Add parallel Print Page Options

ਸਿਆਣਪ ਦੀ ਗੱਲ ਸੁਣੋ

ਮੇਰੇ ਬੇਟੇ, ਜੇਕਰ ਤੁਸੀਂ ਉਸ ਨੂੰ ਸੁਣੋਗੇ ਜੋ ਮੈਂ ਆਖਣਾ ਚਾਹੁੰਦਾ, ਅਤੇ ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਦਿਲ ਵਿੱਚ ਰੱਖੋਂਗੇ। ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਂ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ। ਅਸਲ ਵਿੱਚ, ਜੇਕਰ ਤੁਸੀਂ ਅੰਤਰਦ੍ਰਿਸ਼ਟੀ ਲਈ ਪੁਕਾਰ ਕਰੋ ਅਤੇ ਸਮਝਦਾਰੀ ਲਈ ਪੁਕਾਰੋ। ਅਤੇ ਜੇਕਰ ਤੁਸੀਂ ਸਿਆਣਪ ਨੂੰ ਇੰਝ ਲੱਭੋਂਗੇ ਜਿਵੇਂ ਕੋਈ ਚਾਂਦੀ ਨੂੰ ਲੱਭਦਾ ਹੈ, ਜੇਕਰ ਤੁਸੀਂ ਇਸ ਦੀ ਇੰਝ ਭਾਲ ਕਰੋ ਜਿਵੇਂ ਲੋਕੀਂ ਲੁਕੇ ਹੋਏ ਖਜ਼ਾਨੇ ਨੂੰ ਭਾਲਦੇ ਹਨ ਫ਼ੇਰ ਤੁਸੀਂ ਸਮਝੋਂਗੇ ਕਿ ਯਹੋਵਾਹ ਤੋਂ ਡਰਨ ਦਾ ਭਾਵ ਕੀ ਹੈ, ਅਤੇ ਪਰਮੇਸ਼ੁਰ ਨੂੰ ਜਾਣ ਜਾਵੋ।

ਕਿਉਂ ਜੋ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸ ਦੇ ਮੂੰਹ ਚੋਂ ਆਉਂਦੀ ਹੈ। ਉਹ ਇਮਾਨਦਾਰ ਲੋਕਾਂ ਲਈ ਸਫ਼ਲਤਾ ਸੰਭਾਲਦਾ ਹੈ, ਅਤੇ ਉਨ੍ਹਾਂ ਲਈ ਢਾਲ ਹੈ ਜੋ ਨਿਰਦੋਸ਼ ਹੋਕੇ ਜਿਉਂਦੇ ਹਨ। ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਹੋਰਾਂ ਲੋਕਾਂ ਦਾ ਭਲਾ ਕਰਦੇ ਹਨ। ਉਹ ਆਪਣੇ ਪਵਿੱਤਰ ਲੋਕਾਂ ਦੀ ਰਾਖੀ ਕਰਦਾ ਹੈ।

ਜੇਕਰ ਤੁਸੀਂ ਸਿਆਣਪ ਨੂੰ ਭਾਲੋਂਗੇ, ਤਦ ਤੁਸੀਂ ਧਰਮ, ਨਿਆਂ ਅਤੇ ਇਮਾਨਦਾਰੀ ਨੂੰ ਸਮਝੋਂਗੇ — ਦੂਸਰੇ ਸ਼ਬਦਾਂ ਵਿੱਚ ਤੁਸੀਂ ਸਭ ਚੰਗੀਆਂ ਗੱਲਾਂ ਸਮਝੋਂਗੇ। 10 ਕਿਉਂ ਕਿ ਤੁਹਾਡੇ ਦਿਲ ਵਿੱਚ ਸਿਆਣਪ ਆ ਵੱਸੇਗੀ, ਅਤੇ ਗਿਆਨ ਤੁਹਾਨੂੰ ਖੁਸ਼ ਕਰੇਗਾ।

