਾਹਮਣੇ ਖੜੀ ਕਰੇਗਾ। 17 ਫ਼ੇਰ ਜਾਜਕ ਕੁਝ ਖਾਸ ਪਾਣੀ ਲਵੇਗਾ ਅਤੇ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਪਾਵੇਗਾ। ਜਾਜਕ ਪਵਿੱਤਰ ਤੰਬੂ ਦੇ ਫ਼ਰਸ਼ ਦੀ ਥੋੜੀ ਜਿਹੀ ਮਿੱਟੀ ਪਾਣੀ ਵਿੱਚ ਪਾ ਦੇਵੇਗਾ। 18 ਜਾਜਕ ਔਰਤ ਨੂੰ ਯਹੋਵਾਹ ਦੇ ਸਾਹਮਣੇ ਖੜ੍ਹਾ ਹੋਣ ਲਈ ਮਜ਼ਬੂਰ ਕਰੇਗਾ। ਫ਼ੇਰ ਉਹ ਉਸ ਦੇ ਵਾਲ ਖੋਲ੍ਹ ਦੇਵੇਗਾ ਅਤੇ ਅਨਾਜ ਦੀ ਭੇਟ ਉਸ ਦੇ ਹੱਥ ਉੱਤੇ ਪਾ ਦੇਵੇਗਾ। ਇਹ ਉਹੀ ਜੌਂਆ ਦਾ ਆਟਾ ਹੈ ਜਿਹੜਾ ਉਸ ਦੇ ਪਤੀ ਨੇ ਦਿੱਤਾ ਸੀ ਕਿਉਂਕਿ ਉਹ ਈਰਖਾਲੂ ਹੋ ਗਿਆ ਸੀ। ਉਸ ਵਕਤ ਉਹ ਕੌੜੇ ਪਾਣੀ ਵਾਲਾ ਭਾਂਡਾ ਫ਼ੜੇਗਾ, ਜੋ ਸਰਾਪ ਲਿਆਉਂਦਾ ਹੈ।

19 “ਫ਼ੇਰ ਜਾਜਕ ਔਰਤ ਨੂੰ ਆਖੇਗਾ ਕਿ ਉਸ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਉਸ ਨੂੰ ਸੱਚ ਬੋਲਣ ਦਾ ਇਕਰਾਰ ਕਰਨਾ ਚਾਹੀਦਾ ਹੈ। ਜਾਜਕ ਉਸ ਨੂੰ ਆਖੇਗਾ: ‘ਜੇ ਤੂੰ ਕਿਸੇ ਹੋਰ ਆਦਮੀ ਨਾਲ ਨਹੀਂ ਸੁੱਤੀ, ਅਤੇ ਜੇ ਤੂੰ ਆਪਣੇ ਵਿਆਹੁਤਾ ਜੀਵਨ ਵਿੱਚ ਆਪਣੇ ਪਤੀ ਨਾਲ ਬੇਵਫ਼ਾਈ ਨਹੀਂ ਕੀਤੀ, ਤਾਂ ਇਹ ਪਾਣੀ ਜਿਹੜਾ ਮੁਸੀਬਤ ਪੈਦਾ ਕਰਦਾ ਹੈ, ਤੈਨੂੰ ਨੁਕਸਾਨ ਨਹੀਂ ਪਹੁੰਚਾਏਗਾ। 20 ਪਰ ਜੇ ਤੂੰ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ ਜੇ ਤੂੰ ਉਸ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹਨ ਜਿਹੜਾ ਤੇਰਾ ਪਤੀ ਨਹੀਂ ਹੈ ਫ਼ੇਰ ਤੂੰ ਪਵਿੱਤਰ ਨਹੀਂ ਹੈ। 21 ਜੇ ਇਹ ਗੱਲ ਸੱਚ ਹੈ, ਫ਼ੇਰ ਤੂੰ ਬਹੁਤ ਦੁੱਖ ਭੋਗੇਗੀ ਜਦੋਂ ਤੂੰ ਇਹ ਖਾਸ ਪਾਣੀ ਪੀਵੇਂਗੀ। ਤੂੰ ਕੋਈ ਔਲਾਦ ਪੈਦਾ ਨਹੀਂ ਕਰ ਸੱਕੇਂਗੀ। ਅਤੇ ਜੇ ਤੂੰ ਹੁਣ ਗਰਭਵਤੀ ਹੈ ਤਾਂ ਤੇਰਾ ਬੱਚਾ ਗਿਰ ਜਾਵੇਗਾ। ਤਾਂ ਤੇਰੇ ਲੋਕ ਤੈਨੂੰ ਛੱਡ ਦੇਣਗੇ ਅਤੇ ਤੇਰੇ ਬਾਰੇ ਮੰਦਾ ਬੋਲਣਗੇ।’

“ਫ਼ੇਰ ਜਾਜਕ ਨੂੰ ਉਸ ਔਰਤ ਨੂੰ ਯਹੋਵਾਹ ਅੱਗੇ ਇੱਕ ਖਾਸ ਇਕਰਾਰ ਕਰਨ ਲਈ ਆਖਣਾ ਚਾਹੀਦਾ ਹੈ। ਔਰਤ ਇਸ ਬਾਰੇ ਸਹਿਮਤ ਹੋਣੀ ਚਾਹੀਦੀ ਹੈ ਕਿ ਜੇ ਉਹ ਝੂਠ ਬੋਲੇ ਤਾਂ ਇਹ ਬੁਰੀਆਂ ਗੱਲਾਂ ਉਸ ਨਾਲ ਵਾਪਰਨਗੀਆਂ। 22 ਜਾਜਕ ਨੂੰ ਆਖਣਾ ਚਾਹੀਦਾ ਹੈ, ‘ਤੈਨੂੰ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਦਿੰਦਾ ਹੈ। ਜੇ ਤੂੰ ਪਾਪ ਕੀਤਾ ਹੈ ਤਾਂ ਤੂੰ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਰਹੇਂਗੀ ਅਤੇ ਜਿਹੜਾ ਬੱਚਾ ਤੇਰੇ ਗਰਭ ਵਿੱਚ ਹੈ ਉਹ ਜੰਮਣ ਤੋਂ ਪਹਿਲਾ ਹੀ ਮਰ ਜਾਵੇਗਾ।’ ਅਤੇ ਔਰਤ ਨੂੰ ਆਖਣਾ ਚਾਹੀਦਾ ਹੈ: ‘ਜੋ ਤੁਸੀਂ ਆਖਦੇ ਹੋ ਮੈਂ ਕਰਨ ਲਈ ਸਹਿਮਤ ਹਾਂ।’

23 “ਜਾਜਕ ਨੂੰ ਇਹ ਚਿਤਾਵਨੀਆਂ ਸੂਚੀ ਉੱਤੇ ਲਿਖ ਦੇਣੀਆ ਚਾਹੀਦੀਆਂ ਹਨ। ਫ਼ੇਰ ਉਸ ਨੂੰ ਇਨ੍ਹਾਂ ਸ਼ਬਦਾ ਨੂੰ ਪਾਣੀ ਵਿੱਚ ਘੋਲ ਦੇਣਾ ਚਾਹੀਦਾ ਹੈ। 24 ਫ਼ੇਰ ਉਸ ਔਰਤ ਨੂੰ ਉਹ ਪਾਣੀ ਪੀਣਾ ਚਾਹੀਦਾ ਹੈ ਜਿਹੜਾ ਮੁਸੀਬਤ ਲਿਆਉਂਦਾ ਹੈ। ਇਹ ਪਾਣੀ ਉਸ ਵਿੱਚ ਦਾਖਲ ਹੋ ਜਾਵੇਗਾ, ਅਤੇ ਜੇ ਉਹ ਦੋਸ਼ੀ ਹੈ, ਤਾਂ ਇਹ ਉਸ ਨੂੰ ਬਹੁਤ ਦੁੱਖ ਦੇਵੇਗਾ।