11 ਸਮਝਦਾਰੀ (ਸਹੀ ਜੀਵਨ ਢੰਗ ਚੁਨਣਾ) ਤੁਹਾਡੀ ਰੱਖਿਆ ਕਰੇਗੀ, ਤੁਹਾਡੀ ਸਮਝਦਾਰੀ ਤੁਹਾਡਾ ਬਚਾਉ ਕਰੇਗੀ। 12 ਸਿਆਣਪ ਤੁਹਾਨੂੰ ਬੁਰੇ ਲੋਕਾਂ ਦੇ ਰਾਹ ਤੋਂ ਬਚਾਵੇਗੀ। ਉਨ੍ਹਾਂ ਲੋਕਾਂ ਤੋਂ ਜੋ ਵਿਦ੍ਰੋਹ ਬਾਰੇ ਬੋਲਦੇ ਹਨ। 13 ਜਿਹੜੇ ਲੋਕ ਅੰਧਕਾਰ ਵਿੱਚਲੇ ਰਾਹਾਂ ਤੇ ਚੱਲਣ ਲਈ ਸਿੱਧੇ ਰਾਹਾਂ ਨੂੰ ਛੱਡ ਦਿੰਦੇ ਹਨ, 14 ਜਿਹੜੇ ਲੋਕ ਗ਼ਲਤ ਕੰਮ ਕਰਕੇ ਖੁਸ਼ ਹੁੰਦੇ ਹਨ ਅਤੇ ਵਿਦ੍ਰੋਹ ਕਰਨ ਅਤੇ ਬਦੀ ਕਰਨ ਵਿੱਚ ਆਨੰਦ ਮਾਣਦੇ ਹਨ। 15 ਉਨ੍ਹਾਂ ਦੇ ਰਾਹ ਵਿੰਗੇ-ਤੜਿੰਗੇ ਹਨ, ਅਤੇ ਉਹ ਆਪਣੇ ਰਾਹਾਂ ਵਿੱਚ ਅਸੰਗਤ ਹਨ।

16 ਸਿਆਣਪ ਤੁਹਾਨੂੰ ਇੱਕ ਪਰਾਈ ਔਰਤ, ਇੱਕ ਅਜਨਬੀ ਤੋਂ ਬਚਾਵੇਗੀ ਜੋ ਇੰਨੀਆਂ ਮਿੱਠੀਆਂ ਗੱਲਾਂ ਕਰਦੀ ਹੈ। 17 ਉਹ ਆਪਣੇ ਜਵਾਨੀ ਦੇ ਸਾਥੀ ਨੂੰ ਤਿਆਗ ਦਿੰਦੀ ਹੈ ਅਤੇ ਪਰਮੇਸ਼ੁਰ ਅੱਗੇ ਕੀਤੇ ਆਪਣੇ ਇਕਰਾਰਨਾਮੇ ਨੂੰ ਭੁੱਲ ਜਾਂਦੀ ਹੈ। 18 ਅਤੇ ਹੁਣ, ਉਸ ਦੇ ਨਾਲ ਉਸ ਦੇ ਘਰ ਜਾਣਾ ਮੌਤ ਦਾ ਰਾਹ ਹੈ! ਅਤੇ ਉਸ ਦਾ ਰਾਹ ਤੁਹਾਨੂੰ ਮੁਰਦਿਆਂ ਦੀ ਦੁਨੀਆਂ ਵਿੱਚ ਲੈ ਜਾਂਦਾ ਹੈ! 19 ਉਹ ਖੁਦ ਵੀ ਕਬਰ ਦੀ ਤਰ੍ਹਾਂ ਹੀ ਹੈ। ਜਿਹੜੇ ਲੋਕੀ ਉਸ ਦੇ ਘਰ ਜਾਂਦੇ ਹਨ, ਆਪਣੀ ਜਾਨ ਗਵਾ ਲੈਂਦੇ ਹਨ, ਅਤੇ ਕਦੇ ਵੀ ਪਰਤ ਕੇ ਨਹੀਂ ਆਉਂਦੇ।

20 ਸਿਆਣਪ ਤੁਹਾਨੂੰ ਚੰਗੇ ਬੰਦਿਆਂ ਦੇ ਰਾਹ ਤੇ ਚਲਣ ਲਈ, ਅਤੇ ਧਰਮੀ ਦੇ ਰਾਹਾਂ ਤੇ ਰਹਿਣ ਲਈ ਤੁਹਾਡੀ ਮਦਦ ਕਰੇਗੀ। 21 ਕਿਉਂ ਕਿ ਸਿਰਫ਼ ਇਮਾਨਦਾਰ ਲੋਕ ਹੀ ਧਰਤੀ ਉੱਤੇ ਰਹਿਣਗੇ ਅਤੇ ਨਿਰਦੋਸ਼ ਲੋਕ ਹੀ ਇਸ ਉੱਤੇ ਬਚਣਗੇ। 22 ਪਰ ਦੁਸ਼ਟ ਲੋਕ ਧਰਤੀ ਤੋਂ ਹਟਾਏ ਜਾਣਗੇ, ਅਤੇ ਜਿਹੜੇ ਘਿਰਣਾ ਯੋਗ ਹਨ ਇਸ ਉਤੋਂ ਉਖਾੜੇ ਜਾਣਗੇ।