25 “ਫ਼ੇਰ ਜਾਜਕ ਉਸ ਕੋਲੋਂ ਅਨਾਜ ਦੀ ਭੇਟ (ਈਰਖਾ ਦੀ ਭੇਟ) ਲੈ ਲਵੇਗਾ ਅਤੇ ਇਸ ਨੂੰ ਯਹੋਵਾਹ ਅੱਗੇ ਉੱਚਾ ਚੁੱਕੇਗਾ ਅਤੇ ਇਸ ਨੂੰ ਜਗਵੇਦੀ ਕੋਲ ਲਿਆਵੇਗਾ। 26 ਜਾਜਕ ਆਪਣੇ ਹੱਥਾਂ ਵਿੱਚ ਕੁਝ ਅਨਾਜ ਲਵੇਗਾ ਅਤੇ ਇਸ ਨੂੰ ਜਗਵੇਦੀ ਉੱਤੇ ਰੱਖ ਦੇਵੇਗਾ ਅਤੇ ਇਸ ਨੂੰ ਸਾੜ ਦੇਵੇਗਾ। ਇਸਤੋਂ ਮਗਰੋਂ ਉਹ ਔਰਤ ਨੂੰ ਪਾਣੀ ਪੀਣ ਲਈ ਆਖੇਗਾ। 27 ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਪਾਪ ਕੀਤਾ ਹੈ। ਤਾਂ ਪਾਣੀ ਉਸ ਨੂੰ ਮੁਸੀਬਤ ਵਿੱਚ ਪਾਵੇਗਾ। ਪਾਣੀ ਉਸ ਦੇ ਸ਼ਰੀਰ ਵਿੱਚ ਜਾਵੇਗਾ ਅਤੇ ਬਹੁਤ ਦੁੱਖ ਦੇਵੇਗਾ। ਜਿਹੜਾ ਵੀ ਬੱਚਾ ਉਸ ਦੇ ਗਰਭ ਵਿੱਚ ਹੋਵੇਗਾ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਵੇਗਾ ਅਤੇ ਉਹ ਫ਼ੇਰ ਕਦੇ ਵੀ ਬੱਚੇ ਪੈਦਾ ਨਹੀਂ ਕਰ ਸੱਕੇਗੀ। ਸਾਰੇ ਲੋਕ ਉਸ ਦੇ ਵਿਰੁੱਧ ਹੋ ਜਾਣਗੇ। 28 ਪਰ ਜੇ ਉਸ ਔਰਤ ਨੇ ਆਪਣੇ ਪਤੀ ਦੇ ਖਿਲਾਫ਼ ਕੋਈ ਪਾਪ ਨਹੀਂ ਕੀਤਾ ਅਤੇ ਉਹ ਪਵਿੱਤਰ ਹੈ, ਤਾਂ ਜਾਜਕ ਆਖੇਗਾ ਕਿ ਉਹ ਦੋਸ਼ੀ ਨਹੀਂ ਹੈ। ਫ਼ੇਰ ਉਹ ਸਾਧਾਰਣ ਹੋ ਜਾਵੇਗੀ ਅਤੇ ਬੱਚੇ ਪੈਦਾ ਕਰਨ ਦੇ ਯੋਗ ਹੋਵੇਗੀ।

29 “ਇਸ ਲਈ ਈਰਖਾ ਦੇ ਬਾਰੇ ਇਹ ਬਿਧੀ ਹੈ। ਇਹੀ ਹੈ ਜੋ ਤੁਹਾਨੂੰ ਉਦੋਂ ਕਰਨਾ ਚਾਹੀਦਾ ਹੈ ਜਦੋਂ ਕੋਈ ਔਰਤ ਆਪਣੇ ਵਿਆਹੁਤਾ ਜੀਵਨ ਵਿੱਚ ਪਤੀ ਦੇ ਖਿਲਾਫ਼ ਪਾਪ ਕਰਦੀ ਹੈ। 30 ਜੇਕਰ ਆਦਮੀ ਈਰਖਾਲੂ ਹੈ ਅਤੇ ਸ਼ੱਕ ਕਰਦਾ ਹੈ ਕਿ ਉਸਦੀ ਪਤਨੀ ਉਸ ਨਾਲ ਵਫ਼ਾਦਾਰ ਨਹੀਂ ਰਹੀ ਤਾਂ ਇਹੀ ਹੈ ਜੋ ਪਤੀ ਨੂੰ ਕਰਨਾ ਚਾਹੀਦਾ ਹੈ। ਜਾਜਕ ਔਰਤ ਨੂੰ ਯਹੋਵਾਹ ਦੇ ਸਨਮੁੱਖ ਖੜ੍ਹਾ ਹੋਣ ਲਈ ਆਖੇ ਅਤੇ ਇਹ ਸਾਰੀਆਂ ਗੱਲਾਂ ਕਰੇ ਇਹ ਬਿਧੀ ਹੈ। 31 ਪਤੀ ਕਿਸੇ ਗਲਤੀ ਦਾ ਦੋਸ਼ੀ ਨਹੀਂ ਹੋਵੇਗਾ। ਪਰ ਔਰਤ ਨੇ ਜੇ ਪਾਪ ਕੀਤਾ ਹੈ ਤਾਂ ਦੁੱਖ ਭੋਗੇਗੀ।”